ਮਿਹਨਤ ਅਤੇ ਜੁਨੂਨ ਨਾਲ ਕਾਮਯਾਬੀ ਦੀ ਮਿਸਾਲ ਬਣੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਹਿਲ

ਚੰਡੀਗੜ੍ਹ ਪੁਲਿਸ ਵਿੱਚ ਸਬ-ਇੰਸਪੇਕਟਰ ਦੀ ਨੌਕਰੀ ਕਰਦਿਆਂ ਕੀਤੀ ਯੂਪੀਐਸਸੀ ਦੀ ਤਿਆਰੀ ਅਤੇ ਬਣੇ ਆਈਪੀਐਸ; ਅੱਜਕਲ ਹਨ ਐਸਐਸਪੀ ਮੋਹਾਲੀ

ਮਿਹਨਤ ਅਤੇ ਜੁਨੂਨ ਨਾਲ ਕਾਮਯਾਬੀ ਦੀ ਮਿਸਾਲ ਬਣੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਹਿਲ

Tuesday January 10, 2017,

6 min Read

ਇਹ ਕਹਾਣੀ ਹੈ ਕਾਮਯਾਬੀ ਦੇ ਉਸ ਮੁਕਾਮ ਦੀ ਜੋ ਜਿੱਦ ਨਾਲ ਨਹੀਂ ਸਗੋਂ ਕੁਛ ਕਰ ਵਿਖਾਉਣ ਦੇ ਜੁਨੂਨ ਨਾਲ ਹਾਸਿਲ ਹੋਇਆ ਹੈ. ਇਹ ਉਸ ਜੁਨੂਨ ਦੀ ਪ੍ਰਾਪਤੀ ਹੈ ਜਿਸਨੇ ਕਿਸਮਤ ਨਾਲ ਕੁਛ ਵੀ ਮਿਲ ਜਾਣ ਦੀ ਥਾਂ ਮਿਹਨਤ ਨਾਲ ਸਬ ਕੁਛ ਹਾਸਿਲ ਕਰ ਲੈਣ ਦੀ ਸੋਚ ਨੂੰ ਮੁੱਖ ਰੱਖਿਆ.

ਮਿਲੋ ਪੰਜਾਬ ਦੇ ਜਿਲ੍ਹਾ ਮੋਹਾਲੀ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਕੁਲਦੀਪ ਸਿੰਘ ਚਹਿਲ ਨੂੰ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਕੁਛ ਕਰ ਵਿਖਾਉਣ ਦੇ ਜਜ਼ਬੇ ਨੂੰ ਪੂਰਾ ਕੀਤਾ.

ਕੁਲਦੀਪ ਸਿੰਘ ਚਹਿਲ ਹਰਿਆਣਾ ਦੇ ਜਿਲ੍ਹਾ ਜੀਂਦ ਦੇ ਇੱਕ ਬਹੁਤ ਹੀ ਸਾਧਾਰਣ ਕਿਸਾਨ ਪਰਿਵਾਰ ਨਾਲ ਸੰਬਧ ਰਖਦੇ ਹਨ. ਉਨ੍ਹਾਂ ਦੇ ਪਿਤਾ ਸਾਧੂਰਾਮ ਚਹਿਲ ਖੇਤੀਬਾੜੀ ਕਰਦੇ ਹਨ. ਉਨ੍ਹਾਂ ਨੂੰ ਆਪ ਤਾਂ ਭਾਵੇਂ ਪੜ੍ਹਾਈ ਦੀ ਉੱਚੀਆਂ ਜਮਾਤਾਂ ਬਾਰੇ ਬਹੁਤਾ ਗਿਆਨ ਨਹੀਂ ਸੀ ਪਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਜ਼ਰੁਰ ਪ੍ਰੇਰਿਤ ਕੀਤਾ. ਕੁਲਦੀਪ ਸਿੰਘ ਦੇ ਵੱਡੇ ਭਰਾ ਨੇ ਤਾਂ ਪੜ੍ਹਾਈ ਵਿੱਚ ਬਹੁਤੀ ਇੱਛਾ ਜ਼ਾਹਿਰ ਨਹੀਂ ਕੀਤੀ ਅਤੇ ਪਿਤਾ ਦੇ ਨਾਲ ਹੀ ਖੇਤੀਬਾੜੀ ਨੂੰ ਸਾਂਭਣ ਵੱਲ ਹੀ ਧਿਆਨ ਦਿੱਤਾ.

