ਉਦਾਸ, ਨਿਰਾਸ਼, ਹਾਰੇ ਲੋਕਾਂ ਦੀ ਮਦਦ ਨੇ ਮਾਲਤੀ ਨੂੰ ਬਣਾਇਆ ਵਿਸ਼ਵ-ਪ੍ਰਸਿੱਧ

ਉਦਾਸ, ਨਿਰਾਸ਼, ਹਾਰੇ ਲੋਕਾਂ ਦੀ ਮਦਦ ਨੇ ਮਾਲਤੀ ਨੂੰ ਬਣਾਇਆ ਵਿਸ਼ਵ-ਪ੍ਰਸਿੱਧ

Sunday November 08, 2015,

6 min Read

ਇਨਸਾਨ ਦੀ ਜ਼ਿੰਦਗੀ ਵਿੱਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਹਾਲਾਤ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਉਤਾਰ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਖ਼ੁਸ਼ੀ, ਤਰੱਕੀ, ਸੰਤੁਸ਼ਟੀ, ਕਾਮਯਾਬੀ ਲਈ ਜੱਦੋ-ਜਹਿਦ ਲੱਗੀ ਰਹਿੰਦੀ ਹੈ। ਪਰ ਕਈ ਲੋਕ ਜ਼ਿੰਦਗੀ ਦੇ ਸਫ਼ਰ ਵਿੱਚ ਲੱਗਣ ਵਾਲੇ ਕੁੱਝ ਝਟਕਿਆਂ ਨਾਲ ਟੁੱਟ ਜਾਂਦੇ ਹਨ। ਔਕੜਾਂ ਵਿੱਚ ਉਲਝ ਜਾਂਦੇ ਹਨ। ਇਨ੍ਹਾਂ ਲੋਕਾਂ ਨੂੰ ਅੱਗੇ ਦਾ ਰਸਤਾ ਆਸਾਨ ਨਹੀਂ ਦਿਸਦਾ। ਨਿਰਾਸ਼ਾ ਅਤੇ ਹਾਰ ਉਨ੍ਹਾਂ ਨੂੰ ਘੇਰ ਲੈਂਦੀਆਂ ਹਨ। ਲੋਕ ਆਪਣੇ ਹੀ ਬਣਾਏ ਬੰਧਨਾਂ ਵਿੱਚ ਫਸ ਕੇ ਰਹਿ ਜਾਂਦੇ ਹਨ। ਟੀਚਾ ਦੂਰ ਜਾਪਦਾ ਹੈ ਅਤੇ ਕਿਤੇ ਕੋਈ ਹੱਲ ਵਿਖਾਈ ਨਹੀਂ ਦਿੰਦਾ। ਪਰ ਜੇ ਅਜਿਹੀ ਹਾਲਤ ਵਿੱਚ ਜੇ ਕੋਈ ਯੋਗ ਅਤੇ ਤਜਰਬੇਕਾਰ ਗੁਰੂ ਮਿਲ ਜਾਵੇ, ਤਦ ਨਵੀਂ ਆਸ ਜਗਦੀ ਹੈ, ਹੌਸਲੇ ਮੁੜ ਬੁਲੰਦ ਹੋਣ ਲਗਦੇ ਹਨ। ਗੁਰੂ ਦੇ ਮਾਰਗ-ਦਰਸ਼ਨ ਨਾਲ ਜ਼ਿੰਦਗੀ ਨੂੰ ਇੱਕ ਨਵੀਂ ਦਸ਼ਾ ਤੇ ਦਿਸ਼ਾ ਮਿਲਦੀਆਂ ਹਨ। ਖ਼ਾਸ ਗੱਲ ਤਾਂ ਇਹ ਹੈ ਕਿ ਮੌਜੂਦਾ ਸਮੇਂ ਵਿੱਚ ਰਫ਼ਤਾਰ, ਚੁਣੌਤੀਆਂ ਅਤੇ ਮੁਕਾਬਲੇ ਨਾਲ ਭਰੀ ਜ਼ਿੰਦਗੀ ਵਿੱਚ ਯੋਗ ਅਤੇ ਸਹੀ ਗੁਰੂ ਦੀ ਜ਼ਰੂਰਤ ਬਹੁਤ ਵਧ ਗਈ ਹੈ।

