ਪੁਰਾਣੇ ਰੀਤਿ ਰਿਵਾਜਾਂ ਵੱਲ ਮੋੜ ਲਿਆਉਣ ਲਈ ਸਾਰੇ ਪਿੰਡ ਦੇ ਲੰਗਰ ਲਈ ਹੱਥੀਂ ਬਣਾਈਆਂ ਪੱਤਲਾਂ

Friday April 01, 2016,

3 min Read

ਇਹ ਕਹਾਣੀ ਪਿੰਡ ਦੀਆਂ ਉਨ੍ਹਾਂ ਔਰਤਾਂ ਬਾਰੇ ਹੈ ਜਿਨ੍ਹਾਂ ਨੇ ਆਧੁਨਿਕ ਜੀਵਨ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਜੜਾਂ ਛੱਡ ਰਹੇ ਲੋਕਾਂ ਨੂੰ ਮੁੜ ਆਪਣੇ ਰੀਤਿ ਰਿਵਾਜਾਂ ਵੱਲ ਲਿਆਉਣ ਦੀ ਪਹਿਲ ਕੀਤੀ ਹੈ. ਇਨ੍ਹਾਂ ਔਰਤਾਂ ਲੋਕਾਂ ਨੂੰ ਉਨ੍ਹਾਂ ਰਿਵਾਜਾਂ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਜੋ ਆਧੁਨਿਕਤਾ ਦੀ ਅੰਨੀ ਦੌੜ 'ਚ ਜਾ ਰਲ੍ਹੇ ਸੀ. ਇਸ ਦੇ ਨਾਲ ਹੀ ਇਨ੍ਹਾਂ ਔਰਤਾਂ ਨੇ ਪਰਿਆਵਰਣ ਨੂੰ ਬਚਾਉਣ ਦੀ ਵੀ ਮਿਸਾਲ ਕਾਇਮ ਕੀਤੀ ਹੈ.

ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਬਿਲਾਸਪੁਰ ਅਤੇ ਤਹਸੀਲ ਘੁਮਾਰਵੀਂ ਦੇ ਪਿੰਡ ਚੈਹੜੀ ਦੇ ਲੋਕ ਹਰ ਸਾਲ ਸ਼ਿਵਰਾਤਰੀ ਦਾ ਤਿਉਹਾਰ ਵੱਡੇ ਪੱਧਰ ਤੇ ਮਨਾਉਂਦੇ ਹਨ. ਇਸ ਮੌਕੇ 'ਤੇ ਨਾ ਕੇਵਲ ਚੈਹੜੀ ਪਿੰਡ ਦੇ ਸਾਰੇ ਲੋਕਾਂ ਲਈ ਸਗੋਂ ਨੇੜਲੇ ਕਈ ਪਿੰਡਾਂ ਦੇ ਲੋਕਾਂ ਨੂੰ ਲੰਗਰ ਲਈ ਸੱਦਿਆ ਜਾਂਦਾ ਹੈ. ਲੰਗਰ ਪਿੰਡ 'ਚ ਹੀ ਮੰਦਿਰ ਦੇ ਸਾਹਮਣੇ ਇਕ ਵੱਡੇ ਖੁੱਲੇ ਮੈਦਾਨ ਵਿੱਚ ਲਾਇਆ ਜਾਂਦਾ ਹੈ.

ਪਿੱਛਲੇ ਕੁਝ ਸਾਲਾਂ ਤੋਂ ਲੰਗਰ ਵਰਤਾਉਣ ਲਈ ਪਲਾਸਟਿਕ ਦੀਆਂ ਬਣੀਆਂ ਹੋਈਆਂ ਪਲੇਟਾਂ, ਕੌਲੀਆਂ ਅਤੇ ਗਲਾਸਾਂ ਦਾ ਇਸਤੇਮਾਲ ਹੋਣ ਲੱਗ ਪਿਆ ਸੀ. ਤਿਓਹਾਰ ਮਗਰੋਂ ਇਨ੍ਹਾਂ ਪਲਾਸਟਿਕ ਦੇ ਭਾਂਡਿਆਂ ਨੂੰ ਪਿੰਡ ਦੇ ਬਾਹਰ ਇਕ ਪਹਾੜੀ ਤੋਂ ਥੱਲੇ ਸੁੱਟ ਦਿੱਤਾ ਜਾਂਦਾ ਸੀ. ਇਸ ਨਾਲ ਇਸ ਪਹਾੜੀ ਅਤੇ ਅਲ੍ਹੇ-ਦੁਆਲੇ ਆ ਮਾਹੌਲ ਖ਼ਰਾਬ ਹੋ ਰਿਹਾ ਸੀ. ਪਲਾਸਟਿਕ ਦੀ ਵਰਤੋਂ ਨੇ ਪਿੰਡ ਦਾ ਵਾਤਾਵਰਣ ਖ਼ਰਾਬ ਕਰ ਦਿੱਤਾ ਸੀ.