image


ਕੁਲਦੀਪ ਦੁੱਜੇ ਨੰਬਰ ‘ਤੇ ਹਨ. ਇਨ੍ਹਾਂ ਨੇ ਆਪਣੀ ਮੁਢਲੀ ਸਿਖਿਆ ਜਿਲ੍ਹਾ ਜੀਂਦ ਦੇ ਪਿੰਡ ਉਝਾਨਾ ਦੇ ਸਰਕਾਰੀ ਸਕੂਲ ‘ਚੋਂ ਪ੍ਰਾਪਤ ਕੀਤੀ. ਪੜ੍ਹਾਈ ਵਿੱਚ ਤੇਜ਼ ਹੋਣ ਕਰਕੇ ਪਰਿਵਾਰ ਵੱਲੋਂ ਵੀ ਪੂਰਾ ਸਹਿਯੋਗ ਮਿਲਿਆ. ਸਕੂਲ ਤੋਂ ਬਾਅਦ ਉਨ੍ਹਾਂ ਨੇ ਨੇੜਲੇ ਕੇਐਮ ਕਾਲੇਜ ਤੋਂ ਅੱਗੇ ਪੜ੍ਹਾਈ ਕੀਤੀ. ਉਸ ਤੋਂ ਅੱਗੇ ਦੀ ਪੜ੍ਹਾਈ ਲਈ ਉਹ ਕੁਰੂਕਸ਼ੇਤਰ ਯੂਨਿਵਰਸਿਟੀ ਚਲੇ ਗਏ ਜਿੱਥੋਂ ਉਨ੍ਹਾਂ ਨੇ ਪੋਸਟ ਗ੍ਰੇਜੂਏਸ਼ਨ ਪੂਰੀ ਕੀਤੀ.

ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਾਬਲੀਅਤ ਨਾਲ ਹੀ ਚੰਡੀਗੜ੍ਹ ਪੁਲਿਸ ਵਿੱਚ ਸਬ-ਇੰਸਪੇਕਟਰ ਦੀ ਨੌਕਰੀ ਹਾਸਿਲ ਕੀਤੀ. ਆਮਤੌਰ ‘ਤੇ ਹਰਿਆਣਾ ਦੇ ਨੌਜਵਾਨ ਨੌਕਰੀਆਂ ਦੇ ਮਾਮਲੇ ਵਿੱਚ ਸ਼ਾਂਤ ਸੁਭਾਅ ਵਾਲੇ ਹੀ ਹੁੰਦੇ ਹਨ. ਸਰਕਾਰੀ ਨੌਕਰੀ ਮਿਲ ਜਾਣ ਪਿੱਛੋਂ ਉਹ ਬਹੁਤੇ ਹੱਥ-ਪੈਰ ਨਹੀਂ ਮਾਰਦੇ ਅਤੇ ਆਰਾਮ ਨਾਲ ਨੌਕਰੀ ਕਰਨਾ ਪਸੰਦ ਕਰਦੇ ਹਨ. ਪਰ ਕੁਲਦੀਪ ਸਿੰਘ ਚਹਿਲ ਨਾਲ ਅਜਿਹਾ ਨਹੀਂ ਹੋਇਆ. ਉਹ ਕੁਛ ਹੋਰ ਕਰਨਾ ਚਾਹੁੰਦੇ ਸਨ.

