ਮੁੰਬਈ ਦਾ 'ਵੈਲਕਮ-ਕਿਓਰ' ਤਕਨੀਕੀ ਮੰਚ ਰਾਹੀਂ ਮੁਹੱਈਆ ਕਰਵਾਉਂਦਾ ਹੈ ਹੋਮੀਓਪੈਥੀ ਤੇ ਹੋਰ ਵੈਕਲਪਿਕ ਦਵਾਈਆਂ

0

ਕਿਸੇ ਵੀ ਤਰ੍ਹਾਂ ਦੀਆਂ ਛੂਤਾਂ ਅਤੇ ਰੋਗਾਂ ਲਈ ਅਨੇਕਾਂ ਘਰੇਲੂ ਨੁਸਖੇ, ਇਲਾਜ ਤੇ ਵੈਕਲਪਿਕ ਦਵਾਈਆਂ ਉਪਲਬਧ ਹਨ। ਪਰ ਅਜਿਹੀਆਂ ਦਵਾਈਆਂ ਨੂੰ ਲੈ ਕੇ ਬਹੁਤੇ ਲੋਕਾਂ ਦੇ ਮਨ ਵਿੱਚ ਕੁੱਝ ਖ਼ਦਸ਼ੇ ਬਣੇ ਰਹਿੰਦੇ ਹਨ ਕਿ ਪਤਾ ਨਹੀਂ ਇਹ ਨੁਸਖੇ ਤੇ ਦਵਾਈਆਂ ਸੱਚਮੁਚ ਕੰਮ ਵੀ ਕਰਦੇ ਹਨ ਜਾਂ ਨਹੀਂ। ਪਰ ਇਸ ਦੇ ਬਾਵਜੂਦ ਹੁਣ ਅਜਿਹੇ ਇਲਾਜ ਤੇ ਦਵਾਈਆਂ ਦੀ ਮੰਗ ਨਿੱਤ ਵਧਦੀ ਜਾ ਰਹੀ ਹੈ, ਜਿਨ੍ਹਾਂ ਦੇ ਮਾੜੇ ਪ੍ਰਭਾਵ (ਸਾਈਡ ਇਫ਼ੈਕਟਸ) ਘੱਟ ਤੋਂ ਘੱਟ ਹੋਣ; ਇਸੇ ਲਈ ਵੈਕਲਪਿਕ ਦਵਾਈਆਂ ਦੀ ਹਰਮਨਪਿਆਰਤਾ ਵੀ ਹੌਲੀ-ਹੌਲੀ ਵਧਦੀ ਜਾ ਰਹੀ ਹੈ।

ਇਸੇ ਲਈ, ਇਸ ਵੇਲੇ ਬਹੁਤ ਸਾਰੇ ਹੈਲਥਕੇਅਰ ਤੇ ਹੈਲਥ ਟੈਕ. ਪਲੇਟਫ਼ਾਰਮਜ਼ (ਮੰਚ) ਡਾਕਟਰਾਂ, ਮਰੀਜ਼ਾਂ ਅਤੇ ਡਾਇਓਗਨੌਸਟਿਕ ਕੇਂਦਰਾਂ ਨੂੰ ਇੱਕ ਥਾਂ ਉਤੇ ਇਕੱਠੇ ਕਰ ਰਹੇ ਹਨ। ਅਜਿਹੇ ਹਾਲਾਤ ਵਿੱਚ ਇੱਕ ਵੈਕਲਪਿਕ ਔਸ਼ਧੀ ਪੋਰਟਲ 'ਵੈਲਕਮ-ਕਿਓਰ' ਬਿਲਕੁਲ ਹੀ ਵੱਖਰੇ ਤਰੀਕੇ ਨਾਲ ਚਲਦੀ ਹੈ।

ਹੋਮਿਓਪੈਥਿਕ ਡਾਕਟਰ ਜਵਾਹਰ ਸ਼ਾਹ; ਜੋ ਪਿਛਲੇ 30 ਸਾਲਾਂ ਤੋਂ ਪ੍ਰੈਕਟਿਸ ਕਰ ਰਹੇ ਹਨ, ਪੁਨੀਤ ਸ਼ਾਹ ਤੇ ਨਿਧੀ ਦੇਸਾਈ ਨੇ ਪਾਇਆ ਕਿ ਹਜ਼ਾਰਾਂ ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈਆਂ ਤੇ ਇਲਾਜ ਤੋਂ ਲਾਭ ਪੁੱਜ ਰਿਹਾ ਹੈ ਪਰ ਇਸ ਦੇ ਬਾਵਜੂਦ ਇਹ ਸਭਨਾਂ ਲਈ ਆਸਾਨੀ ਨਾਲ ਉਪਲਬਧ ਨਹੀਂ।

