ਚੇਨਈ ਦੀ ਇਸ ਜੋੜੀ ਨੇ ਦੀਵਾਲ਼ੀਆਪਣ 'ਚੋਂ ਨਿੱਕਲ਼ ਕੇ ਕਿਵੇਂ ਵੰਡੇ ਖ਼ੁਸ਼ੀ ਦੇ ਲੱਖਾਂ ਛਿਣ

Friday April 08, 2016,

16 min Read

ਜੇ ਖ਼ੁਸ਼ੀ ਨੂੰ ਕਦੇ ਪਦਾਰਥਕ ਰੂਪ ਵਿੱਚ ਤਬਦੀਲ ਕੀਤਾ ਜਾਵੇ, ਤਾਂ ਮੈਂ ਇਸ ਨੂੰ 'ਤਰਲ' ਤੌਰ 'ਤੇ ਆਪਣੀ ਕਲਪਨਾ 'ਚ ਵੇਖਣਾ ਪਸੰਦ ਕਰਾਂਗੀ। ਕਿਉਂਕਿ ਕੀ ਇਹ ਸੱਚ ਨਹੀਂ ਹੈ ਕਿ ਅਸੀਂ ਸਾਰੇ ਆਪਣੇ ਖ਼ੁਦ ਦੇ ਕਾਲਪਨਿਕ ਕੱਪਾਂ, ਬੋਤਲਾਂ, ਕਟੋਰਿਆਂ ਤੇ ਥਾਲੀਆਂ ਰਾਹੀਂ ਆਪਣੀ ਖ਼ੁਸ਼ੀ ਦਾ ਸਾਰਾ ਹਿੱਸਾ ਪੀਂਦੇ ਹਾਂ - ਭਾਵੇਂ ਉਹ ਅੱਧੀਆਂ ਭਰੀਆਂ ਹੋਣ ਚਾਹੇ ਉਹ ਅੱਧੀਆਂ ਖ਼ਾਲੀ ਹੋਣ? ਅਸੀਂ ਸਾਰੇ ਖ਼ੁਸ਼ੀ ਨੂੰ ਆਪੋ-ਆਪਣੇ ਹਿਸਾਬ ਨਾਲ਼ ਵੱਖੋ-ਵੱਖਰੇ ਰੂਪ ਵਿੱਚ ਵੇਖਦੇ ਹਾਂ ਕਿਉਂਕਿ ਸਾਡੇ ਜੀਵਨ ਦੇ ਉਤਰਾਵਾਂ-ਚੜ੍ਹਾਵਾਂ ਦੇ ਆਪਣੇ ਹੀ ਵਿਲੱਖਣ ਤਜਰਬੇ ਹੁੰਦੇ ਹਨ। ਖ਼ੁਸ਼ੀ ਦੀ ਇਹੋ ਅਛੋਹ ਤੇ ਅਮੂਰਤ (ਨਿਰਾਕਾਰ) ਸਥਿਤੀ ਹੁਣ ਸਮੁੱਚੇ ਵਿਸ਼ਵ ਵਿੱਚ ਅਰਬਾਂ ਡਾਲਰ ਦਾ ਉਦਯੋਗ ਬਣ ਗਈ ਹੈ; ਜੋ ਸਵੈ-ਸਹਾਇਤਾ, ਤੰਦਰੁਸਤੀ ਅਤੇ ਹਾਂ-ਪੱਖੀ ਮਨੋਵਿਗਿਆਨ ਦੁਆਲ਼ੇ ਘੁੰਮਦੀ ਹੈ। ਹੁਣ ਨੂੰ ਖ਼ੁਸ਼ੀ ਨੂੰ ਇੱਕ ਵਸਤੂ ਵਜੋਂ ਵੇਚਣ ਦਾ ਵਪਾਰ ਸ਼ੁਰੂ ਹੋ ਗਿਆ ਹੈ ਅਤੇ ਜ਼ਿਆਦਾਤਰ ਇਸ ਨੂੰ ਅਜਿਹੀਆਂ ਪੁਸਤਕਾਂ ਦੀ ਸ਼ਕਲ ਵਿੱਚ ਪੇਸ਼ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਕੇਵਲ ਆਪਣੀ ਸਹਾਇਤਾ ਆਪ ਕਰਨ ਦੇ ਤਰੀਕੇ ਦੱਸੇ ਹੁੰਦੇ ਹਨ। ਹੁਣ ਤਾਂ ਕੁੱਝ ਦੇਸ਼ ਵੀ ਆਪਣੇ ਵਿਕਾਸ ਤੇ ਆਰਥਿਕ ਪ੍ਰਗਤੀ ਨੂੰ ਖ਼ੁਸ਼ੀ ਦੇ ਪੈਮਾਨੇ ਨਾਲ਼ ਨਾਪਣ ਲੱਗ ਪਏ ਹਨ; ਜਿਵੇਂ ਭੂਟਾਨ ਦੇਸ਼ ਆਪਣੇ ਵਿਕਾਸ ਨੂੰ 'ਕੁੱਲ ਘਰੇਲੂ ਉਤਪਾਦਨ' (ਜੀ.ਡੀ.ਪੀ.) ਦੇ ਆਧਾਰ 'ਤੇ ਨਹੀਂ, ਸਗੋਂ ਜੀ.ਐਨ.ਐਚ. (ਗ੍ਰੌਸ ਨੈਸ਼ਨਲ ਹੈਪੀਨੈੱਸ - ਕੁੱਲ ਰਾਸ਼ਟਰੀ ਖ਼ੁਸ਼ੀ) ਨਾਲ਼ ਨਾਪਦਾ ਹੈ।

ਇਸੇ ਲਈ ਜਦੋਂ ਮੈਂ ਏ.ਵੀ.ਆਈ.ਐਸ. (AVIS) ਵਿਸ਼ਵਨਾਥਨ ਬਾਰੇ ਸੁਣਿਆ, ਜੋ ਖ਼ੁਦ ਨੂੰ 'ਖ਼ੁਸ਼ੀ ਦੇ ਪ੍ਰਬੰਧਕ' ਦਸਦੇ ਹਨ, ਤਾਂ ਮੈਨੂੰ ਯਕੀਨ ਨਾ ਹੋਇਆ। ਪਰ ਫਿਰ ਮੈਂ ਵੇਖਿਆ ਤੇ ਸਮਝਿਆ ਕਿ ਤੁਸੀਂ ਕਿਸੇ ਕਿਤਾਬ ਬਾਰੇ ਕੇਵਲ ਉਸ ਦੇ ਮੁੱਖ ਪੰਨੇ ਭਾਵ 'ਟਾਈਟਲ' ਨੂੰ ਵੇਖ ਕੇ ਹੀ ਕੋਈ ਅੰਦਾਜ਼ਾ ਨਹੀਂ ਲਾ ਸਕਦੇ।

AVIS ਅਤੇ ਉਨ੍ਹਾਂ ਦੀ ਪਤਨੀ ਤੇ ਕਾਰੋਬਾਰੀ ਭਾਈਵਾਲ ਵਾਣੀ ਨੂੰ ਦੀਵਾਲ਼ੀਆਪਣ ਦੀ ਹਾਲਤ ਦਾ ਵੀ ਸਾਹਮਣਾ ਕਰਨਾ ਪਿਆ ਸੀ, ਜਦੋਂ ਉਨ੍ਹਾਂ ਨੂੰ ਆਪਣੇ ਕਾਰੋਬਾਰ 'ਚ ਵੱਡਾ ਘਾਟਾ ਪੈ ਗਿਆ ਸੀ। ਉਨ੍ਹਾਂ ਇਹ ਕਾਰੋਬਾਰ 1996 'ਚ ਅਰੰਭ ਕੀਤਾ ਸੀ ਤੇ ਉਹ 6 ਸਾਲਾਂ ਤੱਕ ਚੱਲਿਆ ਸੀ। ਉਸ ਕਾਰੋਬਾਰ ਵਿੱਚ 2002 ਵਿੱਚ ਔਕੜਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਫਿਰ 2008 'ਚ ਉਨ੍ਹਾਂ ਨੂੰ ਆਪਣਾ ਕਾਰੋਬਾਰ ਬੰਦ ਕਰਨਾ ਪਿਆ ਸੀ। ਤਦ ਉਨ੍ਹਾਂ ਸਿਰ 5 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ। ਇਨ੍ਹਾਂ 8 ਵਰ੍ਹਿਆਂ ਦੌਰਾਨ ਇਹ ਜੋੜੀ ਇੱਕ ਅਜਿਹੇ ਬਹੁਤ ਹੀ ਭਾਵਨਾਤਮਕ ਤੇ ਨਿਜੀ ਸੰਕਟ ਵਿਚੋਂ ਲੰਘੀ ਹੈ ਕਿ ਜਿਹੋ ਜਿਹੇ ਤਜਰਬੇ ਦੱਸਣ ਲਈ ਸ਼ਾਇਦ ਆਮ ਵਿਅਕਤੀ ਤਾਂ ਜਿਊਂਦਾ ਵੀ ਨਾ ਰਹਿ ਸਕੇ। ਉਨ੍ਹਾਂ ਨੂੰ ਕੁੱਝ ਕਾਨੂੰਨੀ ਲੜਾਈਆਂ ਵੀ ਲੜਨੀਆਂ ਪਈਆਂ ਤੇ ਅਪਰਾਧਕ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ। ਪਰਿਵਾਰ ਵਿੱਚ ਵਿਵਾਦ ਪੈਦਾ ਹੋ ਗਏ ਅਤੇ ਸਮਾਜਕ ਤੌਰ 'ਤੇ ਵੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਨੇ ਅਜਿਹੇ ਉਲਟ ਹਾਲਾਤ ਦੇ ਬਾਵਜੂਦ ਖ਼ੁਸ਼ ਰਹਿਣ ਦੇ ਆਪਣੇ ਹੀ ਵਿਲੱਖਣ ਤਰੀਕੇ ਲੱਭ ਲਏ।