ਉਹ ਕਹਿੰਦੇ ਹਨ-

“ਭਾਵੇਂ ਸਬ-ਇੰਸਪੇਕਟਰ ਰਹਿੰਦੀਆਂ ਵੀ ਮੈਂ ਆਪਣੇ ਪੱਧਰ ‘ਤੇ ਪੂਰੀ ਜਿੰਮੇਦਾਰੀ ਨਾਲ ਸਮਾਜ ਦੀ ਭਲਾਈ ਲਈ ਕੰਮ ਕਰਦਾ ਰਿਹਾ. ਨੌਕਰੀ ਦੇ ਦਾਇਰੇ ਤੋਂ ਅਗ੍ਹਾਂ ਜਾ ਕੇ ਵੀ ਮੈਂ ਲੋਕਾਂ ਦੀ ਸਮੱਸਿਆਵਾਂ ਸੁਲਝਾਉਣ ਦਾ ਜਤਨ ਕਰਦਾ ਰਹਿੰਦਾ ਸੀ. ਉਸ ਵੇਲੇ ਕਈ ਵਾਰ ਮਹਿਸੂਸ ਹੋਇਆ ਕੇ ਜੇਕਰ ਮੇਰੇ ਹੱਥ ਵਿੱਚ ਵਧੇਰੇ ਪਾਵਰ ਹੁੰਦੀ ਤਾਂ ਮੈਂ ਲੋਕਾਂ ਲਈ ਸ਼ਾਇਦ ਇਸ ਤੋਂ ਵੀ ਵੱਧ ਕਰ ਪਾਉਂਦਾ."

ਉਸ ਵਿਚਾਰ ਨੇ ਕੁਲਦੀਪ ਸਿੰਘ ਨੂੰ ਹੋਰ ਉੱਚੀ ਸੋਚ ਪੈਦਾ ਕਰਨ ਲਈ ਪ੍ਰੇਰਿਤ ਕੀਤਾ. ਉਹ ਦੱਸਦੇ ਹਨ ਕੇ ਜਦੋਂ ਉਹ ਪੜ੍ਹਦੇ ਸਨ ਤਾਂ ਸੰਜੇ ਸਿੰਘ ਨਾਂਅ ਦਾ ਨੌਜਵਾਨ ਉਨ੍ਹਾਂ ਨੂੰ ਮਿਲਦਾ ਸੀ ਜੋ ਉਸ ਵੇਲੇ ਲੋਕ ਸੇਵਾ ਆਯੋਗ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ. ਬਾਅਦ ਵਿੱਚ ਸਾਲ 2003 ਦੇ ਬੈਚ ਵਿੱਚ ਆਈਪੀਐਸ ਵੱਜੋਂ ਚੁਣੇ ਗਏ ਅਤੇ ਅੱਜਕਲ ਮਧਿਆ ਪ੍ਰਦੇਸ਼ ਵਿੱਚ ਤੈਨਾਤ ਹਨ. ਨਵੇਂ ਵਿਚਾਰ ਨੇ ਉਨ੍ਹਾਂ ਨੂੰ ਪ੍ਰੇਰਨਾ ਮੰਨ ਲਿਆ ਅਤੇ ਮੁੜ ਪੜ੍ਹਾਈ ਸ਼ੁਰੂ ਕੀਤੀ.

