ਦੁਰਗਮ ਪਹਾੜਾਂ 'ਤੇ ਚੜ੍ਹ ਕੇ ਲੜਕੀਆਂ ਲਈ ਮਿਸਾਲ ਕਾਇਮ ਕਰਨ ਵਾਲੀ ਈਸ਼ਾਨੀ ਸਾਵੰਤ

0

ਭਾਰਤ 'ਚ ਪਰਬਤਾਰੋਹਣ ਅਤੇ ਟਰੈਕਿੰਗ ਦੇ ਖੇਤਰ ਵਿੱਚ ਸਰਗਰਮ ਕੁੱਝ ਔਰਤਾਂ ਵਿਚੋਂ ਇੱਕ ਹਨ ਪੁਣੇ ਦੇ ਈਸ਼ਾਨੀ ਸਾਵੰਤ, ਇਸ ਵੇਲੇ ਈਸ਼ਾਨੀ ਇੱਕ ਐਡਵੈਂਚਰ ਅਤੇ ਆਊਟਡੋਰ ਟੂਰ ਇੰਸਟਰੱਕਟਰ ਅਤੇ ਗਾਈਡ ਦੇ ਤੌਰ ਉਤੇ ਕੰਮ ਕਰ ਰਹੇ ਹਨ, ਹਿਮਾਲਿਅਨ ਮਾਊਂਟੇਨੀਅਰਿੰਗ ਇੰਸਟੀਚਿਊਟ ਵਿੱਚ ਸਿਖਲਾਈ ਲੈ ਕੇ ਖ਼ੁਦ ਨੂੰ ਸੁਆਰ ਤੇ ਨਿਖਾਰ ਚੁੱਕੇ ਹਨ ਈਸ਼ਾਨੀ, ਲੱਦਾਖ 'ਚ 22,054 ਫ਼ੁੱਟ ਦੀ ਉਚਾਈ ਉਤੇ ਸਥਿਤ ਸਟੋਕ ਕਾਂਗੜੀ ਚੋਟੀ ਉਤੇ ਪੁੱਜ ਕੇ ਇਤਿਹਾਸ ਦੇ ਪੰਨਿਆਂ 'ਚ ਆਪਣਾ ਨਾਂਅ ਦਰਜ ਕਰਵਾ ਚੁੱਕੇ ਹਨ

ਲੱਦਾਖ 'ਚ 22,054 ਫ਼ੁੱਟ ਦੀ ਉਚਾਈ ਉਤੇ ਸਥਿਤ ਸਟੋਕ ਕਾਂਗੜੀ ਚੋਟੀ ਉਤੇ ਕਦਮ ਰੱਖਣਾ ਕਿਸੇ ਪਰਬਤਾਰੋਹੀ ਜਾਂ ਟਰੈਕਰ ਲਈ ਉਸ ਦੇ ਜੀਵਨ ਦੀ ਸਭ ਤੋਂ ਰੋਮਾਂਚਕ ਤੇ ਚੁਣੌਤੀਪੂਰਣ ਯਾਤਰਾ ਹੁੰਦੀ ਹੈ। ਅਤੇ ਕੇਵਲ ਦੋ ਦਿਨਾਂ ਅੰਦਰ ਇਸ ਦੁਰਗਮ ਸਿਖ਼ਰ ਨੂੰ ਜਿੱਤਣ ਲਈ ਇੱਕ ਵੱਖਰਾ ਹੀ ਜਜ਼ਬਾ ਤੇ ਜਨੂੰਨ ਚਾਹੀਦਾ ਹੈ। ਅਤੇ ਅਸਲ ਵਿੱਚ ਅਜਿਹਾ ਕਰ ਕੇ ਈਸ਼ਾਨੀ ਸਾਵੰਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕਿਸੇ ਹੋਰ ਹੀ ਮਿੱਟੀ ਦੇ ਬਣੇ ਹੋਏ ਹਨ। ਇਸ ਤੋਂ ਇਲਾਵਾ ਇਸ ਸਮੁੱਚੀ ਪ੍ਰਕਿਰਿਆ ਵਿੱਚ ਉਹ ਪਰਬਤਾਰੋਹਣ ਦੇ ਖੇਤਰ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕਰਨ ਵਿੱਚ ਵੀ ਸਫ਼ਲ ਰਹੇ।

