ਸੰਘਰਸ਼ ਦੀ ਸੋਹਣੀ ਗ਼ਜ਼ਲ ਦਾ ਨਾਂਅ ਹੈ ਰਣਜੀਤ ਰਜਵਾੜਾ

0

ਇੱਕ ਵੇਲਾ ਸੀ ਜਦੋਂ ਆਪਣੀਆਂ ਗ਼ਜ਼ਲਾਂ ਸੁਣਾਉਣ ਲਈ ਘਰ-ਘਰ ਜਾਂਦੇ ਸਨ ਰਣਜੀਤ...

ਅੱਜ ਦੂਰ-ਦੂਰ ਤੋਂ ਲੋਕ ਉਨ੍ਹਾਂ ਨੂੰ ਸੁਣਨ ਲਈ ਉਨ੍ਹਾਂ ਦੀਆਂ ਮਹਿਫ਼ਲਾਂ ਵਿੱਚ ਆਉਂਦੇ ਹਨ...

ਇਹ ਸੱਚ ਹੈ ਕਿ ਪ੍ਰਤਿਭਾ ਕਿਸੇ ਦੀ ਮੁਥਾਜ ਨਹੀਂ ਹੁੰਦੀ। ਜੇ ਪ੍ਰਤਿਭਾ, ਅਥਾਹ ਮਿਹਨਤ ਅਤੇ ਸੰਘਰਸ਼ ਆਪਸ ਵਿੱਚ ਘੁਲ਼-ਮਿਲ਼ ਜਾਣ, ਤਾਂ ਸਫ਼ਲਤਾ ਆਪਣੀ ਮੰਜ਼ਿਲ ਲੱਭ ਹੀ ਲੈਂਦੀ ਹੈ। ਬੱਸ ਲੋੜ ਹੈ ਖ਼ੁਦ ਨੂੰ ਲੱਭਣ ਅਤੇ ਤਰਾਸ਼ਣ ਦੀ। ਹਰੇਕ ਵਿਅਕਤੀ ਆਪਣੀਆਂ ਸਮਰੱਥਾਵਾਂ ਤੇ ਅਸਮਰਥਾਵਾਂ ਨਾਲ ਜਿਊਂਦਾ ਹੈ ਪਰ ਗਾਇਨ-ਕਲਾ ਦਾ ਖੇਤਰ ਇੱਕ ਅਜਿਹੀ ਦੁਨੀਆ ਹੈ, ਜਿੱਥੇ ਨਾ ਕੇਵਲ ਆਪਣੀਆਂ ਲੁਕੀਆਂ ਸਮਰੱਥਾਵਾਂ ਨੂੰ ਲੱਭਣਾ ਪੈਂਦਾ ਹੈ ਸਗੋਂ ਉਨ੍ਹਾਂ ਨੂੰ ਖ਼ੂਬ ਉਭਾਰਨਾ ਵੀ ਪੈਂਦਾ ਹੈ। ਬਹੁਤ ਸਾਰੀਆਂ ਚੀਜ਼ਾਂ ਦੀ ਸਕਾਰਾਤਮਕਤਾ ਦੇ ਬਾਵਜੂਦ ਛੋਟੀ ਜਹੀ ਨਕਾਰਾਤਮਕਤਾ ਸਾਰੀਆਂ ਮਿਹਨਤਾਂ ਉਤੇ ਪਾਣੀ ਫੇਰ ਦਿੰਦੀ ਹੈ। ਆਪਣੀ ਪ੍ਰਤਿਭਾ ਨੂੰ ਕਾਇਮ ਰੱਖਣ ਅਤੇ ਉਸ ਨੂੰ ਨਿਖਾਰਨ ਲਈ ਨਿਰੰਤਰ ਰਿਆਜ਼ (ਅਭਿਆਸ) ਕਰਦੇ ਰਹਿਣਾ ਜ਼ਰੂਰੀ ਹੈ। ਇਸ ਗੱਲ ਨੂੰ ਮੁੱਠੀ ਵਿੱਚ ਬੰਦ ਰੱਖਣ ਵਾਲੇ ਰਣਜੀਤ ਰਜਵਾੜਾ ਗ਼ਜ਼ਲ ਗਾਇਕੀ ਦੇ ਆਕਾਸ਼ ਉਤੇ ਆਪਣਾ ਨਾਂਅ ਅੰਕਿਤ ਕਰਨ ਵਿੱਚ ਜੁਟੇ ਹੋਏ ਹਨ। ਸ਼ਾਸਤਰੀ (ਕਲਾਸੀਕਲ) ਸੰਗੀਤ ਦੇ ਸੂਰਜ ਸਮਝੇ ਜਾਂਦੇ ਪੰਡਤ ਜਸਰਾਜ ਜਿਹੀ ਮਹਾਨ ਸ਼ਖ਼ਸੀਅਤ ਨੇ ਨੌਜਵਾਨ ਰਣਜੀਤ ਰਜਵਾੜਾ ਬਾਰੇ ਕਿਹਾ ਸੀ ਕਿ ਉਹ ਗ਼ਜ਼ਲ ਦਾ ਭਵਿੱਖ ਹੈ। ਗਾਇਕੀ ਅਤੇ ਗ਼ਜ਼ਲ ਨੂੰ ਹੀ ਆਪਣਾ ਸਭ ਕੁੱਝ ਮੰਨਣ ਵਾਲੇ ਨੌਜਵਾਨ ਰਣਜੀਤ ਉਸ ਰਾਜਸਥਾਨੀ ਮਿੱਟੀ ਦੀ ਭਿੰਨੀ-ਭਿੰਨੀ ਮਹਿਕ ਵਿੱਚ ਸਾਹ ਲੈ ਕੇ ਵੱਡੇ ਹੋੲੈ ਹਨ ਜੋ ਇੱਕ ਤਰ੍ਹਾਂ ਗਾਇਕੀ ਦਾ ਗੜ੍ਹ ਮੰਨਿਆ ਜਾਂਦਾ ਹੈ। ਕੁੱਝ ਤਾਂ ਸੰਸਕਾਰ ਮਿੱਟੀ ਦਾ ਹੈ ਅਤੇ ਕੁੱਝ ਅਸਰ ਪਰਿਵਾਰ ਦਾ; ਜਿਸ ਸਦਕਾ ਰਣਜੀਤ ਸਰੋਤਿਆਂ ਦੇ ਦਿਲਾਂ ਵਿੱਚ ਪੱਕੀ ਜਗ੍ਹਾ ਬਣਾ ਚੁੱਕੇ ਹਨ। ਉਨ੍ਹਾਂ ਨੂੰ ਚਾਹੁਣ ਵਾਲੇ ਉਨ੍ਹਾਂ ਨੂੰ ਪ੍ਰਿੰਸ ਅਤੇ ਰਾਜਕੁਮਾਰ ਵੀ ਆਖਦੇ ਹਨ।

