ਫ਼ਲ-ਫਰੂਟ ਵੇਚਕੇ ਗੁਜ਼ਾਰਾ ਕਰਨ ਵਾਲੇ ਨੇ ਬਣਾਈ ਸੋਲਰ ਊਰਜਾ ਨਾਲ ਚੱਲਣ ਵਾਲੀ ਕਾਰ

ਫ਼ਲ-ਫਰੂਟ ਵੇਚਕੇ ਗੁਜ਼ਾਰਾ ਕਰਨ ਵਾਲੇ ਨੇ ਬਣਾਈ ਸੋਲਰ ਊਰਜਾ ਨਾਲ ਚੱਲਣ ਵਾਲੀ ਕਾਰ

Sunday December 18, 2016,

3 min Read

ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਨੂੰ ਆਪਣੀ ਪ੍ਰੇਰਨਾ ਮੰਨਣ ਵਾਲੇ ਬੰਗਲੁਰੂ ਦੇ ਸੱਜਾਦ ਅਹਿਮਦ ਨਵੀਂ ਦਿੱਲੀ ਦੇ ਆਈਆਈਟੀ ‘ਚ ਹੋਈ ਵਿਗਿਆਨ, ਤਕਨੀਕੀ ਅਤੇ ਸੰਨਤੀ ਐਕਸਪੋ ਵਿੱਚ ਆਪਣੀ ਕਾਢ ‘ਸੋਲਰ ਇਲੈਕਟ੍ਰਿਕ ਕਾਰ’ ਲੈ ਕੇ ਪੁੱਜੇ. ਉਨ੍ਹਾਂ ਨੇ ਆਪਣੀ ਕਾਰ ਉੱਥੇ ਮੌਜੂਦ ਹਰ ਵਿਅਕਤੀ ਨੂੰ ਵਿਖਾਈ. ਲੋਕਾਂ ਦੀ ਦਿਲਚਸਪੀ ਉਸ ਕਾਰ ਵਿੱਚ ਵਧ ਗਈ.

ਇੰਡੀਆ ਇੰਟਰਨੇਸ਼ਨਲ ਸਾਇੰਸ ਫੇਸਟੀਵਲ (ਆਈਆਈਐਸਐਫ) ਵਿੱਚ ਹਿੱਸਾ ਲੈਣ ਲਈ ਅਹਿਮਦ ਨੇ ਬੰਗਲੁਰੂ ਤੋਂ ਦਿੱਲੀ ਤਕ ਦਾ ਤਿੰਨ ਹਜ਼ਾਰ ਕਿਲੋਮੀਟਰ ਦਾ ਸਫ਼ਰ ਇਸੇ ਕਾਰ ਵਿੱਚ ਪੂਰਾ ਕੀਤਾ. ਇਹ ਯਾਤਰਾ ਔਖੀ ਸੀ. ਇਸ ਦੌਰਾਨ ਉਨ੍ਹਾਂ ਨੇ ਵਿੰਧਿਆਚਲ ਪਹਾੜਾਂ ਦੀ ਲੜੀ ਨੂੰ ਵੀ ਪਾਰ ਕੀਤਾ. ਇਸ ਯਾਤਰਾ ਵਿੱਚ ਉਨ੍ਹਾਂ ਨੂੰ ਇੱਕ ਮਹੀਨਾ ਲੱਗਾ.

image


ਉਨ੍ਹਾਂ ਦੀ ਇਹ ਕਾਰ ਸੋਲਰ ਊਰਜਾ ਨਾਲ ਚਲਦੀ ਹੈ. ਇਸ ਸੋਲਰ ਇਲੈਕਟ੍ਰਿਕ ਕਾਰ ਵਿੱਚ ਪੰਜ ਸੋਲਰ ਪੈਨਲ ਲੱਗੇ ਹੋਏ ਹਨ. ਇਨ੍ਹਾਂ ‘ਚੋਂ ਹਰ ਇੱਕ ਇੱਕ ਸੌ ਵਾੱਟ ਦਾ ਹੈ. ਇਨ੍ਹਾਂ ਪੈਨਲਾਂ ਦੇ ਨਾਲ ਛੇ ਬੈਟਰੀਆਂ ਜੁੜੀਆਂ ਹੋਈਆਂ ਹਨ. ਇਹ ਬੈਟਰੀਆਂ ਮੋਟਰ ਨੂੰ ਚਲਾਉਂਦਿਆਂ ਹਨ. ਉਹ ਫ਼ਖ਼ਰ ਮਹਿਸੂਸ ਕਰਦੇ ਹਨ ਕੇ ਉਨ੍ਹਾਂ ਦੀ ਕਾਰ ਨੇ ਇੰਨੇ ਲੰਮੀ ਯਾਤਰਾ ਦਾ ਟੇਸਟ ਪਾਸ ਕਰ ਲਿਆ. ਯਾਤਰਾ ਦੀ ਸ਼ੁਰੁਆਤ ਵਿੱਚ ਉਨ੍ਹਾਂ ਨੂੰ ਲੱਗਾ ਸੀ ਕੇ ਕਾਰ ਉੱਚਾਈ ‘ਤੇ ਨਹੀਂ ਚੜ ਸਕੇਗੀ. ਇਸ ਦੇ ਬਾਵਜੂਦ ਉਨ੍ਹਾਂ ਦੀ ਇਸ ਕਾਢ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਅਤੇ ਰਾਹ ਵਿੱਚ ਉਨ੍ਹਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ.

