ਦਿੱਲੀ ਤੇ ਗੁੜਗਾਓਂ ਦੀਆਂ ਕਾਰਪੋਰੇਟ ਕੰਪਨੀਆਂ ਦੇ ਮੁਲਾਜ਼ਮਾਂ ਤੱਕ 'ਈਜ਼ੀ-ਖਾਨਾ' ਪਹੁੰਚਾ ਰਿਹਾ ਹੈ ਘਰ ਦਾ ਖਾਣਾ

ਦਿੱਲੀ ਤੇ ਗੁੜਗਾਓਂ ਦੀਆਂ ਕਾਰਪੋਰੇਟ ਕੰਪਨੀਆਂ ਦੇ ਮੁਲਾਜ਼ਮਾਂ ਤੱਕ 'ਈਜ਼ੀ-ਖਾਨਾ' ਪਹੁੰਚਾ ਰਿਹਾ ਹੈ ਘਰ ਦਾ ਖਾਣਾ

Thursday December 24, 2015,

4 min Read

ਭਾਵੇਂ ਆਪੋ-ਆਪਣੇ ਘਰਾਂ ਤੋਂ ਦੂਰ ਰਹਿ ਰਹੇ ਵਿਦਿਆਰਥੀ ਹੋਣ ਤੇ ਚਾਹੇ ਸਾੱਫ਼ਟਵੇਅਰ ਧੁਰਿਆਂ 'ਚ ਕੰਮ ਕਰ ਰਹੇ ਤਕਨੀਕੀ ਕਰਮਚਾਰੀ; ਹਰੇਕ ਨੂੰ ਆਪੋ-ਆਪਣੇ ਘਰ ਦੇ ਖਾਣੇ ਦੀ ਯਾਦ ਅਕਸਰ ਸਤਾਉਂਦੀ ਰਹਿੰਦੀ ਹੈ। ਇਸ ਸਮੱਸਿਆ ਨਾਲ ਜੂਝਦੇ ਲੋਕਾਂ ਦੀ ਮਦਦ ਲਈ ਆਯੂਸ਼ ਆਨੰਦ, ਪੰਕਜ ਭਟਲਾ ਤੇ ਵਿਸ਼ਰੁਤ ਗਾਵਰੀ ਨੇ ਦਿੱਲੀ ਤੇ ਗੁੜਗਾਓਂ ਦੇ ਖੇਤਰਾਂ ਲਈ 'ਈਜ਼ੀ ਖਾਨਾ' ਦੀ ਸਥਾਪਨਾ ਕੀਤੀ ਸੀ।

ਇਸ ਬੈਨਰ ਹੇਠ ਸਭ ਤੱਕ ਘਰਾਂ ਦੀਆਂ ਸੁਆਣੀਆਂ ਵੱਲੋਂ ਪਕਾਇਆ ਹੋਇਆ ਖਾਣਾ ਪਹੁੰਚਾਇਆ ਜਾਂਦਾ ਹੈ; ਜੋ ਕਿ ਸਭਨਾਂ ਲਈ ਆਸਾਨੀ ਨਾਲ ਉਪਲਬਧ ਹੈ। 22 ਸਾਲਾ ਆਯੂਸ਼ ਦਸਦੇ ਹਨ,''ਅਸੀਂ ਵੇਖਿਆ ਕਿ ਡੱਬਿਆਂ ਵਾਲੇ ਅਤੇ ਕਾਰਪੋਰੇਟ ਕੈਨਟੀਨਾਂ ਦੇ ਖੇਤਰ ਵਿੱਚ ਬਹੁਤ ਅਸੰਗਠਤ ਤਰੀਕੇ ਕੰਮ ਹੋ ਰਿਹਾ ਹੈ; ਇਸੇ ਲਈ ਅਸੀਂ ਘਰ ਦਾ ਖਾਣਾ ਸਭ ਤੱਕ ਪਹੁੰਚਾਉਣ ਦਾ ਮਨ ਬਣਾਇਆ।''