ਉਨ੍ਹਾਂ ਵੇਖਿਆ ਕਿ ਬਹੁਤੀਆਂ ਸਿਹਤ-ਸੰਭਾਲ਼ (ਹੈਲਥ-ਕੇਅਰ) ਕੰਪਨੀਆਂ ਕੇਵਲ ਡਾਕਟਰ, ਫ਼ਾਰਮੇਸੀ ਤੇ ਮੈਡੀਕਲ ਰਿਕਾਰਡ ਲੱਭਣ ਜਿਹੇ ਇੱਕ-ਦੋ ਮਾਮਲਿਆਂ ਉਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰ ਰਹੀਆਂ ਸਨ ਤੇ ਕੁੱਝ ਕੰਪਨੀਆਂ ਆੱਨਲਾਈਨ ਮੈਡੀਕਲ ਸਲਾਹ-ਮਸ਼ਵਰਾ ਪ੍ਰਦਾਨ ਕਰ ਰਹੀਆਂ ਸਨ। ਇਨ੍ਹਾਂ ਤਿੰਨਾਂ ਨੇ ਮਹਿਸੂਸ ਕੀਤਾ ਕਿ ਹੋਮਿਓਪੈਥਿਕ ਦਵਾਈਆਂ ਅਤੇ ਡਾਕਟਰਾਂ ਨੂੰ ਸਾਰੇ ਖਪਤਕਾਰਾਂ ਤੱਕ ਪਹੁੰਚਯੋਗ ਬਣਾਉਣ ਦੀ ਜ਼ਰੂਰਤ ਹੈ।

ਮੰਚ ਦੀ ਉਸਾਰੀ ਤੇ ਉਸ ਦਾ ਕੰਮਕਾਜ

31 ਸਾਲਾ ਪੁਨੀਤ ਦਸਦੇ ਹਨ,''ਅਸੀਂ ਇੱਕ ਅਜਿਹਾ ਹੈਲਥ-ਕੇਅਰ ਤਕਨਾਲੋਜੀ ਮੰਚ ਦੀ ਉਸਾਰੀ ਕਰਨ ਦਾ ਫ਼ੈਸਲਾ ਕੀਤਾ; ਜਿੱਥੇ ਸੰਪੂਰਨ ਲੜੀ ਇੱਕੋ ਥਾਂ 'ਤੇ ਉਪਲਬਧ ਹੋਵੇ; ਜਿਵੇਂ ਇਸ ਮੰਚ ਉਤੇ ਆ ਕੇ ਵਰਤੋਂਕਾਰ ਭਾਵ ਯੂਜ਼ਰ ਨੂੰ ਡਾਕਟਰ ਵੀ ਲੱਭ ਪਵੇ, ਉਸ ਨੂੰ ਸਹੀ ਮੈਡੀਕਲ ਸਲਾਹ ਵੀ ਮਿਲੇ, ਖ਼ੁਰਾਕ ਤੇ ਪੌਸ਼ਟਿਕ ਭੋਜਨ ਦੀਆਂ ਯੋਜਨਾਵਾਂ ਮਿਲਣ, ਦਵਾਈਆਂ ਵੀ ਮਿਲਣ ਤੇ ਦੁਨੀਆ ਦੇ ਬਿਹਤਰੀਨ ਡਾਕਟਰਾਂ ਤੋਂ ਯਕੀਨੀ ਤੌਰ ਉਤੇ ਇਲਾਜ ਵੀ ਉਪਲਬਧ ਹੋ ਸਕੇ।''

ਇਹ ਮੰਚ ਮਰੀਜ਼ਾਂ ਨੂੰ ਸੰਚਾਰ ਦੇ ਅਨੇਕਾਂ ਆੱਨਲਾਈਨ ਸਾਧਨਾਂ ਜਿਵੇਂ ਕਿ ਲਾਈਵ ਚੈਟ, ਵਿਡੀਓ ਚੈਟ, ਟੈਲੀਫ਼ੋਨ ਅਤੇ ਈ-ਮੇਲ ਸੁਨੇਹਿਆਂ ਰਾਹੀਂ ਡਾਕਟਰ ਦੀ ਸਲਾਹ ਬੇਰੋਕ ਤੇ ਨਿਰੰਤਰ ਉਪਲਬਧ ਕਰਵਾਉਂਦਾ ਹੈ। ਇਹ ਮੰਚ ਉਨ੍ਹਾਂ ਨੂੰ ਆਪਣੇ ਇਲੈਕਟ੍ਰੌਨਿਕ ਰਿਕਾਰਡ ਬਿਲਕੁਲ ਸੁਰੱਖਿਅਤ ਰੱਖਣ ਵਿੱਚ ਵੀ ਮਦਦ ਕਰਦਾ ਹੈ, ਉਹ ਵੀ ਬਿਲਕੁਲ ਮੁਫ਼ਤ। ਇਹ ਮੰਚ ਮਰੀਜ਼ਾਂ ਨੂੰ ਆਪਣੇ ਪੋਰਟਲ/ਵੈਬਸਾਈਟ ਉਤੇ ਆਪਣੇ ਸਬੰਧਤ ਰਿਕਾਰਡ ਸੰਭਾਲ ਕੇ ਰੱਖਣ ਦੀ ਸੁਵਿਧਾ ਦਿੰਦਾ ਹੈ; ਜਿੱਥੋਂ ਉਹ ਕਿਸੇ ਵੀ ਵੇਲੇ ਆਪਣਾ ਰਿਕਾਰਡ ਚੈਕ ਕਰ ਸਕਦੇ ਹਨ ਤੇ ਇਹ ਸਭ ਬਹੁਤ ਕਾਰਜਕੁਸ਼ਲ ਤੇ ਸਰਲ ਹੈ।