ਪੁਣੇ ਦੇ ਰਹਿਣ ਵਾਲੇ ਈਸ਼ਾਨੀ ਇੱਕ ਐਡਵੈਂਚਰ ਅਤੇ ਆਊਟਡੋਰ ਟੂਰ ਇੰਸਟਰੱਕਟਰ ਅਤੇ ਗਾਈਡ ਵਜੋਂ ਕੰਮ ਕਰ ਰਹੇ ਹਨ। ਪੁਣੇ ਲਾੱਅ ਕਾਲਜ 'ਚੋਂ ਕਾਨੂੰਨ ਦੇ ਗਰੈਜੂਏਟ ਈਸ਼ਾਨੀ ਨੇ ਅਰੰਭ ਵਿੱਚ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਰੇਕ ਸਨਿੱਚਰਵਾਰ ਅਤੇ ਐਤਵਾਰ ਨੂੰ ਯਾਤਰਾਵਾਂ ਤੋਂ ਸ਼ੁਰੂਆਤ ਕੀਤੀ ਅਤੇ ਇਸ ਵੇਲੇ ਉਹ ਲੋਕਾਂ ਨੂੰ ਵੱਖੋ-ਵੱਖਰੀਆਂ ਆਊਟਡੋਰ ਗਤੀਵਿਧੀਆਂ ਅਤੇ ਸਮਾਰੋਹਾਂ ਲਈ ਗਾਈਡ ਕਰਦੇ ਹਨ।

ਕੇਵਲ 13 ਸਾਲਾਂ ਦੀ ਉਮਰ 'ਚ ਹਿਮਾਲਾ ਖੇਤਰ ਦੀ ਇੱਕ ਯਾਤਰਾ ਦੌਰਾਨ ਹੀ ਈਸ਼ਾਨੀ ਨੂੰ ਪਹਾੜਾਂ ਨਾਲ ਜਿਵੇਂ ਪਿਆਰ ਹੋ ਗਿਆ ਸੀ। ਉਹ ਦਸਦੇ ਹਨ ਕਿ ਉਸ ਸਫ਼ਰ ਦੌਰਾਨ ਉਹ ਪਹਾੜੀ ਖ਼ੂਬਸੂਰਤੀ ਅਤੇ ਵਿਸ਼ਾਲਤਾ ਵੇਖ ਕੇ ਹੈਰਾਨ ਰਹਿ ਗਏ ਸਨ। ਉਨ੍ਹਾਂ ਆਪਣੇ ਖ਼ੁਦ ਦੇ ਕੈਮਰੇ ਨਾਲ ਇਸ ਸ਼ਕਤੀਸ਼ਾਲੀ ਪਰਬਤ ਲੜੀ ਦੀਆਂ ਤਸਵੀਰਾਂ ਖਿੱਚੀਆਂ। ਆਉਣ ਵਾਲੇ ਸਮੇਂ 'ਚ ਇਹੋ ਤਸਵੀਰਾਂ ਉਨ੍ਹਾਂ ਦੀਆਂ ਸਾਥੀ ਬਣੀਆਂ ਅਤੇ ਉਨ੍ਹਾਂ ਨੂੰ ਲਗਾਤਾਰ ਇਨ੍ਹਾਂ ਚਮਤਕਾਰੀ ਪਹਾੜੀਆਂ ਦੀ ਯਾਦ ਦਿਵਾਉਂਦੀਆਂ ਰਹੀਆਂ।