ਰਣਜੀਤ ਨੇ 'ਯੂਅਰ ਸਟੋਰੀ' ਨੂੰ ਜਦੋਂ ਆਪਣੀ ਕਹਾਣੀ ਸੁਣਾਈ, ਤਾਂ ਉਨ੍ਹਾਂ ਦੀ ਇਸ ਕਾਮਯਾਬੀ ਪਿੱਛੇ ਲੁਕੇ ਸੰਘਰਸ਼ ਅਤੇ ਅਜਿਹੇ ਛਿਣਾਂ ਦੀਆਂ ਯਾਦਾਂ ਤਾਜ਼ਾ ਹੋਈਆਂ, ਜਦੋਂ ਉਨ੍ਹਾਂ ਨੇ ਆਪਣੇ ਵਜੂਦ ਨੂੰ ਮੰਨਵਾਉਣ ਲਈ ਮੁੰਬਈ ਦੀਆਂ ਗਲ਼ੀਆਂ ਗਾਹੁਣੀਆਂ ਪਈਆਂ ਸਨ। ਆਪਣੇ ਮੁਢਲੇ ਜੀਵਨ ਬਾਰੇ ਰਣਜੀਤ ਦਸਦੇ ਹਨ,''ਚਾਰ ਸਾਲਾਂ ਦੀ ਉਮਰ ਵਿੱਚ ਹੀ ਮੈਂ ਵਿਰਾਸਤ ਵਿੱਚ ਮਿਲ਼ਿਆ ਗਾਇਨ ਗੁਣਗੁਣਾਉਣਾ ਸ਼ੁਰੂ ਕਰ ਦਿੱਤਾ ਸੀ। ਗਾਇਨ ਅਤੇ ਵਾਦਨ ਤਾਂ ਖ਼ਾਨਦਾਨ 'ਚ ਪਹਿਲਾਂ ਤੋਂ ਹੀ ਸੀ। ਪਿਤਾ ਜੀ ਸਵੇਰੇ ਸਾਢੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਰਿਆਜ਼ ਕਰਵਾਉਂਦੇ ਅਤੇ ਉਸ ਤੋਂ ਬਾਅਦ ਮੈਨੂੰ ਸਕੂਲ ਛੱਡਿਆ ਜਾਂਦਾ। ਇਹ ਸਿਲਸਿਲਾ ਕਈ ਵਰ੍ਹੇ ਲਗਾਤਾਰ ਚਲਦਾ ਰਿਹਾ। ਸੱਤ ਸਾਲਾਂ ਦੀ ਉਮਰ ਵਿੱਚ ਮੈਂ ਪਹਿਲਾ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ। ਫਿਰ 12 ਸਾਲਾਂ ਦੀ ਉਮਰ ਤੱਕ ਕਈ ਹੋਰ ਪੁਰਸਕਾਰ ਵੀ ਮਿਲੇ। ਮੈਨੂੰ ਅਹਿਸਾਸ ਸੀ ਕਿ ਪ੍ਰਤਿਭਾ ਅਤੇ ਮੁਕਾਬਲੇ ਵਿਚਕਾਰ ਆਪਣੀ ਸੋਚ ਨੂੰ ਬਿਹਤਰ ਬਣਾਉਣ ਨਾਲ ਅੱਗੇ ਵਧਿਆ ਜਾ ਸਕਦਾ ਹੈ। ਮੈਂ ਇੱਕ ਸ਼ਿਅਰ ਸੁਣਾਵਾਂਗਾ:''

