ਪੰਜਾਬ ਦੇ 200 ਪਿੰਡਾਂ 'ਚ ਜਾਏਗੀ ਲੋਕਾਂ ਨੂੰ ਕਾਲਾ ਪੀਲੀਆ ਤੋਂ ਬਚਾਉਣ ਲਈ ਸ਼ੁਰੂ ਹੋਈ ਸਿਪਲਾ ਫ਼ਾਉਂਡੇਸ਼ਨ ਦੀ ਮੁਹਿੰਮ

0

ਆਮਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕੇ ਦਵਾਈਆਂ ਬਣਾਉਣ ਵਾਲੀ ਕੰਪਨੀਆਂ ਸਿਰਫ਼ ਦਵਾਈਆਂ ਵੇਚ ਕੇ ਨਫ਼ਾ ਕਮਾਉਣ ਲਈ ਹੀ ਕੰਮ ਕਰਦਿਆਂ ਹਨ, ਲੋਕਾਂ ਦੀ ਸਿਹਤ ਬਾਰੇ ਧਿਆਨ ਨਹੀਂ ਦਿੰਦਿਆਂ. ਪਰ ਦਵਾਈ ਬਣਾਉਣ ਵਾਲੀ ਨਾਮੀ ਸਿਪਲਾ ਕੰਪਨੀ ਨੇ ਪੰਜਾਬ ਦੇ ਲੋਕਾਂ ਨੂੰ ਕਾਲਾ ਪੀਲੀਆ ਜਾਂ ਹੇਪਾਟਾਈਟੀਸ-ਸੀ ‘ਤੋਂ ਬਚਾਓ ਬਾਰੇ ਜਾਣੂੰ ਕਰਾਉਣ ਲਈ ਇੱਕ ਸਮਾਜਿਕ ਮੁਹਿੰਮ ਸ਼ੁਰੂ ਕੀਤੀ ਹੈ. ਕੰਪਨੀ ਨੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਬੂਹੇ ਅੱਗੇ ਜਾ ਕੇ ਲੀਵਰ ਦੀ ਇਸ ਘਾਤਕ ਬੀਮਾਰੀ ਤੋਂ ਬਚਾਉ ਦੇ ਤਰੀਕੇ ਅਤੇ ਇਲਾਜ਼ ਬਾਰੇ ਜਾਣਕਾਰੀ ਦੇਣ ਲਈ ਡਾਕਟਰਾਂ ਦੀ ਟੀਮ ਨਾਲ ਪੂਰੇ ਪੰਜਾਬ ਦਾ ਦੌਰਾ ਸ਼ੁਰੂ ਕੀਤਾ ਹੈ.

ਅਸਲ ਵਿੱਚ ਪਿਛਲੇ ਕੁਝ ਸਮੇਂ ਤੋਂ ਪੰਜਾਬ ‘ਚ ਹੇਪਾਟਾਈਟੀਸ-ਸੀ ਜਾਂ ਕਾਲਾ ਪੀਲੀਆ ਨਵੀਂ ਘਾਤਕ ਬੀਮਾਰੀ ਵੱਜੋਂ ਸਾਹਮਣੇ ਆਇਆ ਹੈ. ਇਸ ਬਾਰੇ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਨਹੀ. ਲੋਕਾਂ ਲਈ ਇਹ ਵੀ ਸ਼ਰਾਬ ਪੀਣ ਨਾਲ ਲੀਵਰ ਖ਼ਰਾਬ ਹੋ ਜਾਣ ਵਾਲੀ ਬੀਮਾਰ ਹੀ ਹੈ. ਲੋਕ ਸਮਝਦੇ ਹਨ ਕੇ ਇਹ ਵੀ ਗੰਦਾ ਪਾਣੀ ਪੀਣ ਨਾਲ ਹੋਣ ਵਾਲੀ ਬੀਮਾਰੀ ਹੈ. ਪਰ ਇਹ ਅਸਲ ਵਿੱਚ ਇਸ ਵਾਇਰਸ ਨਾਲ ਹੋਣ ਵਾਲੀ ਬੀਮਾਰੀ ਹੈ.

ਸਿਪਲਾ ਫ਼ਾਉਂਡੇਸ਼ਨ ਦੇ ਮੈਂਬਰ ਗੌਰਵ ਢੀਂਗਰਾ ਨੇ ਦੱਸਿਆ-

“ਪੰਜਾਬ ਦੀ ਕੁਲ ਆਬਾਦੀ ਦਾ ਤਿੰਨ ਤੋਂ ਲੈ ਕੇ ਪੰਜ ਫ਼ੀਸਦ ਆਬਾਦੀ ਹੇਪਾਟਾਈਟੀਸ-ਸੀ ਦੇ ਵਾਇਰਸ ਦੀ ਸ਼ਿਕਾਰ ਹੈ ਪਰ ਇਸ ਬਾਰੇ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਹੈ. ਹੇਪਾਟਾਈਟੀਸ-ਸੀ ਇੱਕ ਘਾਤਕ ਬੀਮਾਰੀ ਹੈ ਜੋ ਹੇਪਾਟਾਈਟੀਸ-ਬੀ ਨਾਲੋਂ ਵੱਖ ਹੈ ਅਤੇ ਜ਼ਿਆਦਾ ਖ਼ਤਰਨਾਕ ਹੈ.”