ਮਰੀਜ਼ਾਂ ਲਈ ਇਹ ਮੰਚ ਕੰਮ ਕਿਵੇਂ ਕਰਦਾ ਹੈ:

* ਪਹਿਲੇ ਕਦਮ ਵਜੋਂ 'ਵੈਲਕਮ-ਕਿਓਰ' ਉਤੇ ਮਰੀਜ਼ ਨੂੰ ਆਪਣਾ ਨਾਂਅ ਤੇ ਹੋਰ ਸੰਖੇਪ ਜਾਣਕਾਰੀ ਬਿਲਕੁਲ ਮੁਫ਼ਤ ਰਜਿਸਟਰ ਕਰਨੀ ਹੁੰਦੀ ਹੈ। ਫਿਰ ਉਥੇ ਉਸ ਨੂੰ ਆਪਣੀ ਇੱਕ ਰਜਿਸਟਰੇਸ਼ਨ ਆਈ.ਡੀ. ਮਿਲਦੀ ਹੈ।

* ਫਿਰ ਦੂਜੇ ਕਦਮ ਵਿੱਚ ਮਰੀਜ਼ ਆਪਣੀ ਸਮੱਸਿਆ ਸਾਂਝੀ ਕਰਦਾ ਹੈ, ਜਿੱਥੇ ਉਨ੍ਹਾਂ ਨੂੰ ਆਪਣੀ ਸਥਿਤੀ ਬਾਰੇ ਮਾਹਿਰਾਂ ਦੀ ਸਹੀ ਰਾਇ ਤੇ ਵਿਚਾਰ ਜਾਣਨ ਦਾ ਮੌਕਾ ਮਿਲਦਾ ਹੈ। ਇਸ ਕਦਮ ਦੌਰਾਨ ਮਰੀਜ਼ ਡਾਕਟਰਾਂ ਨਾਲ ਚੈਟ, ਸਕਾਈਪ, ਟੈਲੀਫ਼ੋਨ ਤੇ ਈ-ਮੇਲ ਰਾਹੀਂ ਗੱਲਬਾਤ ਵੀ ਕਰ ਸਕਦਾ ਹੈ।

* ਤੀਜਾ ਕਦਮ ਹੈ ਕਿ ਮਰੀਜ਼ ਆਪਣੀ ਸਿਹਤ ਯੋਜਨਾ ਬਾਰੇ ਮਾਹਿਰ ਡਾਕਟਰਾਂ ਤੋਂ ਲੋੜੀਂਦੇ ਸੁਝਾਅ ਲੈ ਸਕਦਾ ਹੈ। ਉਹ ਸਸਤੀ ਕੀਮਤ ਉਤੇ ਹਰ ਤਰ੍ਹਾਂ ਦੀਆਂ ਸਿਹਤ ਯੋਜਨਾਵਾਂ ਦੀ ਚੋਣ ਕਰ ਸਕਦਾ ਹੈ। ਇਸ ਇਲਾਜ ਵਿੱਚ ਅਸੀਮਤ ਸਲਾਹ-ਮਸ਼ਵਰੇ, ਦਵਾਈਆਂ ਅਤੇ ਕੂਰੀਅਰਜ਼ ਸ਼ਾਮਲ ਹੁੰਦੇ ਹਨ।

* ਚੌਥੇ ਕਦਮ ਵਿੱਚ ਮਰੀਜ਼ ਆਪਣਾ ਵਿਸਤ੍ਰਿਤ ਕੇਸ-ਇਤਿਹਾਸ ਸਾਂਝਾ ਕਰਦਾ/ਕਰਦੀ ਹੈ ਤੇ ਉਸ ਮੁਤਾਬਕ ਉਹ ਆਪਣੇ ਮਾਹਿਰ ਦੀ ਚੋਣ ਵੀ ਕਰ ਸਕਦਾ/ਸਕਦੀ ਹੈ। ਮਾਹਿਰ ਬਹੁਤ ਵਿਸਥਾਰ ਨਾਲ ਉਸ ਕੇਸ ਦੀ ਸਮੀਖਿਆ ਕਰਦਾ ਹੈ ਤੇ ਉਸ ਤੋਂ ਬਾਅਦ ਢੁਕਵੀਂ ਦਵਾਈ ਉਸ ਨੂੰ ਦਸਦਾ ਹੈ।