ਸ੍ਰੀਮਤੀ ਵਾਣੀ ਦਸਦੇ ਹਨ,''ਸਾਡਾ ਸਮਾਜ ਅਜਿਹੇ ਵਿਅਕਤੀਆਂ ਬਾਰੇ ਆਪਣਾ ਫ਼ੈਸਲਾ ਕੁੱਝ ਸਖ਼ਤੀ ਨਾਲ਼ ਸੁਣਾਉਂਦਾ ਹੈ, ਜਿਹੜੇ ਵਿੱਤੀ ਸੰਕਟ ਜਾਂ ਨਾਕਾਮੀਆਂ ਨਾਲ਼ ਜੂਝ ਰਹੇ ਹੁੰਦੇ ਹਨ।'' AVIS ਨੇ ਇੱਕ ਪੁਸਤਕ 'ਫ਼ਾਲ ਲਾਈਕ ਏ ਰੋਜ਼ ਪੈਟਲ' (ਗੁਲਾਬ ਦੀ ਪੰਖੜੀ ਵਾਂਗ ਡਿੱਗਣਾ) ਆਪਣੇ ਬੱਚਿਆਂ ਲਈ ਲਿਖੀ ਹੈ, ਜਿਸ ਵਿੱਚ ਇੱਕ ਪਿਤਾ ਆਪਣੇ ਬੱਚਿਆਂ ਨੂੰ ਸਬਕ ਦਿੰਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਬਿਨਾ ਧਨ ਦੇ ਵੀ ਕਿਵੇਂ ਖ਼ੁਸ਼ ਤੇ ਸੰਤੁਸ਼ਟ ਰਹਿਣ।

ਸ੍ਰੀ ਵਾਣੀ ਦਸਦੇ ਹਨ,''ਅਸੀਂ ਪਾਇਆ ਕਿ ਧਨ ਨਾਲ਼ੋਂ ਵੱਧ ਜ਼ਰੂਰੀ ਮੰਤਵ ਦੀ ਅਖੰਡਤਾ; ਅਤੇ ਜ਼ਿੰਦਗੀ ਤੋਂ ਦੂਰ ਨੱਸਣ ਦੀ ਥਾਂ ਉਸ ਦਾ ਡਟ ਕੇ ਸਾਹਮਣਾ ਕਰਨਾ ਹੁੰਦੇ ਹਨ।''

ਤਦ ਕੀ ਖ਼ੁਸ਼ੀ ਦੇ ਮੁਕਾਬਲੇ ਧਨ ਦੀ ਸਿੱਧੇ ਅਨੁਪਾਤਕ ਤੌਰ 'ਤੇ ਲੋੜ ਨਹੀਂ ਹੁੰਦੀ? ਖ਼ੁਸ਼ੀ ਦੇ ਅਰਥਾਂ ਦੇ ਮਾਮਲੇ ਵਿੱਚ ਸਾਡੇ ਸਭਨਾਂ ਦੇ ਵਿਚਾਰ ਵੱਖੋ-ਵੱਖਰੇ ਹੋ ਸਕਦੇ ਹਨ। ਸ੍ਰੀਮਤੀ ਵਾਣੀ ਦਸਦੇ ਹਨ,'ਮੈਂ ਸ਼ਰਤ ਲਾ ਕੇ ਆਖ ਸਕਦੀ ਹਾਂ ਕਿ ਅਸੀਂ ਸਾਰੇ ਇਸ ਤੱਥ ਨੂੰ ਮੰਨਦੇ ਹਾਂ ਕਿ ਧਨ ਭਾਵੇਂ ਖ਼ੁਸ਼ੀ ਨੂੰ ਖ਼ਰੀਦ ਨਹੀਂ ਸਕਦਾ ਪਰ ਇਹ ਖ਼ੁਸ਼ੀ ਦਾ ਇੱਕ ਲਾਜ਼ਮੀ ਹਿੱਸਾ ਜ਼ਰੂਰ ਬਣਿਆ ਰਹਿੰਦਾ ਹੈ।' ਪਰ AVIS ਇਸ ਗੱਲ ਨੂੰ ਨਕਾਰਦੇ ਹੋਏ ਆਖਦੇ ਹਨ,''ਜਦੋਂ ਅਸੀਂ ਆਪਣੀ ਖ਼ੁਸ਼ੀ ਦੇ ਸਾਮਰਾਜ ਵਿੱਚ ਜਿਊਣ ਲੱਗ ਪਏ, ਤਾਂ ਘਰ ਵਿੱਚ ਖ਼ੁਸ਼ਹਾਲੀ ਵੀ ਆਉਣ ਲੱਗ ਪਈ।''

ਇਹ ਕਹਾਣੀ AVIS ਅਤੇ ਵਾਣੀ ਦੇ ਆਰਥਿਕ ਨੁਕਸਾਨ ਬਾਰੇ ਹੈ ਕਿਉਂਕਿ ਇਹ ਦਸਦੀ ਹੈ ਕਿ ਤੁਸੀਂ ਮੁਸੀਬਤਾਂ ਦੇ ਸਾਗਰ ਵਿੱਚੋਂ ਕਿਵੇਂ ਤਿਣਕਿਆਂ ਦੇ ਸਹਾਰੇ ਤੈਰ ਕੇ ਕੰਢਿਆਂ ਉਤੇ ਅਪੜਨਾ ਹੈ। ਇਹ ਸ਼ਾਇਦ ਉਨ੍ਹਾਂ ਸਾਰਿਆਂ ਦੀ ਵੀ ਕਹਾਣੀ ਹੈ, ਜਿਨ੍ਹਾਂ ਵਿੱਚ ਕਾਰੋਬਾਰੀ ਉੱਦਮ ਦੀ ਭਾਵਨਾ ਮੌਜੂਦ ਹੈ ਅਤੇ ਜੋ ਜੀਵਨ ਦੇ ਵਿਸ਼ਾਲ ਸਮੁੰਦਰਾਂ ਵਿੱਚ ਕੇਵਲ ਆਪਣੇ ਦ੍ਰਿੜ੍ਹ ਵਿਸ਼ਵਾਸ ਤੇ ਜਨੂੰਨ ਨਾਲ਼ ਆਪਣੀ ਯਾਤਰਾ ਅਰੰਭ ਕਰਦੇ ਹਨ। ਉਨ੍ਹਾਂ ਕੋਲ ਕਿਸੇ ਵੀ ਤੂਫ਼ਾਨ ਦਾ ਸਾਹਮਣਾ ਬਹਾਦਰੀ ਨਾਲ਼ ਕਰਨ ਲਈ ਇੱਕ ਕੰਪਾਸ (ਚੁੰਬਕੀ ਸੂਈ) ਸਦਾ ਤਿਆਰ ਰਹਿੰਦੀ ਹੈ।

ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ

ਸ੍ਰੀਮਤੀ ਵਾਣੀ ਜਦੋਂ 20 ਅਤੇ AVIS 19 ਸਾਲਾਂ ਦੇ ਸਨ; ਤਦ ਉਹ ਦੋਵੇਂ ਇੱਕ-ਦੂਜੇ ਨੂੰ ਮਿਲ਼ੇ ਸਨ। AVIS ਨੇ ਵਪਾਰਕ-ਪੱਤਰਕਾਰੀ ਛੱਡ ਦਿੱਤੀ ਸੀ ਤੇ ਉਹ ਬੈਂਗਲੁਰੂ ਛੱਡ ਕੇ ਚੇਨਈ 'ਚ ਰਹਿਣ ਲੱਗ ਪਏ ਸਨ। ਉਨ੍ਹਾਂ 1996 'ਚ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਸੀ। AVIS ਦਸਦੇ ਹਨ,''ਅਸੀਂ ਛੇ ਸਾਲਾਂ ਤੱਕ ਆਪਣੀ ਕੰਪਨੀ ਬਹੁਤ ਵਧੀਆ ਤਰੀਕੇ ਨਾਲ਼ ਚਲਾਈ ਅਤੇ ਉਸ ਨੂੰ ਅਸੀਂ ਕੇਵਲ ਆਪਣੀ ਸਾਖ਼ ਦੇ ਸਹਾਰੇ ਚਲਾਇਆ। ਇਹ ਇੱਕ ਨਵੀਂ ਧਾਰਨਾ ਸੀ। ਅਸੀਂ ਸੀ.ਈ.ਓਜ਼ ਨਾਲ ਕੰਮ ਕਰਦੇ ਸਾਂ ਅਤੇ ਉਨ੍ਹਾਂ ਦੀ ਕੰਪਨੀ ਦੇ ਉਦੇਸ਼, ਮਿਸ਼ਨ ਤੇ ਕੀਮਤ ਦੀ ਸ਼ਨਾਖ਼ਤ ਕਰਦੇ ਸਾਂ ਅਤੇ ਵਰਕਸ਼ਾੱਪਸ ਰਾਹੀਂ ਇਸ ਨੂੰ ਕਾਰੋਬਾਰ ਵਿੱਚ ਤਬਦੀਲ ਕਰਦੇ ਸਾਂ। ਇਸ ਕਾਰੋਬਾਰ ਦਾ ਇੱਕ ਹੋਰ ਅੰਗ ਸੀ ਬਾਹਰੀ ਸੰਚਾਰ ਤੇ ਬ੍ਰਾਂਡਿੰਗ।''

ਇਹ ਜ਼ਿਆਦਾਤਰ ਇੱਕ ਬੂਟੀਕ ਕਨਸਲਟਿੰਗ ਫ਼ਰਮ ਵਾਂਗ ਸੀ ਅਤੇ ਉਨ੍ਹਾਂ ਦਾ ਉਦੇਸ਼ ਇਸ ਨੂੰ ਕੌਮਾਂਤਰੀ ਬਣਾਉਣਾ ਸੀ। ਉਨ੍ਹਾਂ ਕੋਲ ਪਹਿਲਾਂ ਤੋਂ ਹੀ ਹਾਂਗ ਕਾਂਗ ਦਾ ਇੱਕ ਮੁਵੱਕਿਲ ਸੀ; ਜੋ ਕਿ ਉਨ੍ਹਾਂ ਲਈ ਅਹਿਮ ਸੀ ਕਿਉਂਕਿ ਉਨ੍ਹਾਂ ਦੀ 60 ਫ਼ੀ ਸਦੀ ਆਮਦਨ ਇਸ ਕੇਵਲ ਇੱਕੋ ਗਾਹਕ ਤੋਂ ਹੀ ਆਉਂਦੀ ਸੀ।

ਸਾਲ 2002 'ਚ ਜਦੋਂ ਇਸ ਖ਼ਾਸ ਮੁਵੱਕਿਲ ਨਾਲ਼ ਉਨ੍ਹਾਂ ਆਪਣਾ ਕੰਟਰੈਕਟ ਨਵਿਆਉਣਾ ਸੀ। AVIS ਦਸਦੇ ਹਨ,''ਮੈਂ ਉਨ੍ਹਾਂ ਨੂੰ ਮਿਲਣ ਲਈ ਗਿਆ ਅਤੇ ਤਦ ਮੈਂ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੇ ਉਹ ਕੰਟਰੈਕਟ 'ਰੀਨਿਊ' ਨਹੀਂ ਕਰਨਾ ਸੀ; ਭਾਵੇਂ ਕਿ ਅਸੀਂ ਆਪਣੀ ਬਿਹਤਰੀਨ ਸੇਵਾ ਉਨ੍ਹਾਂ ਨੂੰ ਦਿੱਤੀ ਸੀ ਤੇ ਉਹ ਉਸ ਸੇਵਾ ਤੋਂ ਖ਼ੁਸ਼ ਵੀ ਸਨ।'' ਉਸ ਮੀਟਿੰਗ ਦੌਰਾਨ, ਉਸ ਮੁਵੱਕਿਲ ਨੇ ਸਗੋਂ ਉਨ੍ਹਾਂ ਦੀ ਕੰਪਨੀ ਖ਼ਰੀਦ ਲੈਣ ਦੀ ਪੇਸ਼ਕਸ਼ ਰੱਖ ਦਿੱਤੀ ਅਤੇ ਕਿਹਾ ਕਿ ਜੇ AVIS ਚਾਹੁਣ, ਤਾਂ ਉਹ ਉਨ੍ਹਾਂ ਦੇ ਹਾਂਗ ਕਾਂਗ ਸਥਿਤ ਦਫ਼ਤਰ ਵਿੱਚ ਆ ਕੇ ਕੰਮ ਕਰ ਸਕਦੇ ਹਨ। 'ਮੇਰੇ ਲਈ ਇਹ ਪੇਸ਼ਕਸ਼ ਕੋਈ ਬਹੁਤੀ ਵਧੀਆ ਨਹੀਂ ਸੀ। ਉਹ ਸੇਵਾ-ਕੀਮਤ ਦੇ ਆਧਾਰ 'ਤੇ ਮੇਰੀ ਕੰਪਨੀ ਖ਼ਰੀਦਣ ਦੀ ਪੇਸ਼ਕਸ਼ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਮੇਰੀ ਕੰਪਨੀ ਦੀ ਕੀਮਤ ਇੰਨੀ ਘੱਟ ਕਿਉਂ ਲਾ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਤੁਸੀਂ ਇੱਕ ਭਾਰਤੀ ਕੰਪਨੀ ਦੀ ਇਸ ਤੋਂ ਵੱਧ ਹੋਰ ਕਿੰਨੀ ਕੁ ਕੀਮਤ ਦੀ ਆਸ ਰੱਖ ਰਹੇ ਹੋ?' AVIS ਨੂੰ ਗੁੱਸਾ ਆ ਗਿਆ ਅਤੇ ਉਹ ਉਸ ਪੇਸ਼ਕਸ਼ ਨੂੰ ਠੁਕਰਾ ਕੇ ਮੀਟਿੰਗ ਵਿਚੋਂ ਉੱਠ ਕੇ ਬਾਹਰ ਆ ਗਏ। AVIS ਦਸਦੇ ਹਨ,''ਕਾਰੋਬਾਰੀ ਉੱਦਮਤਾ ਦੇ ਖੇਤਰ ਵਿੱਚ ਸਿਆਣਪ ਇਹੋ ਹੁੰਦੀ ਹੈ ਕਿ ਜਦੋਂ ਤੁਹਾਡੀ ਆਮਦਨ ਘਟ ਜਾਵੇ, ਤਾਂ ਤੁਸੀਂ ਟੀਮ ਮੈਂਬਰਾਂ ਦੀ ਛਾਂਟੀ ਕਰ ਦੇਵੋ ਅਤੇ ਖ਼ਰਚਿਆਂ ਉੱਤੇ ਕਾਬੂ ਪਾਵੋਂ। ਪਰ ਉਸੇ ਉੱਦਮਤਾ ਦਾ ਜਨੂੰਨ ਤੁਹਾਡੀ ਸਿਆਣਪ ਨੂੰ ਅੰਨ੍ਹਾ ਵੀ ਕਰ ਕੇ ਰੱਖ ਦਿੰਦਾ ਹੈ।'' ਉਨ੍ਹਾਂ ਨੇ ਮਿਲ ਕੇ ਇਸ ਸਥਿਤੀ ਦਾ ਸਾਹਮਣਾ ਕਰਨ ਦਾ ਫ਼ੈਸਲਾ ਕੀਤਾ। ਜਦੋਂ ਤੱਕ ਉਨ੍ਹਾਂ ਦੀ ਕੰਪਨੀ ਦੀ ਆਮਦਨ ਨਾ ਵਧ ਗਈ, ਤਦ ਤੱਕ ਕੰਪਨੀ ਨੂੰ ਕਰਜ਼ਾ ਲੈ ਕੇ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਗਿਆ। AVIS ਦਸਦੇ ਹਨ ਕਿ ਇਹੋ ਉਨ੍ਹਾਂ ਦੀ ਪਹਿਲੀ ਸਭ ਤੋਂ ਵੱਡੀ ਗ਼ਲਤੀ ਸੀ। 'ਮੈਂ ਹੁਣ ਮਹਿਸੂਸ ਕਰਦਾ ਹਾਂ ਕਿ ਕਿਸੇ ਕਾਰੋਬਾਰੀ ਯੋਜਨਾ ਜਾਂ ਐਕਸੈਲ ਦੀ ਸ਼ੀਟ ਵਿੱਚ ਜ਼ਿੰਦਗੀ ਨਹੀਂ ਬਣਦੀ।'