ਪੁਲਿਸ ਦੀ ਨੌਕਰੀ ਦੇ ਨਾਲ ਦੇਸ਼ ਦੇ ਸਬ ਤੋਂ ਔਖੀ ਮੰਨੀ ਜਾਂਦੀ ਯੂਪੀਐਸਸੀ ਦੀ ਪ੍ਰੀਖਿਆ ਦੀ ਤਿਆਰੀ ਕਰਨਾ ਕੋਈ ਸੌਖਾ ਨਹੀਂ ਸੀ. ਉਹ ਦੱਸਦੇ ਹਨ ਕੇ ਲਗਾਤਾਰ ਕਈ ਘੰਟੇ ਫ਼ੀਲਡ ਵਿੱਚ ਕੰਮ ਕਰਨਾ, ਫੇਰ ਠਾਣੇ ਜਾ ਕੇ ਰਿਪੋਰਟਾਂ ਤਿਆਰ ਕਰਨ ਲਈ ਬੈਠੇ ਰਹਿਣ ਦੇ ਬਾਅਦ ਸ਼ਰੀਰ ਤਾਂ ਜਵਾਬ ਦੇਣ ਲਗਦਾ ਸੀ ਪਰ ਨਵਾਂ ਜੁਨੂਨ ਮਿਹਨਤ ਮੰਗਦਾ ਸੀ. ਉਨ੍ਹਾਂ ਨੇ ਸਾਲ 2006 ਤੋਂ ਸਾਲ 2009 ਤਕ ਚੰਡੀਗੜ੍ਹ ਪੁਲਿਸ ਵਿੱਚ ਨੌਕਰੀ ਕੀਤੀ ਅਤੇ ਨਾਲ ਨਾਲ ਕੰਪੀਟੀਸ਼ਨ ਦੀ ਤਿਆਰੀ ਕਰਦੇ ਰਹੇ.

image


ਹੱਡ-ਭੰਨ ਮਿਹਨਤ ਆਖ਼ਿਰਕਾਰ ਰੰਗ ਲਿਆਈ ਅਤੇ ਉਹ ਪ੍ਰੀਖਿਆ ਵਿੱਚ ਕਾਮਯਾਬ ਰਹੇ. ਉਨ੍ਹਾਂ ਦਾ ਆਲ ਇੰਡੀਆ ਰੈੰਕ 82 ਰਿਹਾ. ਇਸ ਤੋਂ ਇੱਕ ਰੈੰਕ ਪਹਿਲਾਂ ਤਕ ਤੇ ਉਮੀਦਵਾਰ ਆਈਏਐਸ ਲਈ ਚੁਣੇ ਗਏ. ਕੁਲਦੀਪ ਸਿੰਘ ਚਹਿਲ ਨੂੰ ਆਈਪੀਐਸ ਵੱਜੋਂ ਸਿਲੇਕਟ ਕੀਤਾ ਗਿਆ ਅਤੇ ਪੰਜਾਬ ਕਾਡਰ ਅਲਾਟ ਹੋਇਆ.

ਉਨ੍ਹਾਂ ਨੇ ਨੌਕਰੀ ਦੇ ਸ਼ੁਰੁਆਤੀ ਦਿਨਾਂ ਵਿੱਚ ਹੀ ਇਹ ਦੱਸ ਦਿੱਤਾ ਕੇ ਉਹ ਕੁਛ ਹੋਰ ਤਰ੍ਹਾਂ ਦੀ ਮਿੱਟੀ ਦੇ ਬਣੇ ਹਨ ਜਿਸ ਵਿੱਚ ਜੋਸ਼ ਅਤੇ ਸਮਰਪਣ ਭਰਿਆ ਹੋਇਆ ਹੈ. ਬਠਿੰਡਾ ਵਿੱਖੇ ਪੋਸਟਿੰਗ ਦੇ ਦੌਰਾਨ ਹੀ ਉਨ੍ਹਾਂ ਨੇ ਇੱਕ ਖ਼ਤਰਨਾਕ ਮੰਨੇ ਜਾਂਦੇ ਗੈੰਗਸਟਰ ਨੂੰ ਐਨਕਾਉਂਟਰ ਵਿੱਚ ਮੁਕਾ ਦਿੱਤਾ. ਉਸ ਗੈੰਗਸਟਰ ਨੂੰ ਮਹਿਕਮੇ ਵਿੱਚ ਇੱਕ ਚੁਨੌਤੀ ਮੰਨਿਆ ਜਾਂਦਾ ਸੀ.

