ਮੋਬਾਇਲ ਫ਼ੋਨਾਂ ਦੀ ਤਰ੍ਹਾਂ ਹੁਣ ਮੋਟਰਸਾਈਕਲਾਂ 'ਚ ਵੀ ਲੱਗੇ ਆਉਣਗੇ 'ਪੈਨਿਕ ਬਟਨ'

0

ਕੁੜੀਆਂ ਅਤੇ ਔਰਤਾਂ ਦੀ ਸੁਰਖਿਆ ਨੂੰ ਲੈ ਕੇ ਜਿਵੇਂ ਮੋਬਾਇਲ ਫ਼ੋਨ ‘ਚ ਇੱਕ ‘ਪੈਨਿਕ ਬਟਨ’ ਹੋਣਾ ਲਾਜ਼ਮੀ ਕੀਤੇ ਜਾਣ ਬਾਰੇ ਫ਼ੈਸਲਾ ਲਿਆ ਗਿਆ ਹੈ. ਉਸੇ ਤਰ੍ਹਾਂ ਸੜਕ ‘ਤੇ ਦੁਪਹਿਆ ਵਾਹਨ ਚਾਲਕਾਂ ਦੀ ਸੁਰਖਿਆ ਨੂੰ ਲੈ ਕੇ ਮੋਟਰਸਾਈਕਲਾਂ ‘ਚ ਵੀ ਛੇਤੀ ਹੀ ਪੈਨਿਕ ਬਟਨ ਵੇਖਣ ਨੂੰ ਮਿਲੇਗਾ. ਇਹ ਪੈਨਿਕ ਬਟਨ ਮੋਬਾਇਲ ਸਿਗਨਲ ਰਾਹੀਂ ਕੰਮ ਕਰਦਾ ਹੈ.

ਚੰਡੀਗੜ੍ਹ ਦੇ ਸੁਖਵਿੰਦਰ ਲਾਂਬਾ ਨੇ ਇਸ ਤਕਨੀਕ ਨੂੰ ਤਿਆਰ ਕੀਤਾ ਹੈ. ਇਹ ਤਕਨੀਕ ਦੋਪਹਿਆ ਵਾਹਨ ਚਲਾਉਣ ਵਾਲਿਆਂ ਦੀ ਸੁਰਖਿਆ ਨੂੰ ਧਿਆਨ ‘ਚ ਰਖਦਿਆਂ ਤਿਆਰ ਕੀਤੀ ਗਈ ਹੈ. ਲਾਂਬਾ ਦਾ ਸਟਾਰਟਅਪ ‘ਵੇਪਾਲਜ਼’ ਇਸ ਤਕਨੀਕ ਨੂੰ ਲਾਂਚ ਕਰ ਰਿਹਾ ਹੈ.

ਸੁਖਵਿੰਦਰ ਲਾਂਬਾ ਨੇ ਯੂਅਰਸਟੋਰੀ ਨਾਲ ਗੱਲ ਕਰਦਿਆਂ ਦੱਸਿਆ ਕੇ ਇਹ ਆਈਡਿਆ ਉਨ੍ਹਾਂ ਨੂੰ ਟੀਵੀ ‘ਤੇ ਆਉਂਦੀ ਕੁੜੀਆਂ ਲਈ ਖਾਸ ਤੌਰ ‘ਤੇ ਲਾਂਚ ਹੋਈ ਇੱਕ ਸਕੂਟੀ ਦੇ ਵਿਗਿਆਪਨ ਨੂੰ ਵੇਖ ਕੇ ਆਇਆ ਸੀ. ਉਸ ਵਿਗਿਆਪਨ ‘ਚ ਹੀਰੋਇਨ ਕੁੜੀਆਂ ਨੂੰ ਸੈਰ ਸਪਾਟੇ ਦੀ ਆਜ਼ਾਦੀ ਵੱਲ ਪ੍ਰੇਰਿਤ ਕਰਦੀ ਹੈ. ਉਸ ਨੂੰ ਵੇਖ ਕੇ ਵਿਚਾਰ ਆਇਆ ਕੇ ਜੇਕਰ ਕੁੜੀਆਂ ਆਪਣੇ ਦੋਪਹਿਆ ਵਾਹਨ ‘ਤੇ ਆਜ਼ਾਦੀ ਨਾਲ ਘੁਮਣਾ ਫਿਰਨਾ ਚਾਹੁੰਦੀਆਂ ਹਨ ਤਾਂ ਸੜਕ ‘ਤੇ ਉਨ੍ਹਾਂ ਦੀ ਸੁਰਖਿਆ ਦਾ ਵੀ ਕੋਈ ਉਪਾਅ ਹੋਣਾ ਚਾਹਿਦਾ ਹੈ ਤਾਂ ਜੋ ਕਿਸੇ ਔਖੇ ਸਮੇਂ ਉਨ੍ਹਾਂ ਦੇ ਪਰਿਵਾਰ ਨੂੰ ਸੂਚਨਾ ਪਹੁੰਚ ਸਕੇ.