'ਜੋ ਅਪਨੀ ਫ਼ਿਕਰ ਕੋ ਊਂਚੀ ਉੜਾਨ ਦੇਤਾ ਹੈ,

ਖ਼ੁਦਾ ਉਸ ਕੋ ਖੁਲਾ ਆਸਾਮਾਨ ਦੇਤਾ ਹੈ...'

ਸੰਗੀਤ ਦੇ ਖੇਤਰ ਵਿੱਚ ਰੀਐਲਿਟੀ ਸ਼ੋਅਜ਼ ਅਰੰਭ ਹੋਣ ਤੋਂ ਬਾਅਦ ਕਈ ਪ੍ਰਤਿਭਾਵਾਂ ਸਾਹਮਣੇ ਆਈਆਂ ਹਨ, ਮੁਕਾਬਲਾ ਵੀ ਵਧਿਆ ਹੈ। ਅਜਿਹੇ ਹਾਲਾਤ ਵਿੱਚ ਆਪਣੇ-ਆਪ ਨੂੰ ਬਰਕਰਾਰ ਰੱਖਣਾ ਯਕੀਨੀ ਤੌਰ ਉਤੇ ਵੱਡੀ ਚੁਣੌਤੀ ਹੈ। ਇਸ ਬਾਰੇ ਰਣਜੀਤ ਕਹਿੰਦੇ ਹਨ,''ਮੇਰਾ ਆਪਣੇ-ਆਪ ਨਾਲ ਹੀ ਮੁਕਾਬਲਾ ਹੈ। ਮੈਂ ਚਾਹੁੰਦਾ ਹਾਂ ਕਿ ਮੇਰਾ ਅੱਜ ਮੇਰੇ ਕੱਲ੍ਹ ਤੋਂ ਬਿਹਤਰ ਹੋਵੇ। ਮੈਂ ਦੂਜਿਆਂ ਨੂੰ ਵੇਖਣ ਦੀ ਥਾਂ ਆਪਣੇ-ਆਪ ਵਿੱਚ ਗੁਆਚ ਕੇ ਅੱਗੇ ਵਧਣਾ ਚਾਹੁੰਦਾ ਹਾਂ। ਮੈਨੂੰ ਲਗਦਾ ਹੈ ਕਿ ਹਰ ਕਲਾਕਾਰ ਆਪਣਾ ਰੰਗ ਅਤੇ ਆਪਣੀ ਖ਼ੁਸ਼ਬੋਅ ਲੈ ਕੇ ਆਉਂਦਾ ਹੈ।''