ਕੁਲਦੀਪ ਸਿੰਘ ਕਹਿੰਦੇ ਹਨ-

“ਗੁੰਡਿਆਂ ਦੇ ਗੈੰਗ ਇੱਕ ਵੱਡੀ ਸਮੱਸਿਆ ਸੀ. ਗੈੰਗਵਾਰ ਵਧ ਰਿਹਾ ਸੀ. ਉਸ ਵੇਲੇ ਮੈਂ ਇਸ ਸਮੱਸਿਆ ਨੂੰ ਜੜੋਂ ਹੀ ਪੁੱਟ ਸੁੱਟਣ ਦਾ ਫ਼ੈਸਲਾ ਕੀਤਾ ਅਤੇ ਸ਼ੁਰੁਆਤ ਕਾਮਯਾਬ ਰਹੀ.”

ਕੁਲਦੀਪ ਸਿੰਘ ਚਹਿਲ ਦੀ ਗੈੰਗਸਟਰ ਨਾਲ ਦੁਸ਼ਮਨੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕੇ ਉਨ੍ਹਾਂ ਜਿਸ ਖ਼ਤਰਨਾਕ ਕੰਮ ਨੂੰ ਹੱਥ ਪਾਇਆ ਉਸਨੂੰ ਸਮਝਦੀਆਂ ਸਰਕਾਰ ਵੱਲੋਂ ਉਨ੍ਹਾਂ ਨੂੰਹ ਬੁਲੇਟਪਰੂਫ਼ ਗੱਡੀ ਦਿੱਤੀ ਹੋਈ ਹੈ. ਮੋਹਾਲੀ ਜਿਲ੍ਹੇ ਦੀ ਪੁਲਿਸ ਕਪਤਾਨੀ ਸਾਂਭਣ ਤੋਂ ਪਹਿਲਾਂ ਉਹ ਬਠਿੰਡਾ ਅਤੇ ਹੁਸ਼ਿਆਰਪੁਰ ਆਦਿ ਜਿਲ੍ਹਾਂ ਦੇ ਕਪਤਾਨ ਵੀ ਰਹੇ. ਉਨ੍ਹਾਂ ਨੇ ਆਪਣੇ ਕੰਟ੍ਰੋਲ ਵਿੱਚ ਆਉਂਦੇ ਜਿਲ੍ਹੇ ‘ਚੋਂ ਪਹਿਲਾ ਕੰਮ ਗੈੰਗਵਾਰ ਖ਼ਤਮ ਕਰਨ ਦਾ ਹੀ ਕੀਤਾ.

ਪਰ ਕੁਲਦੀਪ ਸਿੰਘ ਚਹਿਲ ਜ਼ਮੀਨ ਨਾਲ ਜੁੜੇ ਰਹਿੰਦੇ ਹਨ. ਉਨ੍ਹਾਂ ਦੀ ਖ਼ਾਸੀਅਤ ਇਹ ਹੈ ਕੇ ਉਹ ਹਰ ਵੇਲੇ ਹਰ ਕਿਸੇ ਲਈ ਉਪਲਬਧ ਰਹਿੰਦੇ ਹਨ. ਉਨ੍ਹਾਂ ਦੇ ਦਫ਼ਤਰ ਵਿੱਚ ਆਉਣ ਵਾਲੇ ਫ਼ਰਿਆਦੀ ਮੌਕੇ ‘ਤੇ ਹੀ ਸਮੱਸਿਆਵਾਂ ਦਾ ਸਮਾਧਾਨ ਲੈ ਕੇ ਜਾਂਦੇ ਹਨ. ਨਾਹ ਸਿਰਫ਼ ਆਮ ਜਨਤਾ ਸਗੋਂ ਆਪਣੇ ਮਾਤਹਤ ਕਰਮਚਾਰੀਆਂ ਵੱਲ ਵੀ ਉਨ੍ਹਾਂ ਦਾ ਪੂਰਾ ਧਿਆਨ ਰਹਿੰਦਾ ਹੈ.