ਭਾਵੇਂ ਭਾਰਤ 'ਚ ਪਰਬਤਾਰੋਹਣ ਹਾਲੇ ਵੀ ਇੱਕ ਖੇਡ ਦੇ ਰੂਪ ਵਿੱਚ ਇੰਨਾ ਮਸ਼ਹੂਰ ਨਹੀਂ ਹੋ ਸਕਿਆ ਹੈ ਅਤੇ ਇਸ ਤੋਂ ਇਲਾ ਇਸ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਤਾਂ ਨਾ ਦੇ ਬਰਾਬਰ ਹੈ ਅਤੇ ਪਰਬਤਾਰੋਹਣ ਨੂੰ ਇੱਕ ਗੰਭੀਰ ਖੇਡ ਦੇ ਤੌਰ ਉੱਤੇ ਅਪਨਾਉਣ ਵਾਲੀਆਂ ਕੁੱਝ ਚੋਣਵੀਆਂ ਔਰਤਾਂ 'ਚ ਈਸ਼ਾਨੀ ਸਾਵੰਤ ਦਾ ਨਾਂਅ ਵੀ ਸ਼ਾਮਲ ਹੈ। ਇੱਕ ਟਰੇਨਰ ਦੇ ਤੌਰ ਉਤੇ ਲੋਕਾਂ ਨੂੰ ਆਊਟਡੋਰ ਖੇਡਾਂ ਲਈ ਸਿਖਲਾਈ ਦੇਣਾ ਉਨ੍ਹਾਂ ਅੰਦਰਲੀ ਇੱਕ ਸੁਭਾਵਕ ਪ੍ਰਕਿਰਿਆ ਹੈ। ਇਹ ਉਨ੍ਹਾਂ ਲਈ ਕੇਵਲ ਰੋਜ਼ਗਾਰ ਦਾ ਸਾਧਨ ਨਾ ਹੋ ਕੇ ਉਨ੍ਹਾਂ ਨੂੰ ਆਊਟਡੋਰ ਤੱਕ ਪਹੁੰਚਾਉਣ ਦਾ ਵਸੀਲਾ ਵੀ ਸਿੱਧ ਹੋਈ।

ਪਹਾੜ ਸਦਾ ਤੋਂ ਹੀ ਬਹੁਤ ਪ੍ਰੇਰਣਾਦਾਇਕ ਹੁੰਦੇ ਹਨ ਅਤੇ ਪਰਬਤਾਰੋਹਣ ਕਿਸੇ ਵੀ ਦੀਆਂ ਵੀ ਸਮਰੱਥਾਵਾਂ ਅਤੇ ਹੌਸਲੇ ਦਾ ਸੱਚਾ ਪਰੀਖਣ ਹੁੰਦਾ ਹੈ। ਉਹ ਦਸਦੇ ਹਨ ਕਿ ਹਰੇਕ ਚੜ੍ਹਾਈ ਨਾਲ ਤੁਸੀਂ ਆਪਣੇ ਆਪ ਨੂੰ ਅੱਗੇ ਵੱਲ ਧੱਕਣਾ ਹੁੰਦਾ ਹੈ। ਕਈ ਵਾਰ ਅਜਿਹੇ ਹਾਲਾਤ ਆ ਜਾਂਦੇ ਹਨ ਕਿ ਜਦੋਂ ਤੁਸੀਂ ਆਪਣਾ ਰਾਹ ਪੂਰਾ ਕਰਨ ਦੇ ਸਮਰੱਥ ਨਹੀਂ ਰਹਿੰਦੇ ਅਤੇ ਪੂਰੀ ਤਰ੍ਹਾਂ ਕੁਦਰਤ ਤੇ ਉਥੋਂ ਦੇ ਪੌਣ-ਪਾਣੀ ਦੇ ਹਾਲਾਤ ਉਤੇ ਨਿਰਭਰ ਹੁੰਦੇ ਹੋ। ਉਹ ਰਾਹ ਜਿੱਥੋਂ ਤੁਸੀਂ ਪਹਿਲਾਂ ਬਹੁਤ ਆਸਾਨੀ ਨਾਲ ਲੰਘ ਚੁੱਕੇ ਹੁੰਦੇ ਹੋ, ਉਹੀ ਤੁਹਾਡੇ ਲਈ ਬਹੁਤ ਦੁਰਗਮ ਹੋ ਜਾਂਦੇ ਹਨ। ਉਹ ਦਸਦੇ ਹਨ ਕਿ ਇਸ ਕੰਮ ਵਿੱਚ ਤੁਹਾਨੂੰ ਜ਼ਿਆਦਾਤਰ ਆਪਣੀਆਂ ਸਮਰੱਥਾਵਾਂ ਤੋਂ ਵੱਧ ਜੋਖਮ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਖ਼ੁਦ ਨੂੰ ਅੱਗੇ ਜਾਣ ਲਈ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਭਾਵੇਂ ਉਹ ਕਹਿੰਦੇ ਹਨ ਕਿ ਜਦੋਂ ਵੀ ਤੁਸੀਂ ਕੋਈ ਚੜ੍ਹਾਈ ਜਾਂ ਮਿਸ਼ਨ ਮੁਕੰਮਲ ਕਰ ਲੈਂਦੇ ਹੋ, ਤਾਂ ਤੁਹਾਨੂੰ ਮਿਲਣ ਵਾਲੀ ਤਸੱਲੀ ਤੇ ਸ਼ਾਂਤੀ ਦੀ ਭਾਵਨਾ ਦਾ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ।