'ਸਾਰੇਗਾਮਾ' ਮੁਕਾਬਲੇ ਦੇ ਆਖ਼ਰੀ 5 ਉਮੀਦਵਾਰਾਂ ਵਿੱਚ ਸਥਾਨ ਬਣਾਉਣ ਵਾਲੇ ਰਣਜੀਤ ਸਿੰਘ ਰਜਵਾੜਾ ਦੀ ਰੀਐਲਿਟੀ ਸ਼ੋਅ 'ਚ ਆਉਣ ਤੋਂ ਪਹਿਲਾਂ ਵੀ ਬਾਲ-ਕਲਾਕਾਰ ਵਜੋਂ ਆਪਣੀ ਖ਼ੁਦ ਦੀ ਪਛਾਣ ਸੀ। ਕਈ ਮੰਚਾਂ ਅਤੇ ਰੇਡੀਓ ਉਤੇ ਆਪਣੀ ਗਾਇਕੀ ਦੇ ਫ਼ਨ ਦਾ ਮੁਜ਼ਾਹਰਾ ਕਰ ਚੁੱਕੇ ਸਨ।

'ਸਾਰੇਗਾਮਾ' ਉਤੇ ਆਉਣ ਤੋਂ ਬਾਅਦ ਜੀਵਨ ਵਿੱਚ ਕੀ ਤਬਦੀਲੀ ਆਈ - ਸੁਆਲ ਦੇ ਜਵਾਬ ਵਿੱਚ ਰਣਜੀਤ ਨੇ ਕਿਹਾ,''ਪਹਿਲਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਕਦੇ ਰੀਐਲਿਟੀ ਸ਼ੋਅ ਵਿੱਚ ਭਾਗ ਲਵਾਂਗਾ। ਕੋਲਕਾਤਾ ਰੇਡੀਓ ਉਤੇ ਗਾਉਣ ਦੌਰਾਨ ਮੈਨੂੰ ਰੀਐਲਿਟੀ ਸ਼ੋਅ ਵਿੱਚ ਆਉਣ ਲਈ ਆਖਿਆ ਗਿਆ ਸੀ ਤੇ ਆੱਡੀਸ਼ਨ ਤੋਂ ਬਾਅਦ ਚੁਣ ਵੀ ਲਿਆ ਗਿਆ। ਮੈਨੂੰ ਚੇਤੇ ਹੈ ਕਿ ਕਈ ਲੋਕਾਂ ਦੀ ਰਾਇ ਉਸ ਵੇਲੇ ਰੀਐਲਿਟੀ ਸ਼ੋਅ ਵਿੱਚ ਗ਼ਜ਼ਲ ਗਾਇਕੀ ਨੂੰ ਸ਼ਾਮਲ ਕੀਤੇ ਜਾਣ ਦੇ ਵਿਰੁੱਧ ਸੀ। ਲੋਕਾਂ ਦਾ ਮੰਨਣਾ ਸੀ ਕਿ ਇਸ ਨੂੰ ਸੁਣਨ ਵਾਲੇ ਬਹੁਤੇ ਲੋਕ ਨਹੀਂ ਹਨ ਪਰ ਜਿਵੇਂ-ਜਿਵੇਂ ਸ਼ੋਅ ਅੱਗੇ ਵਧਿਆ, ਉਨ੍ਹਾਂ ਦੀ ਰਾਇ ਬਦਲਦੀ ਗਈ। ਮੈਂ ਉਸ ਉਪਲਬਧੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।''