* ਆਖ਼ਰੀ ਕਦਮ ਉਹ ਹੈ, ਜਿੱਥੇ ਮਰੀਜ਼ ਦੇ ਘਰ ਤੱਕ ਦਵਾਈਆਂ ਤੇ ਉਸ ਲਈ ਵਿਸ਼ੇਸ਼ ਖ਼ੁਰਾਕ ਪਹੁੰਚਾਈਆਂ ਜਾਂਦੀਆਂ ਹਨ। ਇਸ ਦੇ ਨਾਲ ਰੋਜ਼ਾਨਾ ਦੀ ਰਹਿਣੀ-ਬਹਿਣੀ ਬਾਾਰੇ ਵੀ ਯੋਗ ਸਲਾਹ ਮਰੀਜ਼ ਨੂੰ ਦਿੱਤੀ ਜਾਂਦੀ ਹੈ।

ਸਿਹਤ ਯੋਜਨਾ 'ਤੇ ਧਿਆਨ ਕੇਂਦ੍ਰਿਤ ਕਰਨਾ

ਸ੍ਰੀ ਪੁਨੀਤ ਦਸਦੇ ਹਨ,''ਸਾਡੇ ਮਰੀਜ਼ ਆਪਣੇ ਲਈ ਕੋਈ ਖ਼ਾਸ ਸਿਹਤ-ਸੰਭਾਲ ਯੋਜਨਾ ਦੀ ਚੋਣ ਕਰਦੇ ਹਨ, ਜਿਸ ਬਾਰੇ ਸੁਝਾਅ ਅਸੀਂ ਉਨ੍ਹਾਂ ਨੂੰ ਦਿੰਦੇ ਹਾਂ। ਇਹ ਇਲਾਜ ਇੱਕ ਖ਼ਾਸ ਸਮਾਂ-ਸੀਮਾ ਉਤੇ ਨਿਰਧਾਰਤ ਹੁੰਦੇ ਹਨ। ਉਸੇ ਹਿਸਾਬ ਨਾਲ ਉਨ੍ਹਾਂ ਦਾ ਇਲਾਜ ਹੁੰਦਾਾ ਹੈ। ਮਰੀਜ਼ ਜਦੋਂ ਇੱਕ ਵਾਰ ਆਪਣੀ ਸਿਹਤ ਯੋਜਨਾ ਦੀ ਚੋਣ ਕਰ ਲੈਂਦਾ ਹੈ, ਤਦ ਅਸੀਂ ਸਾਰੀ ਰਕਮ ਪੇਸ਼ਗੀ ਲੈ ਲੈਂਦੇ ਹਾਂ। ਭਾਰਤ 'ਚ ਅਸੀਂ ਮਰੀਜ਼ਾਂ ਤੋਂ 3 ਮਹੀਨਿਆਂ ਦੇ 3,500 ਰੁਪਏ, ਛੇ ਮਹੀਨਿਆਂ ਦੇ 6 ਹਜ਼ਾਰ ਰੁਪਏ, 9 ਮਹੀਨਿਆਂ ਦੇ 8,500 ਰੁਪਏ, ਇੱਕ ਸਾਲ ਲਈ 10,000 ਰੁਪਏ, 24 ਮਹੀਨਿਆਂ ਲਈ 16,000 ਰੁਪਏ ਵਸੂਲ ਕਰਦੇ ਹਾਂ।''

'ਵੈਲਕਮ-ਕਿਓਰ' ਮਰੀਜ਼ਾਂ ਤੋਂ ਸਾਰਾ ਖ਼ਰਚਾ ਪੇਸ਼ਗੀ ਲੈ ਲੈਂਦਾ ਹੈ। ਇਸ ਵੈਬਸਾਈਟ ਉਤੇ ਪੰਜ ਮਿਆਦਾਂ - ਤਿੰਨ ਮਹੀਨੇ, ਛੇ ਮਹੀਨੇ, 12 ਮਹੀਨੇ ਅਤੇ 24 ਮਹੀਨੇ - ਦੀਆਂ ਸਿਹਤ ਯੋਜਨਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚ ਸਭ ਕੁੱਝ ਸ਼ਾਮਲ ਹੁੰਦਾ ਹੈ। ਰਕਮਾਂ ਚਾਰ ਵੱਖੋ-ਵੱਖਰੀਆਂ ਕਰੰਸੀਆਂ ਰੁਪਏ, ਪੌਂਡ, ਯੂਰੋ ਤੇ ਅਮਰੀਕੀ ਡਾਲਰ ਵਿੱਚ ਵਸੂਲ ਕੀਤੀਆਂ ਜਾਂਦੀਆਂ ਹਨ।

