ਆਈ.ਆਈ.ਐਮ. ਕਲਕੱਤਾ ਦੇ ਵਿਦਿਆਰਥੀ ਨੇ ਸ਼ੁੱਧ ਭਾਰਤੀ ਖਾਣੇ ਡਿਲਿਵਰ ਕਰਨ ਲਈ ਅਰੰਭੀ ਕੰਪਨੀ

ਆਈ.ਆਈ.ਐਮ. ਕਲਕੱਤਾ ਦੇ ਵਿਦਿਆਰਥੀ ਨੇ ਸ਼ੁੱਧ ਭਾਰਤੀ ਖਾਣੇ ਡਿਲਿਵਰ ਕਰਨ ਲਈ ਅਰੰਭੀ ਕੰਪਨੀ

Monday December 21, 2015,

7 min Read

ਜੇ ਤੁਸੀਂ ਕਾਲਜ ਦੇ ਵਿਦਿਆਰਥੀ ਹੋ ਜਾਂ ਕੋਈ ਹੋਰ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਕਿੱਤੇ ਨਾਲ ਸਬੰਧਤ ਹੋ ਅਤੇ ਤੁਹਾਨੂੰ ਆਪਣੇ ਸ਼ਹਿਰ ਤੋਂ ਦੂਰ ਰਹਿਣਾ ਪੈਂਦਾ ਹੈ। ਅਜਿਹੇ ਹਾਲਾਤ ਵਿੱਚ ਤੁਹਾਨੂੰ ਇਹੋ ਜਾਪਦਾ ਹੈ ਕਿ ਘਰ ਵਿੱਚ ਤੁਹਾਡੀ ਮਾਂ ਦੇ ਹੱਥ ਦੇ ਬਣੇ ਖਾਣੇ ਦੀ ਥਾਂ ਕੋਈ ਵੀ ਹੋਰ ਭੋਜਨ ਨਹੀਂ ਲੈ ਸਕਦਾ। ਆਈ.ਆਈ.ਟੀ. ਕਾਨਪੁਰ 'ਚ ਪੜ੍ਹਦਿਆਂ 25 ਸਾਲਾ ਨਿਤੇਸ਼ ਪ੍ਰਜਾਪਤ ਨੇ ਇਹੋ ਮਹਿਸੂਸ ਕੀਤਾ ਕਿ ਕਿਸੇ ਵੀ ਵਧੀਆ ਤੋਂ ਵਧੀਆ ਥਾਂ ਉਤੇ ਚਲੇ ਜਾਓ, ਹੋਰ ਥਾਂ ਦਾ ਖਾਣਾ ਛੇਤੀ ਕਿਤੇ ਸੰਤੁਸ਼ਟੀ ਦਿੰਦਾ ਹੀ ਨਹੀਂ।

ਆਗਰੇ ਦਾ ਪੇਠਾ ਜਾਂ ਕੋਲਕਾਤਾ ਦੀ ਮਿਸ਼ਟੀ (ਮਿਠਾਈਆਂ) ਦਾ ਸੁਆਦ ਤੁਹਾਨੂੰ ਕਦੇ ਵੀ ਉਸ ਦੇ ਅਸਲ ਸੁਆਦ ਜਿਹਾ ਨਹੀਂ ਲੱਗੇਗਾ; ਜੇ ਤੁਸੀਂ ਉਸ ਨੂੰ ਮੁੰਬਈ ਜਾਂ ਬੈਂਗਲੁਰੂ ਦੀ ਕਿਸੇ ਦੁਕਾਨ ਤੋਂ ਖ਼ਰੀਦੋਗੇ। ਅਜਿਹੀ ਨਿਜੀ ਪਸੰਦ ਨੂੰ ਨਿਤੇਸ਼ ਪ੍ਰਜਾਪਤ ਨੇ ਬਾਅਦ 'ਚ ਆਪਣੇ ਕਾਰੋਬਾਰ ਦਾ ਆਧਾਰ ਬਣਾਇਆ।