ਰਣਜੀਤ ਲਈ ਇੱਕ ਦੌਰ ਅਜਿਹਾ ਵੀ ਆਇਆ, ਜਦੋਂ ਉਨ੍ਹਾਂ ਨੇ ਆਪਣੀ ਹੋਂਦ ਨੂੰ ਮੰਨਵਾਉਣ ਲਈ ਬਹੁਤ ਭਟਕਣਾ ਪਿਆ। ਇਸ ਬਾਰੇ ਉਹ ਦਸਦੇ ਹਨ,''ਜਦੋਂ ਪਿਤਾ ਜੀ ਦਾ ਰਾਜਸਥਾਨ ਤੋਂ ਤਬਾਦਲਾ ਹੋਇਆ, ਤਾਂ ਇੱਥੇ ਕੋਈ ਬਹੁਤੀ ਜਾਣ-ਪਛਾਣ ਨਹੀਂ ਸੀ। ਅਸੀਂ ਵਾਜਾ ਲੈ ਕੇ ਕਈ ਥਾਵਾਂ ਉਤੇ ਜਾਂਦੇ ਅਤੇ ਲੋਕਾਂ ਨੂੰ ਆਪਣਾ ਗੀਤ ਸੁਣਾਉਂਦੇ। ਕਈ ਦਿਨਾਂ ਤੱਕ ਇਹ ਸੰਘਰਸ਼ ਜਾਰੀ ਰਿਹਾ। ਫਿਰ ਹੌਲੀ-ਹੌਲੀ ਹਾਲਾਤ ਬਦਲਦੇ ਗਏ ਅਤੇ ਲੋਕ ਆਪਣੀ ਪ੍ਰਵਾਨਗੀ ਦੇਣ ਲੱਗੇ।''

ਰਣਜੀਤ ਦਸਦੇ ਹਨ ਕਿ ਗਾਣਾ-ਵਜਾਉਣਾ ਬਹੁਤ ਔਖਾ ਫ਼ਨ (ਹੁਨਰ) ਹੈ। ਇੱਥੇ ਜ਼ਿੰਦਗੀ ਭਰ, ਹਰ ਦਿਨ ਪਹਿਲੇ ਦਿਨ ਵਾਂਗ ਜਿਊਣਾ ਪੈਂਦਾ ਹੈ। ਜੇ ਕਿਸੇ ਦਿਨ ਅਹਿਸਾਸ ਹੋ ਗਿਆ ਕਿ ਮੈਂ ਬਹੁਤ ਸਿੱਖ ਲਿਆ, ਤਾਂ ਉਸ ਦੀ ਕਲਾ ਨੂੰ ਸਦਾ ਲਈ ਡੰਡੀ (ਵਿਰਾਮ-ਚਿੰਨ੍ਹ) ਲੱਗ ਜਾਂਦੀ ਹੈ। ਉਹ ਕਹਿੰਦੇ ਹਨ,''ਵਿਰਾਸਤ ਨੂੰ ਸੰਭਾਲਣ ਲਈ ਹਰ ਦਿਨ ਵਿਦਿਆਰਥੀ ਬਣ ਕੇ ਜਿਊਣਾ ਪਵੇਗਾ। ਮੈਂ ਲੋਕਾਂ ਦੀ ਆਸ ਨੂੰ ਉਨ੍ਹਾ ਦੇ ਆਸ਼ੀਰਵਾਦ ਵਾਂਗ ਲੈਂਦਾ ਹਾਂ। ਮੰਜ਼ਿਲ ਦੀ ਭਾਲ਼ ਵਿੱਚ ਅੱਗੇ ਵਧਦੇ ਰਹਿਣ ਲਈ ਹਰ ਦਿਨ ਰਿਆਜ਼ ਕਰਦਾ ਹਾਂ।''

ਗਾਇਕੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਰਣਜੀਤ ਇਸ ਬਾਰੇ ਕਹਿੰਦੇ ਹਨ ਕਿ ਇਹ ਸਿਖਾਈ ਨਹੀਂ ਜਾ ਸਕਦੀ। ਮਿਹਨਤ ਅਤੇ ਉਦਮ ਕਰਨ ਨਾਲ ਕੁੱਝ ਚੀਜ਼ਾਂ ਤਾਂ ਮਿਲ ਸਕਦੀਆਂ ਹਨ ਪਰ ਸਿਖ਼ਰਾਂ ਉਤੇ ਪੁੱਜਣ ਲਈ ਇਨ੍ਹਾਂ ਦੇ ਨਾਲ-ਨਾਲ ਆਪਣੇ ਅੰਦਰੋਂ ਵੀ ਸੁਰਾਂ ਦਾ ਕਮਾਲ ਪੈਦਾ ਹੋਣਾ ਚਾਹੀਦਾ ਹੈ। ਉਹ ਕਹਿੰਦੇ ਹਨ,''ਗਾਇਨ-ਕਲਾ ਦਾ ਮੁੱਖ ਉਦੇਸ਼ ਆਨੰਦ ਹੈ। ਇਸ ਆਨੰਦ ਦੀ ਪ੍ਰਾਪਤੀ ਹੀ ਕਲਾਕਾਰ ਅਤੇ ਕਲਾ-ਪ੍ਰੇਮੀਆਂ ਵਿਚਾਲੇ ਰਿਸ਼ਤਾ ਮਜ਼ਬੂਤ ਕਰਦੀ ਹੈ। ਕਲਾਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਵੀ ਸ਼ਾਬਾਸ਼ੀ ਉਸ ਨੂੰ ਮਿਲ ਰਹੀ ਹੈ, ਉਹ ਸੱਚੀ ਹੈ। ਕਾਮਯਾਬੀ ਨੂੰ ਘਮੰਡ ਵਾਂਗ ਲੈਣ ਦੀ ਥਾਂ ਆਸ਼ੀਰਵਾਦ ਵਜੋਂ ਲੈਣਾ ਹੋਵੇਗਾ।''