ਇੱਕ ਭਰਵੀਂ ਸ਼ੁਰੂਆਤ

ਇਸੇ ਵਰ੍ਹੇ ਸਤੰਬਰ ਮਹੀਨੇ 'ਚ ਇੱਕ ਕਮਰੇ ਦੇ ਦਫ਼ਤਰ ਤੋਂ ਸ਼ੁਰੂਆਤ ਕਰਨ ਤੋਂ ਪਹਿਲਾਂ ਦੋਸਤਾਂ ਦੀ ਇਸ ਤਿਕੜੀ ਨੇ ਮਿਲ ਬੈਠ ਕੇ ਪਹਿਲਾਂ ਯੋਜਨਾ ਉਲੀਕੀ ਤੇ ਫਿਰ ਉਨ੍ਹਾਂ ਤਕਨਾਲੋਜੀ ਰਾਹੀਂ ਇਸ ਮਾਮਲੇ 'ਚ ਸ਼ੁਬਾਂਕ ਸ੍ਰੀਵਾਸਤਵ ਦੀ ਮਦਦ ਲਈ। 'ਈਜ਼ੀ-ਖਾਨਾ' ਇੱਕ ਕੇਂਦਰੀਕ੍ਰਿਤ ਕਿਚਨ ਦੇ ਮਾੱਡਲ ਅਨੁਸਾਰ ਕੰਮ ਕਰਦਾ ਹੈ ਤੇ ਇਨ੍ਹਾਂ ਕੋਲ ਖਾਣਿਆਂ ਦੇ ਡੱਬੇ ਆਪਣੇ ਗਾਹਕਾਂ ਤੱਕ ਪਹੁੰਚਾਉਣ ਵਾਲਿਆਂ ਦਾ ਇੱਕ ਵੱਡਾ ਕਾਫ਼ਲਾ ਹੈ।

ਸਾਰੇ ਆੱਰਡਰਜ਼ ਵੈਬਸਾਈਟ ਰਾਹੀਂ ਲਏ ਜਾਂਦੇ ਹਨ। ਆਯੂਸ਼ ਅਨੁਸਾਰ ਵੈਬਸਾਈਟ ਰਾਹੀਂ ਖਾਣੇ ਦਾ ਆਰਡਰ ਕਰਨ ਵਿੱਚ ਕੇਵਲ 30 ਸੈਕੰਡ ਦਾ ਸਮਾਂ ਲਗਦਾ ਹੈ।

ਖਾਣੇ ਦਾ ਮੇਨਯੂ ਰੋਜ਼ਾਨਾ ਬਦਲਦਾ ਹੈ ਅਤੇ ਜਿੰਨੇ ਡੱਬੇ ਗਾਹਕਾਂ ਕੋਲ ਜਾਂਦੇ ਹਨ, ਉਸੇ ਦੇ ਹਿਸਾਬ ਨਾਲ ਉਨ੍ਹਾਂ ਦੀ ਆਮਦਨ ਹੁੰਦੀ ਹੈ। ਗਾਹਕ ਆਪਣੀ ਪਸੰਦ ਦਾ ਖਾਣਾ/ਭੋਜਨ ਆੱਨਲਾਈਨ ਆੱਰਡਰ ਕਰਦੇ ਹਨ ਤੇ ਉਹ ਸਮੇਂ ਸਿਰ ਉਨ੍ਹਾਂ ਦੇ ਟਿਕਾਣੇ 'ਤੇ ਪੁੱਜ ਜਾਂਦਾ ਹੈ।

ਆਯੂਸ਼ ਅਨੁਸਾਰ,''ਪਹਿਲੇ 20 ਦਿਨ, ਸਾਨੂੰ ਕੇਵਲ ਚਾਰ ਆੱਰਡਰ ਮਿਲੇ। ਇੰਝ ਸ਼ੁਰੂਆਤ ਕੁੱਝ ਔਖੀ ਜਾਪੀ। ਪਰ ਹੁਣ ਤਿੰਨ ਮਹੀਨਿਆਂ ਬਾਅਦ, ਸਾਨੂੰ ਇਹ ਦਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਰੋਜ਼ਾਨਾ 150 ਗਾਹਕਾਂ ਤੱਕ ਖਾਣਾ ਪਹੁੰਚਾ ਰਹੇ ਹਾਂ। ਸਾਡੇ ਗਾਹਕਾਂ ਦੀ ਗਿਣਤੀ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ ਤੇ 50 ਫ਼ੀ ਸਦੀ ਗਾਹਕ ਦੋਬਾਰਾ ਆਉਂਦੇ ਹਨ।''