2012 'ਚ ਆਈ.ਆਈ.ਟੀ. ਕਾਨਪੁਰ ਤੋਂ ਗਰੈਜੂਏਸ਼ਨ ਕਰਨ ਪਿੱਛੋਂ ਨਿਤੇਸ਼ ਹੀਰੋ ਮੋਟਰਜ਼ ਕਾਰਪੋਰੇਸ਼ਨ 'ਚ ਇੱਕ ਅਹਿਮ ਅਹੁਦੇ 'ਤੇ ਲੱਗ ਗਿਆ। ਉਤਪਾਦ-ਵਿਕਾਸ ਉਤੇ ਨਜ਼ਰ ਰਖਦੇ ਸਮੇਂ, ਉਸ ਨੂੰ ਹਰ ਮਹੀਨੇ ਭਾਰਤ 'ਚ ਵੱਖੋ-ਵੱਖਰੇ ਟਿਕਾਣਿਆਂ/ਸ਼ਹਿਰਾਂ ਦੀ ਯਾਤਰਾ ਕਰਨੀ ਪੈਂਦੀ ਸੀ।

image


ਨਿਤਿਸ਼ ਦੂਜੇ ਸ਼ਹਿਰਾਂ ਵਿੱਚ ਜਾਂਦੇ ਸਮੇਂ ਆਪਣੇ ਸ਼ਹਿਰ ਦਾ ਕੋਈ ਨਾ ਕੋਈ ਭੋਜਨ ਨਾਲ ਲੈ ਕੇ ਜਾਂਦਾ। ਇੱਥੋਂ ਹੀ ਉਸ ਨੂੰ ਵਿਚਾਰ ਸੁੱਝਆ ਕਿ ਕਿਉਂ ਨਾ ਖਾਣ-ਪੀਣ ਦੀਆਂ ਵਸਤਾਂ ਹੋਰਨਾਂ ਲਈ ਉਪਲਬਧ ਕਰਵਾਈਆਂ ਜਾਣ; ਜਿਹੜੇ ਜ਼ਿਆਦਾ ਯਾਤਰਾ ਨਹੀਂ ਕਰ ਸਕਦੇ।

ਇਸ ਬਾਰੇ ਉਸ ਨੇ ਆਪਣੇ ਅੰਕਲ ਨਰੇਂਦਰ ਪ੍ਰਜਾਪਤੀ (35) ਨਾਲ ਗੱਲਬਾਤ ਕੀਤੀ; ਜੋ ਕਿ ਖ਼ੁਦ ਖਾਣ-ਪੀਣ ਦੇ ਸ਼ੌਕੀਨ ਸਨ। ਉਸ ਗੱਲਬਾਤ ਦਾ ਨਤੀਜਾ 'ਏਪੇਟੀ' (Appeti) ਦੀ ਸਥਾਪਨਾ ਵਿੱਚ ਨਿੱਕਲਿਆ; ਜੋ ਕਿ ਫ਼ਰਵਰੀ 2015 'ਚ ਸਥਾਪਤ ਹੋਈ।

ਏਪੈਟੀ ਲਈ ਜਨੂੰਨ

ਨਿਤਿਸ਼ ਆਈ.ਆਈ.ਐਮ. ਕਲਕੱਤਾ 'ਚ ਹਾਲ਼ੇ ਪਹਿਲੇ ਵਰ੍ਹੇ ਦੀ ਪੜ੍ਹਾਈ ਕਰ ਰਿਹਾ ਹੈ। ਉਥੇ ਵੀ ਉਸ ਨੇ ਆਪਣੀ ਛਾਪ ਛੱਡੀ ਹੈ। ਕਾਲਜ ਦੇ ਕੈਂਪਸ ਵਿੱਚ ਜਦੋਂ ਪਲੇਸਮੈਂਟ ਯੋਜਨਾ ਅਧੀਨ ਬਹੁ-ਕੌਮੀ ਕੰਪਨੀਆਂ (ਐਮ.ਐਨ.ਸੀਜ਼) ਦੇ ਨੁਮਾਇੰਦੇ ਮੋਟੀਆਂ-ਮੋਟੀਆਂ ਤਨਖ਼ਾਹਾਂ ਦੀਆਂ ਪੇਸ਼ਕਸ਼ਾਂ ਲੈ ਕੇ ਆਏ, ਤਾਂ 500 ਦੇ ਬੈਚ ਵਿਚੋਂ ਇਕੱਲਾ ਨਿਤਿਸ਼ ਹੀ ਸੀ, ਜਿਸ ਨੇ ਇਸ ਪਲੇਸਮੈਂਟ ਲਈ ਫ਼ਾਰਮ ਨਹੀਂ ਭਰਿਆ ਸੀ। ਉਹ ਤਾਂ ਕੇਵਲ ਆਪਣੀ ਕੰਪਨੀ ਦਾ ਪਾਸਾਰ ਕਰਨ ਦੇ ਗੁਰ ਸਿੱਖ ਰਿਹਾ ਹੈ। ਉਹ ਕੇਵਲ ਉਹੀ ਕੋਰਸ ਕਰ ਰਿਹਾ ਹੈ, ਜਿਨ੍ਹਾਂ ਬਾਰੇ ਉਸ ਨੂੰ ਲਗਦਾ ਹੈ ਕਿ ਉਸ ਦੇ ਕਾਰੋਬਾਰ ਵਿੱਚ ਲਾਭ ਪਹੁੰਚਾਉਣਗੇ। ਉਸ ਨੇ ਇਹ ਵੀ ਸੰਕਲਪ ਧਾਰਿਆ ਹੋਇਆ ਹੈ ਕਿ ਜੇ ਕਿਤੇ ਪੜ੍ਹਾਈ; ਏਪੈਟੀ ਦੇ ਰਾਹ ਵਿੱਚ ਅੜਿੱਕਾ ਬਣਦੀ ਦਿਸੇਗੀ, ਤਾਂ ਉਹ ਪੜ੍ਹਾਈ ਛੱਡ ਦੇਵੇਗੀ।