ਇਸ ਨੁਕਸਾਨ ਨੂੰ ਸਮਝਦੀਆਂ ਹੋਇਆਂ ਪਿੰਡ ਦੀਆਂ ਛੇ ਔਰਤਾਂ ਨੇ ਪਿੰਡ ਦੇ ਵਾਤਾਵਰਣ ਨੂੰ ਬਚਾਉਣ ਦਾ ਫ਼ੈਸਲਾ ਕੀਤਾ। ਇਨ੍ਹਾਂ ਔਰਤਾਂ ਮੀਨਾ ਠਾਕੁਰ, ਨਿਰਮਲਾ, ਲਤਾ, ਸੰਦੇਸਨਾ, ਕੌਸ਼ਲਿਆ ਅਤੇ ਮੀਨਾ ਕੁਮਾਰੀ ਨੇ ਸ਼ਿਵਰਾਤਰੀ ਤੇ ਤਿਓਹਾਰ ਦੇ ਮੌਕੇ ਤੇ ਪਲਾਸਟਿਕ ਦੇ ਭਾਂਡਿਆਂ ਦੀ ਵਰਤੋਂ ਦਾ ਵਿਰੋਧ ਕਰਣਾ ਸ਼ੁਰੂ ਕਰ ਦਿੱਤਾ। ਇਸ ਬਾਰੇ ਮੰਦਿਰ ਦੀ ਲੰਗਰ ਕਮੇਟੀ ਵੱਲੋਂ ਵੀ ਏਤਰਾਜ਼ ਕੀਤਾ ਗਿਆ. ਪਰ ਇਨ੍ਹਾਂ ਬੀਬੀਆਂ ਨੇ ਪਲਾਸਟਿਕ ਦੇ ਭਾਂਡਿਆਂ ਦੇ ਇਸਤੇਮਾਲ ਦਾ ਵਿਰੋਧ ਜਾਰੀ ਰਖਿਆ।

ਪਿੰਡ ਵਾਲਿਆਂ ਨੇ ਜਦੋਂ ਇਸ ਸਮਸਿਆ ਦਾ ਸਮਾਧਾਨ ਕੱਢ ਲੈਣ ਦੀ ਜਿਮੇਦਾਰੀ ਵੀ ਇਨ੍ਹਾਂ ਔਰਤਾਂ ਤੇ ਹੀ ਪਾ ਦਿੱਤੀ ਤਾਂ ਇਨ੍ਹਾਂ ਨੇ ਉਹ ਕਰ ਵਿਖਾਇਆ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨੀ ਸੀ ਹੋਇਆ।

ਇਨ੍ਹਾਂ ਛੇ ਜਣਿਆਂ ਨੇ ਰਲ੍ਹ ਕੇ ਪੂਰੇ ਪਿੰਡ ਦੇ ਲੋਕਾਂ ਨੂੰ ਲੰਗਰ ਛਕਾਉਣ ਲਈ ਦਰਖਤਾਂ ਤੇ ਪੱਤਿਆਂ ਤੋਂ ਪੱਤਲਾਂ ਬਣਾਉਣ ਦਾ ਜਿਮਾਂ ਲੈ ਲਿਆ. ਇਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਜੰਗਲ 'ਵਿੱਚੋਂ ਪੱਤਲ ਬਣਾਉਣ ਦੇ ਕੰਮ ਆਉਣ ਵਾਲੇ ਪੱਤੇ ਇੱਕਠੇ ਕੀਤੇ। ਉਨ੍ਹਾਂ ਪੱਤਿਆਂ ਦੀ ਪੰਡ ਬੰਨ ਕੇ ਪਿੰਡ ਲੈ ਆਉਂਦੀ ਅਤੇ ਫੇਰ ਇਨ੍ਹਾਂ ਨੇ ਰਲ੍ਹ ਕੇ ਪੂਰੇ ਪਿੰਡ ਦੇ ਲੋਕਾਂ ਲਈ ਪੱਤਲਾਂ ਤਿਆਰ ਕਰ ਦਿੱਤੀਆਂ।

ਇਸ ਬਾਰੇ ਮੀਨਾ ਠਾਕੁਰ ਦਾ ਕਹਿਣਾ ਹੈ ਕਿ-

"ਪੱਤਲਾਂ ਦਾ ਇਸਤੇਮਾਲ ਨਾ ਸਿਰਫ਼ ਪਲਾਸਟਿਕ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕ ਰਿਹਾ ਹੈ, ਪਿੰਡ ਦੇ ਲੋਕਾਂ ਨੂੰ ਮੁੜ ਆਪਣੇ ਪੁਰਾਣੇ ਰੀਤਿ ਰਿਵਾਜਾਂ ਵੱਲ ਲੈ ਕੇ ਜਾ ਰਿਹਾ ਹੈ. ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਅਤੇ ਜੜਾਂ ਨਾਲ ਜੋੜ ਰਿਹਾ ਹੈ."

ਇਨ੍ਹਾਂ ਦੇ ਇਸ ਹੌਸਲੇ ਅਤੇ ਵਾਤਾਵਰਣ ਦੀ ਰਾਖੀ ਦੇ ਜਜਬੇ ਨੂੰ ਵੇਖਦਿਆਂ ਹੁਣ ਨਾ ਸਿਰਫ ਚੈਹੜੀ ਪਿੰਡ ਸਗੋਂ ਹੋਰ ਵੀ ਪਿੰਡਾਂ ਦੇ ਲੋਕਾਂ ਨੇ ਕਿਸੇ ਵੀ ਸਮਾਜਿਕ ਅਤੇ ਘਰੇਲੂ ਸਮਾਰੋਹ ਵਿੱਚ ਲੰਗਰ ਲਈ ਪੱਤਲਾਂ ਦੀ ਵਰਤੋਂ ਕਰਨ ਦਾ ਫ਼ੈਸਲਾ ਕਰ ਲਿਆ ਹੈ.

ਲੇਖਕ: ਰਵੀ ਸ਼ਰਮਾ