ਮਿਲੋ ਆਈ.ਏ.ਐਸ. ਟੌਪਰ ਰੁਕਮਣੀ ਰਿਆੜ ਨੂੰ, ਜੋ 6ਵੀਂ ਜਮਾਤ 'ਚੋਂ ਫ਼ੇਲ੍ਹ ਹੋ ਗਈ ਸੀ

0

ਉਹ ਵੀ ਸਮਾਂ ਸੀ, ਜਦੋਂ ਰੁਕਮਣੀ ਰਿਆੜ ਨੂੰ ਡਲਹੌਜ਼ੀ (ਹਿਮਾਚਲ ਪ੍ਰਦੇਸ਼) 'ਚ ਪ੍ਰਸਿੱਧ ਸੈਕਰਡ ਹਾਰਟ ਸਕੂਲ ਦੇ ਬੋਰਡਿੰਗ ਸਕੂਲ ਵਿੱਚ ਦਾਖ਼ਲ ਕੀਤਾ ਗਿਆ ਸੀ ਤੇ ਉਹ ਪਹਿਲਾਂ-ਪਹਿਲ ਉਥੋਂ ਦਾ ਦਬਾਅ ਨਹੀਂ ਝੱਲ ਸਕੀ ਸੀ। ਇਸੇ ਕਰ ਕੇ ਉਹ ਉਸ ਵਰ੍ਹੇ 6ਵੀਂ ਜਮਾਤ 'ਚੋਂ ਫ਼ੇਲ੍ਹ ਹੋ ਗਈ ਸੀ। ਉਸ ਤੋਂ ਬਾਅਦ ਤਾਂ ਜਿਵੇਂ ਉਸ ਉਤੇ ਪੜ੍ਹਾਈ ਦਾ ਇੱਕ ਜਨੂੰਨ ਸਵਾਰ ਹੋ ਗਿਆ ਸੀ; ਇਸੇ ਕਰ ਕੇ ਉਹ ਸਾਲ 2011 ਦੇ ਬੈਚ ਵਿੱਚ ਯੂ.ਪੀ.ਐਸ.ਸੀ. ਦੀ ਦੂਜੀ ਟੌਪਰ ਬਣੀ। ਉਸ ਨੇ ਸਿਵਲ ਸਰਵਿਸੇਜ਼ ਦੀ ਪ੍ਰੀਖਿਆ ਪਹਿਲੀ ਕੋਸ਼ਿਸ਼ ਵਿੱਚ ਹੀ ਵਿਲੱਖਣਤਾ ਨਾਲ ਪਾਸ ਕਰ ਲਈ ਸੀ।

ਚੰਡੀਗੜ੍ਹ ਦੀ ਜੰਮਪਲ਼ 29 ਸਾਲਾ ਰੁਕਮਣੀ ਰਿਆੜ ਨੇ ਮੁੰਬਈ ਦੇ ਟਾਟਾ ਇੰਸਟੀਚਿਊਟ ਆੱਫ਼ ਸੋਸ਼ਲ ਸਾਇੰਸਜ਼ ਤੋਂ 'ਸਮਾਜਕ ਉਦਮਤਾ' (ਸੋਸ਼ਲ ਐਂਟਰੀਪ੍ਰਿਯੋਰਸ਼ਿਪ) ਵਿੱਚ ਪੋਸਟ-ਗਰੈਜੂਏਸ਼ਨ ਕੀਤੀ ਹੈ, ਜਿੱਥੇ ਉਹ ਹਰ ਸਾਲ ਲਗਾਤਾਰ 'ਟੌਪ' ਕਰਦੀ ਰਹੀ ਭਾਵ ਅੱਵਲ ਆਉਂਦੀ ਰਹੀ। ਰੁਕਮਣੀ ਨੇ 'ਰੈਡਿਫ਼' ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਦੱਸਿਆ,''ਮੈਂ ਜਦ ਤੋਂ 6ਵੀਂ ਜਮਾਤ 'ਚੋਂ ਫ਼ੇਲ੍ਹ ਹੋਈ ਸੀ, ਮੇਰੇ ਮਨ ਅੰਦਰ ਫ਼ੇਲ੍ਹ ਹੋਣ ਦਾ ਇੱਕ ਡਰ ਜਿਹਾ ਬੈਠ ਗਿਆ ਸੀ। ਉਹ ਬਹੁਤ ਨਿਰਾਸ਼ਾਜਨਕ ਸਮਾਂ ਸੀ। ਪਰ ਉਸ ਘਟਨਾ ਤੋਂ ਬਾਅਦ, ਮੈਂ ਆਪਣੇ ਮਨ 'ਚ ਧਾਰ ਲਿਆ ਕਿ ਮੈਂ ਕਦੇ ਨਾ ਤਾਂ ਨਾਖ਼ੁਸ਼ੀ ਦਾ ਪ੍ਰਗਟਾਵਾ ਕਰਾਂਗੀ ਅਤੇ ਨਾ ਹੀ ਕਦੇ ਕੋਈ ਸ਼ਿਕਾਇਤ ਹੀ ਕਰਾਂਗੀ। ਮੈਂ ਸਖ਼ਤ ਮਿਹਨਤ ਕਰਾਂਗੀ ਅਤੇ ਬਿਹਤਰੀਨ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਾਂਗੀ। ਮੇਰਾ ਮੰਨਣਾ ਹੈ ਕਿ ਜੇ ਮਨ ਵਿੱਚ ਇਰਾਦਾ ਦ੍ਰਿੜ੍ਹ ਹੋਵੇ ਤੇ ਤੁਸੀਂ ਨਿਰਾਸ਼ਾ ਦੇ ਉਸ ਪੜਾਅ ਵਿਚੋਂ ਲੰਘ ਜਾਵੋਂ, ਤਦ ਤੁਹਾਨੂੰ ਸਫ਼ਲ ਹੋਣ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ।''