ਡਾਕਟਰ ਇਹ ਆਮਦਨ ਸਾਂਝੀ ਕਰਦੇ ਹਨ। ਮੁੱਖ ਲਾਗਤਾਂ ਦਵਾਈਆਂ ਦੀਆਂ ਅਤੇ ਮਰੀਜ਼ਾਂ ਦੇ ਘਰਾਂ ਤੱਕ ਦਵਾਈਆਂ ਪਹੁੰਚਾਉਣ ਨਾਲ ਹੀ ਸਬੰਧਤ ਹੁੰਦੀਆਂ ਹਨ ਤੇ ਇਹ ਉਦੋਂ ਹੀ ਉਪਲਬਧ ਹੁੰਦੀਆਂ ਹਨ, ਜਦੋਂ ਮਰੀਜ਼ ਆਪਣੇ ਲਈ ਕੋਈ ਵਿਸ਼ੇਸ਼ ਸਿਹਤ ਯੋਜਨਾ ਚੁਣ ਲੈਂਦਾ ਹੈ।

ਇੱਕ ਵਿਚਾਰ ਜੋ ਸਮੇਂ ਨਾਲ ਪ੍ਰਫ਼ੁੱਲਤ ਹੁੰਦਾ ਗਿਆ

'ਵੈਲਕਮ-ਕਿਓਰ' ਦਾ ਵਿਕਾਸ ਸਮੇਂ ਨਾਲ ਹੋਇਆ ਹੈ। ਡਾ. ਜਵਾਹਰ ਸ਼ਾਹ ਦਰਅਸਲ ਸ੍ਰੀ ਪੁਨੀਤ ਦੇ ਸਹੁਰਾ ਤੇ ਪਰਿਵਾਰਕ ਡਾਕਟਰ ਹਨ। ਡਾ. ਜਵਾਹਰ ਨੇ ਇੱਕ ਸਾੱਫ਼ਟਵੇਅਰ ਉਤਪਾਦ 'ਹੋਮਪੈਥ' ਤਿਆਰ ਕੀਤਾ ਸੀ; ਜੋ ਹੋਮਿਓਪੈਥੀ ਡਾਕਟਰਾਂ ਲਈ ਆਪਣੇ ਡਾਟਾਬੇਸ ਨੂੰ ਸਹੀ ਤਰੀਕੇ ਤਿਆਰ ਕਰਨ ਤੇ ਉਸ ਨੂੰ ਵਰਤਣ ਲਈ ਬਣਾਇਆ ਗਿਆ ਸੀ।

ਸ੍ਰੀ ਪੁਨੀਤ ਪਹਿਲਾਂ ਹੋਮ ਸ਼ਾੱਪਿੰਗ ਉੱਦਮ 'ਟਰੇਡ ਬਾਜ਼ਾਰ' ਨਾਲ ਕੰਮ ਕਰ ਚੁੱਕੇ ਹਨ ਅਤੇ ਉਹ 'ਅਕਤੂਬਰ ਫ਼ਿਲਮਜ਼' ਦੇ ਪ੍ਰਬੰਧਕੀ ਭਾਈਵਾਲ ਵੀ ਹਨ। ਉਨ੍ਹਾਂ ਦੀ ਪਤਨੀ ਨਿਧੀ ਕੰਪਨੀ ਦੇ ਸੀ.ਓ.ਓ. ਹਨ। ਇੱਕ ਦਹਾਕੇ ਦੇ ਈ-ਕਾਰੋਬਾਰ ਤਜਰਬੇ ਤੋਂ ਬਾਅਦ ਸ੍ਰੀ ਪੁਨੀਤ ਨੇ ਮਹਿਸੂਸ ਕੀਤਾ ਕਿ ਬਹੁਤੇ ਗਾਹਕ ਬ੍ਰਾਂਡਜ਼ ਤੇ ਪੋਰਟਲਜ਼ ਉਤੇ ਭਰੋਸਾ ਕਰਦੇ ਹਨ। ਹੋਮ ਸ਼ਾੱਪਿੰਗ ਨੈਟਵਰਕਸ ਵੱਲ ਗਾਹਕਾਂ ਦਾ ਕੋਈ ਬਹੁਤਾ ਧਿਆਨ ਨਹੀਂ ਜਾਂਦਾ। ਇਸੇ ਲਈ ਸ੍ਰੀ ਪੁਨੀਤ ਨੇ 'ਵੈਲਕਮ-ਕਿਓਰ' ਉਤੇ ਕੰਮ ਕਰਨ ਦਾ ਫ਼ੈਸਲਾ ਕੀਤਾ।

''ਕਈ ਦਹਾਕੇ ਬੀਤ ਜਾਣ ਕਾਰਣ ਸਾਨੂੰ ਹੋਮਿਓਪੈਥੀ ਤੇ ਉਸ ਦੇ ਕੰਮ ਕਰਨ ਦੇ ਢੰਗ ਦੀ ਚੰਗੀ ਸਮਝ ਆ ਗਈ ਹੈ।'' 'ਹੋਮਪੈਥ' ਦੁਆਰਾ ਪਹਿਲਾਂ ਜਿਹੜੇ ਸਬੰਧ ਵਿਕਸਤ ਹੋਏ ਸਨ, ਉਨ੍ਹਾਂ ਨੂੰ ਧਿਆਨ 'ਚ ਰਖਦਿਆਂ ਉਨ੍ਹਾਂ ਨੇ ਡਾ. ਜਵਾਹਰ ਸ਼ਾਹ ਨਾਲ ਮਿਲ ਕੇ 'ਵੈਲਕਮ-ਕਿਓਰ' ਅਰੰਭ ਕਰਨ ਦਾ ਫ਼ੈਸਲਾ ਕੀਤਾ।