image


ਮਾਲਤੀ ਭੋਜਵਾਨੀ ਇੱਕ ਅਜਿਹੇ ਹੀ ਗੁਰੂ ਦੀ ਭੂਮਿਕਾ ਨਿਭਾ ਰਹੇ ਹਨ। ਦੁਨੀਆਂ ਭਰ ਦੇ ਲੋਕ ਹੁਣ ਮਾਲਤੀ ਨੂੰ 'ਲਾਈਫ਼ ਕੋਚ' ਜਾਂ ਫਿਰ 'ਆੱਨਕੌਲੋਜਿਕਲ ਟਰੇਨਰ' ਦੇ ਨਾਂਅ ਨਾਲ ਜਾਣਦੇ ਹਨ। ਮਾਲਤੀ ਹਜ਼ਾਰਾਂ ਲੋਕਾਂ ਦੀ ਮਦਦ ਕਰ ਚੁੱਕੇ ਹਨ। ਉਨ੍ਹਾਂ ਦੀਆਂ ਕਿਤਾਬਾਂ ਵੀ ਲੋਕਾਂ ਵਿੱਚ ਕਾਫ਼ੀ ਹਰਮਨਪਿਆਰੀਆਂ ਹਨ। ਨਿਰਾਸ਼, ਉਦਾਸ, ਹਾਰੇ ਲੋਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਦਾ ਮਾਰਗ-ਦਰਸ਼ਨ ਕਰਨ ਤੋਂ ਇਲਾਵਾ ਮਾਲਤੀ ਇਨ੍ਹੀਂ ਦਿਨੀਂ ਕਈ ਇੱਛੁਕ ਲੋਕਾਂ ਨੂੰ ਗੁਰੂ-ਮੰਤਰ ਦਿੰਦੇ ਹੋਏ ਉਨ੍ਹਾਂ ਨੂੰ ਵੀ 'ਲਾਈਫ਼ ਕੋਚ' ਅਤੇ 'ਆੱਨਕੌਲੋਜਿਕਲ ਟਰੇਨਰ' ਬਣਾ ਰਹੇ ਹਨ।

ਤੁਹਾਨੂੰ ਸ਼ਾਇਦ ਇਹ ਜਾਣ ਕੇ ਥੋੜ੍ਹੀ ਹੈਰਾਨੀ ਹੋਵੇਗੀ ਕਿ ਬਹੁਤ ਔਖਿਆਈਆਂ ਦੇ ਦੌਰ ਵਿਚੋਂ ਲੰਘਦੇ ਸਮੇਂ ਹੀ ਮਾਲਤੀ ਨੇ ਔਕੜਾਂ ਨਾਲ ਦੋ-ਚਾਰ ਹੋ ਰਹੇ ਲੋਕਾਂ ਦੀ ਮਦਦ ਕਰਨ, ਉਨ੍ਹਾਂ ਦਾ ਹੌਸਲਾ ਵਧਾਉਣ, ਉਨ੍ਹਾਂ ਵਿੱਚ ਉਤਸ਼ਾਹ ਅਤੇ ਨਵੀਂ ਆਸ ਜਗਾਉਣ ਲਈ ਕੰਮ ਕਰਨ ਦਾ ਫ਼ੈਸਲਾ ਕੀਤਾ।