ਅਹਿਮਦ ਦਾ ਜਨਮ ਕਰਨਾਟਕ ਦੇ ਕੋਲਾਰ ਵਿੱਖੇ ਹੋਇਆ. ਉਨ੍ਹਾਂ ਨੂੰ 12ਵੀੰ ਜਮਾਤ ਵਿੱਚ ਹੀ ਪੜ੍ਹਾਈ ਛੱਡਣੀ ਪੈ ਗਈ ਸੀ. ਗੁਜਾਰੇ ਲਈ ਪਹਿਲਾਂ ਉਨ੍ਹਾਂ ਨੂੰ ਫਲ-ਫਰੂਟ ਵੇਚਣੇ ਪਏ. ਇਸ ਤੋਂ ਬਾਅਦ ਉਨ੍ਹਾਂ ਨੇ ਬਿਜਲੀ ਦਾ ਸਮਾਨ ਠੀਕ ਕਰਨ ਦਾ ਕੰਮ ਸ਼ੁਰੂ ਕੀਤਾ. ਉਹ ਰੇਡਿਉ, ਟੇਪ ਰਿਕਾਰਡ ਅਤੇ ਟੀਵੀ ਠੀਕ ਕਰਦੇ ਸਨ. ਬਾਅਦ ਵਿੱਚ ਉਨ੍ਹਾਂ ਨੇ ਕੰਪਿਉਟਰ ਠੀਕ ਕਰਨ ਦਾ ਕੰਮ ਕੀਤਾ. ਉਹ ਸਮਾਜ ਦੀ ਭਲਾਈ ਲੈ ਕੁਛ ਕਰਨਾ ਚਾਹੁੰਦੇ ਸਨ. ਇਸੇ ਸੋਚ ਨਾਲ ਉਨ੍ਹਾਂ ਨੇ ਕੋਈ ਵੱਡੀ ਕਾਢ ਕੱਢਣ ਦੀ ਸੋਚੀ.

image


ਉਨ੍ਹਾਂ ਦੱਸਿਆ-

“ਮੈਂ ਜਦੋਂ ਸਕੂਲ ਵਿੱਚ ਸੀ ਤਾਂ ਕੋਰਸ ਦੀ ਕਿਤਾਬਾਂ ਵਿੱਚ ਸਾਇਂਸਦਾਨਾਂ ਦੀ ਫੋਟੋ ਵੇਖ ਕੇ ਮੈਂ ਵੀ ਸਾਇਂਸਦਾਨ ਬਣਨਾਂ ਚਾਹੁੰਦਾ ਸੀ. ਪਰ ਘਰ ਦਾ ਖ਼ਰਚਾ ਚਲਾਉਣ ਲਈ ਮੈਨੂ 15 ਵਰ੍ਹੇ ਦੀ ਉਮਰ ਵਿੱਚ ਹੀ ਸਕੂਲ ਛੱਡਣਾ ਪਿਆ.