ਰੁਕਮਣੀ ਨੂੰ ਕਵਿਤਾ ਲਿਖਣੀ ਪਸੰਦ ਹੈ ਤੇ ਉਹ ਸਦਾ ਸਖ਼ਤ ਮਿਹਨਤ ਅਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਦੀ ਹੈ। ਉਸ ਨੇ ਸਿਵਲ ਸਰਵਿਸੇਜ਼ ਦਾ ਆਪਣਾ ਇਮਤਿਹਾਨ ਰਾਜਨੀਤੀ ਵਿਗਿਆਨ (ਪੋਲਿਟੀਕਲ ਸਾਇੰਸ) ਅਤੇ ਸਮਾਜ-ਵਿਗਿਆਨ (ਸੋਸ਼ਿਓਲੌਜੀ) ਜਿਹੇ ਵਿਸ਼ਿਆਂ ਨਾਲ ਪਾਸ ਕੀਤਾ ਸੀ। 'ਆਈ.ਬੀ.ਐਨ. ਲਾਈਵ' ਨੂੰ ਦਿੱਤੇ ਆਪਣੇ ਇੰਟਰਵਿਊ ਦੌਰਾਨ ਰੁਕਮਣੀ ਨੇ ਕਿਹਾ ਸੀ,''ਮੇਰੀ ਸਖ਼ਤ ਮਿਹਨਤ ਦਾ ਫਲ਼ ਮੈਨੂੰ ਮਿਲ਼ਿਆ ਹੈ ਤੇ ਮੈਂ ਬਹੁਤ ਖ਼ੁਸ਼ ਹਾਂ। ਮੈਨੂੰ ਇਹ ਸਫ਼ਲਤਾ ਮੇਰੇ ਮਾਪਿਆਂ, ਅਧਿਆਪਕਾਂ, ਸਹੇਲੀਆਂ, ਜਾਣਕਾਰਾਂ ਤੋਂ ਮਿਲੇ ਸਹਿਯੋਗ ਤੇ ਪ੍ਰੇਰਨਾ ਅਤੇ ਸਭ ਤੋਂ ਵੱਧ ਪਰਮਾਤਮਾ ਦੀ ਮਿਹਰ ਸਦਕਾ ਮਿਲ ਸਕੀ ਹੈ। ਜਿਹੜੇ ਵੀ ਨੌਜਵਾਨ ਆਪਣੀ ਜ਼ਿੰਦਗੀ ਵਿੱਚ ਸਫ਼ਲਤਾਪੂਰਬਕ ਅੱਗੇ ਵਧਣਾ ਚਾਹੁੰਦੇ ਹਨ, ਉਨ੍ਹਾਂ ਲਈ ਮੇਰਾ ਇਹੋ ਸੁਨੇਹਾ ਹੈ ਕਿ ਉਹ ਪੂਰੀ ਦ੍ਰਿੜ੍ਹਤਾ, ਸਖ਼ਤ ਮਿਹਨਤ ਅਤੇ ਸਮਰਪਣ ਦੀ ਭਾਵਨਾ ਨਾਲ ਆਪਣਾ ਟੀਚਾ ਹਾਸਲ ਕਰਨ ਲਈ ਡਟੇ ਰਹਿਣ; ਸਫ਼ਲਤਾ ਜ਼ਰੂਰ ਉਨ੍ਹਾਂ ਦੇ ਕਦਮ ਚੁੰਮੇਗੀ। ਆਪਣੇ ਰਸਤੇ ਉਤੇ ਅੱਗੇ ਵਧਦੇ ਜਾਓ। ਜੇ ਮੈਂ ਇਹ ਸਭ ਕਰ ਸਕਦੀ ਹਾਂ, ਤਾਂ ਕੋਈ ਵੀ ਇਹ ਕੁੱਝ ਕਰ ਸਕਦਾ ਹੈ ਅਤੇ ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾ।''

ਲੇਖਕ: ਥਿੰਕ ਚੇਂਜ ਇੰਡੀਆ

ਅਨੁਵਾਦ: ਮਹਿਤਾਬ-ਉਦ-ਦੀਨ