ਫ਼ੰਡ ਅਤੇ ਭਵਿੱਖ

ਆਯੂਸ਼ ਦਸਦੇ ਹਨ ਕਿ ਉਨ੍ਹਾਂ ਦਾ ਇਹ ਉਦਮ 'ਸਭਨਾਂ ਲਈ ਖਾਣਾ/ਭੋਜਨ' ਦੀ ਧਾਰਨਾ ਉਤੇ ਕੰਮ ਕਰਦਾ ਹੈ, ਇਸੇ ਲਈ ਉਨ੍ਹਾਂ ਦੀ ਟੀਮ ਦੁਪਹਿਰ ਦਾ ਬਚਿਆ ਹੋਇਆ ਖਾਣਾ ਸ਼ਾਮੀਂ 3 ਵਜੇ ਤੱਕ ਲੋੜਵੰਦਾਂ 'ਚ ਵੰਡ ਦਿੰਦੀ ਹੈ। ਇੱਕ ਨਿਵੇਸ਼ਕ ਨੇ ਉਨ੍ਹਾਂ ਦੀ ਕੰਪਨੀ ਵਿੱਚ 1 ਲੱਖ ਡਾਲਰ ਲਾਏ ਹਨ। ਇਸ ਰਕਮ ਦੀ ਵਰਤੋਂ ਬਾਜ਼ਾਰ ਦੇ ਪਾਸਾਰ, ਉਤਪਾਦ ਦੇ ਵਿਕਾਸ, ਤਕਨਾਲੋਜੀ ਪ੍ਰਗਤੀ ਤੇ ਗਾਹਕਾਂ ਤੱਕ ਖਾਣਾ ਪਹੁੰਚਾਉਣ ਬੁਨਿਆਦੀ ਢਾਂਚਾ ਸੁਧਾਰਨ ਲਈ ਕੀਤੀ ਜਾਵੇਗੀ।

ਆਯੂਸ਼ ਮੁਤਾਬਕ ਖਾਣਾ ਡਿਲਿਵਰ ਕਰਨ ਦਾ ਖੇਤਰ ਭਾਰਤ ਵਿੱਚ 2 ਅਰਬ ਡਾਲਰ ਦਾ ਬਾਜ਼ਾਰ ਹੈ ਅਤੇ ਇਹ ਹਰ ਸਾਲ 30 ਤੋਂ 40 ਪ੍ਰਤੀਸ਼ਤ ਸਾਲਾਨਾ ਦੀ ਦਰ ਨਾਲ ਵਧ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਟੀਚਾ ਹਰੇਕ ਉਸ ਵਿਅਕਤੀ/ਗਾਹਕ ਤੱਕ ਪੁੱਜਣਾ ਹੈ, ਜੋ ਘਰ ਦਾ ਬਣਿਆ ਭੋਜਨ ਖਾਣਾ ਚਾਹੁੰਦਾ ਹੈ। ਉਹ ਕਹਿੰਦੇ ਹਨ ਕਿ ਉਨ੍ਹਾ ਦੀ ਟੀਮ ਲੋਕਾਂ ਦਾ ਖਾਣਾ ਖਾਣ ਦਾ ਤਰੀਕਾ ਬਦਲਣ ਲਈ ਕੰਮ ਕਰ ਰਹੀ ਹੈ।

image


ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਅਨੇਕਾਂ ਕੰਪਨੀਆਂ ਕੰਮ ਕਰ ਰਹੀਆਂ ਹਨ ਤੇ ਉਨ੍ਹਾਂ ਦਾ ਮੁਕਾਬਲਾ ਇੱਕ ਕੇਂਦਰੀਕ੍ਰਿਤ ਰਸੋਈ ਘਰ ਵਿੱਚ ਸਫ਼ਾਈ ਨਾਲ ਵਧੀਆ ਮਿਆਰੀ ਭੋਜਨ ਤਿਆਰ ਕਰਨ ਜਿਹੇ ਮਾਮਲਿਆਂ ਵਿੱਚ ਹੈ। 'ਸਾਡਾ ਆਪਣਾ ਰਸੋਈ ਘਰ ਹੈ, ਜੋ 'ਹੱਬ ਅਤੇ ਸਪੋਕ' ਮਾੱਡਲ ਉਤੇ ਆਧਾਰਤ ਹੈ ਤੇ ਖਾਣੇ ਦੇ ਮਿਆਰ ਉਤੇ ਸਾਡਾ ਪੂਰਾ ਕੰਟਰੋਲ ਹੈ।'