ਸ਼ੁੱਧਤਾ ਨੂੰ ਯਕੀਨੀ ਬਣਾ ਰਿਹਾ

ਏਪੈਟੀ ਇੱਕ ਅਜਿਹਾ ਆੱਨਲਾਈਨ ਬਾਜ਼ਾਰ ਹੈ, ਜਿੱਥੋਂ ਤੁਸੀਂ ਭਾਰਤ ਦੇ ਸੁਆਦਲੇ ਖਾਣੇ ਉਸੇ ਥਾਂ ਤੋਂ ਮੰਗਵਾ ਸਕਦੇ ਹੋ, ਜਿੱਥੇ ਉਹ ਅਸਲ ਵਿੱਚ ਬਣਦੇ ਹਨ।

ਗੁਜਰਾਤ ਦੇ ਖਾਕਰੇ ਤੋਂ ਲੈ ਕੇ ਹੈਦਰਾਬਾਦ ਦੀ ਕਰਾਚੀ ਬੇਕਰੀ ਦੇ ਬਿਸਕੁਟਾਂ ਤੱਕ, ਆਗਰਾ ਦੇ ਪੇਠਿਆਂ ਤੋਂ ਲੈ ਕੇ ਕੋਲਕਾਤਾ ਦੇ ਰੋਸੋਗੁੱਲਿਆਂ ਤੱਕ ਤੇ ਪਾਨੀਪਤ ਦੇ ਪਚਰੰਗੇ ਆਚਾਰ ਤੋਂ ਲੈ ਕੇ ਕੇਰਲ 'ਚ ਬਣਨ ਵਾਲੇ ਕੇਲਿਆਂ ਦੇ ਚਿਪਸ ਤੇ ਊਟੀ ਦੇ ਚਾਕਲੇਟਸ ਤੱਕ ਜਿਹੀਆਂ ਖਾਣ ਵਾਲੀਆਂ ਚਟਪਟੀਆਂ ਚੀਜ਼ਾਂ ਏਪੈਟੀ ਆਪਣੇ ਗਾਹਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਦਾਅਵਾ ਕਰਦੀ ਹੈ; ਉਹ ਭਾਵੇਂ ਦੇਸ਼ ਦੇ ਕਿਸੇ ਵੀ ਹਿੱਸੇ 'ਚ ਕਿਉਂ ਨਾ ਵਸਦੇ ਹੋਣ। ਸ਼ਰਤ ਇਹੋ ਹੈ ਕਿ ਖਾਣ-ਪੀਣ ਦੀ ਜੋ ਵਸਤੂ ਅਸਲ ਵਿੱਚ ਜਿੱਥੇ ਬਣਦੀ ਹੈ ਜਾਂ ਜਿੱਥੋਂ ਦੀ ਉਹ ਵਸਤੂ ਮਸ਼ਹੂਰ ਹੁੰਦੀ ਹੈ; ਉਹ ਉਸੇ ਥਾਂ ਤੋਂ ਲਿਜਾ ਕੇ ਗਾਹਕ ਦੇ ਘਰ ਤੱਕ ਪਹੁੰਚਾਈ ਜਾਂਦੀ ਹੈ।