ਈਸ਼ਾਨੀ ਅੱਗੇ ਦਸਦੇ ਹਨ ਕਿ ਪਰਬਤਾਰੋਹਣ ਤੁਹਾਨੂੰ ਧਿਆਨ ਕੇਂਦ੍ਰਿਤ ਕਰਨਾ ਅਤੇ ਨਿਮਰਤਾ ਸਿਖਾਉਂਦਾ ਹੈ। ਇੱਕ ਬਹੁਤ ਦੁਰਗਮ ਰਾਹ ਉੱਤੇ ਇੱਕ ਨਿੱਕੀ ਜਿਹੀ ਗ਼ਲਤੀ ਵੀ ਘਾਤਕ ਅਤੇ ਜਾਨਲੇਵਾ ਸਿੱਧ ਹੋ ਸਕਦੀ ਹੈ। ਇਸ ਲਈ ਜਦੋਂ ਵੀ ਤੁਸੀਂ ਕਿਸੇ ਪਰਬਤ ਦੀ ਚੜ੍ਹਾਈ ਕਰਨ ਜਾਓ, ਤਾਂ ਤੁਹਾਨੂੰ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ ਅਤੇ ਤੁਸੀਂ ਉਥੇ ਬਿਲਕੁਲ ਵੀ ਲਾਪਰਵਾਹ ਜਾਂ ਆਲਸੀ ਨਹੀਂ ਹੋ ਸਕਦੇ ਅਤੇ ਤੁਸੀਂ ਜਾਗਰੂਕ ਤੇ ਚੌਕਸ ਤਦ ਹੀ ਹੋ ਸਕਦੇ ਹੋ ਜਦੋਂ ਤੁਸੀਂ ਇਨ੍ਹਾਂ ਪਹਾੜਾਂ ਨੂੰ ਸਤਿਕਾਰ ਦੀ ਦ੍ਰਿਸ਼ਟੀ ਨਾਲ ਵੇਖੋਂ। ਈਸ਼ਾਨੀ ਦਸਦੇ ਹਨ,''ਇਨ੍ਹਾਂ ਪਹਾੜਾਂ ਉਤੇ ਮੀਟਿੰਗਾਂ, ਨਿਯੁਕਤੀਆਂ ਜਾਂ ਸਮਾਂ ਸੀਮਾ ਦਾ ਕੋਈ ਦਬਾਅ ਨਹੀਂ ਹੁੰਦਾ। ਇੱਥੇ ਕੇਵਲ ਦੋ ਹੀ ਚੀਜ਼ਾਂ ਦਾ ਅਰਥ ਹੁੰਦਾ ਹੈ ਅਤੇ ਉਹ ਹੈ ਤੁਸੀਂ ਅਤੇ ਇਹ ਖ਼ੂਬਸੂਰਤ ਪਹਾੜ।''

ਈਸ਼ਾਨੀ ਲਈ ਮੁਢਲੇ ਦੌਰ ਵਿੱਚ ਪਰਬਤਾਰੋਹਣ ਦੇ ਖੇਤਰ ਵਿੱਚ ਆਪਣੇ ਪੈਰ ਜਮਾਉਣਾ ਬਹੁਤ ਔਖੀ ਚੁਣੌਤੀ ਸਿੱਧ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਲੜਕੀ ਦਾ ਪਰਬਤਾਰੋਹਣ ਵਿੱਚ ਹੱਥ ਅਜ਼ਮਾਉਣ ਦਾ ਵਿਚਾਰ ਉਨ੍ਹਾਂ ਦੇ ਪਰਿਵਾਰ ਨੂੰ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੂੰ ਸਹਿਮਤ ਕਰਨ ਵਿੱਚ ਕੁੱਝ ਸਮਾਂ ਲੱਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਦੌਰਾਨ ਪਹਿਲਾਂ ਤੋਂ ਹੀ ਇਸ ਖੇਤਰ ਵਿੱਚ ਕੰਮ ਕਰ ਰਹੇ ਕੁੱਝ ਅਜਿਹੇ ਮਰਦਾਂ ਦਾ ਵੀ ਸਾਹਮਣਾ ਕਰਨਾ ਪਿਆ, ਜੋ ਉਨ੍ਹਾਂ ਨੂੰ ਜਾਣਬੁੱਝ ਕੇ ਅੱਖੋਂ ਪ੍ਰੋਖੇ ਕਰਦੇ ਸਨ।