ਆਪਣੀ ਕੰਪਨੀ ਨੂੰ ਬੰਬ ਲਾ ਕੇ ਉਡਾ ਦੇਵੋ

ਸ੍ਰੀਮਤੀ ਵਾਣੀ ਚੇਤੇ ਕਰਦਿਆਂ ਦਸਦੇ ਹਨ ਕਿ ਤਦ ਉਹ 'ਨਕਦੀ ਦੀ ਖੇਡ' ਬਣ ਗਈ ਸੀ। ਜੇ ਉਹ ਪਹਿਲਾਂ ਆਪਣੇ ਗਾਹਕਾਂ ਦੀ ਚੋਣ ਕਰਨ ਦੇ ਮਾਮਲੇ ਵਿੱਚ ਕੋਈ ਬਹੁਤਾ ਧਿਆਨ ਨਹੀਂ ਰਖਦੇ ਸਨ, ਤੇ ਤਦ ਉਹ ਕੰਪਨੀਆਂ ਦੇ ਲੋਕ-ਸੰਪਰਕ ਤੇ ਬਾਹਰੀ ਸੰਚਾਰ ਦੇ ਕੰਮ ਵੀ ਫੜਨ ਲੱਗ ਪਏ ਸਨ। 'ਉਹੀ ਗੱਲ ਸਾਡੇ ਲਈ ਮੁਸੀਬਤ ਬਣ ਗਈ ਅਤੇ ਸਾਨੂੰ ਬਿਲਕੁਲ ਵੀ ਆਨੰਦ ਨਹੀਂ ਆ ਰਿਹਾ ਸੀ।' ਸ੍ਰੀਮਤੀ ਵਾਣੀ ਆਪਣੇ ਜੀਵਨ ਦੇ ਉਨ੍ਹਾਂ ਅੰਤਾਂ ਦੇ ਮਾੜੇ ਦਿਨਾਂ ਨੂੰ ਚੇਤੇ ਕਰ ਕੇ ਜਿਵੇਂ ਕੰਬਣ ਲੱਗ ਪਏ।

2004 ਦੇ ਨਵੇਂ ਸਾਲ ਦੀ ਪੂਰਵ-ਸੰਧਿਆ ਸੀ, ਜਦੋਂ ਇਹ ਪਰਿਵਾਰ ਕਰਨਾਟਕ ਦੇ ਕੂਰਗ ਇਲਾਕੇ ਵਿੱਚ ਛੁੱਟੀਆਂ ਮਨਾਉਣ ਲਈ ਗਿਆ ਹੋਇਆ ਸੀ। AVIS ਦਸਦੇ ਹਨ ਕਿ ਉਨ੍ਹਾਂ ਨੂੰ ਅਚਾਨਕ ਲੱਗਾ ਕਿ ਉਨ੍ਹਾਂ ਨੂੰ ਹੁਣ ਚੇਨਈ ਵਾਪਸ ਨਹੀਂ ਜਾਣਾ ਚਾਹੀਦਾ। ਉਨ੍ਹਾਂ ਨੇ ਸ੍ਰੀਮਤੀ ਵਾਣੀ ਨੂੰ ਸਾਹਮਣੇ ਬਿਠਾ ਕੇ ਆਪਣਾ ਡਰ ਦਸਦਿਆਂ ਆਖਿਆ ਕਿ ਉਨ੍ਹਾਂ ਨੇ ਆਪਣੀ ਕੰਪਨੀ ਨੂੰ ਸੁੰਗੇੜ ਕੇ ਕੇਵਲ ਇੱਕ ਪੀ.ਆਰ. ਕੰਪਨੀ ਵਿੱਚ ਤਬਦੀਲ ਕਰ ਲਿਆ ਸੀ। 'ਇੱਕ ਕਹਾਵਤ ਹੈ ਕਿ ਜੇ ਤੁਹਾਨੂੰ ਆਪਣੀ ਕੰਪਨੀ ਦਾ ਸਭਿਆਚਾਰ ਪਸੰਦ ਨਹੀਂ, ਤਾਂ ਉਸ ਨੂੰ ਬੰਬ ਲਾ ਕੇ ਉਡਾ ਦੇਵੋ। ਮੈਨੂੰ ਆਪਣੀ ਕੰਪਨੀ ਦਾ ਸਭਿਆਚਾਰ ਵੀ ਪਸੰਦ ਨਹੀਂ ਸੀ।'

AVIS ਜਦੋਂ ਘਰ ਪਰਤੇ, ਤਾਂ ਉਨ੍ਹਾਂ 'ਕੰਟਰੋਲ, ਆਲਟ, ਡਿਲੀਟ' ਦਾ ਇੱਕ ਦਸਤਾਵੇਜ਼ ਤਿਆਰ ਕੀਤਾ, ਜਿਸ ਵਿੱਚ ਉਨ੍ਹਾਂ ਕੰਪਨੀ ਲਈ ਆਪਣੀ ਨੀਤੀ ਵਿਸਥਾਰਪੂਰਬਕ ਦੱਸੀ। 'ਮੈਂ ਫ਼ੈਸਲਾ ਕੀਤਾ ਕਿ ਹੁਣ ਮੈਂ ਲੋਕ ਸੰਪਰਕ ਦਾ ਕੰਮ ਨਹੀਂ ਫੜਾਂਗਾ ਅਤੇ ਉਸ ਦੀ ਥਾਂ ਅਸੀਂ ਹੁਣ ਕੇਵਲ 'ਸਾਖ਼ ਪ੍ਰਬੰਧ' (ਰੈਪੂਟੇਸ਼ਨ ਮੈਨੇਜਮੈਂਟ) ਉੱਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰਾਂਗੇ। ਤੀਜੇ ਮੈਂ ਆਪਣੀ ਵੱਡੀ ਟੀਮ ਤੋਂ ਖਹਿੜਾ ਛੁਡਾਉਣ ਦਾ ਫ਼ੈਸਲਾ ਕਰ ਲਿਆ।' ਪਰ ਇਹ ਤਿੰਨੇ ਫ਼ੈਸਲੇ ਬਹੁਤ ਦੇਰੀ ਨਾਲ਼ ਤਿੰਨ ਵਰ੍ਹਿਆਂ ਬਾਅਦ ਲਏ ਗਏ।

AVIS ਦਸਦੇ ਹਨ,''ਜਦੋਂ ਅਸੀਂ ਮੁਲੰਕਣ ਕੀਤਾ, ਤਾਂ ਸਾਡੇ ਕੋਲ਼ 40 ਮੁਲਾਜ਼ਮ, ਛੇ ਦਫ਼ਤਰ, ਭੁਗਤਾਨ ਕਰਨ ਵਾਲ਼ੇ 38 ਗਾਹਕ ਸਨ ਅਤੇ ਉਹ ਸਾਰੇ ਗਾਹਕ ਕੇਵਲ ਲੋਕ-ਸੰਪਰਕ ਭਾਵ ਪੀ.ਆਰ. ਨਾਲ਼ ਸਬੰਧਤ ਕੰਮ ਵਾਲ਼ੇ ਹੀ ਸਨ। ਜਿਸ ਦਾ ਮਤਲਬ ਸੀ ਕਿ ਅਸੀਂ ਹੁਣ ਆਪਣੀ ਫ਼ਰਮ ਨੂੰ ਬੰਬ ਲਾ ਕੇ ਉਡਾਉਣ ਵਾਲੇ ਸਾਂ।'' ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਅੱਗੇ ਕਿੰਨੇ 'ਪੰਗਿਆਂ' ਵਿੱਚ ਫਸ ਜਾਣਗੇ। 'ਅਸੀਂ ਸੋਚਿਆ ਕਿ ਸਾਨੂੰ ਅੱਗੇ ਰਾਹ ਦਿਸੇਗਾ।' ਪਰ ਸਗੋਂ ਉਸ ਰਾਹ 'ਤੇ ਤਾਂ ਅੱਗੇ ਜਿਵੇਂ ਬਾਰੂਦੀ ਸੁਰੰਗਾਂ ਵਿਛੀਆਂ ਹੋਈਆਂ ਸਨ।