ਯੂਅਰ ਸਟੋਰੀ ਦੀ ਆਪਣੀ ਗੱਲ

ਹਾਲੇ ਇਹ ਆਖਣਾ ਕੁੱਝ ਜਲਦਬਾਜ਼ੀ ਹੋਵੇਗੀ ਕਿ ਕੀ 'ਈਜ਼ਾ-ਖਾਨਾ' ਕੇਵਲ ਫ਼ੂਡ-ਡਿਲੀਵਰੀ ਦੇ ਖੇਤਰ ਵਿੱਚ ਇੰਝ ਹੀ ਹੋਰਨਾਂ ਕੰਪਨੀਆਂ ਵਾਂਗ ਕੰਮ ਕਰਦਾ ਰਹੇਗਾ ਕਿ ਜਾਂ ਅਸਲ ਵਿੱਚ ਕੋਈ ਫ਼ਰਕ ਵੀ ਪਾਏਗਾ। ਬਹੁਿਤਆਂ ਦਾ ਮੰਨਣਾ ਹੈ ਕਿ ਇਸ ਖੇਤਰ ਵਿੱਚ ਦਾਖ਼ਲ ਹੋਣਾ ਕੁੱਝ ਸੁਖਾਲ਼ਾ ਹੈ, ਇਸੇ ਲਈ ਬਹੁਤ ਸਾਰੇ ਲੋਕ ਇਹ ਕੰਮ ਕਰਨਾ ਚਾਹੁੰਦੇ ਹਨ।

ਇਸੇ ਖੇਤਰ ਦੀ ਇੱਕ ਹੋਰ ਕੰਪਨੀ 'ਫ਼ਰੈਸ਼-ਮੇਨਯੂ' ਵੀ ਇਯੇ ਮਾੱਡਲ ਉਤੇ ਕੰਮ ਕਰ ਰਹੀ ਹੈ। ਉਂਝ ਡੈਜ਼ੋ, ਸਪੂਨ-ਜੁਆਏ ਤੇ ਈਟਲੋ ਜਿਹੀਆਂ ਫ਼ੂਡ-ਡਿਲੀਵਰੀ ਵਿੱਚ ਲੱਗੀਆਂ ਕੰਪਨੀਆਂ ਬੰਦ ਵੀ ਹੋ ਚੁੱਕੀਆਂ ਹਨ।

ਵਿੱਤੀ ਸਰੋਤਾਂ ਨਾਲ ਪੂਰੀ ਤਰ੍ਹਾਂ ਲੈਸ 'ਟਾਇਨੀ-ਆਊਲ' ਨਾਂਅ ਦੀ ਕੰਪਨੀ ਨੂੰ ਵੀ ਆਪਣਾ ਕੰਮ ਕੁੱਝ ਸ਼ਹਿਰਾਂ ਵਿੱਚ ਬੰਦ ਕਰਨਾ ਪਿਆ ਹੈ।

ਅਪ੍ਰੈਲ 2015 ਦੌਰਾਨ ਫ਼ੂਡ-ਡਿਲੀਵਰੀ ਖੇਤਰ 'ਚ 7 ਕਰੋੜ 40 ਲੱਖ ਡਾਲਰ ਮੁੱਲ ਦੇ 7 ਸੌਦੇ ਹੋਏ ਸਨ। ਅਗਸਤ ਮਹੀਨੇ, ਇਹ ਰਕਮ ਘਟ ਕੇ 5 ਸੌਦਿਆਂ ਲਈ ਕੇਵਲ 1. ਕਰੋੜ 90 ਲੱਖ ਡਾਲਰ ਰਹਿ ਗਈ ਸੀ। ਫਿਰ ਸਤੰਬਰ ਮਹੀਨੇ ਇਹ ਖੇਤਰ ਹੋਰ ਵੀ ਸੁੰਗੜ ਕੇ ਦੋ ਸੌਦਿਆਂ ਤੱਕ ਸੀਮਤ ਰਹਿ ਗਿਆ।

'ਸੀਡ-ਫ਼ੰਡ ਵੈਂਚਰ ਪਾਰਟਨਰ' ਦੇ ਨਿਵੇਸ਼ਕ ਤੇ ਕਰਤਾ-ਧਰਤਾ ਸ੍ਰੀ ਸੰਜੇ ਆਨੰਦਰਾਮ ਦਾ ਕਹਿਣਾ ਹੈ ਕਿ ਭੋਜਨ ਦੇ ਕਾਰੋਬਾਰ 'ਚ ਤਕਨਾਲੋਜੀ ਦੇ ਆਧਾਰ ਉਤੇ ਜਿਹੜੇ ਉਦਮ ਚੱਲ ਰਹੇ ਹਨ, ਉਨ੍ਹਾਂ ਨੂੰ ਆਪਣਾ ਕੰਮ ਬਹੁਤ ਤੇਜ਼ ਰਫ਼ਤਾਰ ਨਾਲ ਕਰਨਾ ਪੈਂਦਾ ਹੈ।

''ਕਿਸੇ ਐਪ ਦੇ ਆਧਾਰ ਉਤੇ ਚੱਲਣ ਵਾਲੇ ਇਹ ਫ਼ੂਡ-ਬਿਜ਼ਨੇਸ ਆਮ ਤੌਰ ਉਤੇ ਸ਼ਹਿਰ ਦੇ ਕੁੱਝ ਖ਼ਾਸ ਹਿੱਸਿਆਂ ਵਿੱਚ ਚਲਦੇ ਹਨ ਪਰ ਦੇਸ਼ ਦੇ ਸਾਰੇ ਹੀ ਹਿੱਸਿਆਂ ਵਿੱਚ ਇਸ ਕਾਰੋਬਾਰ ਨੂੰ ਇਹੋ ਜਿਹਾ ਹੀ ਭਰਵਾਂ ਹੁੰਗਾਰਾ ਮਿਲੇ; ਇਹ ਕੋਈ ਜ਼ਰੂਰੀ ਨਹੀਂ ਹੈ।''

ਬਹੁਤਿਆਂ ਨੂੰ ਲਗਦਾ ਹੈ ਕਿ ਭੋਜਨ ਦੇ ਖੇਤਰ ਵਿੱਚ ਗਾਹਕਾਂ ਦਾ ਧਿਆਨ ਖਿੱਚਣਾ ਸੁਖਾਲ਼ਾ ਹੈ; ਇੱਕ ਦਿਨ ਵਿੱਚ 300 ਆੱਰਡਰ ਲੈਣੇ ਸੁਖਾਲ਼ੇ ਹਨ ਪਰ ਮੁਸੀਬਤ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਇਨ੍ਹਾਂ ਆੱਰਡਰਜ਼ ਦੀ ਗਿਣਤੀ 300 ਤੋਂ ਵਧ ਜਾਂਦੀ ਹੈ।

ਉਘੇ ਨਿਵੇਸ਼ਕ ਅਤੇ 'ਇੰਡੀਆ-ਕੋਸ਼ੈਂਟ' ਦੇ ਬਾਨੀ ਸ੍ਰੀ ਆਨੰਦ ਲੂਨੀਆ ਦਾ ਕਹਿਣਾ ਹੈ ਕਿ 300 ਆੱਰਡਰਜ਼ ਤੋਂ ਬਾਅਦ ਜੇ ਤੁਹਾਡੇ ਵਿੱਚ ਸਥਿਰਤਾ ਹੋਵੇਗੀ ਤੇ ਲੰਮਾ ਸਮਾਂ ਨਿਭਣ ਦੀ ਯੋਗਤਾ ਹੋਵੇਗੀ, ਤਦ ਹੀ ਤੁਹਾਡੇ ਆੱਰਡਰ ਤੇ ਨਿਵੇਸ਼ ਵਧਣਗੇ।

ਲੇਖਕ: ਸਿੰਧੂ ਕਸ਼ਿਅਪ

ਅਨੁਵਾਦ: ਮਹਿਤਾਬ-ਉਦ-ਦੀਨ