ਈਸ਼ਾਨੀ ਦਸਦੇ ਹਨ,''ਪਰਬਤਾਰੋਹਣ ਦੇ ਖੇਤਰ ਵਿੱਚ ਸਰਗਰਮ ਔਰਤਾਂ ਇੰਨੀਆਂ ਘੱਟ ਹਨ ਕਿ ਤੁਸੀਂ ਉਨ੍ਹਾਂ ਦੀ ਗਿਣਤੀ ਆਪਣੀਆਂ ਉਂਗਲ਼ਾਂ ਉੱਤੇ ਆਸਾਨੀ ਨਾਲ ਕਰ ਸਕਦੇ ਹੋ। ਅਰੰਭ ਵਿੱਚ ਮਰਦ ਪਰਬਤਾਰੋਹੀ ਮੇਰੇ ਉਤੇ ਭਰੋਸਾ ਕਰਨ ਲਈ ਤਿਆਰ ਹੀ ਨਹੀਂ ਸਨ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਇਸੇ ਵਿਵਹਾਰ ਕਾਰਣ ਜ਼ਿਆਦਾਤਰ ਔਰਤਾਂ ਇਸ ਖੇਤਰ 'ਚ ਆਉਣ ਤੋਂ ਝਿਜਕਦੀਆਂ ਹਨ। ਭਾਵੇਂ ਮੇਰੀ ਸਿਖਲਾਈ ਜਿਹੜੇ ਮਰਦਾਂ ਨਾਲ ਹੋਈ ਸੀ, ਉਹ ਬਹੁਤ ਮਦਦਗਾਰ ਸਨ ਅਤੇ ਮੈਨੂੰ ਕੁੜੀ ਹੋਣ ਕਾਰਣ ਕੋਈ ਵਿਸ਼ੇਸ਼ ਅਧਿਕਾਰ ਹਾਸਲ ਨਹੀਂ ਸੀ। ਜੇ ਉਹ 50 ਪੁਲਅਪ ਲਾਉਂਦੇ, ਤਾਂ ਮੈਂ ਵੀ ਉਨ੍ਹਾਂ ਦੀ ਬਰਾਬਰੀ ਕਰਦੀ।''

ਇਸ ਸਭ ਦੇ ਬਾਵਜੂਦ ਈਸ਼ਾਨੀ ਅੱਗੇ ਵਧਣ ਵਿੱਚ ਸਫ਼ਲ ਰਹੇ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਦ੍ਰਿੜ੍ਹ ਨਿਸ਼ਚੇ ਨੇ ਲੋਕਾਂ ਦੀ ਬੋਲਤੀ ਬੰਦ ਕਰਦਿਆਂ ਉਨ੍ਹਾਂ ਪ੍ਰਤੀ ਲੋਕਾਂ ਦੀ ਸੋਚ ਨੂੰ ਬਦਲਿਆ। 18 ਸਾਲ ਦੀ ਹੋਣ ਉੱਤੇ ਈਸ਼ਾਨੀ ਨੇ ਹਿਮਾਲਿਅਨ ਮਾਊਂਟੇਨੀਅਰਿੰਗ ਇੰਸਟੀਚਿਊਟ ਵਿੱਚ ਸਿਖਲਾਈ ਲਈ ਦਾਖ਼ਲਾ ਲਿਆ ਅਤੇ ਇੱਥੇ ਆਪਣੀ ਤਕਨੀਕੀ ਕੁਸ਼ਲਤਾ ਨੂੰ ਨਿਖਾਰਿਆ ਅਤੇ ਸੁਆਰਿਆ।