ਖ਼ੁਸ਼ੀ ਦੀ ਨਵੀਂ ਰੂਪ-ਰੇਖਾ

ਇਸ ਜੋੜੀ ਲਈ ਭਾਵਨਾਤਮਕ ਤੌਰ ਉੱਤੇ ਉਹ ਬਹੁਤ ਅੋਖਾ ਸਮਾਂ ਸੀ। AVIS ਬਹੁਤ ਨਿਰਾਸ਼ ਸਨ ਤੇ ਉਨ੍ਹਾਂ ਨੂੰ ਇੰਝ ਜਾਪਣ ਲੱਗ ਪਿਆ ਸੀ ਜਿਵੇਂ ਉਨ੍ਹਾਂ ਕੋਈ ਪਾਪ ਕਰ ਦਿੱਤਾ ਹੋਵੇ। ਉਹ ਇਹੋ ਸੋਚ-ਸੋਚ ਕੇ ਜਿਵੇਂ ਖ਼ਤਮ ਹੁੰਦੇ ਜਾ ਰਹੇ ਸਨ ਕਿ ਉਹ ਆਪਣੇ ਪਰਿਵਾਰ ਨੂੰ ਇੱਕ ਵੱਡੇ ਤੂਫ਼ਾਨ ਵੱਲ ਧੱਕ ਰਹੇ ਸਨ। ਜਦੋਂ ਉਨ੍ਹਾਂ ਆਪਣੀ ਕੰਪਨੀ ਨੂੰ ਬੰਦ ਕੀਤਾ, ਤਾਂ ਉਨ੍ਹਾਂ ਆਪਣੇ ਦੋ ਦਫ਼ਤਰ ਜ਼ਰੂਰ ਰੱਖੇ, ਇੱਕ ਬੈਂਗਲੁਰੂ ਅਤੇ ਦੂਜਾ ਚੇਨਈ ਵਾਲ਼ਾ। ਫਿਰ ਉਨ੍ਹਾਂ ਕੁੱਝ ਨਵੇਂ ਟੀਮ ਮੈਂਬਰ ਭਰਤੀ ਕੀਤੇ ਕਿਉਂਕਿ ਪੁਰਾਣੀ ਟੀਮ ਤਾਂ ਸਾਰੀ ਗੁੱਸੇ ਹੋ ਕੇ ਜਾ ਚੁੱਕੀ ਸੀ ਕਿਉਂਕਿ ਉਨ੍ਹਾਂ ਦੇ ਪ੍ਰਾੱਵੀਡੈਂਟ ਫ਼ੰਡ ਜਾਂ ਬੋਨਸ ਜੋ ਰੁਕ ਲਏ ਗਏ ਸਨ। AVIS ਆਪਣੀਆਂ ਖ਼ੁਦ ਦੀਆਂ ਗ਼ਲਤੀਆਂ ਉੱਤੇ ਰੋਹ ਪ੍ਰਗਟਾਉਂਦਿਆਂ ਦਸਦੇ ਹਨ,'ਅਸੀਂ ਤਦ ਵੀ ਰਕਮ ਉਧਾਰ ਲੈ ਰਹੇ ਸਾਂ।' ਇਹ ਰਕਮਾਂ ਉਹ ਆਪਣੀ ਨਿਜੀ ਸਮਰੱਥਾ ਦੇ ਆਧਾਰ 'ਤੇ ਲੈ ਰਹੇ ਸਨ ਕਿਉਂਕਿ ਬੈਂਕਾਂ ਨੇ ਤਾਂ ਉਨ੍ਹਾਂ ਨੂੰ ਕੋਈ ਵੀ ਕਾਰਪੋਰੇਟ ਕਰਜ਼ਾ ਦੇਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ।

AVIS ਕੁੱਝ ਪਛਤਾਵੇ ਦੇ ਸੁਰ ਵਿੱਚ ਦਸਦੇ ਹਨ,'ਉੱਦਮੀਆਂ ਲਈ ਇਹ ਮੁਲੰਕਣ ਕਰਨਾ ਬਹੁਤ ਮਹੱਤਵਪੂਰਣ ਹੈ ਕਿ ਉਹ ਰਕਮਾਂ ਕਿੱਥੋਂ ਉਧਾਰ ਲੈ ਰਹੇ ਹਨ। ਸਾਨੂੰ ਤਾਂ ਰਾਹ ਵਿਖਾਉਣ ਵਾਲ਼ਾ ਵੀ ਕੋਈ ਨਹੀਂ ਸੀ।' ਸਾਲ 2006 ਜਦੋਂ ਚੜ੍ਹਿਆ, ਤਾਂ ਉਨ੍ਹਾਂ ਦੀ ਆਮਦਨ ਸਿਫ਼ਰ ਸੀ। ''ਕੂਰਗ 'ਚ ਅਸੀਂ ਜੋ ਗੱਲਬਾਤ ਕੀਤੀ ਸੀ, ਉਸ ਦਾ ਸਿੱਟਾ ਇਹੋ ਨਿੱਕਲ਼ ਰਿਹਾ ਸੀ ਕਿ ਮੈਂ ਆਪਣੇ ਪੁਰਾਣੇ ਦਫ਼ਤਰ 'ਚ ਵਾਪਸ ਨਹੀਂ ਜਾਣਾ ਚਾਹੁੰਦਾ ਸਾਂ। ਇਸੇ ਲਈ ਅਸੀਂ ਸੋਚਿਆ ਕਿ ਜੇ ਅਸੀਂ ਆਪਣੀ ਖੁਸ਼ੀ ਦੇ ਰਾਜ ਵਿੱਚ ਫ਼ੈਸਲੇ ਲੈ ਸਕਦੇ ਹਾਂ, ਤਾਂ ਅਸੀਂ ਇਹੋ ਗੱਲ ਆਪਣੇ ਕਾਰਪੋਰੇਟ ਮੁਵੱਕਿਲਾਂ ਨਾਲ਼ ਕਿਉਂ ਸਾਂਝੀ ਨਹੀਂ ਕਰ ਸਕਦੇ।'' ਫਿਰ ਇੱਥੋਂ ਹੀ 'ਖ਼ੁਸ਼ੀ ਦੀ ਨੀਤੀ' ਦੀ ਧਾਰਨਾ ਸਾਹਮਣੇ ਆਈ।

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਦੀ ਇੱਕ ਫ਼ਰਮ ਵਜੋਂ ਦਰਸਾਉਣਾ ਸ਼ੁਰੂ ਕੀਤਾ। ਚੰਗੇ ਭਾਗਾਂ ਨਾਲ, ਉਨ੍ਹਾਂ ਨਾਲ਼ ਸ਼ੁਰੂ 'ਚ ਹੀ ਤਿੰਨ ਬਹੁ-ਰਾਸ਼ਟਰੀ ਮੁਵੱਕਿਲ ਜੁੜ ਗਏ ਤੇ ਉਨ੍ਹਾਂ ਤੋਂ ਵਧੀਆ ਫ਼ੀਸ ਮਿਲਣ ਲੱਗ ਪਈ। ਇੰਝ ਨਵੀਂ ਨੀਤੀ ਕੰਮ ਕਰਨ ਲੱਗ ਪਈ।

ਕਾਫ਼ਕਾ ਦੀਆਂ ਲਿਖਤਾਂ ਜਿਹੀ ਮੁਸੀਬਤ

ਤਦ ਇੱਕ ਸਨਕੀ ਜਿਹੀ ਘਟਨਾ ਵਾਪਰੀ। AVIS ਦਸਦੇ ਹਨ,''ਜਦੋਂ ਅਸੀਂ ਸਾਲ 2007 'ਚ ਦਾਖ਼ਲ ਹੋਏ, ਤਾਂ ਸਾਡੇ ਸਿਰ ਮੋਟੀਆਂ ਰਕਮਾਂ ਦਾ ਕਰਜ਼ਾ ਸੀ। ਸਾਲ 2006 'ਚ ਅਸੀਂ ਜੋ ਵੀ ਕਮਾਇਆ ਸੀ ਤੇ ਉਸ ਨਾਲ਼ ਤਾਂ ਸਾਡੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ ਸੀ। ਮੁਲਾਜ਼ਮਾਂ ਦੀਆਂ ਬਕਾਇਆ ਰਕਮਾਂ ਦੇ ਭੁਗਤਾਨ ਤੇ ਹੋਰ ਵਿਧਾਨਕ ਬਕਾਇਆ ਖ਼ਰਚੇ ਤਾਂ ਬਹੁਤ ਦੂਰ ਦੀ ਗੱਲ ਸਨ।''

AVIS ਦਸਦੇ ਹਨ ਕਿ ਤਦ ਉਨ੍ਹਾਂ ਕੋਲ਼ ਬੈਂਕਾਂ ਦੀ ਥਾਂ ਹੋਰ ਸਰੋਤਾਂ ਤੋਂ ਧਨ ਲੈਣ ਤੋਂ ਬਿਨਾ ਹੋਰ ਕੋਈ ਰਾਹ ਵੀ ਨਹੀਂ ਬਚਿਆ ਸੀ। 'ਮੈਂ ਤਦ ਪਰਿਵਾਰ, ਜਾਣਕਾਰਾਂ ਤੇ ਗ਼ੈਰ-ਰਵਾਇਤੀ ਫ਼ਾਈਨਾਂਸਰਾਂ ਕੋਲ਼ ਗਿਆ।' ਸਾਲ 2007 ਦੇ ਸਾਰੇ 365 ਦਿਨਾਂ ਦੌਰਾਨ AVIS ਅਤੇ ਵਾਣੀ ਨੇ ਜਿਵੇਂ ਰਕਮਾਂ ਉਧਾਰ ਲੈਣਾ ਜਾਰੀ ਰੱਖਿਆ। ਉਨ੍ਹਾਂ ਇੱਧਰੋਂ ਰਕਮ ਉਧਾਰ ਲਈ ਤੇ ਉੱਧਰ ਉਸ ਰਾਹੀਂ ਕਿਸੇ ਦਾ ਕਰਜ਼ਾ ਅਦਾ ਕੀਤਾ। ਉਸੇ ਸਮੇਂ ਦੌਰਾਨ 185 ਸੰਭਾਵੀ ਗਾਹਕਾਂ ਨਾਲ਼ ਵੀ ਗੱਲ ਹੋਈ ਪਰ ਕਿਸੇ ਨੇ ਕੋਈ ਕੰਟਰੈਕਟ ਨਾ ਕੀਤਾ। ''31 ਦਸੰਬਰ, 2007 ਨੂੰ ਸਾਨੂੰ ਬਹੁਤ ਭਾਵਨਾਤਮਕ ਝਟਕੇ ਦਾ ਅਹਿਸਾਸ ਹੋਇਆ, ਜਦੋਂ ਸਾਡੇ ਦੋਸਤ ਵਕੀਲ ਨੇ ਸਾਨੂੰ ਦੱਸਿਆ ਕਿ ਅਸੀਂ ਹੁਣ ਦੀਵਾਲ਼ੀਆ ਹੋ ਗਏ ਸਾਂ। ਇਹ ਸਾਡੇ ਜੀਵਨ ਦਾ ਇੱਕ ਅਜਿਹਾ ਛਿਣ ਸੀ, ਕਿ ਜਿਸ ਉੱਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ।''