ਉਨ੍ਹਾਂ ਦਾ ਕਹਿਣਾ ਹੈ ਕੇ-

“ਚੰਡੀਗੜ੍ਹ ਪੁਲਿਸ ਵਿੱਚ ਸਬ-ਇੰਸਪੇਕਟਰ ਵੱਜੋਂ ਕੰਮ ਕਰਦਿਆਂ ਮੈਨੂੰ ਫ਼ੀਲਡ ਸਟਾਫ਼ ਨੂੰ ਦਰਪੇਸ਼ ਆਉਂਦੀਆਂ ਦਿੱਕਤਾਂ ਦਾ ਪਤਾ ਲੱਗਾ. ਦਿਨ ਭਰ ਕੇਸਾਂ ਪਿੱਛੇ ਲੱਗੇ ਸਟਾਫ਼ ਨੂੰ ਕਈ ਵਾਰ ਤਾਂ ਰੋਟੀ ਖਾਣ ਦੀ ਵੇਲ੍ਹ ਨਹੀਂ ਮਿਲਦੀ. ਮੈਂ ਆਪ ਵੇਖਿਆ ਹੈ. ਹੁਣ ਉਹੀ ਜਾਣਕਾਰੀ ਮੈਨੂੰ ਆਪਣੇ ਸਹਿਯੋਗੀਆਂ ਅਤੇ ਕਰਮਚਾਰੀਆਂ ਦੀ ਭਲਾਈ ਅਤੇ ਉਨ੍ਹਾਂ ਦੀ ਸੁਵਿਧਾਵਾਂ ਬਾਰੇ ਫ਼ੈਸਲੇ ਲੈਣ ਵਿੱਚ ਮਦਦ ਕਰਦੀ ਹੈ.”

ਪਿੱਛਲੇ ਦਿੰਨੀ ਬਠਿੰਡੇ ਵਿੱਖੇ ਪ੍ਰਧਾਨ ਮੰਤਰੀ ਦੇ ਪ੍ਰੋਗ੍ਰਾਮ ਦੌਰਾਨ ਉਨ੍ਹਾਂ ਨੇ ਡਿਉਟੀ ‘ਤੇ ਤੈਨਾਤ ਪੁਲਿਸ ਕਰਮਚਾਰੀਆਂ ਦੀ ਰੋਟੀ ਦੇ ਪ੍ਰਬੰਧ ਲਈ ਵਿਸ਼ੇਸ਼ ਤੌਰ ‘ਤੇ ਇੱਕ ਵੱਖਰੀ ਟੀਮ ਦੀ ਡਿਉਟੀ ਲਾਈ ਹੋਈ ਸੀ.

