ਕਦੇ ਕਰਦੇ ਸੀ ਚਪੜਾਸੀ ਦੀ ਨੌਕਰੀ, ਅੱਜ ਹੈ 10 ਕਰੋੜ ਦਾ ਟਰਨਉਵਰ 

ਚੰਡੀਗੜ੍ਹ ਦੀ ਕੰਪਨੀ ਸੀਐਸ ਗਰੁਪ ਦੇ ਫਾਉੰਡਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਛੋਟੂ ਸ਼ਰਮਾ ਦੇ ਸੰਘਰਸ਼ ਅਤੇ ਕਾਮਯਾਬੀ ਦੀ ਕਹਾਣੀ   

0

ਚਪੜਾਸੀ ਦੀ ਨੌਕਰੀ ਤੋਂ ਸ਼ੁਰੁਆਤ ਕਰਨ ਵਾਲੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਇੱਕ ਪਿੰਡ ਦੇ ਨਿਵਾਸੀ ਛੋਟੂ ਸ਼ਰਮਾ ਨੇ ਆਪਣੀ ਮਿਹਨਤ ਨਾਲ ਬਣਾਈ ਕੰਪਨੀ ਦੀ ਟਰਨਉਵਰ ਅੱਜ 10 ਕਰੋੜ ਦੀ ਹੈ. ਕਦੇ ਆਪ ਨੌਕਰੀ ਲਈ ਭੱਜ ਨੱਠ ਕਰਦੇ ਰਹੇ ਛੋਟੂ ਸ਼ਰਮਾ ਨੇ ਆਪਣੀ ਕੰਪਨੀ ਵਿੱਚ 150 ਲੋਕਾਂ ਨੂੰ ਨੌਕਰੀ ਦਿੱਤੀ ਹੋਈ ਹੈ.

ਛੋਟੂ ਸ਼ਰਮਾ ਨੇ ਚੰਡੀਗੜ੍ਹ ਆ ਕੇ ਚਪੜਾਸੀ ਦੀ ਨੌਕਰੀ ਕੀਤੀ. ਆਪਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਕੀਤੀ. ਦਿਨ ਭਰ ਕੰਮ ਕਰਦੇ ਸਨ ਅਤੇ ਰਾਤ ਨੂੰ ਪੜ੍ਹਾਈ ਕਰਦੇ ਸਨ. ਓਹੀ ਛੋਟੂ ਸ਼ਰਮਾ ਅੱਜ ਚੰਡੀਗੜ੍ਹ ਵਿੱਚ ਦੋ ਸਾਫਟਵੇਅਰ ਕੰਪਨੀਆਂ ਦਾ ਮਾਲਿਕ ਹੈ.

1998 ਵਿੱਚ ਢਾਲਿਆਰਾ ਕਾਲੇਜ ਤੋਂ ਗ੍ਰੇਜੁਏਸ਼ਨ ਕਰਨ ਮਗਰੋਂ ਛੋਟੂ ਕੋਲ ਕੰਪਿਉਟਰ ਕੋਰਸ ਕਰਨ ਲਈ ਪੰਜ ਹਜ਼ਾਰ ਰੁਪੇ ਵੀ ਨਹੀਂ ਸਨ. ਪਰ ਉਨ੍ਹਾਂ ਨੂੰ ਪਤਾ ਸੀ ਕੇ ਕੰਮ ਕਰਨ ਲਈ ਕੰਪਿਉਟਰ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ.

ਉਹ ਚੰਡੀਗੜ੍ਹ ਤਾਂ ਆ ਗਏ ਪਰ ਪੈਸੇ ਨਹੀਂ ਸਨ. ਉਹ ਕਾਮਯਾਬੀ ਹਾਸਿਲ ਕੀਤੇ ਬਿਨ੍ਹਾਂ ਵਾਪਸ ਘਰ ਵੀ ਨਹੀਂ ਸੀ ਜਾਣਾ ਚਾਹੁੰਦੇ. ਉਨ੍ਹਾਂ ਨੂੰ ਪਤਾ ਸੀ ਕੇ ਘਰ ਦੀ ਮਾਲੀ ਹਾਲਤ ਅਜਿਹੀ ਹੈ ਕੇ ਉੱਥੋਂ ਕੋਈ ਮਦਦ ਨਹੀਂ ਮਿਲ ਸਕਦੀ.

ਕਈ ਕੋਸ਼ਿਸ਼ਾਂ ਦੇ ਬਾਅਦ ਉਨ੍ਹਾਂ ਨੂੰ ਇੱਕ ਕੰਪਿਉਟਰ ਸੇੰਟਰ ਵਿੱਚ ਚਪੜਾਸੀ ਦੀ ਨੌਕਰੀ ਮਿਲ ਗਈ. ਉਨ੍ਹਾਂ ਨੇ ਇਸੇ ਕੰਪਿਉਟਰ ਸੇੰਟਰ ਤੋਂ ਕੋਰਸ ਕੀਤਾ. ਉਹ ਮਾਈਕਰੋਸਾਫਟ ਦੇ ਸਰਟੀਫ਼ਾਇਡ ਡੇਵਲਪਰ ਬਣ ਗਏ.