ਸਾਲ 2008 ਸ਼ੁਰੂ ਹੋ ਗਿਆ, ਤਦ ਇਸ ਜੋੜ ਕੋਲ ਕੇਵਲ 2,000 ਰੁਪਏ ਬਚੇ ਤੇ ਉਨ੍ਹਾਂ ਸਿਰ ਕਰਜ਼ਾ 5 ਕਰੋੜ ਰੁਪਏ ਦਾ ਸੀ। AVIS ਦਸਦੇ ਹਨ,''ਮੇਰੇ ਬੇਟੇ ਦੀ ਹਾਈ ਸਕੂਲ ਦੀ ਪੜ੍ਹਾਈ ਮੁਕੰਮਲ ਹੋ ਰਹੀ ਸੀ ਅਤੇ ਉਹ ਉਚੇਰੀ ਸਿੱਖਿਆ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਮੇਰੀ ਧੀ ਦੀ ਉਮਰ ਤਦ 13 ਵਰ੍ਹੇ ਸੀ ਅਤੇ ਮੈਂ ਉਸ ਦੀਆਂ ਇੱਛਾਵਾਂ ਦੀ ਪੂਰਤੀ ਵੀ ਨਹੀਂ ਕਰ ਸਕਦਾ ਸਾਂ। ਮੈਨੂੰ ਤਦ ਸਮਝ ਨਹੀਂ ਸੀ ਆ ਰਹੀ ਕਿ ਮੈਂ ਸ਼ੁਰੂਆਤ ਕਿੱਥੋਂ ਕਰਾਂ?''

ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਮੁਸੀਬਤ ਕਦੇ ਵੀ ਇਕੱਲੀ ਨਹੀਂ ਆਉਂਦੀ; ਉਹ ਆਪਣੇ ਨਾਲ਼ ਮੁਸੀਬਤਾਂ ਤੇ ਔਕੜਾਂ ਦੇ ਪਹਾੜ ਨਾਲ਼ ਲੈ ਕੇ ਆਉਂਦੀ ਹੈ। ਸਥਿਤੀ ਹੋਰ ਵੀ ਖ਼ਰਾਬ ਹੋ ਗਈ ਕਿਉਂਕਿ AVIS ਦਾ ਵਜ਼ਨ 20 ਕਿਲੋ ਵਾਧੂ ਵਧ ਗਿਆ ਸੀ ਤੇ ਉਨ੍ਹਾਂ ਨੂੰ ਤਮਾਕੂ ਦੀ ਲਤ ਵੀ ਲੱਗ ਗਈ ਸੀ। ਉਪਰੋਂ ਉਹ ਸ਼ੱਕਰ (ਸ਼ੂਗਰ ਜਾਂ ਡਾਇਬਟੀਜ਼) ਦੇ ਮਰੀਜ਼ ਹੋ ਗਏ ਸਨ। ''ਸਾਡੇ ਜਾਣਕਾਰ ਡਾਕਟਰ ਨੇ ਮੈਨੂੰ ਦੱਸਿਆ ਕਿ ਮੈਂ 40 ਸਾਲ ਤੋਂ ਵੱਧ ਦੀ ਉਮਰ ਸ਼ਾਇਦ ਹੀ ਵੇਖ ਸਕਾਂ।'' ਉਪਰੋਂ ਉਨ੍ਹਾਂ ਵਿਰੁੱਧ ਕਾਨੂੰਨੀ ਕੇਸ ਦਰਜ ਹੋ ਗਏ ਅਤੇ ਕੁੱਝ ਨੇ ਤਾਂ ਉਨ੍ਹਾਂ ਦੀ ਧੀ ਨੂੰ ਅਗ਼ਵਾ ਤੱਕ ਕਰਨ ਦੀਆਂ ਧਮਕੀਆਂ ਦੇ ਦਿੱਤੀਆਂ। ਉਨ੍ਹਾਂ ਦੀ ਮਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਇਹੋ ਸੋਚ ਲਿਆ ਕਿ ਸ਼ਾਇਦ ਉਹ ਤਾਂ ਧੋਖੇਬਾਜ਼ ਹੀ ਸਨ। AVIS ਦਸਦੇ ਹਨ,''ਉਦੋਂ ਮੈਂ ਜਦੋਂ ਬਾਥਰੂਮ ਵੀ ਜਾਂਦਾ ਸਾਂ, ਤਾਂ ਸ਼ੀਸ਼ੇ ਵਿੱਚ ਵੇਖ ਕੇ ਰੋਣ ਲੱਗ ਪੈਂਦਾ ਸਾਂ।'' ਉਹ ਜਿਵੇਂ ਭਾਵਨਾਤਮਕ ਖੂਹ ਵਿੱਚ ਲੱਥਦੇ ਜਾ ਰਹੇ ਸਨ।

ਤਦ ਉਹ ਆਪਣੇ ਪਰਿਵਾਰ ਨੂੰ ਇਸ ਸੰਕਟ ਵਿਚੋਂ ਕੱਢਣ ਲਈ ਕੁੱਝ ਵੀ ਕਰਨ ਲਈ ਤਿਆਰ ਸਨ। ਉਹ ਜੋਤਸ਼ੀਆਂ ਕੋਲ਼ ਵੀ ਗਏ। ਉਨ੍ਹਾਂ ਨੇ ਕਿਸਮਤ ਖੁੱਲ੍ਹਣ ਦੀ ਆਸ ਵਿੱਚ ਕਈ ਤਰ੍ਹਾਂ ਦੀਆਂ ਮੁੰਦਰੀਆਂ/ਅੰਗੂਠੀਆਂ ਵੀ ਪਹਿਨ ਕੇ ਵੇਖੀਆਂ। 'ਲੋਕਾਂ ਨੇ ਮੈਨੂੰ ਰੀਅਲ ਐਸਟੇਟ ਦਾ ਕਾਰੋਬਾਰ ਕਰਨ ਦੀ ਸਲਾਹ ਦਿੱਤੀ ਤੇ ਕਿਸੇ ਨੇ ਮੈਨੂੰ ਕੋਈ ਨੌਕਰੀ ਲੱਭਣ ਲਈ ਆਖਿਆ। ਯਕੀਨ ਮੰਨਿਓ ਕਿ ਮੈਂ ਤਦ ਸਭ ਕੁੱਝ ਅਜ਼ਮਾ ਕੇ ਵੇਖਿਆ। ਮੈਂ ਇੱਕ ਸਾਲ ਨੌਕਰੀ ਵੀ ਕੀਤੀ। ਪਰ ਜਦੋਂ ਤੁਹਾਡੇ ਵਿਰੁੱਧ ਕਈ ਅਦਾਲਤੀ ਕੇਸ ਦਾਇਰ ਹੋਏ ਹੋਣ, ਤਾਂ ਉਨ੍ਹਾਂ ਨਾਲ਼ ਨਿਪਟਣਾ ਹੀ ਆਪਣੇ ਆਪ ਵਿੱਚ ਇੱਕ ਵੱਡਾ ਕੰਮ ਹੁੰਦਾ ਹੈ।' ਉਦੋਂ ਹੀ ਸ੍ਰੀਮਤੀ ਵਾਣੀ ਨੂੰ ਆਪਣੇ ਪਿਤਾ ਦੀ ਦੇਖਭਾਲ਼ ਵੀ ਕਰਨੀ ਪੈ ਰਹੀ ਸੀ ਕਿਉਂਕਿ ਉਹ ਕੈਂਸਰ ਤੋਂ ਪੀੜਤ ਹੋ ਗਏ ਸਨ। AVIS ਨੇ ਅੱਗੇ ਦੱਸਿਆ,''ਜਦੋਂ ਤੁਹਾਡੇ ਦੁੱਖ ਬਹੁਤ ਜ਼ਿਆਦਾ ਵਧ ਜਾਂਦੇ ਹਨ, ਤਦ ਤੁਸੀਂ ਇੱਕ ਪੜਾਅ 'ਤੇ ਆ ਕੇ ਆਪਣੇ ਸਵੈ ਨੂੰ ਵੀ ਚੁੱਪ ਕਰਵਾਉਣ ਲਗਦੇ ਹੋ। ਮੈਨੂੰ ਸਵਾਮੀ ਵਿਵੇਕਾਨੰਦ ਦਾ ਇਹ ਕਥਨ ਬਹੁਤ ਤਾਕਤਵਰ ਲੱਗਾ ਜੋ ਕੁੱਝ ਇਉਂ ਸੀ: 'ਕੋਈ ਵਿਅਕਤੀ ਨੀਂਦਰ ਵਿੱਚ ਜਾਂ ਕਿਸੇ ਗੁਫ਼ਾ ਵਿੱਚ ਸ਼ਾਂਤ ਹੋ ਸਕਦਾ ਹੈ ਪਰ ਜੇ ਤੁਸੀਂ ਸ਼ੋਰ-ਸ਼ਰਾਬੇ ਜਾਂ ਭੰਬਲ਼ਭੂਸੇ ਵਿੱਚ ਵੀ ਸ਼ਾਂਤ ਰਹਿ ਸਕਦੇ ਹੋ, ਤਦ ਉਸ ਦਾ ਮਤਲਬ ਹੈ ਕਿ ਤੁਸੀਂ ਆਪਣਾ ਕੇਂਦਰ ਲੱਭ ਲਿਆ ਹੈ।' ਮੈਂ ਉੱਥੇ ਪੁੱਜਣਾ ਚਾਹੁੰਦਾ ਸਾਂ।''