ਇਸ ਦੇ ਬਾਵਜੂਦ ਉਨ੍ਹਾਂ ਦੇ ਦਿਲ ਵਿੱਚ ਸਮਾਜ ਪ੍ਰਤੀ ਕੁਛ ਕਰਨ ਦੀ ਇੱਛਾ ਹਮੇਸ਼ਾ ਬਣੀ ਰਹੀ. ਪਰ ਇਸ ਦਾ ਮੌਕਾ ਉਨ੍ਹਾਂ ਨੂੰ ਸਾਲ 2002 ਦੇ ਦੌਰਾਨ ਮਿਲਿਆ. ਅਹਿਮਦ ਨੇ ਕਿਹਾ ਕੇ ਉਨ੍ਹਾਂ ਸੋਚਿਆ ਕੇ ਉਹ ਪੰਜਾਹ ਵਰ੍ਹੇ ਦੇ ਹੋ ਗਏ ਹਨ ਅਤੇ ਸ਼ਰੀਰਿਕ ਤੌਰ ‘ਤੇ ਕਮਜੋਰ ਹੋ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਕੁਛ ਕਰਨਾ ਚਾਹਿਦਾ ਹੈ.

ਉਨ੍ਹਾਂ ਦੁਪਹਿਆ ਗੱਡੀਆਂ ਵਿੱਚ ਕੁਛ ਇਸ ਤਰ੍ਹਾਂ ਦੇ ਬਦਲਾਵ ਕੀਤੇ ਕੇ ਉਹ ਬਿਜਲੀ ਨਾਲ ਚੱਲਣ ਲਾਇਕ ਹੋ ਗਏ. ਇਸ ਤੋਂ ਬਾਅਦ ਉਨ੍ਹਾਂ ਨੇ ਇਸੇ ਤਕਨੀਕ ਨਾਲ ਤਿੰਨ ਅਤੇ ਚਾਰ ਪਹਿਆ ਗੱਡੀਆਂ ਨੂੰ ਵੀ ਤਿਆਰ ਕੀਤਾ. ਇਸ ਖੋਜ ਲਈ ਉਨ੍ਹਾਂ ਨੂੰ ਕਰਨਾਟਕ ਸਰਕਾਰ ਵੱਲੋਂ ਪਰਿਯਾਵਾਰਨ ਬਚਾਉਣ ਲਈ ਡਾਕਟਰ ਕਲਾਮ ਸਨਮਾਨ ਵੀ ਦਿੱਤਾ ਗਿਆ.

image


ਅਹਿਮਦ ਹੁਣ ਤਕ ਦੇਸ਼ ਦੇ ਵੱਖ ਹਿੱਸਿਆਂ ਵਿੱਚ ਹੋਈਆਂ ਵਿਗਿਆਨ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਚੁੱਕੇ ਹਨ. ਉਨ੍ਹਾਂ ਕਿਹਾ ਕੇ ਉਹ ਇਸ ਕਾਰ ਰਾਹੀਂ ਇੱਕ ਲੱਖ ਦਸ ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰ ਚੁੱਕੇ ਹਨ. ਭਵਿੱਖ ‘ਚ ਵੀ ਉਹ ਸਾਇਂਸ ਨੂੰ ਵਧਾਵਾ ਦੇਣ ਲਈ ਇਸੇ ਕਾਰ ਰਾਹੀਂ ਯਾਤਰਾ ਕਰਦੇ ਰਹਿਣਗੇ. ਉਨ੍ਹਾਂ ਦੀ ਯਾਤਰਾ ਦੇ ਦੌਰਾਨ ਉਨ੍ਹਾਂ ਦੇ ਚਚੇਰੇ ਭਰਾ ਸਲੀਮ ਪਾਸ਼ਾ ਵੀ ਉਨ੍ਹਾਂ ਦੇ ਨਾਲ ਰਹਿੰਦੇ ਹਨ. ਸਲੀਮ ਪਾਸ਼ਾ ਇੱਕ ਕਾਰੋਬਾਰੀ ਹਨ ਅਤੇ ਰੇਸ਼ਮ ਦਾ ਕਾਰੋਬਾਰ ਕਰਦੇ ਹਨ.

ਅਹਿਮਦ ਦੀ ਇਸ ਯਾਤਰਾ ਦਾ ਟੀਚਾ ਸਾਫ਼ ਹੈ. ਉਹ ਡਾਕਟਰ ਕਲਾਮ ਦੇ 2020 ਲਈ ਵੇਖੇ ਗਏ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹਨ. ਉਨ੍ਹਾਂ ਦੀ ਇਹ ਯਾਤਰਾ ਲੋਕਾਂ ਨੂੰ ਨਵੀਆਂ ਖੋਜਾਂ ਵੱਲ ਪ੍ਰੇਰਿਤ ਕਰਨ ਲਈ ਹੈ.

ਲੇਖਕ: ਅਨਮੋਲ

ਅਨੁਵਾਦ: ਰਵੀ ਸ਼ਰਮਾ