ਉਨ੍ਹਾਂ ਦਾ ਕਹਿਣਾ ਹੈ ਕੇ ਉਨ੍ਹਾਂ ਨੂੰ ਇਸ ਮੁਕਾਮ ‘ਤੇ ਪਹੁੰਚਣ ਲਈ ਬਹੁਤ ਸੰਘਰਸ਼ ਕਰਨਾ ਪਿਆ. ਪੈਸੇ ਦੀ ਬਚਤ ਕਰਨ ਲਈ ਕਈ ਵਾਰ ਰੋਟੀ ਵੀ ਛੱਡ ਦਿੰਦਾ ਸੀ. ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਵੀ ਕੀਤਾ. ਚੰਡੀਗੜ੍ਹ ਵਿੱਚ ਸਾਈਕਲ ‘ਤੇ ਹੀ ਜਾਂਦਾ ਸੀ. ਦੋ ਸਾਲ ਤਕ ਪੈਸੇ ਦੀ ਬਚਤ ਕੀਤੀ ਅਤੇ ਮੋਟਰਸਾਈਕਲ ਅਤੇ ਕੰਪਿਉਟਰ ਖਰੀਦਿਆ.

ਇੱਕ ਸਾਲ ਦੀ ਮਿਹਨਤ ਦੇ ਬਾਅਦ ਛੋਟੂ ਸ਼ਰਮਾ ਨੂੰ ਉਸੇ ਕੰਪਿਉਟਰ ਸੇੰਟਰ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਮਿਲ ਗਿਆ. ਉਹ ਸ਼ਾਮ ਵੇਲੇ ਸੇੰਟਰ ਵਿੱਚ ਬੱਚਿਆਂ ਦੀ ਕਲਾਸ ਲੈਂਦੇ ਅਤੇ ਦਿਨ ਵੇਲੇ ਕਈ ਬੱਚਿਆਂ ਦੇ ਘਰ ਜਾ ਕੇ ਪੜ੍ਹਾਉਂਦੇ.

ਉਨ੍ਹਾਂ ਦੇ ਪੜ੍ਹਾਏ ਹੋਏ ਬੱਚਿਆਂ ਨੂੰ ਵੱਡੀਆਂ ਕੰਪਨੀਆਂ ਵਿੱਚ ਵਧੀਆ ਪੈਕੇਜ ਵਾਲੀ ਨੌਕਰੀਆਂ ਮਿਲੀਆਂ ਹੋਇਆਂ ਹਨ.

ਨੌਕਰੀ ਵਿੱਚ ਬਚਤ ਕਰਕੇ ਉਨ੍ਹਾਂ ਨੇ ਦੋ ਕਮਰੇ ਕਿਰਾਏ ‘ਤੇ ਲੈ ਕੇ ਕੰਪਿਉਟਰ ਸੇੰਟਰ ਖੋਲ ਲਿਆ. ਛੇ ਮਹੀਨੇ ‘ਚ ਉਨ੍ਹਾਂ ਦੇ ਸੇੰਟਰ ਵਿੱਚ ਪੜ੍ਹਨ ਵਾਲੇ ਸਟੂਡੇੰਟ ਦੀ ਗਿਣਤੀ 80 ਤੋਂ ਵੀ ਵਧ ਹੋ ਗਈ. ਉਨ੍ਹਾਂ ਨੇ ਸੇੰਟਰ ਨੂੰ ਹੋਰ ਵੱਡਾ ਕਰ ਲਿਆ. ਕੁਛ ਹੀ ਸਮੇਂ ‘ਚ ਡਾੱਟ ਨੇਟ ਦੀ ਟੀਚਿੰਗ ਵਿੱਚ ਛੋਟੂ ਸ਼ਰਮਾ ਦਾ ਨਾਂਅ ਹੋ ਗਿਆ.

ਸਾਲ 2007 ‘ਚ ਉਨ੍ਹਾਂ ਨੇ ਸੀਐਸ ਨਾਂਅ ਦਾ ਸੇੰਟਰ ਖੋਲਿਆ. ਇਸ ਦੀ ਕਈ ਬਰਾਂਚਾਂ ਖੋਲ ਲਈਆਂ. ਚੰਡੀਗੜ੍ਹ ਵਿੱਚ ਇਸ ਵੇਲੇ ਸੀਐਸ ਇੰਫੋਟੇਕ ਵਿੱਚ ਇੱਕ ਹਜ਼ਾਰ ਤੋਂ ਵਧ ਸਟੂਡੇੰਟ ਪੜ੍ਹ ਰਹੇ ਹਨ. ਸਾਲ 2009 ਵਿੱਚ ਛੋਟੂ ਸ਼ਰਮਾ ਨੇ ਮੋਹਾਲੀ ‘ਚ ਜ਼ਮੀਨ ਲੈ ਕੇ ਆਪਣੀ ਸੋਫਟਵੇਅਰ ਕੰਪਨੀ ਦੀ ਸ਼ੁਰੁਆਤ ਕੀਤੀ. ਉਨ੍ਹਾਂ ਦੀ ਕੰਪਨੀ ਵਿਦੇਸ਼ੀ ਮੁਲਕਾਂ ਦੀ ਕੰਪਨੀਆਂ ਨੂੰ ਸਾਫਟਵੇਅਰ ਬਣਾ ਕੇ ਦਿੰਦੀ ਹੈ.

ਅੱਜ ਉਨ੍ਹਾਂ ਦੀ ਕੰਪਨੀ ਵਿੱਚ 125 ਤੋਂ ਵਧ ਕਰਮਚਾਰੀ ਹਨ. ਉਨ੍ਹਾਂ ਨੇ ਮਿਹਨਤ ਕਰਕੇ ਇੱਕ ਮੁਕਾਮ ਹਾਸਿਲ ਕੀਤਾ. ਉਨ੍ਹਾਂ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ.