ਤੇਜ਼ਾਬ-ਹਮਲੇ ਦੀ ਸ਼ਿਕਾਰ 15 ਸਾਲਾ ਡੌਲੀ ਹੁਣ ਜ਼ਿੰਦਗੀ ਨਾਲ ਜੂਝਣ ਲਈ ਪੂਰੀ ਤਰ੍ਹਾਂ ਤਿਆਰ

Monday February 29, 2016,

4 min Read

ਤੇਜ਼ਾਬ ਜਦੋਂ ਕਿਸੇ ਮਨੁੱਖ ਉੱਤੇ ਡਿਗਦਾ ਹੈ, ਤਾਂ ਉਹ ਉਸ ਸਾਰੀ ਥਾਂ ਦਾ ਮਾਸ ਸਾੜ ਕੇ ਰੱਖ ਦਿੰਦਾ ਹੈ, ਤੇਜ਼ਾਬ ਜੇ ਕਿਤੇ ਅੱਖ ਵਿੱਚ ਪੈ ਜਾਂਦਾ ਹੈ ਤਾਂ ਸਾਰੀ ਉਮਰ ਲਈ ਨੇਤਰਹੀਣ ਬਣਾ ਸਕਦਾ ਹੈ ਅਤੇ ਜਿਸ ਵੀ ਵਿਅਕਤੀ ਉੱਤੇ ਇਹ ਡਿਗਦਾ ਹੈ; ਉਸ ਨੂੰ ਸਦਾ ਲਈ ਬੇਪਛਾਣ ਬਣਾ ਕੇ ਰੱਖ ਦਿੰਦਾ ਹੈ। ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ ਹਰ ਸਾਲ ਲਗਭਗ 1,000 ਅਜਿਹੇ ਤੇਜ਼ਾਬ-ਹਮਲੇ ਹੁੰਦੇ ਹਨ; ਸ਼ਾਇਦ ਅਜਿਹੇ ਹਮਲਿਆਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋਵੇ। ਇਹ ਵੀ ਸੱਚਾਈ ਹੈ ਕਿ ਇਹ ਹਮਲੇ 99.9 ਫ਼ੀ ਸਦੀ ਹੁੰਦੇ ਵੀ ਕੁੜੀਆਂ ਅਤੇ ਔਰਤਾਂ ਉੱਤੇ ਹੀ ਹਨ। ਆਗਰਾ 'ਚ ਅਜਿਹੇ ਤੇਜ਼ਾਬ-ਹਮਲਿਆਂ ਵਿਚੋਂ ਬਚੀਆਂ ਕੁੱਝ ਮਜ਼ਬੂਤ ਔਰਤਾਂ ਦਾ ਸਮੂਹ ਹੁਣ ਇੱਕਜੁਟ ਹੋ ਰਿਹਾ ਹੈ। ਇਹ ਮਿਲ ਕੇ ਇੱਕ ਕੈਫ਼ੇ ਚਲਾਉਣ ਜਾ ਰਹੀਆਂ ਹਨ, ਜਿੱਥੇ ਉਹ ਆਪੋ-ਆਪਣੀ ਕਹਾਣੀ ਵੀ ਬਿਆਨ ਕਰਿਆ ਕਰਨਗੀਆਂ। ਉਨ੍ਹਾਂ ਵਿਚੋਂ ਹੀ ਇੱਕ ਹੈ 15 ਸਾਲਾ ਡੌਲੀ, ਜੋ ਕਿ ਆਗਰਾ ਦੇ 'ਸ਼ੀਰੋਜ਼ ਕੈਫ਼ੇ' 'ਚ ਵੈਟਰੇਸ ਹੈ। ਉਸ ਦੇ ਚਿਹਰੇ ਉੱਤੇ ਸਦਾ ਇੱਕ ਮੁਸਕਰਾਹਟ ਵੇਖੀ ਜਾ ਸਕਦੀ ਹੈ।