ਲਾਂਬਾ ਨੇ ਦੱਸਿਆ ਕੇ ਇਹ ਤਕਨੀਕ ਮੋਬਾਇਲ ਫ਼ੋਨ ਦੀ ਤਰ੍ਹਾਂ ਜੀਪੀਐਸ ਦੀ ਲੋਕੇਸ਼ਨ ਨਾਲ ਕੰਮ ਕਰਦੀ ਹੈ. ਇਸ ਤਕਨੀਕ ‘ਚ ਦੋਪਹਿਆ ਵਾਹਨ ਦੀ ਸੀਟ ਜਾਂ ਕਿਸੇ ਹੋਰ ਥਾਂ ‘ਤੇ ਇੱਕ ਬਟਨ ਲਾਇਆ ਜਾਂਦਾ ਹੈ. ਸੜਕ ‘ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਵਾਹਨ ਖੋਹ ਲੈਣ ਜਾਂ ਦੁਰਘਟਨਾ ਹੋ ਜਾਣ ‘ਤੇ ਇਸ ਬਟਨ ਨੂੰ ਨੱਪਣ ਸਾਰ ਹੀ ਵਾਹਨ ਵਿੱਚ ਲੱਗਾ ਸਿਸਟਮ ਉਸ ਨਾਲ ਰਜਿਸਟਰ ਕੀਤੇ ਮੋਬਾਇਲ ਫ਼ੋਨਾਂ ‘ਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੰਦਾ ਹੈ. ਇਹ ਸਿਸਟਮ ਉਦੋਂ ਤਕ ਲੋਕੇਸ਼ਨ ਦਾ ਮੈਸੇਜ ਭੇਜਦਾ ਰਹਿੰਦਾ ਹੈ ਜਦੋਂ ਤਕ ਕੇ ਉਸ ਨਾਲ ਰਜਿਸਟਰ ਕੀਤਾ ਹੋਇਆ ਕੋਈ ਇੱਕ ਮੋਬਾਇਲ ਉਸ ਵਾਹਨ ਤਕ ਨਾ ਪਹੁੰਚ ਜਾਵੇ.

ਲਾਂਬਾ ਦਾ ਕਹਿਣਾ ਹੈ ਕੇ ਕਿਸੇ ਗੱਡੀ ਵਿੱਚ ਲੱਗੇ ਸਿਸਟਮ ਨਾਲ ਕਈ ਮੋਬਾਇਲ ਨੰਬਰ ਜੋੜੇ ਜਾ ਸਕਦੇ ਹਨ. ਪੈਨਿਕ ਬਟਨ ਨੱਪ ਦੇਣ ‘ਤੇ ਇਹ ਰਜਿਸਟਰ ਕੀਤੇ ਸਾਰੇ ਮੋਬਾਇਲ ਨੰਬਰਾਂ ‘ਤੇ ਮੈਸੇਜ ਅਤੇ ਲੋਕੇਸ਼ਨ ਭੇਜਦਾ ਰਹਿੰਦਾ ਹੈ.

ਲਾਂਬਾ ਨੇ ਦੱਸਿਆ ਕੇ ਇਸ ਤਕਨੀਕ ਨੂੰ ਆਮ ਜਨਤਾ ਦੀ ਭਲਾਈ ਅਤੇ ਸੁਰਖਿਆ ਲਈ ਇਸਤੇਮਾਲ ‘ਚ ਲਿਆਉਣ ਲਈ ਇੱਕ ਨਾਮੀ ਮੋਟਰਸਾਈਕਲ ਅਤੇ ਹੋਰ ਦੋਪਹਿਆ ਗੱਡੀਆਂ ਬਣਾਉਣ ਵਾਲੀ ਇੱਕ ਕੰਪਨੀ ਨਾਲ ਗੱਲ ਚੱਲ ਰਹੀ ਹੈ. ਜੇਕਰ ਇਹ ਗੱਲ ਸਿਰੇ ਚੜ ਗਈ ਤਾਂ ਛੇਤੀ ਹੀ ਨਵੀਆਂ ਆਉਣ ਵਾਲੀਆਂ ਦੋਪਹਿਆ ਗੱਡੀਆਂ ‘ਚ ਇਹ ਸਿਸਟਮ ਲੱਗ ਕੇ ਹੀ ਆਇਆ ਕਰੇਗਾ.

ਲੇਖਕ: ਰਵੀ ਸ਼ਰਮਾ