ਇਸ ਤੋਂ ਇਲਾਵਾ ਈਸ਼ਾਨੀ ਨੇ ਚੱਟਾਨਾਂ ਉਤੇ ਚੜ੍ਹਨ ਅਤੇ ਹੋਰ ਐਡਵੈਂਚਰ ਸਪੋਰਟਸ ਵਿੱਚ ਵੀ ਪੇਸ਼ੇਵਰ ਸਿਖਲਾਈ ਲਈ ਅਤੇ ਇਸੇ ਕਾਰਣ ਉਹ ਹੋਰਨਾਂ ਤੋਂ ਅੱਗੇ ਰਹਿਣ ਵਿੱਚ ਸਫ਼ਲ ਰਹਿੰਦੇ ਹਨ। ਬੀਤੇ ਵਰ੍ਹਿਆਂ ਦੌਰਾਨ ਉਨ੍ਹਾਂ ਨੇ ਭਾਰਤ ਦੇ ਉਤਰੀ ਭਾਗਾਂ ਵਿੱਚ ਕਈ ਮੁਹਿੰਮਾਂ ਦੀ ਸਫ਼ਲ ਅਗਵਾਈ ਕੀਤੀ ਹੈ ਅਤੇ ਇਸ ਖੇਤਰ ਵਿੱਚ ਸਥਿਤ ਰਸਤਿਆਂ ਅਤੇ ਕੈਂਪਾਂ ਵਿੱਚ ਕਈ ਸਥਾਨਕ ਟੀਮਾਂ ਨੂੰ ਲੈ ਕੇ ਗਏ ਹਨ।

ਇਹ ਬਿਹਤਰੀਨ ਪਹਾੜੀਆਂ ਈਸ਼ਾਨੀ ਲਈ ਇੱਕ ਅਧਿਆਪਕ ਦੀ ਭੂਮਿਕਾ ਨਿਭਾਉਂਦੀਆਂ ਆਈਆਂ ਹਨ ਅਤੇ ਇਨ੍ਹਾਂ ਨੇ ਹੀ ਈਸ਼ਾਨੀ ਨੂੰ ਸਿਖਾਇਆ ਹੈ ਕਿ ਕੁਦਰਤ ਇੱਕ ਪਾਸੇ ਤਾਂ ਬਹੁਤ ਉਦਾਰ ਦਾਤੀ ਹੈ ਪਰ ਉਹ ਬਹੁਤ ਆਸਾਨੀ ਨਾਲ ਆਪਣਾ ਵਿਰਾਟ ਰੂਪ ਵਿਖਾ ਸਕਦੀ ਹੈ। ਈਸ਼ਾਨੀ ਨੂੰ ਇਸੇ ਸਿੱਖਿਆ ਨਾਲ ਸਬੰਧਤ ਇੱਕ ਸਬਕ ਬਹੁਤ ਚੰਗੀ ਤਰ੍ਹਾਂ ਚੇਤੇ ਹੈ - ਸਾਲ 2014 'ਚ ਉਤਰਾਖੰਡ ਵਿੱਚ ਆਇਆ ਤਬਾਹਕੁੰਨ ਹੜ੍ਹ।

ਉਸ ਵੇਲੇ ਉਨ੍ਹਾਂ ਨੇ ਉੱਤਰਕਾਸ਼ੀ 'ਚ ਆਪਣੀ ਯਾਤਰਾ ਅਰੰਭ ਕੀਤੀ ਸੀ ਅਤੇ ਉਨ੍ਹਾਂ ਦਾ ਸਮੂਹ ਇੱਕ ਪਰਬਤਾਰੋਹਣ ਮੁਹਿੰਮ ਨੂੰ ਅਰੰਭ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਮੰਦੇਭਾਗੀਂ ਚਾਰ ਦਿਨਾਂ ਤੱਕ ਲਗਾਤਾਰ ਮੋਹਲੇਧਾਰ ਵਰਖਾ ਹੁੰਦੀ ਰਹੀ ਅਤੇ ਉਹ ਲੋਕ ਚਾਰ ਦਿਨਾਂ ਤੱਕ ਭਿਆਨਕ ਹੜ੍ਹ ਵਿੱਚ ਹੀ ਫਸੇ ਰਹੇ। ਉਹ ਲੋਕ ਉਸ ਦੌਰਾਨ ਅਸਲ ਵਿੱਚ ਮੌਤ ਅਤੇ ਤਬਾਹੀ ਦੇ ਰਸਤਿਆਂ ਉਤੋਂ ਦੀ ਹੋ ਕੇ ਲੰਘੇ। ਈਸ਼ਾਨੀ ਦਸਦੇ ਹਨ,''ਉਸ ਦੌਰਾਨ ਸਾਡੇ ਕੋਲ ਨਾਸ਼ਤੇ ਵਿੱਚ ਲੈਣ ਲਈ ਕੇਵਲ ਕਾਲ਼ੀ ਚਾਹ ਹੁੰਦੀ ਸੀ ਅਤੇ ਰੋਟੀ ਨਾਲ ਖਾਣ ਲਈ ਉੱਬਲ਼ੇ ਹੋਏ ਆਲੂ। ਚਾਰੇ ਪਾਸੇ ਕੇਵਲ ਪਾਣੀ ਅਤੇ ਤਬਾਹੀ ਫੈਲੀ ਹੋਈ ਸੀ।''