ਨਾ ਸਿਰਫ਼ ਪ੍ਰੋਫੈਸ਼ਨਲ ਸਤਰ ‘ਤੇ ਸਗੋਂ ਘਰੇਲੂ ਮਸਲਿਆਂ ਵਿੱਚ ਵੀ ਕੁਲਦੀਪ ਸਿੰਘ ਦੇ ਵਿਚਾਰ ਸਿੱਧੇ ਅਤੇ ਸਪਸ਼ਟ ਹਨ. ਉਹ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੇ ਵੀ ਇੰਨਾ ਹੀ ਖਿਲਾਫ਼ ਹੈਂ ਜਿੰਨਾ ਕੁ ਗੈਰ ਸਮਾਜਿਕ ਅਨਸਰਾਂ ਦੇ. ਕੁੜੀਆਂ ਦੀ ਪੜ੍ਹਾਈ-ਲਿਖਾਈ ਦੇ ਹਿਮਾਇਤੀ ਅਤੇ ਉਨ੍ਹਾਂ ਦੀ ਆਜ਼ਾਦੀ ਦੇ ਪੱਖ ਵਿੱਚ ਖੜੇ ਹੋਣ ਵਾਲੇ ਕੁਲਦੀਪ ਸਿੰਘ ਚਹਿਲ ਦਾਜ ਵਿਰੋਧੀ ਵੀ ਹਨ ਅਤੇ ਜਾਤ-ਪਾਤ ਦੀ ਸੋਚ ਦੀ ਮੁਖਾਲਫਤ ਕਰਨ ਵਾਲੇ ਵੀ. ਇਸ ਸੋਚ ਦੀ ਸ਼ੁਰੁਆਤ ਵੀ ਉਨ੍ਹਾਂ ਨੇ ਆਪਣੇ ਘਰ ‘ਤੋਂ ਹੀ ਕੀਤੀ ਹੋਈ ਹੈ. ਉਨ੍ਹਾਂ ਨੇ ਅੰਤਰ-ਜਾਤੀ ਵਿਆਹ ਕੀਤਾ. ਹਰਿਆਣਾ ਵਿੱਚ, ਜਿੱਥੇ ਜੱਟਾਂ ਨੂੰ ਖਾਪ ਪੰਚਾਇਤਾਂ ਦੇ ਫੈਸਲਿਆਂ ਨੇ ਚਰਚਾ ਵਿੱਚ ਲਿਆ ਰਖਿਆ ਹੈ, ਉਸ ਸਮਾਜ ਵਿੱਚ ਜੱਟਾਂ ਦੇ ਪਰਿਵਾਰ ਦੀ ਥਾਂ ਪੰਡਿਤਾਂ ਦੀ ਕੁੜੀ ਨੂੰ ਆਪਣੀ ਜੀਵਨ ਸਾਥੀ ਬਣਾਉਣ ਦੇ ਫ਼ੈਸਲੇ ਨੂੰ ਲਾਗੂ ਕਰਾਉਣਾ ਉਨ੍ਹਾਂ ਦੀ ਮਜਬੂਤ ਸਖਸ਼ੀਅਤ ਦਾ ਸਬੂਤ ਦਿੰਦਾ ਹੈ. ਦਾਜ ਦੇ ਸਖ਼ਤ ਵਿਰੋਧੀ ਚਹਿਲ ਕਹਿੰਦੇ ਹਨ ਕੇ ਪੜ੍ਹੀ-ਲਿਖੀ ਕੁੜੀਆਂ ਕੋਲੋਂ ਦਾਜ ਦੀ ਮੰਗ ਕਰਨਾ ਇੱਕ ਤਰ੍ਹਾਂ ਉਨ੍ਹਾਂ ਕੁੜੀਆਂ ਦੀ ਹੋਂਦ ‘ਤੇ ਸਵਾਲ ਚੁੱਕਣਾ ਹੈ ਜੋ ਕੇ ਕਿਸੇ ਵੀ ਪੜ੍ਹੇ ਲਿਖੇ ਸਮਾਜ ਵਿੱਚ ਬਰਦਾਸ਼ਤ ਨਹੀਂ ਹੋਣਾ ਚਾਹਿਦਾ.

ਕਾਮਯਾਬੀ ਦੇ ਮੰਤਰ ਬਾਰੇ ਉਨ੍ਹਾਂ ਦਾ ਕਹਿਣਾ ਹੈ ਕੇ ਜੋ ਜਿੰਮੇਦਾਰੀ ਪਰਮਾਤਮਾ ਵੱਲੋਂ ਬਖਸ਼ੀ ਗਈ ਹੈ ਉਸਨੂੰ ਸਚਾਈ, ਇਮਾਨਦਾਰੀ ਅਤੇ ਵਿਸ਼ਵਾਸ ਨਾਲ ਪੂਰਾ ਕਰਨਾ ਹੀ ਕਾਮਯਾਬੀ ਹੈ. ਪਰਮਾਤਮਾ ਇਨਸਾਨੀਅਤ, ਸਮਾਜ ਅਤੇ ਦੇਸ਼ ਦੀ ਭਲਾਈ ਲਈ ਦੀ ਜਿੰਮੇਦਾਰੀ ਵੀ ਕਿਸੇ ਕਿਸੇ ਨੂੰ ਦਿੰਦਾ ਹੈ. 

ਲੇਖਕ: ਰਵੀ ਸ਼ਰਮਾ