ਸਵਾਮੀ ਵਿਵੇਕਾਨੰਦ ਦੇ ਇਸ ਕਥਨ ਤੋਂ ਪ੍ਰੇਰਣਾ ਲੈ ਕੇ AVIS ਨੇ ਆਪਣੇ ਜੀਵਨ ਨੂੰ ਸੰਭਾਲਣਾ ਸ਼ੁਰੂ ਕੀਤਾ। ਪਹਿਲਾਂ ਉਨ੍ਹਾਂ ਤਮਾਕੂ ਨੂੰ ਤਿਆਗਿਆ, ਛੇ ਮਹੀਨਿਆਂ 'ਚ ਆਪਣਾ 20 ਕਿਲੋਗ੍ਰਾਮ ਵਜ਼ਨ ਘਟਾਇਆ ਅਤੇ ਫਿਰ ਉਨ੍ਹਾਂ ਦੀ ਸ਼ੂਗਰ ਦੇ ਪੱਧਰ ਵੀ ਕਾਬੂ ਹੇਠ ਆਉਣ ਲੱਗੇ। ''ਜਦੋਂ ਸਰੀਰ ਕੰਮ ਕਰਨਾ ਸ਼ੁਰੂ ਕਰੇ ਅਤੇ ਮਨ ਉਸ ਦਾ ਚਾਲਕ ਬਣ ਜਾਵੇ, ਤਦ ਇੱਕ ਨਵੀਂ ਸਪੱਸ਼ਟਤਾ ਉਘੜਨ ਲਗਦੀ ਹੈ। ਅਸੀਂ ਸਭ ਕੁੱਝ ਗੁਆ ਚੁੱਕੇ ਸਾਂ। ਸਾਡੇ ਚਾਰਾਂ ਨਾਲ਼ ਜੋ ਕੁੱਝ ਵੀ ਵਾਪਰ ਰਿਹਾ ਸੀ, ਉਸ ਤੋਂ ਇਲਾਵਾ ਸਾਡੇ ਕੋਲ਼ ਗੁਆਉਣ ਲਈ ਹੋਰ ਕੁੱਝ ਵੀ ਨਹੀਂ ਸੀ। ਮੈਂ ਵਾਣੀ ਨੂੰ ਕਿਹਾ ਕਿ ਆਪਾਂ ਸਾਰੇ ਆਪਣੇ-ਆਪ ਬਾਰੇ ਤੇ ਆਪਣੀ ਅੰਦਰੂਨੀ ਖ਼ੁਸ਼ੀ ਦੇ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਕਰਾਂਗੇ।''

ਇੱਕ ਬਲੂਟੁੱਥ ਵਾਂਗ ਲਚਕੀਲਾਪਣ

ਸਾਲ 2008 ਤੋਂ ਲੈ ਕੇ 2012 ਤੱਕ, ਛੋਟੇ ਪ੍ਰਾਜੈਕਟਾਂ ਨਾਲ਼ ਕੰਮ ਚਲਦਾ ਰਿਹਾ। 'ਸਾਲ 2014 'ਚ, ਅਸੀਂ 2007 ਵਰਗਾ ਹੀ ਸੰਘਰਸ਼ ਕਰ ਰਹੇ ਸਾਂ, ਪਰ ਅਸੀਂ ਮਹਿਸੂਸ ਕੀਤਾ ਕਿ ਅਸੀਂ ਹੁਣ ਪੀੜਤ ਨਹੀਂ ਸਾਂ। ਅਸੀਂ ਬਿਹਤਰ ਤਰੀਕੇ ਨਾਲ਼ ਹਾਲਾਤ ਦਾ ਸਾਹਮਣਾ ਕਰਨਾ ਸਿੱਖ ਲਿਆ ਸੀ।'

ਪਰ ਕਾਰੋਬਾਰ ਹਾਲੇ ਵੀ ਰਿੜ੍ਹਨ ਨਹੀਂ ਲੱਗਾ ਸੀ; ਤਦ ਉਨ੍ਹਾਂ ਫ਼ੈਸਲਾ ਕੀਤਾ ਕਿ ਇਸ ਰੂਪ-ਰੇਖਾ ਨੂੰ ਥੋੜ੍ਹਾ ਬਦਲਿਆ ਜਾਵੇ। ਇਸੇ ਲਈ ਉਨ੍ਹਾਂ ਸਫ਼ਲਤਾ ਦੀ ਇੱਛਾ ਰੱਖਣ ਦੀ ਥਾਂ 'ਲਾਭਦਾਇਕ' ਜਾਂ 'ਲਾਹੇਵੰਦ' ਹੋਣ ਦਾ ਫ਼ੈਸਲਾ ਕੀਤਾ। ਹੌਲੀ-ਹੌਲੀ, ਕਿਤਾਬ ਪ੍ਰਕਾਸ਼ਿਤ ਹੋ ਗਈ। ਉਨ੍ਹਾਂ ਦੇ ਜਾਣਕਾਰ ਵਕੀਲ ਨੇ ਕਈ ਵੱਖੋ-ਵੱਖਰੇ ਸਮਾਰੋਹਾਂ ਵਿੱਚ ਭਾਸ਼ਣ ਦੇਣ ਲਈ ਸੱਦਿਆ। AVIS ਦਸਦੇ ਹਨ,''ਅਸੀਂ ਉਨ੍ਹਾਂ ਸਮਾਰੋਹਾਂ ਵਿੱਚ ਆਪਣੀ ਕਹਾਣੀ ਬਿਆਨ ਕਰਦੇ ਸਾਂ ਤੇ ਉਨ੍ਹਾਂ ਹਾਲਾਤ ਦੌਰਾਨ ਅਸੀਂ ਕੀ ਸਿੱਖਿਆ, ਉਹ ਦਸਦੇ ਸਾਂ।''

ਫਿਰ ਉਨ੍ਹਾਂ ਨੇ ਖੁੱਲ੍ਹੀਆਂ ਜਨਤਕ ਵਰਕਸ਼ਾੱਪਸ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਲੋਕਾਂ ਨੂੰ ਦੱਸਣ ਲੱਗੇ ਕਿ ਉਹ 'ਆਪਣੇ-ਆਪ ਖ਼ੁਸ਼ੀ ਕਿਵੇਂ ਲੱਭ ਸਕਦੇ ਹਨ,' ਪਹਿਲਾਂ ਤਾਂ ਉਹ ਅਜਿਹੀਆਂ ਵਰਕਸ਼ਾੱਪਸ ਮੁਫ਼ਤ ਲਾਉਂਦੇ ਸਨ ਪਰ ਫਿਰ ਹੌਲ਼ੀ-ਹੌਲ਼ੀ ਉਨ੍ਹਾਂ ਨੇ ਧਨ ਵਸੂਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਲੜੀਵਾਰ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿੱਚ ਉਹ ਖ਼ੁਸ਼ ਰਹਿਣ ਦੇ ਤਰੀਕੇ ਦਸਦੇ ਸਨ। ਉਹ ਅਜਿਹੇ ਲੋਕਾਂ ਨੂੰ ਵੀ ਪੇਸ਼ ਕਰਦੇ ਸਨ, ਜਿਨ੍ਹਾਂ ਨੇ ਔਖੇ ਸਮਿਆਂ ਦਾ ਬਹਾਦਰੀ ਤੇ ਦ੍ਰਿੜ੍ਹਤਾ ਨਾਲ਼ ਸਾਹਮਣਾ ਕੀਤਾ ਸੀ ਅਤੇ ਖ਼ੁਸ਼ੀ ਦੀ ਭਾਲ਼ ਲਈ ਉਨ੍ਹਾਂ ਸੁੱਖ-ਸਹੂਲਤਾਂ ਨੂੰ ਤਿਆਗਿਆ ਸੀ।