image


ਬਾਨੀਆਂ ਅਨੁਸਾਰ, ਇਸ ਫ਼ਰਮ ਦੇ ਭਾਰਤ ਦੇ 14 ਸ਼ਹਿਰਾਂ ਵਿੱਚ 27 ਵਿਕਰੇਤਾਵਾਂ ਦਾ ਇੱਕ ਸਰਗਰਮ ਨੈਟਵਰਕ ਹੈ। ਇੱਥੇ ਲੁਧਿਆਣਾ, ਆਗਰਾ, ਅਹਿਮਦਾਬਾਦ, ਪੁਣੇ, ਗੋਆ, ਹੈਦਰਾਬਾਦ, ਮੈਸੂਰ, ਇੰਦੌਰ ਅਤੇ ਕੋਲਕਾਤਾ ਜਿਹੇ ਸ਼ਹਿਰਾਂ ਤੋਂ ਅਨੇਕਾਂ ਸੁਆਦਲੇ ਭੋਜਨ ਤੇ ਉਤਪਾਦ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਤੱਕ ਪਹੁੰਚਾਏ ਜਾਂਦੇ ਹਨ।

ਨਿਤਿਸ਼ ਦਾ ਕਹਿਣਾ ਹੈ,''ਸਾਡੇ ਲਈ ਭੋਜਨ ਨੂੰ ਉਸ ਨੂੰ ਚਾਹੁਣ ਵਾਲੇ ਦੇ ਘਰ ਤੱਕ ਪਹੁੰਚਾਉਣਾ ਮੁੱਖ ਉਦੇਸ਼ ਹੈ। ਅਸੀਂ ਇਹ ਜ਼ਿੰਮੇਵਾਰੀ ਲੈਣੀ ਚਾਹੁੰਦੇ ਹਾਂ ਕਿ ਗਾਹਕ ਨੂੰ ਸਮੁੱਚੇ ਭਾਰਤ ਦੀਆਂ ਰਵਾਇਤੀ, ਖੇਤਰੀ ਤੇ ਸੁਆਦਲੀਆਂ ਖ਼ੁਰਾਕੀ ਵਸਤਾਂ ਹਾਸਲ ਕਰਨ ਦਾ ਮੌਕਾ ਮਿਲੇ।''

ਏਪੈਟੀ ਦੀ ਟੀਮ ਵਿੱਚ 10 ਜਣੇ ਹਨ; ਜਿਨ੍ਹਾਂ ਵਿਚੋਂ ਸੱਤ ਫ਼ਰੀਲਾਂਸਰ ਹਨ;; ਜੋ ਵੱਖੋ-ਵੱਖਰੇ ਸ਼ਹਿਰਾਂ ਤੱਕ ਆੱਰਡਰ ਪਹੁੰਚਾਉਣ ਵਿੱਚ ਮਦਦ ਕਰ ਰਹੇ ਹਨ।

ਨਿਤਿਸ਼ ਦਾ ਕਹਿਣਾ ਹੈ ਕਿ ਉਹ ਕੇਵਲ ਅਜਿਹੇ ਸੁਆਦਲੇ ਭੋਜਨ ਹੀ ਇੱਧਰ ਤੋਂ ਉਧਰ ਪਹੁੰਚਾਉਂਦੇ ਹਨ; ਜਿਹੜੇ ਸੱਤ ਤੋਂ 10 ਦਿਨਾਂ ਤੱਕ ਰੱਖੇ ਵੀ ਰਹਿਣ, ਤਾਂ ਖ਼ਰਾਬ ਨਾ ਹੋਣ। ਉਨ੍ਹਾਂ ਨੇ ਕੂਰੀਅਰ ਕੰਪਨੀਆਂ ਨਾਲ ਪਹਿਲਾਂ ਤੋਂ ਗੱਲਬਾਤ ਕਰ ਕੇ ਰੱਖੀ ਹੋਈ ਹੈ ਕਿ ਖਾਣ-ਪੀਣ ਦੀ ਹਰੇਕ ਵਸਤੂ ਘੱਟੋ-ਘੱਟ ਚਾਰ ਦਿਨਾਂ ਤੱਕ ਹਰ ਹਾਲਤ ਵਿੱਚ ਆਪਣੇ ਟਿਕਾਣੇ ਉਤੇ ਭਾਵ ਗਾਹਕ ਕੋਲ ਪੁੱਜ ਜਾਵੇ। ਹੁਣ ਉਹ ਇਹ ਸਮਾਂ ਘਟਾ ਕੇ ਦੋ ਦਿਨਾਂ ਤੱਕ ਲਿਆਉਣਾ ਚਾਹ ਰਹੇ ਹਨ।