ਸ੍ਰੀ ਪੁਨੀਤ ਦਸਦੇ ਹਨ,''ਅਸੀਂ ਹੋਮਪੈਥ ਦੇ ਡਾਟਾਬੇਸ ਤੋਂ ਮਦਦ ਲਈ ਤੇ ਵਧੀਆ ਹੋਮਿਓਪੈਥੀ ਡਾਕਟਰਾਂ ਨੂੰ ਇਸ ਤਕਨਾਲੋਜੀ ਮੰਚ ਨਾਲ ਜੁੜਨ ਲਈ ਪ੍ਰੇਰਿਆ ਤੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਆਪਣੀ ਹੋਮਿਓਪੈਥੀ ਪ੍ਰੈਕਟਿਸ ਕਿਸੇ ਇੱਕ ਥਾਂ ਲਈ ਨਹੀਂ, ਸਗੋਂ ਦੁਨੀਆਂ 'ਚ ਦੂਰ-ਦੁਰਾਡੇ ਬੈਠੇ ਮਰੀਜ਼ਾਂ ਲਈ ਵੀ ਮੁਹੱਈਆ ਕਰਵਾ ਸਕਦੇ ਹਨ।''

ਆਪਣੇ ਤਜਰਬੇ ਦੇ ਆਧਾਰ 'ਤੇ ਫਿਰ ਡਾ. ਜਵਾਹਰ ਸ਼ਾਹ ਨੇ ਕੁੱਝ ਅਜਿਹੇ ਮਾਹਿਰ ਡਾਕਟਰਾਂ ਦੀ ਚੋਣ ਕੀਤੀ, ਜੋ ਉਨ੍ਹਾਂ ਦੇ ਪੋਰਟਲ ਨਾਲ ਜੁੜਨ ਦੇ ਸੱਚਮੁਚ ਯੋਗ ਸਨ। ਉਹ ਵੈਬਸਾਈਟ ਉਤੇ ਉਪਲਬਧ ਮੈਡੀਕਲ ਜਾਣਕਾਰੀ ਉਤੇ ਵੀ ਪੂਰੀ ਨਜ਼ਰ ਰਖਦੇ ਹਨ।

ਇਸ ਵੇਲੇ ਉਨ੍ਹਾਂ ਦੀ ਟੀਮ ਵਿੱਚ ਸੀ.ਟੀ.ਓ. ਅਲਫ਼ਰੈਡ ਡੀ'ਸੂਜ਼ਾ, ਸਹਾਇਤਾ ਤੇ ਲੌਜਿਸਟਕਸ ਮੁਖੀ ਰਾਜੇਸ਼ ਭਾਸਕਰਨ ਤੇ ਸੇਲਜ਼ ਤੇ ਗਾਹਕ ਸੇਵਾ ਜਨਰਲ ਮੈਨੇਜਰ ਜਸਮੀਨ ਡੀ'ਸਿਲਵਾ ਤੇ ਖ਼ੁਦ ਡਾ. ਸ਼ਾਹ, ਪੁਨੀਤ ਤੇ ਨਿਧੀ ਸ਼ਾਮਲ ਹਨ।

ਗਿਣਤੀ ਉਤੇ ਕੰਮ ਕਰਨਾ

ਟੀਮ ਕੋਲ ਆਪਣਾ ਡਾਟਾਬੇਸ ਤੇ ਪਿਛੋਕੜ ਪਹਿਲਾਂ ਤੋਂ ਹੀ ਹੈ ਸੀ ਅਤੇ ਸਮੁੱਚੇ ਵਿਸ਼ਵ ਦੇ ਮਰੀਜ਼ਾਂ ਨੂੰ ਡਾਕਟਰਾਂ ਨਾਲ ਜੋੜਨ ਲਈ ਤਕਨਾਲੋਜੀ ਸਿਰਜਣਾ ਕਾਫ਼ੀ ਲੰਮਾ ਤੇ ਚੁਣੌਤੀ ਭਰਿਆ ਕੰਮ ਸੀ; ਜਿਸ ਲਈ ਬਹੁਤ ਸਾਰੀਆਂ ਗੱਲਾਂ ਉਤੇ ਧਿਆਨ ਰੱਖਿਆ ਜਾਣਾ ਜ਼ਰੂਰੀ ਸੀ।