AVIS ਦਸਦੇ ਹਨ ਕਿ ਫਿਰ ਕੁੱਝ ਚਮਤਕਾਰ ਵਾਪਰਿਆ,''ਅਸੀਂ ਅਜਿਹਾ ਕੰਮ ਕਰ ਰਹੇ ਸਾਂ, ਜਿਸ ਤੋਂ ਸਾਨੂੰ ਖ਼ੁਸ਼ੀ ਮਿਲਦੀ ਸੀ, ਤਦ ਸਾਡੇ ਘਰ ਖ਼ੁਸ਼ਹਾਲੀ ਵੀ ਪਰਤਣ ਲੱਗ ਪਈ ਸੀ।'' ਕੁੱਝ ਸੀਮਾਵਾਂ ਦੇ ਬਾਵਜੂਦ, ਉਹ ਆਪਣੇ ਪੁੱਤਰ ਦੇ ਵਿਦੇਸ਼ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨ ਦੇ ਫ਼ੈਸਲੇ ਦੇ ਰਾਹ ਵਿੰਚ ਨਾ ਆਏ। ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਸੀ ਕਿ ਉਸ ਦੀ ਫ਼ੀਸ ਦਾ ਇੰਤਜ਼ਾਮ ਕਿਵੇਂ ਹੋਵੇਗਾ। 'ਪਰ ਹਰ ਅਜਿਹੇ ਮੌਕੇ 'ਤੇ ਹਰ ਵਾਰ ਕੋਈ ਨਾ ਕੋਈ ਦੋਸਤ ਜਾਂ ਜਾਣਕਾਰੀ ਸਾਡੀ ਮਦਦ ਕਰ ਦਿੰਦਾ ਸੀ।' ਜਿਸ ਫ਼ਲੈਟ 'ਚ ਉਹ ਰਹਿ ਰਹੇ ਸਨ, ਉਹ ਸ੍ਰੀਮਤੀ ਵਾਣੀ ਦੀ ਜੁੜਵਾਂ ਭੈਣ ਦਾ ਸੀ ਤੇ ਉਨ੍ਹਾਂ ਨੇ ਉਨ੍ਹਾਂ ਨੂੰ ਉੱਥੇ ਮੁਫ਼ਤ ਰਹਿਣ ਦਿੱਤਾ ਸੀ। AVIS ਦਸਦੇ ਹਨ,''ਮੇਰਾ ਭਰਾ ਅਕਸਰ ਮੈਥੋਂ ਪੁੱਛਦਾ ਸੀ ਕਿ ਅਜਿਹੇ ਚਮਤਕਾਰ ਕੇਵਲ ਤੇਰੇ ਨਾਲ਼ ਹੀ ਕਿਉਂ ਵਾਪਰਦੇ ਹਨ? ਮੈਨੂੰ ਖ਼ੁਦ ਨੂੰ ਵੀ ਪਤਾ ਨਹੀਂ ਸੀ ਪਰ ਅਸੀਂ ਅਜਿਹੀਆਂ ਸਥਿਤੀਆਂ ਵਿੱਚ ਹੀ ਅੱਗੇ ਵਧਣਾ ਸਿੱਖ ਗਏ ਸਾਂ।''

AVIS ਨੇ 179 ਜਣਿਆਂ ਦਾ ਕਰਜ਼ਾ ਦੇਣਾ ਸੀ, ਜਿਨ੍ਹਾਂ ਵਿਚੋਂ ਕੁੱਝ ਨੂੰ ਤਾਂ ਸ਼ੱਕ ਸੀ ਕਿ ਪਤਾ ਨਹੀਂ ਉਹ ਉਨ੍ਹਾਂ ਦੀਆਂ ਰਕਮਾਂ ਮੋੜਨਗੇ ਕਿ ਨਹੀਂ ਪਰ ਹੋਰਨਾਂ ਨੂੰ ਉਨ੍ਹਾਂ ਉੱਤੇ ਪੂਰਾ ਭਰੋਸਾ ਸੀ। 'ਅਸੀਂ ਆਪਣੇ ਸਿਰਾਂ ਉੱਤੇ ਕਰਜ਼ਾ ਲਟਕਣ ਦਿੱਤਾ ਪਰ ਸਾਨੂੰ ਆਸ ਸੀ ਕਿ ਅਸੀਂ ਇਹ ਇੱਕ ਦਿਨ ਜ਼ਰੂਰ ਮੋੜ ਦੇਵਾਂਗੇ।'

AVIS ਅਨੁਸਾਰ, ਨਾਕਾਮੀਆਂ ਤੋਂ ਉਨ੍ਹਾਂ ਬਹੁਤ ਕੁੱਝ ਸਿੱਖਿਆ ਹੈ। 'ਅਸੀਂ ਪਾਇਆ ਕਿ ਅਸੀਂ ਹਰ ਤਰ੍ਹਾਂ ਦੇ ਹਾਲਾਤ ਮੁਤਾਬਕ ਢਲ਼ ਸਕਦੇ ਹਾਂ। ਇਹ ਲਚਕਤਾ ਬਲੂਟੁੱਥ ਵਾਂਗ ਹੈ ਪਰ ਤੁਹਾਨੂੰ ਉਹ ਐਕਟੀਵੇਟ ਜ਼ਰੂਰ ਕਰਨੀ ਪੈਂਦੀ ਹੈ। ਦੂਜੀ ਸੀ ਵਸੀਲਿਆਂ ਦੀ ਭਰਪੂਰਤਾ। ਅਸੀਂ ਇਹ ਵੀ ਸਿੱਖਿਆ ਕਿ ਚਿੰਤਾਵਾਂ ਵਿੱਚ ਵੀ ਖ਼ੁਸ਼ ਕਿਵੇਂ ਰਿਹਾ ਜਾ ਸਕਦਾ ਹੈ। ਦਰਅਸਲ, ਦੂਜਾ ਸਭ ਤੋਂ ਵੱਡਾ ਸਬਕ ਇਹ ਸੀ ਕਿ ਅਸੀਂ ਸੱਚਾਈ ਨੂੰ ਪ੍ਰਵਾਨ ਕਰਨਾ ਸਿੱਖਿਆ ਸੀ। ਇਹੋ ਵੱਡੀ ਖ਼ੁਸ਼ੀ ਵੀ ਸੀ। ਸਾਡੇ ਕੋਲ਼ ਧਨ ਭਾਵੇਂ ਨਹੀਂ ਸੀ ਪਰ ਅਸੀਂ ਆਪਣੇ ਆਪ ਨੂੰ ਬਹੁਤ ਲਾਹੇਵੰਦ ਮੰਨ ਰਹੇ ਸਾਂ।'

ਭਾਵੇਂ ਇਹ ਗੱਲ ਵਾਰ-ਵਾਰ ਦੁਹਰਾਈ ਜਾ ਰਹੀ ਹੈ, ਪਰ ਸ੍ਰੀ AVIS ਅਤੇ ਸ੍ਰੀਮਤੀ ਵਾਣੀ ਦਾ ਸਭ ਤੋਂ ਵਧੀਆ ਸਬਕ ਇਹੋ ਸੀ ਕਿ ਮਾੜੇ ਸਮਿਆਂ ਦਾ ਸਾਹਮਣਾ ਆਪਸੀ ਪਿਆਰ ਨਾਲ਼ ਮਿਲ਼-ਜੁਲ਼ ਕੇ ਵਧੀਆ ਤਰੀਕੇ ਕੀਤਾ ਜਾ ਸਕਦਾ ਹੈ। ਫਿਰ ਇੱਕ ਅਮੂਰਤ ਧਾਰਨਾ ਸੀ ਪਰ ਪਿਆਰ ਦੀ ਮੌਜੂਦਗੀ ਨੂੰ ਪਰਖਣ ਦਾ ਇੱਕ ਤਰੀਕਾ ਇਹ ਵੀ ਹੈ ਕਿ ਇਸ ਨੂੰ ਗੈਸ ਵਾਲ਼ਾ ਪਦਾਰਥ ਜਾਣੋ - ਇਯ ਵਿੱਚ ਵੱਡਾ ਦਬਾਅ ਝੱਲਣ ਦੀ ਯੋਗਤਾ ਹੈ!

ਲੇਖਕ: ਦੀਪਤੀ ਨਾਇਰ

ਅਨੁਵਾਦ: ਮਹਿਤਾਬ-ਉਦ-ਦੀਨ