ਰਣਜੀਤ ਹਾਲੇ ਨੌਜਵਾਨ ਹੈ, ਇੱਕ ਸੁਨਹਿਰੀ ਭਵਿੱਖ ਉਨ੍ਹਾਂ ਦਾ ਰਾਹ ਤੱਕ ਰਿਹਾ ਹੈ। ਉਹ ਗ਼ੁਲਾਮ ਅਲੀ, ਮਹਿਦੀ ਹਸਨ ਤੇ ਜਗਜੀਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ ਪਰ ਇਹ ਵੀ ਬਹੁਤ ਅਹਿਮ ਹੈ ਕਿ ਗ਼ੁਲਾਮ ਅਲੀ ਅਤੇ ਜਗਜੀਤ ਸਿੰਘ ਦੀ ਪੀੜ੍ਹੀ ਤੋਂ ਬਾਅਦ ਗ਼ਜ਼ਲ-ਗਾਇਕੀ 'ਚ ਵਧੀਆ ਗਾਉਣ ਵਾਲਿਆਂ ਦੀ ਘਾਟ ਖ਼ਾਸ ਤੌਰ ਉਤੇ ਚੁਭਣ ਲੱਗੀ ਹੈ। ਨਵੇਂ ਕਲਾਕਾਰਾਂ ਦੀ ਜ਼ਿੰਮੇਵਾਰੀ ਅਜਿਹੇ ਹਾਲਾਤ ਵਿੱਚ ਕਾਫ਼ੀ ਵਧ ਜਾਂਦੀ ਹੈ। ਇਸ ਬਾਰੇ ਰਣਜੀਤ ਕਹਿੰਦੇ ਹਨ,''ਲਗਾਤਾਰ ਰਿਆਜ਼ ਕਰਦੇ ਰਹਿਣ ਦੇ ਨਾਲ-ਨਾਲ ਮੈਂ ਇਹ ਸਮਝਦਾ ਹਾਂ ਕਿ ਸੰਗੀਤ ਦੇ ਮੂਲ ਆਧਾਰ ਨਾਲ ਜੁੜਿਆ ਰਹਾਂ। ਗ਼ਜ਼ਲਾਂ ਨੂੰ ਜਿਊਂਦਾ ਰਹਾਂ ਅਤੇ ਸ਼ਾਇਰ ਦੀ ਸੋਚ ਨੂੰ ਆਪਣੀ ਗਾਇਕੀ ਵਿੱਚ ਪੇਸ਼ ਕਰਦਾ ਰਹਾਂ।''

ਰਣਜੀਤ 'ਤੇਰੇ ਖ਼ਿਆਲ ਸੇ' ਐਲਬਮ ਤੋਂ ਬਾਅਦ ਹੁਣ ਨਵੀਂ ਐਲਬਮ 'ਪੈਗ਼ਾਮ' ਦੀ ਤਿਆਰੀ ਕਰ ਰੇ ਹਨ। ਉਨ੍ਹਾਂ ਸਾਹਮਣੇ ਗ਼ਜ਼ਲਾਂ ਨੂੰ ਚਾਹੁਣ ਵਾਲਿਆਂ ਦੀ ਵੱਡੀ ਦੁਨੀਆ ਫੈਲੀ ਹੋਈ ਹੈ।

ਲੇਖਕ: ਅਰਵਿੰਦ ਯਾਦਵ