ਸ੍ਰੀ ਪੁਨੀਤ ਦਸਦੇ ਹਨ ਕਿ ਸਭ ਤੋਂ ਚੁਣੌਤੀ ਭਰਿਆ ਕੰਮ ਸੀ ਇੱਕ ਅਜਿਹਾ ਉਤਪਾਦ ਕਰਨਾ ਜੋ ਲੋੜੀਂਦੀਆਂ ਸੇਵਾਵਾਂ ਨਿਰੰਤਰ ਮੁਹੱਈਆ ਕਰਵਾ ਸਕਣ। ਇਸ ਪ੍ਰਕਿਰਿਆ ਵਿੱਚ ਦੋ ਸਾਲ ਲੱਗ ਗਏ ਅਤੇ ਹੁਣ ਪੋਰਟਲ ਵਿੱਚ ਬਹੁਤ ਵਿਸ਼ਾਲ ਡਾਟਾਬੇਸ ਇਕੱਠਾ ਹੋ ਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਦੁਨੀਆ ਵਿੱਚ ਹੋਰ ਕਿਤੇ ਵੀ ਹੋਮਿਓਪੈਥੀ ਦਾ ਇੰਨਾ ਵਿਸ਼ਾਲ ਡਾਟਾਬੇਸ ਉਪਲਬਧ ਨਹੀਂ ਹੈ।

ਪੋਰਟਲ 'ਵੈਲਕਮ-ਕਿਓਰ' ਨਵੰਬਰ 2014 'ਚ ਅਰੰਭ ਕੀਤਾ ਗਿਆ ਸੀ। ਪਹਿਲੇ ਸਾਲ ਤਾਂ ਟੀਮ ਨੇ ਜ਼ਿਆਦਾਤਰ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਆਪਸੀ ਤਾਲਮੇਲ ਵਧਾਉਣ ਤੇ ਨਵੇਂ ਗੱਠਜੋੜ ਕਰਨ ਉਤੇ ਵਧੇਰੇ ਧਿਆਨ ਕੇਂਦ੍ਰਿਤ ਕੀਤਾ ਕਿਉਂਕਿ ਕਾਰੋਬਾਰ ਨੂੰ ਵੱਡੇ ਪੱਧਰ ਤੱਕ ਫੈਲਾਉਣ ਲਈ ਇਹ ਸਭ ਕੁੱਝ ਜ਼ਰੂਰੀ ਸੀ।

ਇਸ ਸਮੇਂ ਦੌਰਾਨ, ਟੀਮ 4 ਹਜ਼ਾਰ ਮਰੀਜ਼ਾਂ ਨਾਲ ਨਿਪਟ ਚੁੱਕੀ ਹੈ। ਦਸੰਬਰ 2015 'ਚ ਉਨ੍ਹਾਂ ਪਹਿਲੀ ਵਾਰ ਆਪਣੇ ਕਾਰੋਬਾਰ ਦੀ ਇਸ਼ਤਿਹਾਰਬਾਜ਼ੀ ਤੇ ਉਸ ਦੇ ਪ੍ਰੋਤਸਾਹਨ ਲਈ ਕੰਮ ਕਰਨਾ ਸ਼ੁਰੂ ਕੀਤਾ।

ਸ੍ਰੀ ਪੁਨੀਤ ਦਸਦੇ ਹਨ,'ਪਿਛਲੇ ਕੇਵਲ ਦੋ ਕੁ ਹਫ਼ਤਿਆਂ ਦੌਰਾਨ ਹੀ ਸਾਡੇ ਨਾਲ 1,000 ਤੋਂ ਵੀ ਵੱਧ ਨਵੇਂ ਮਰੀਜ਼ ਜੁੜੇ ਹਨ; ਜਿਸ ਨਾਲ ਸਾਡੇ ਡਾਟਾ ਬੇਸ ਵਿੱਚ 5,000 ਤੋਂ ਵੱਧ ਮਰੀਜ਼ਾਂ ਦੇ ਵੇਰਵੇ ਦਰਜ ਹੋ ਗਏ ਹਨ। ਸਾਡਾ ਅਨੁਮਾਨ ਹੈ ਕਿ ਜਨਵਰੀ 2016 ਦੌਰਾਨ 10 ਹਜ਼ਾਰ ਹੋਰ ਮਰੀਜ਼ ਇਸ ਮੰਚ ਨਾਲ ਆ ਜੁੜਨਗੇ।' ਇਸ ਟੀਮ ਨੇ ਹਾਲੇ ਆਪਣੀ ਆਮਦਨ ਦੇ ਅੰਕੜੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ।