ਕਈ ਵਾਰ ਅਜਿਹਾ ਵੀ ਸਮਾਂ ਆਇਆ, ਜਦੋਂ ਉਨ੍ਹਾਂ ਆਪਣੇ ਲਈ ਖ਼ੁਦ ਹੀ ਰਸਤੇ ਬਣਾਉਣੇ ਪਏ ਅਤੇ ਪਹਾੜਾਂ ਉਤੇ ਚੜ੍ਹਨਾ ਪਿਆ ਕਿਉਂਕਿ ਜਿਹੜੀਆਂ ਪਗਡੰਡੀਆਂ ਦੀ ਵਰਤੋਂ ਉਹ ਲੋਕ ਕਰਦੇ ਸਨ, ਉਹ ਨਸ਼ਟ ਹੋ ਗਈਆਂ ਸਨ। ਇਸ ਦੌਰਾਨ ਉਨ੍ਹਾਂ ਰਸਤੇ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਸੁੰਨਸਾਨ ਪਿੰਡ ਵੇਖੇ। ਉਨ੍ਹਾਂ ਕੋਲ ਸਿਰ ਲੁਕਾਉਣ ਲਈ ਵੀ ਕੋਈ ਸਾਧਨ ਨਹੀਂ ਸੀ। ਅਤੇ ਉਨ੍ਹਾਂ ਨੇ ਰਾਤਾਂ ਬਿਤਾਉਣ ਲਈ ਸਥਾਨਕ ਸਕੂਲਾਂ ਦੇ ਜਿੰਦਰੇ ਤੋੜ ਕੇ ਖ਼ੁਦ ਨੂੰ ਜਿਊਂਦਾ ਰੱਖਣ ਦਾ ਹਰ ਸੰਭਵ ਜਤਨ ਕੀਤਾ। ਈਸ਼ਾਨੀ ਚੇਤੇ ਕਰਦਿਆਂ ਦਸਦੇ ਹਨ,''ਉਸ ਵੇਲੇ ਕੁੱਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੀਏ ਅਤੇ ਸਾਡਾ ਮਨ, ਸਰੀਰ, ਦਿਲ ਤੇ ਇੱਥੋਂ ਤੱਕ ਕਿ ਜੁੱਤੀਆਂ ਦੇ ਤਲ਼ੇ ਵੀ ਬਿਲਕੁਲ ਫਟ ਚੁੱਕੇ ਸਨ।''

ਈਸ਼ਾਨੀ ਦਸਦੇ ਹਨ ਕਿ 'ਅਸੀਂ ਸਾਰੇ 'ਦਰੋਪਦੀ ਦਾ ਡੰਡਾ' ਨਾਂਅ ਦੀ ਚੋਟੀ ਦੇ ਬਹੁਤ ਨੇੜੇ ਹੁੰਦਿਆਂ ਵੀ ਉਥੇ ਪੁੱਜਣ ਤੋਂ ਨਾਕਾਮ ਰਹੇ ਸਾਂ।' ਇਸ ਦੀ ਥਾਂ ਉਨ੍ਹਾਂ ਨੂੰ ਸੋਮੋਰੀ ਝੀਲ ਐਡਵੈਂਚਰ ਉੱਤੇ ਜਾਣ ਦਾ ਫ਼ੈਸਲਾ ਕੀਤਾ।