ਇਹ ਵੀ ਦਿਲਚਸਪ ਗੱਲ ਹੈ ਕਿ ਮਾਲਤੀ ਦੇ ਕੈਰੀਅਰ ਦੀ ਸ਼ੁਰੂਆਤ ਬਤੌਰ ਅਧਿਆਪਕਾ ਹੋਈ ਸੀ। ਮਾਲਤੀ ਨੇ ਇੰਡੋਨੇਸ਼ੀਆ ਦੇ ਇੱਕ ਸਕੂਲ ਵਿੱਚ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕੀਤੀ ਸੀ। ਫਿਰ ਕੁੱਝ ਦਿਨਾਂ ਬਾਅਦ ਮਾਲਤੀ ਲੇ ਫ਼ੈਸ਼ਨ ਡਿਜ਼ਾਇਨਿੰਗ ਸਿੱਖੀ ਅਤੇ ਹੀਰੇ-ਗਹਿਣਿਆਂ ਦੀਆਂ ਬਾਰੀਕੀਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਇਸ ਪੜ੍ਹਾਈ ਤੋਂ ਬਾਅਦ ਮਾਲਤੀ ਆਸਟਰੇਲੀਆ ਵਿੱਚ ਪਰਿਵਾਰ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ। ਜਿਵੇਂ ਕਿ ਆਮ ਤੌਰ ਉਤੇ ਹਰੇਕ ਭਾਰਤੀ ਪਰਿਵਾਰ ਵਿੱਚ ਹੁੰਦਾ ਹੈ, ਮਾਲਤੀ ਦਾ ਵੀ ਛੇਤੀ ਹੀ ਵਿਆਹ ਕਰ ਦਿੱਤਾ ਗਿਆ। ਵਿਆਹ ਸਮੇਂ ਮਾਲਤੀ ਨੇ ਸੁੰਦਰ, ਉਜਲ ਅਤੇ ਖ਼ੁਸ਼ੀਆਂ ਨਾਲ ਭਾਰੀ ਜ਼ਿੰਦਗੀ ਦੇ ਸੁਫ਼ਨੇ ਵੇਖੇ ਸਨ। ਉਨ੍ਹਾਂ ਨੂੰ ਆਸ ਸੀ ਕਿ ਉਹ ਅਤੇ ਉਨ੍ਹਾਂ ਦੇ ਪਤੀ ਮਿਲ ਕੇ ਸਾਰੇ ਸੁਫ਼ਨੇ ਸਾਕਾਰ ਕਰਨਗੇ। ਪਰ ਜਿਵੇਂ ਸੋਚਿਆ ਸੀ, ਉਂਝ ਨਾ ਹੋਇਆ। ਕੁੱਝ ਕਾਰਣਾਂ ਕਰ ਕੇ ਪਤੀ-ਪਤਨੀ ਦੇ ਰਿਸ਼ਤੇ ਵਿੱਚ ਤਰੇੜ ਪੈ ਗਈ। 26 ਸਾਲਾਂ ਦੀ ਉਮਰ ਵਿੱਚ ਹੀ ਮਾਲਤੀ ਆਪਣੇ ਪਤੀ ਤੋਂ ਵੱਖ ਹੋ ਗਏ।

ਸਭ ਕੁੱਝ ਅਚਾਨਕ ਬਦਲ ਗਿਆ। ਇੰਝ ਜਾਪਿਆ ਜਿਵੇਂ ਹਰ ਪਾਸੇ ਔਕੜਾਂ ਹੀ ਔਕੜਾਂ ਹਨ। ਆਪਣੀ ਇੱਕ ਧੀ ਨਾਲ ਮਾਲਤੀ ਜਿਵੇਂ ਅਲੱਗ-ਥਲੱਗ ਜਿਹੇ ਪੈ ਗਏ ਸਨ।

ਉਨ੍ਹਾਂ ਨੂੰ ਜ਼ਿੰਦਗੀ ਵਿੱਚ ਮੁੜ ਸ਼ਾਂਤੀ ਅਤੇ ਉਤਸ਼ਾਹ ਲਈ ਕੁੱਝ ਕਰਨ ਦੀ ਇੱਛਾ ਸਤਾਉਣ ਲੱਗੀ।

ਮਾਲਤੀ ਨੇ ਅਮਰੀਕਾ ਦੇ ਮਸ਼ਹੂਰ 'ਲਾਈਫ਼ ਕੋਚ' ਟੋਨੀ ਰੌਬਿਨਜ਼ ਦੇ ਸੈਮੀਨਾਰ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਇਸ ਸੈਮੀਨਾਰ ਤੋਂ ਮਾਲਤੀ ਨੇ ਆਪਣੇ ਦੁੱਖ-ਦਰਦ ਭੁਲਾਉਣ ਦੀ ਸ਼ੁਰੂਆਤ ਕੀਤੀ। ਮਾਲਤੀ ਹੁਣ ਹੌਲੀ-ਹੌਲੀ ਵਿਅਕਤੀਗਤ ਵਿਕਾਸ ਦੇ ਵੱਖੋ-ਵੱਖਰੇ ਪੱਖਾਂ ਨੂੰ ਸਮਝਣ ਲੱਗੇ ਸਨ। ਉਹ ਵਿਅਕਤੀਗਤ ਵਿਕਾਸ ਅਤੇ ਲੋਕਾਂ ਦੀ ਮਾਨਸਿਕ-ਮਨੋਵਿਗਿਆਨਕ ਪਰੇਸ਼ਾਨੀਆਂ ਨੂੰ ਸੁਲਝਾਉਣ ਦੇ ਢੰਗ-ਤਰੀਕਿਆਂ ਵਿੱਚ ਦਿਲਚਸਪੀ ਲੈਣ ਲੱਗੇ। ਉਨ੍ਹਾਂ ਨੇ ਇਨ੍ਹਾਂ ਵਿਸ਼ਿਆਂ ਉਤੇ ਆਪਣੀ ਖੋਜ ਅਰੰਭੀ। ਸਬੰਧਤ ਵਿਸ਼ਿਆਂ ਉਤੇ ਕੋਰਸ ਵੀ ਕੀਤੇ ਅਤੇ ਡਿਗਰੀਆਂ ਅਤੇ ਸਰਟੀਫ਼ਿਕੇਟ ਹਾਸਲ ਕੀਤੇ।