ਇਹ ਫ਼ਰਮ ਇੰਡੀਅਨ ਇੰਸਟੀਚਿਊਟ ਆੱਫ਼ ਪੈਕੇਜਿੰਗ, ਪੱਛਮੀ ਬੰਗਾਲ ਨਾਲ ਵੀ ਕੰਮ ਕਰ ਰਹੀ ਹੈ ਤੇ ਭੋਜਨ ਨੂੰ ਕਿਸੇ ਅਜਿਹੇ ਬਿਹਤਰ ਤਰੀਕੇ ਪੈਕ ਕਰਨ ਦੇ ਤਰੀਕੇ ਲੱਭ ਰਹੀ ਹੈ ਕਿ ਉਹ ਭੋਜਨ ਛੇਤੀ ਕਿਤੇ ਖ਼ਰਾਬ ਨਾ ਹੋ ਸਕੇ ਤੇ ਉਸ ਦੀ ਤਾਜ਼ਗੀ ਕਾਇਮ ਰਹੇ।

ਪੈਕਿੰਗ ਉਤੇ ਇਹ ਸਾਰੇ ਵੇਰਵੇ ਦਿੱਤੇ ਗਏ ਹੁੰਦੇ ਹਨ ਕਿ ਉਹ ਭੋਜਨ ਕਿਹੜੇ ਸ਼ਹਿਰ ਤੋਂ ਆ ਰਿਹਾ ਹੈ।

ਇਸ ਕੰਪਨੀ ਦੀ ਵੈਬਸਾਈਟ ਉਤੇ 2,000 ਲੋਕ ਅਜਿਹੇ ਹਨ, ਜੋ ਨਿੱਤ ਉਸ ਨੂੰ ਖੋਲ੍ਹਦੇ ਹਨ ਤੇ ਸਬੰਧਤ ਐਪ. ਦੇ 1,000 ਤੋਂ ਵੱਧ ਡਾਊਨਲੋਡ ਹੋ ਚੁੱਕੇ ਹਨ। ਫ਼ਰਮ ਦਾ ਦਾਅਵਾ ਹੈ ਕਿ ਹੁਣ ਤੱਕ ਉਨ੍ਹਾਂ ਦੇ 700 ਨਿਸ਼ਚਤ ਗਾਹਕ ਬਣ ਚੁੱਕੇ ਹਨ।

ਆਮਦਨ

ਇਸ ਫ਼ਰਮ ਨੇ ਇਸੇ ਵਰ੍ਹੇ ਦੀਵਾਲੀ ਮੌਕੇ ਪੂਰੀ ਤਰ੍ਹਾਂ ਕੰਮ ਕਰਨਾ ਅਰੰਭ ਕੀਤਾ ਸੀ ਤੇ ਹੁਣ ਤੱਕ ਇਹ 400 ਆੱਰਡਰ ਗਾਹਕਾਂ ਦੇ ਘਰਾਂ ਤੱਕ ਪਹੁੰਚਾ ਚੁੱਕੇ ਹਨ। ਇਸ ਸਾਲ 2015 ਦੇ ਅੰਤ ਤੱਕ ਉਹ ਇਸ ਗਿਣਤੀ ਨੂੰ 500 ਤੱਕ ਲਿਜਾਣਾ ਚਾਹੁੰਦੇ ਹਨ; ਉਹ ਵੀ ਸਾਰਾ ਕੁੱਝ ਬਿਨਾਂ ਕਿਸੇ ਮਾਰਕਿਟਿੰਗ ਦੇ।

ਔਸਤ ਟਿਕਟ ਆਕਾਰ ਦੇ ਇੱਕ ਆੱਰਡਰ ਦੀ ਕੀਮਤ 600 ਰੁਪਏ ਹੈ। ਹਰੇਕ ਆੱਰਡਰ 'ਚੋਂ ਫ਼ਰਮ ਨੂੰ 10 ਤੋਂ 15 ਫ਼ੀ ਸਦੀ ਮੁਨਾਫ਼ਾ ਹੋ ਜਾਂਦਾ ਹੈ।