ਇਹ ਯਾਤਰਾ ਮਨਾਲੀ ਤੋਂ ਲੇਹ ਦੇ ਆਮ ਰਸਤੇ ਉਤੇ ਨਾ ਹੋ ਕੇ ਲੇਹ ਤੋਂ ਮਨਾਲੀ ਦੀ ਸੀ। ਈਸ਼ਾਨੀ ਦਸਦੇ ਹਨ,''ਅਸੀਂ ਉਸ ਰਸਤੇ ਤੋਂ ਜਾ ਰਹੇ ਇੱਕ ਦੋਸਤ ਅਰਚਿਤ ਨੂੰ ਮਿਲੇ ਅਤੇ ਉਸ ਦੀ ਟੀਮ ਦਾ ਇੱਕ ਹਿੱਸਾ ਬਣ ਗਏ। ਅਸੀਂ ਜ਼ਰੂਰਤ ਦੇ ਸਾਰੇ ਉਪਕਰਣ, ਤੰਬੂ, ਕੱਪੜੇ, ਖਾਣ ਵਾਲੇ ਪਦਾਰਥ ਆਦਿ ਚੁੱਕੇ ਅਤੇ ਚੱਲ ਪਏ।'' ਉਸ ਦੌਰਾਨ ਉਨ੍ਹਾਂ ਨੇ ਨਾਸ਼ਤੇ ਵਿੱਚ ਕੇਵਲ ਇੱਕ ਚਾਹ, ਦੁਪਹਿਰ ਦੇ ਖਾਣੇ ਵਿੱਚ ਦੋ-ਦੋ ਕਾਜੂ, ਬਾਦਾਮ ਅਤੇ ਅਖਰੋਟ ਅਤੇ ਰਾਤ ਦੇ ਭੋਜਨ ਵਜੋਂ ਤੁਰੰਤ ਪੱਕਣ ਵਾਲੇ ਨੂਡਲਜ਼ ਜਾਂ ਪਾਸਤਾ ਮਿਲਦਾ ਸੀ। ਈਸ਼ਾਨੀ ਦਸਦੇ ਹਨ,''ਕਿਉਂਕਿ ਸਾਡੇ ਕੋਲ ਮੌਜੂਦ ਨਕਸ਼ੇ ਤਿੰਨ ਸਾਲ ਪੁਰਾਣੇ ਸਨ ਅਤੇ ਹੜ੍ਹਾਂ ਕਰ ਕੇ ਨਦੀਆਂ ਨੇ ਆਪਣੇ ਰਾਹ ਬਦਲ ਦਿੱਤੇ ਸਨ ਅਤੇ ਕਈ ਪਹਾੜ ਵੀ ਆਪਣੀ ਜਗ੍ਹਾ ਤੋਂ ਇੱਧਰ-ਉਧਰ ਹੋ ਚੁੱਕੇ ਸਨ ਅਤੇ ਹੁਣ ਵੀ ਹਰ ਹਫ਼ਤੇ ਉਥੇ ਜ਼ਮੀਨਾਂ ਖਿਸਕ ਰਹੀਆਂ ਸਨ; ਇਸ ਲਈ ਸਾਨੂੰ ਆਪਣੇ ਰਾਹ ਖ਼ੁਦ ਹੀ ਲੱਭਣੇ ਪਏ। ਇਹ ਅਸਲ ਵਿੱਚ ਹਿਮਾਲਾ ਦੀ ਸ਼ਕਤੀ ਹੈ ਅਤੇ ਇੱਥੇ ਅਜਿਹੀਆਂ ਘਟਨਾਵਾਂ ਕਦੇ ਵੀ ਵਾਪਰ ਸਕਦੀਆਂ ਹਨ। ਕਈ ਥਾਵਾਂ ਉਤੇ ਤਾਂ ਸਾਨੂੰ ਆਪਣੇ ਲਈ ਕੈਂਪ ਵੀ ਆਪੇ ਤਿਆਰ ਕਰਨੇ ਪਏ ਅਤੇ ਮੈਂ ਇਸ ਅਨੁਭਵ ਨੂੰ ਕਦੇ ਨਹੀਂ ਭੁਲਾ ਸਕਦੀ।''

ਈਸ਼ਾਨੀ ਸਾਵੰਤ ਨੇ ਪਿੱਛੇ ਜਿਹੇ ਸਿੱਕਿਮ 'ਚ ਆਯੋਜਿਤ ਚੱਟਾਨਾਂ ਉਤੇ ਚੜ੍ਹਨ ਦੇ ਓਪਨ ਰਾਸ਼ਟਰੀ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ ਅਤੇ ਉਹ ਆਪਣੇ ਭਵਿੱਖ ਦੀਆਂ ਗੰਭੀਰ ਮੁਹਿੰਮਾਂ ਲਈ ਇੱਕ ਪ੍ਰਾਯੋਜਕ ਭਾਵ ਸਪਾਂਸਰ ਦੀ ਭਾਲ ਵਿੱਚ ਲੱਗੇ ਹੋਏ ਹਨ।

ਲੇਖਕ: ਨਿਸ਼ਾਂਤ ਗੋਇਲ