ਤਿੰਨ ਕੁ ਵਰ੍ਹੇ ਪਹਿਲਾਂ ਕਿਸੇ ਨੇ ਡੌਲੀ ਦੀ ਇਹ ਦਿਲ ਜਿੱਤ ਲੈਣ ਵਾਲੀ ਮੁਸਕਰਾਹਟ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੀ ਸੀ। ਹਮਲਾਵਰ ਭਾਵੇਂ ਆਪਣੇ ਮਨਸੂਬੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਿਆ ਪਰ ਡੌਲੀ ਦੇ ਸਾਰੇ ਹੀ ਚਿਹਰੇ ਉੱਤੇ ਇੱਕ 'ਪੱਕਾ' ਦਾਗ਼ ਛੱਡ ਗਿਆ। ਸਮੱਸਿਆ ਉਦੋਂ ਸ਼ੁਰੂ ਹੋਈ ਸੀ, ਜਦੋਂ ਮੁਹੱਲੇ ਦਾ ਹੀ ਡੌਲੀ ਤੋਂ ਦੁੱਗਣੀ ਉਮਰ ਦਾ ਇੱਕ ਵਿਅਕਤੀ ਉਸ ਦੇ ਪਿੱਛੇ ਪੈ ਗਿਆ ਸੀ। ਉਸ ਨੇ 12 ਸਾਲਾਂ ਦੀ ਸਕੂਲੀ ਕੁੜੀ ਡੌਲੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ, ਉਹ ਉਸ ਉੱਤੇ ਲਗਾਤਾਰ ਅਸ਼ਲੀਲ ਟਿੱਪਣੀਆਂ ਕਰਦਾ ਅਤੇ ਉਸ ਨੂੰ ਸੜਕਾਂ ਉੱਤੇ ਇਹੋ ਕਹਿੰਦਾ ਫਿਰਦਾ ਕਿ ਉਹ ਆ ਕੇ ਉਸ ਨਾਲ ਇੱਕ ਵਾਰ ਸੌਂ ਲਵੇ। ਇੱਕ ਦਿਨ ਉਹ ਅਚਾਨਕ ਡੌਲੀ ਦੇ ਘਰ ਵੜ ਗਿਆ, ਜਿੱਥੇ ਉਹ ਹੋਰ ਬੱਚਿਆਂ ਨਾਲ ਖੇਡ ਰਹੀ ਸੀ। ਡੌਲੀ ਨੇ ਬੀ.ਬੀ.ਸੀ. ਨਾਲ ਗੱਲਬਾਤ ਦੌਰਾਨ ਦੱਸਿਆ,''ਉਸ ਨੂੰ ਵੇਖ ਕੇ ਮੈਂ ਆਪਣੇ ਕਮਰੇ ਵੱਲ ਨੱਸੀ ਪਰ ਉਸ ਨੇ ਮੇਰੇ ਚਿਹਰੇ ਉੱਤੇ ਤੇਜ਼ਾਬ ਸੁੱਟ ਦਿੱਤਾ। ਮੇਰੇ ਸਾਰੇ ਚਿਹਰੇ ਉੱਤੇ ਜਿਵੇਂ ਬੁਰੀ ਤਰ੍ਹਾਂ ਸਾੜ ਪੈਣ ਲੱਗਾ। ਮੈਂ ਕਈ ਘੰਟੇ ਚੀਕਾਂ ਮਾਰਦੀ ਰਹੀ।''

ਡੌਲੀ ਦੇ ਪਰਿਵਾਰ ਨੇ ਤੁਰੰਤ ਉਸ ਦੇ ਚਿਹਰੇ ਉੱਤੇ ਪਾਣੀ ਸੁੱਟਿਆ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਡਾਕਟਰ ਦੀ ਸੂਝਬੂਝ ਸਦਕਾ ਉਸ ਦੀਆਂ ਅੱਖਾਂ ਬਚ ਗਈਆਂ ਕਿਉਂਕਿ ਉਨ੍ਹਾਂ ਨੂੰ ਤੁਰੰਤ ਧੋ ਦਿੱਤਾ ਗਿਆ ਸੀ। ਡੌਲੀ ਦਾ ਚਿਹਰਾ ਹੁਣ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਹੈ। ਉਸ ਨੂੰ ਹੁਣ ਸਾਹ ਲੈਣ ਵਿੱਚ ਵੀ ਔਖ ਆਉਂਦੀ ਹੈ ਕਿਉਂਕਿ ਉਸ ਦੀਆਂ ਨਾਸਾਂ ਦੇ ਹਿੱਸੇ ਵੀ ਨਸ਼ਟ ਹੋ ਗਏ ਸਨ। ਉਹ ਦਸਦੀ ਹੈ ਕਿ ਉਸ ਨੂੰ ਉਹ ਛਿਣ ਯਾਦ ਹੈ, ਜਦੋਂ ਹਸਪਤਾਲ ਤੋਂ ਪਰਤਣ ਪਿੱਛੋਂ ਉਸ ਨੇ ਪਹਿਲੀ ਵਾਰ ਸ਼ੀਸ਼ਾ ਤੱਕਿਆ ਸੀ। ਡੌਲੀ ਦਸਦੀ ਹੈ,'ਮੇਰੀ ਮਾਂ ਮੈਨੂੰ ਹਸਪਤਾਲ 'ਚ ਸਦਾ ਇਹੋ ਕਹਿੰਦੀ ਹੁੰਦੀ ਸੀ ਕਿ ਮੈਂ ਹਾਲੇ ਵੀ ਬਹੁਤ ਖ਼ੂਬਸੂਰਤ ਲਗਦੀ ਹਾਂ ਤੇ ਉਨ੍ਹਾਂ ਕਿਹਾ ਸੀ ਕਿ ਮੈਂ ਭਾਵੇਂ ਘਰ ਜਾ ਕੇ ਸ਼ੀਸ਼ਾ ਵੇਖ ਲਵਾਂ। ਫਿਰ ਮੇਰੀ ਛੋਟੀ ਭੈਣ ਨੇ ਅਚਾਨਕ ਮੇਰੇ ਸਾਹਮਣੇ ਸ਼ੀਸ਼ਾ ਕਰ ਦਿੱਤਾ ਤੇ ਮੈਂ ਉਸ ਵਿੱਚ ਆਪਣਾ ਚਿਹਰਾ ਵੇਖ ਕੇ ਬਹੁਤ ਉੱਚੀ-ਉੱਚੀ ਚੀਕਾਂ ਮਾਰਨ ਲੱਗ ਪਈ।'

ਫਿਰ ਅਗਲੇ ਇੱਕ ਸਾਲ ਤੱਕ ਤਾਂ ਡੌਲੀ ਨੇ ਆਪਣੀ ਮਾਂ ਵੱਲੋਂ ਕੋਮਲ ਅੰਦਾਜ਼ ਵਿੱਚ ਮਿਲਦੇ ਉਤਸ਼ਾਹ ਨੂੰ ਅੱਖੋਂ ਪ੍ਰੋਖੇ ਕਰੀ ਰੱਖਿਆ। ਉਸ ਨੂੰ ਸਦਾ ਘਰੋਂ ਬਾਹਰ ਨਿੱਕਲਣ ਲਈ ਪ੍ਰੇਰਿਤ ਕੀਤਾ ਜਾਂਦਾ। ਫਿਰ ਡੌਲੀ ਦਾ ਜੀਵਨ ਉਦੋਂ ਬਦਲ ਗਿਆ, ਜਦੋਂ ਉਸ ਦੇ ਪਰਿਵਾਰ ਨੇ 'ਸ਼ੀਰੋਜ਼' ਬਾਰੇ ਸੁਣਿਆ। ਉਥੇ ਉਹ ਤੇਜ਼ਾਬ-ਹਮਲੇ 'ਚੋਂ ਬਚੀ ਸੋਨੀਆ ਨਾਂਅ ਦੀ ਇੱਕ ਹੋਰ ਪੀੜਤ ਨੂੰ ਮਿਲੀ। ਡੌਲੀ ਨੇ ਦੱਸਿਆ,''ਉਸ ਨੇ ਮੈਨੂੰ ਕਿਹਾ ਕਿ ਮੈਨੂੰ ਆਪਣਾ ਚਿਹਰਾ ਢਕਣ ਦੀ ਲੋੜ ਨਹੀਂ ਹੈ ਕਿਉਂਕਿ ਮੈਂ ਕਿਹੜਾ ਕੋਈ ਗ਼ਲਤ ਕੰਮ ਕੀਤਾ ਹੈ ਜੋ ਲੋਕਾਂ ਤੋਂ ਆਪਣਾ ਚਿਹਰਾ ਲੁਕਾਂਦੀ ਫਿਰਾਂ। ਸਗੋਂ ਚਿਹਰਾ ਤਾਂ ਉਹ ਬੰਦਾ ਲੁਕਾਵੇ, ਜਿਸ ਨੇ ਇਹ ਤੇਜ਼ਾਬੀ ਹਮਲੇ ਜਿਹੇ ਜੁਰਮ ਨੂੰ ਅੰਜਾਮ ਦਿੱਤਾ ਸੀ।''

ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਡੌਲੀ ਉੱਤੇ ਹਮਲਾ ਕਰਨ ਵਾਲਾ ਵਿਅਕਤੀ ਹੁਣ ਜੇਲ੍ਹ ਵਿੱਚ ਹੈ। ਪਿੱਛੇ ਜਿਹੇ ਡੌਲੀ ਨੇ ਉਸ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਉਸ ਦੀ ਅੰਦਰੂਨੀ ਭਾਵਨਾ ਨੂੰ ਖ਼ਤਮ ਕਰਨ ਤੋਂ ਨਾਕਾਮ ਰਿਹਾ ਹੈ। ਉਸ ਨੇ ਲਿਖਿਆ ਸੀ,''ਤੂੰ ਮੇਰਾ ਚਿਹਰਾ ਸਾੜ ਦਿੱਤਾ, ਪਰ ਮੇਰੀ ਜਿਊਣ ਦੀ ਇੱਛਾ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਕਾਇਮ ਹੈ। ਤੂੰ ਉਸ ਇੱਛਾ ਉੱਤੇ ਤੇਜ਼ਾਬ ਨਹੀਂ ਸੁੱਟ ਸਕਦਾ।''

ਅਨੁਵਾਦ: ਮਹਿਤਾਬ-ਉਦ-ਦੀਨ