ਨਿਤੇਸ਼ ਅਨੁਸਾਰ ਮੁਨਾਫ਼ਾ ਅਸਲ ਵਿੱਚ ਆੱਰਡਰ ਦੇ ਆਕਾਰ ਉਤੇ ਨਿਰਭਰ ਕਰਦਾ ਹੈ। ਜੇ ਆੱਰਡਰ 499 ਰੁਪਏ ਤੋਂ ਘੱਟ ਕੀਮਤ ਦਾ ਹੈ, ਤਾਂ ਮੁਨਾਫ਼ਾ 30-35 ਫ਼ੀ ਸਦੀ ਤੱਕ ਵੀ ਹੋ ਸਕਦਾ ਹੈ ਕਿਉਂਕਿ ਗਾਹਕ ਨੂੰ ਉਸ ਲਈ 50 ਰੁਪਏ ਵੱਖ ਤੋਂ ਆਪਣੀ ਮਨਪਸੰਦ ਵਸਤੂ ਘਰ ਮੰਗਵਾਉਣ ਦੇ ਦੇਣੇ ਪੈਂਦੇ ਹਨ। ਆਮ ਤੌਰ ਉਤੇ ਭਾਈਵਾਲ ਵਿਕਰੇਤਾ 'ਏਪੈਟੀ' ਨੂੰ ਕਿਸੇ ਵਸਤੂ ਦੀ ਕੀਮਤ ਵਿੱਚ 40 ਤੋਂ 45 ਫ਼ੀ ਸਦੀ ਤੱਕ ਦੀ ਕਟੌਤੀ ਵੀ ਕਰ ਦਿੰਦੇ ਹਨ।

image


ਨਵੰਬਰ 2015 'ਚ, ਇਸ ਫ਼ਰਮ ਨੂੰ 80 ਹਜ਼ਾਰ ਰੁਪਏ ਦਾ ਮੁਨਾਫ਼ਾ ਹੋਇਆ ਸੀ ਤੇ ਆਉਣ ਵਾਲੇ ਸਾਲਾਂ ਦੌਰਾਨ ਇਹ ਫ਼ਰਮ ਆਪਣੇ ਕਾਰੋਬਾਰ ਨੂੰ ਕਾਫ਼ੀ ਵੱਡੇ ਪੱਧਰ ਉਤੇ ਕਰਨਾ ਲੋਚਦੀ ਹੈ। ਸੱਤ ਲੱਖ ਰੁਪਏ ਦੇ ਮੁਢਲੇ ਨਿਵੇਸ਼ ਨੂੰ ਸੇਵਾਵਾਂ ਲੈਣ, ਪੈਕਿੰਗ ਤੇ ਤਕਨਾਲੋਜੀ ਉਤੇ ਖ਼ਰਚ ਕੀਤਾ ਗਿਆ ਹੈ।

ਭਵਿੱਖ ਦੀਆਂ ਯੋਜਨਾਵਾਂ

ਇਸ ਕੰਪਨੀ ਦੀ ਯੋਜਨਾ ਅਗਲੇ ਛੇ ਮਹੀਨਿਆਂ ਦੌਰਾਨ ਆਪਣਾ ਕਾਰੋਬਾਰ 28 ਸ਼ਹਿਰਾਂ ਤੱਕ ਫੈਲਾ ਦੇਣ ਦੀ ਹੈ। ਇਸ ਲਈ ਅਮਲੇ ਦੇ ਮੈਂਬਰਾਂ ਦੀ ਗਿਣਤੀ ਵੀ ਵਧਾ ਕੇ 25 ਕਰ ਦਿੱਤੀ ਜਾਵੇਗੀ। ਤਦ ਗਾਹਕ ਸੁਆਦਲੇ ਖਾਣਿਆਂ ਦੀਆਂ ਘੱਟੋ-ਘੱਟ 600 ਵਸਤਾਂ ਏਪੈਟੀ ਤੋਂ ਖ਼ਰੀਦ ਸਕਿਆ ਕਰਨਗੇ।

ਅਗਲੇ ਵਰ੍ਹੇ ਅਪ੍ਰੈਲ ਮਹੀਨੇ ਤੋਂ ਇਹ ਫ਼ਰਮ ਖਾਣ-ਪੀਣ ਦੀਆਂ ਵਸਤਾਂ ਲੰਡਨ, ਨਿਊ ਯਾਰਕ ਤੇ ਪੈਨਸਿਲਵਾਨੀਆ ਤੱਕ ਵੀ ਭੇਜਣਾ ਸ਼ੁਰੂ ਕਰ ਦੇਵੇਗੀ।