ਸਿਪਲਾ ਫ਼ਾਉਂਡੇਸ਼ਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਇਸ ਬੀਮਾਰੀ ਬਾਰੇ ਜਾਣਕਾਰੀ ਦੇਣ ਲਈ ਇੱਕ ਖਾਸ ਕਿਸਮ ਦੀ ਬਸ ਤਿਆਰ ਕੀਤੀ ਗਈ ਹੈ ਜਿਸ ਵਿੱਚ ਹੇਪਾਟਾਈਟੀਸ-ਸੀ ਨਾਲ ਸੰਬੰਧਿਤ ਜਾਣਕਾਰੀ ਹੈ. ਇਹ ਬਸ ਪੰਜਾਬ ਦੇ 22 ਜਿਲ੍ਹੇ ਦੇ 200 ਪਿੰਡਾਂ ਦਾ ਦੌਰਾ ਕਰੇਗੀ ਅਤੇ ਲੋਕਾਂ ਨੂੰ ਹੇਪਾਟਾਈਟੀਸ-ਸੀ ਬਾਰੇ ਜਾਣੂੰ ਕਰਾਏਗੀ. ਚੰਡੀਗੜ੍ਹ ਦੇ ਸਰਕਾਰੀ ਮੇਡਿਕਲ ਕਾਲੇਜ ਦੇ ਡਾਈਰੇਕਟਰ ਅਤੇ ਪ੍ਰਿੰਸਿਪਲ ਡਾਕਟਰ ਅਤੁਲ ਸਚਦੇਵਾ ਨੇ ਇਸ ਬਸ ਨੂੰ ਝੰਡੀ ਵਿਖਾ ਕੇ ਰਸਮੀ ਤੌਰ ਦੇ ਪੰਜਾਬ ਵੱਲ ਤੋਰਿਆ.

ਸਿਪਲਾ ਕੋਰਪੋਰੇਟ ਸੋਸ਼ਲ ਦੇ ਮੈਂਬਰ ਅਨੁਰਾਗ ਨੇ ਦੱਸਿਆ-

“ਪੰਜਾਬ ‘ਚ ਇਹ ਆਪਣੀ ਤਰ੍ਹਾਂ ਦੀ ਪਹਿਲੀ ਕੋਸ਼ਿਸ਼ ਹੈ ਜਿਸ ਰਾਹੀਂ ਅਸੀਂ ਲੋਕਾਂ ਨੂੰ ਹੇਪਾਟਾਈਟੀਸ-ਸੀ ਬਾਰੇ ਜਾਣੂੰ ਕਰਾ ਰਹੇ ਹਾਂ. ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਮੁਹਿੰਮ ਨਹੀਂ ਚੱਲੀ. ਇਸ ਨਾਲ ਪੰਜਾਬ ਦੇ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਉ ਲਈ ਬਹੁਤ ਫਾਇਦਾ ਹੋਏਗਾ.”

ਇਹ ਬਸ ਪੰਜਾਬ ਦੇ ਦੋ ਸੌ ਪਿੰਡਾਂ ‘ਚ ਜਾਏਗੀ. ਇਸ ਬਸ ਨਾਲ ਇੱਕ ਟੀਮ ਹੈ ਜੋ ਪਿੰਡਾਂ ਦੇ ਲੋਕਾਂ ਨੂੰ ਇਸ ਬੀਮਾਰੀ ਹੋਣ ਦੀ ਵਜ੍ਹਾ, ਇਸ ਦੇ ਲੱਛਨ, ਇਸ ਦੀ ਜਾਂਚ ਅਤੇ ਇਸ ਦੇ ਇਲਾਜ਼ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੇ. ਇਹ ਬਸ ਜਿਸ ਵੀਏ ਪਿੰਡ ਵਿੱਚ ਜਾਏਗੀ, ਉਸ ਦੇ ਨਾਲ ਉਸ ਇਲਾਕੇ ਦੇ ਲੀਵਰ ਅਤੇ ਢਿੱਡ ਰੋਗਾਂ ਦੇ ਮਾਹਿਰ ਵੀ ਜਾਣਗੇ. ਉਹ ਮੌਕੇ ‘ਤੇ ਹੀ ਲੋਕਾਂ ਦੀ ਜਾਂਚ ਵੀ ਕਰਣਗੇ ਅਤੇ ਜਾਂਚ ਸੰਬਧੀ ਸਲਾਹ ਦੇਣਗੇ.

ਲੇਖਕ: ਰਵੀ ਸ਼ਰਮਾ