ਇਨ੍ਹਾਂ ਸਭ ਕਾਰਣਾਂ ਕਰ ਕੇ ਮਾਲਤੀ ਨੂੰ ਅਹਿਸਾਸ ਹੋ ਗਿਆ ਕਿ ਕੋਈ ਹੋਰ ਨਹੀਂ, ਸਗੋਂ ਉਹ ਖ਼ੁਦ ਹੀ ਆਪਣੀਆਂ ਸਮੱਸਿਆਵਾਂ ਨੂੰ ਸੁਲਝਾ ਸਕਦੇ ਹਨ। ਉਨ੍ਹਾਂ ਮਨ ਵਿੱਚ ਧਾਰ ਲਿਆ ਕਿ ਉਹ ਹੁਣ ਕਦੇ ਆਪਣੇ-ਆਪ ਨੂੰ 'ਪੀੜਤ' ਨਹੀਂ ਮੰਨਣਗੇ। ਕਦੇ ਹਾਲਾਤ ਸਾਹਮਣੇ ਝੁਕਣਗੇ ਨਹੀਂ। ਖ਼ੁਦ ਨੂੰ ਕਦੇ ਦੁਖੀ ਜਾਂ ਫਿਰ ਨਿਰਾਸ਼ ਨਹੀਂ ਹੋਣ ਦੇਣਗੇ ਅਤੇ ਨਾ ਹੀ ਆਪਣੇ-ਆਪ ਨੂੰ ਕਦੇ ਅਜਿਹਾ ਸਮਝਣਗੇ।

ਵਿਅਕਤੀਗਤ ਵਿਕਾਸ ਦੇ ਪਾਠਕ੍ਰਮਾਂ ਦੀਆਂ ਕਲਾਸਾਂ, ਸੈਮੀਨਾਰਾਂ ਵਿੱਚ ਭਾਗ ਲੈਣ ਅਤੇ ਵੱਡੇ-ਵੱਡੇ ਲਾਈਫ਼ ਕੋਚ ਦੇ ਭਾਸ਼ਣ ਅਤੇ ਵਿਆਖਿਆਨ ਸੁਣਨ ਤੋਂ ਬਾਅਦ ਮਾਲਤੀ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਤਬਦੀਲੀ ਆਈ। ਉਹ ਹੁਣ ਬਿਲਕੁਲ ਵੱਖਰੀ ਔਰਤ ਸਨ। ਉਨ੍ਹਾਂ ਦੇ ਜੀਵਨ ਵਿੱਚ ਨਵਾਂ ਉਤਸ਼ਾਹ ਸੀ, ਨਵੀਂਆਂ ਇੱਛਾਵਾਂ ਸਨ ਅਤੇ ਦੂਜਿਆਂ ਲਈ ਕੁੱਝ ਵਧੀਆ ਕਰਨ ਦੀ ਬਹੁਤ ਜ਼ਿਆਦਾ ਇੱਛਾ ਸੀ।

ਮਾਲਤੀ ਨੇ ਇੰਟਰਨੈਸ਼ਨਲ ਕੋਚ ਫ਼ੈਡਰੇਸ਼ਨ ਵਿੱਚ ਆਪਣਾ ਨਾਂਅ ਦਰਜ ਕਰਵਾਉਣ ਵਿੱਚ ਦੇਰੀ ਨਾ ਕੀਤੀ। ਫ਼ੈਡਰੇਸ਼ਨ ਤੋਂ ਲਾਈਫ਼ ਕੋਚ ਬਣਨ ਦੀ ਸਿਖਲਾਈ ਲਈ। ਇਸ ਤੋਂ ਬਾਅਦ ਮਾਲਤੀ ਨੇ ਪਿਛਾਂਹ ਮੁੜ ਕੇ ਨਹੀਂ ਤੱਕਿਆ।