ਜਨਵਰੀ 2016 ਤੋਂ ਇਹ ਫ਼ਰਮ; ਕੁੱਝ ਛੇਤੀ ਖ਼ਰਾਬ ਹੋਣ ਵਾਲੀਆਂ ਵਸਤਾਂ ਵੀ ਜੋਧਪੁਰ, ਜੈਪੁਰ ਅਤੇ ਕੋਲਕਾਤਾ ਜਿਹੇ ਸਥਾਨਕ ਸ਼ਹਿਰਾਂ 'ਚ ਵੀ ਪਹੁੰਚਾਉਣਾ ਸ਼ੁਰੂ ਕਰ ਦੇਵੇਗੀ।

ਇਸ ਮੰਚ ਉਤੇ ਵਿਭਿੰਨ ਸ਼ਹਿਰਾਂ ਦੇ ਵਿਕਰੇਤਾਵਾਂ ਦਾ ਵਰਗੀਕਰਣ ਵੀ ਕੀਤਾ ਜਾਂਦਾ ਹੈ ਤੇ ਮੰਚ ਦੇ ਆਪਣੇ ਕਸਟਮਾਇਜ਼ ਕੀਤੇ ਪੰਨਿਆਂ ਉਤੇ ਸਿਖ਼ਰਲੇ ਪੰਜ ਵਿਕਰੇਤਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ।

ਦੂਜੇ ਅਤੇ ਤੀਜੇ ਪੜਾਅ ਦੌਰਾਨ ਘਰਾਂ ਦੀਆਂ ਸੁਆਣੀਆਂ ਨੂੰ ਤੋਂ ਵੀ ਸੁਆਦਲੇ ਭੋਜਨ ਖ਼ਰੀਦੇ ਜਾਣ ਦੀ ਯੋਜਨਾ ਹੈ; ਇੰਝ ਉਹ ਮਹਿਲਾਵਾਂ ਵੀ ਸਸ਼ੱਕਤ ਬਣਨਗੀਆਂ।

'ਯੂਅਰ ਸਟੋਰੀ' ਦੀ ਆਪਣੀ ਗੱਲ

ਭੋਜਨ ਤਕਨਾਲੋਜੀ ਨਾਲ ਜੁੜੀਆਂ ਨਵੀਆਂ ਕੰਪਨੀਆਂ ਲਈ ਇਹ ਕੁੱਝ ਔਖਾ ਵੇਲਾ ਚੱਲ ਰਿਹਾ ਹੈ। ਇਸ ਵਰ੍ਹੇ ਡੈਜ਼ੋ ਤੇ ਸਪੂਨ-ਜੁਆਏ ਜਿਹੀਆਂ ਕੰਪਨੀਆਂ ਬੰਦ ਹੋ ਗਈਆਂ ਹਨ; ਜਦ ਕਿ ਟਾਇਨੀ-ਆਉਲ ਜਿਹੀ ਕੰਪਨੀ ਆਪਣਾ ਕਾਰੋਬਾਰ ਸਮੇਟ ਕੇ ਕੇਵਲ ਮੁੰਬਈ ਅਤੇ ਬੈਂਗਲੁਰੂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ।

ਇਸ ਖੇਤਰ ਵਿੱਚ ਹਾਲੇ ਧਨ ਵੀ ਘੱਟ ਲਾਇਆ ਜਾ ਰਿਹਾ ਹੈ। 'ਯੂਅਰ ਸਟੋਰੀ' ਦੀ ਖੋਜ ਅਨਸਾਰ ਇਸ ਵਰ੍ਹੇ ਇਕੱਲੇ ਅਪ੍ਰੈਲ ਮਹੀਨੇ ਸੱਤ ਸੌਦਿਆਂ ਵਿੱਚ ਕੁੱਲ 7 ਕਰੋੜ 40 ਲੱਖ ਡਾਲਰ ਲੱਗੇ ਸਨ ਪਰ ਅਗਸਤ ਮਹੀਨੇ ਇਹ ਗਿਣਤੀ ਘਟ ਕੇ ਪੰਜ ਸੌਦਿਆਂ ਲਈ 1 ਕਰੋੜ 90 ਲੱਖ ਡਾਲਰ ਉਤੇ ਆ ਗਈ। ਉਸ ਤੋਂ ਅਗਲੇ ਮਹੀਨੇ ਭਾਵ ਸਤੰਬਰ 'ਚ ਇਹ ਗਿਣਤੀ ਹੋਰ ਘਟ ਕੇ ਕੇਵਲ ਦੋ ਸੌਦਿਆਂ ਉਤੇ ਆ ਗਈ।