ਅਕਤੂਬਰ 2015 'ਚ ਕੰਪਨੀ ਨੇ ਪਹਿਲੇ ਗੇੜ ਵਿੱਚ 60 ਲੱਖ ਡਾਲਰ ਇਕੱਠੇ ਕੀਤੇ। ਇਸ ਟੀਮ ਦਾ ਨਿਸ਼ਾਨਾ ਇੱਕ ਸਾਲ ਵਿੱਚ ਇੱਕ ਲੱਖ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦੇਣਾ ਹੈ। ਉਹ ਇਹੋ ਚਾਹੁੰਦੇ ਹਨ ਕਿ ਲੋਕ ਇਸ ਆੱਨਲਾਈਨ ਰੂਟ ਰਾਹੀਂ ਹਰ ਪ੍ਰਕਾਰ ਦੀਆਂ ਕੁਦਰਤੀ ਦਵਾਈਆਂ ਮਰੀਜ਼ਾਂ ਨੂੰ ਉਪਲਬਧ ਕਰਵਾ ਸਕਣ।

ਵੈਕਲਪਿਕ ਔਸ਼ਧੀ ਸਥਾਨ

ਸਮਿਥਸੋਨੀਅਨ ਅਨੁਸਾਰ ਵੈਕਲਪਿਕ ਔਸ਼ਧੀ ਦਾ ਉਦਯੋਗ ਇਸ ਵੇਲੇ 34 ਅਰਬ ਡਾਲਰ ਦਾ ਬਾਜ਼ਾਰ ਹੈ। ਕੇਨ-ਰਿਸਰਚ ਅਨੁਸਾਰ ਸਾਲ 2008 ਤੋਂ ਲੈ ਕੇ 2013 ਤੱਕ ਇਸ ਬਾਜ਼ਾਰ ਦੀ ਸੀ.ਏ.ਜੀ.ਆਰ. 19.5 ਫ਼ੀ ਸਦੀ ਰਹੀ।

ਇਸ ਰਿਪੋਰਟ ਅਨੁਸਾਰ ਏਸ਼ੀਆ ਅਤੇ ਉੱਤਰੀ ਅਮਰੀਕਾ ਤੋਂ ਬਾਅਦ ਯੂਰੋਪ ਵਿੱਚ ਵੈਕਲਪਿਕ ਦਵਾਈਆਂ ਤੇ ਥੈਰਾਪੀਜ਼ ਦੀ ਬਹੁਤ ਜ਼ਿਆਦਾ ਮੰਗ ਹੈ। ਰਾਈਟ ਹੈਲਥ ਗਰੁੱਪ ਲਿਮਟਿਡ, ਸੈਂਡੋਜ਼ ਇੰਟਰਨੈਸ਼ਨਲ, ਬਾਇਓਕੋਨ ਲਿਮਟਿਡ, ਡਾ. ਰੈੱਡੀ'ਜ਼ ਲੈਬਾਰੇਟਰੀਜ਼ ਲਿਮਟਿਡ, ਆਰਿਆ ਵੈਦਿਆ ਫ਼ਾਰਮੇਸੀ, ਸਿਪਲਾ ਤੇ ਵੈਲੇਡਾ (ਯੂਕੇ) ਲਿਮਟਿਡ ਜਿਹੀਆਂ ਕੁੱਝ ਕੰਪਨੀਆਂ ਵੈਕਲਪਿਕ ਦਵਾਈਆਂ ਤੇ ਥੈਰਾਪੀਜ਼ ਲਈ ਕੰਮ ਕਰ ਰਹੀਆਂ ਹਨ।

ਇਸ ਖੇਤਰ ਦੀ ਇੱਕ ਪ੍ਰਮੁੱਖ ਚੁਣੌਤੀ ਇਹੋ ਹੈ ਕਿ ਇਹ ਵੈਕਲਪਿਕ ਦਵਾਈਆਂ ਤੇ ਥੈਰਾਪੀਜ਼ ਆਮ ਲੋਕਾਂ ਲਈ ਬਿਲਕੁਲ ਸੁਰੱਖਿਅਤ ਹੋਣ ਤੇ ਉਨ੍ਹਾਂ ਦੇ ਕਲੀਨਿਕਲ ਪਰੀਖਣ ਕਰ ਕੇ ਉਨ੍ਹਾਂ ਦਾ ਇੱਕ ਮਿਆਰ ਕਾਇਮ ਕੀਤਾ ਜਾਵੇ। ਹਾਲੇ ਕਾਫ਼ੀ ਟੈਸਟ ਕੀਤੇ ਜਾਣੇ ਬਾਕੀ ਹੈ; ਉਨ੍ਹਾਂ ਤੋਂ ਬਾਅਦ ਹੀ ਉਨ੍ਹਾਂ ਲੋਕਾਂ ਦੇ ਮੂੰਹ ਸਦਾ ਲਈ ਬੰਦ ਹੋ ਸਕਣਗੇ, ਜਿਹੜੇ ਇਨ੍ਹਾਂ ਦਵਾਈਆਂ, ਇਲਾਜ ਤੇ ਥੈਰਾਪੀਜ਼ ਦਾ ਵਿਰੋਧ ਕਰਦੇ ਹਨ।

ਲੇਖਕ: ਸਿੰਧੂ ਕਸ਼ਿਅਪ

ਅਨੁਵਾਦ: ਮਹਿਤਾਬ-ਉਦ-ਦੀਨ