ਪਹਿਲਾਂ-ਪਹਿਲ ਤਾਂ ਸਭ ਨੂੰ ਇੰਝ ਲੱਗ ਰਿਹਾ ਸੀ ਕਿ ਇਸ ਖੇਤਰ 'ਚ ਜਿੰਨਾ ਧਨ ਲਾ ਦਿੱਤਾ ਜਾਵੇ, ਚੰਗਾ ਹੈ; ਅਸੀਂ ਕਿਤੇ ਪਿੱਛੇ ਹੀ ਨਾ ਰਹਿ ਜਾਈਏ।

ਕਾਂਤੀ ਸਵੀਟਸ ਨੇ ਬੈਂਗਲੁਰੂ ਦੇ ਇਲਾਕੇ ਵਿੱਚ ਮਿਠਾਈਆਂ ਘਰੋਂ-ਘਰੀਂ ਪਹੁੰਚਾਉਣ ਲਈ ਅਰਬਨਪਾਈਪਰ ਅਤੇ ਹਾਈਪਰਲੋਕਲ ਜਿਹੀਆਂ ਕੰਪਨੀਆਂ ਨਾਲ ਸਮਝੌਤੇ ਕੀਤੇ ਹਨ।

ਭੋਜਨ ਤਕਨਾਲੋਜੀ ਦੇ ਕਾਰੋਬਾਰ ਵਿੱਚ ਬਹੁਤ ਵੱਡੇ ਪੱਧਰ ਉਤੇ ਕੰਮ ਕਰਨਾ ਪੈਂਦਾ ਹੈ। ਲੰਮੇ ਸਮੇਂ ਤੱਕ ਚਲਦੇ ਰਹਿਣ ਲਈ ਨਿਵੇਸ਼ਕਾਂ ਨੂੰ ਬਹੁਤ ਮੋਟੀਆਂ ਰਕਮਾਂ ਖ਼ਰਚ ਕਰਨੀਆਂ ਪੈਂਦੀਆਂ ਹਨ।

ਏਪੈਟੀ ਲਈ ਵਧੀਆ ਗੱਲ ਇਹੋ ਹੈ ਕਿ ਉਹ ਆਪਣੀ ਸ਼ੁਰੂਆਤ ਦੇ ਹੀ ਕੁੱਝ ਮਹੀਨਿਆਂ 'ਚ ਹੀ ਚੋਖਾ ਮੁਨਾਫ਼ਾ ਵਿਖਾਉਣ ਦੇ ਯੋਗ ਹੋ ਸਕੇ ਹਨ।

ਇਸ ਕਾਰੋਬਾਰ ਦੀ ਚੁਣੌਤੀ ਇਹੋ ਹੈ ਕਿ ਲੰਮੇ ਸਮੇਂ ਤੱਕ ਗਾਹਕਾਂ ਦੀ ਗਿਣਤੀ ਕਾਇਮ ਰੱਖਣ ਲਈ ਬਹੁਤ ਜ਼ਿਆਦਾ ਧਨ ਖ਼ਰਚ ਕਰਨਾ ਪਵੇਗੀ। ਇੰਡੀਆ-ਕੋਸ਼ੈਂਟ ਦੇ ਬਾਨੀ ਆਨੰਦ ਲੂਨੀਆ ਦਸਦੇ ਹਨ ਕਿ ਖਾਣ-ਪੀਣ ਦੇ ਕਾਰੋਬਾਰ ਨੂੰ ਘੱਟੋ-ਘੱਟ ਇੱਕ ਦਹਾਕਾ ਆਪਣੇ ਪੈਰਾਂ ਉਤੇ ਆਪ ਖਲੋਣਾ ਹੋਵੇਗਾ, ਉਸ ਤੋਂ ਬਾਅਦ ਹੀ ਕੋਈ ਵੱਡੀ ਤਬਦੀਲੀ ਆ ਸਕਦੀ ਹੈ। ਉਸ ਲਈ ਤੁਹਾਡੇ ਅੰਦਰ ਇੱਕ ਜਨੂੰਨ ਦੀ ਲੋੜ ਹੈ।

ਵੈਬਸਾਈਟ: www.appeti.in

ਲੇਖਕ: ਤਰੁਸ਼ ਭੱਲਾ

ਅਨੁਵਾਦ: ਮਹਿਤਾਬ-ਉਦ-ਦੀਨ