ਉਂਝ ਸ਼ੁਰੂਆਤੀ ਤਿੰਨ ਵਰ੍ਹੇ ਚੁਣੌਤੀਆਂ ਭਰੇ ਸਨ। ਆਰਥਿਕ ਤੌਰ ਉਤੇ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ ਪਰ ਮਾਲਤੀ ਹੁਣ ਜੀਵਨ ਨੂੰ ਸਹੀ ਢੰਗ ਨਾਲ ਜਿਊਣ ਦੀ ਕਲਾ ਸਿੱਖ ਚੁੱਕੇ ਸਨ। ਉਨ੍ਹਾਂ ਹੁਣ ਹਾਰ ਨਹੀਂ ਮੰਨੀ ਅਤੇ ਲਗਾਤਾਰ ਅੱਗੇ ਵਧਦੇ ਗਏ। ਕੁੱਝ ਲੋਕਾਂ ਨੇ ਉਨ੍ਹਾਂ ਨੂੰ 'ਕੋਚ' ਦੀ ਭੂਮਿਕਾ ਛੱਡ ਕੇ ਨੌਕਰੀ ਕਰਨ ਦੀ ਸਲਾਹ ਦਿੱਤੀ ਸੀ ਪਰ ਕਿਉਂਕਿ ਮਾਲਤੀ ਇਰਾਦੇ ਦੇ ਪੱਕੇ ਸਨ ਅਤੇ ਟੀਚਾ ਤੈਅ ਸੀ, ਇਸੇ ਲਈ ਉਹ ਅੱਗੇ ਵਧਦੇ ਚਲੇ ਗਏ।

ਮਾਲਤੀ ਦੀ ਗਿਣਤੀ ਅੱਜ ਦੇਸ਼ ਦੇ ਸਭ ਤੋਂ ਹਰਮਨਪਿਆਰੇ ਅਤੇ ਕਾਮਯਾਬ 'ਲਾਈਫ਼ ਕੋਚਜ਼' ਵਿੱਚ ਹੁੰਦੀ ਹੈ।

ਮਾਲਤੀ ਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਲਾਈਫ਼ ਕੋਚ ਦੇ ਤੌਰ ਉਤੇ ਉਹ ਕਿਸੇ ਦੀ ਸਮੱਸਿਆ ਜਾਂ ਪਰੇਸ਼ਾਨੀ ਨੂੰ ਦੂਰ ਨਹੀਂ ਕਰ ਸਕਦੇ, ਸਗੋਂ ਉਸ ਨੂੰ ਦੂਰ ਕਰਨ ਲਈ ਜ਼ਰੂਰੀ ਪ੍ਰੇਰਣਾ ਅਤੇ ਉਤਸ਼ਾਹ ਦੇਣ ਅਤੇ ਰਸਤਾ ਵਿਖਾਉਣ ਦਾ ਕੰਮ ਕਰਦੀਆਂ ਹਨ।

ਇੱਕ ਦਹਾਕੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਮਾਲਤੀ ਨੂੰ 'ਲਾਈਫ਼ ਕੋਚ' ਬਣਿਆਂ। ਉਹ ਹੁਣ ਭਾਰਤ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਜਾ ਕੇ ਵੀ ਲੋਕਾਂ ਨੂੰ ਆਪਣੀ ਸਲਾਹ ਦੇ ਰਹੇ ਹਨ ਅਤੇ ਸਮੱਸਿਆਵਾਂ-ਪਰੇਸ਼ਾਨੀਆਂ ਤੋਂ ਬਾਹਰ ਨਿੱਕਲਣ ਦੇ ਰਾਹ ਦੱਸ ਰਹੇ ਹਨ।

ਇੱਕ ਕਾਮਯਾਬ ਲਾਈਫ਼ ਕੋਚ ਹੋਣ ਦੇ ਨਾਲ-ਨਾਲ ਮਾਲਤੀ ਅੱਜ ਇੱਕ ਸਫ਼ਲ ਉਦਮੀ ਵੀ ਹਨ। ਉਨ੍ਹਾਂ ਹੁਣ ਤੱਕ 500 ਤੋਂ ਵੱਧ ਲੋਕਾਂ ਨੂੰ ਸਿੱਖਿਅਤ ਕੀਤਾ ਹੈ ਅਤੇ ਨਵੇਂ-ਨਵੇਂ ਲੋਕਾਂ ਨੂੰ ਲਾਈਫ਼ ਕੋਚ ਬਣਾਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ।

ਆਪਣੇ 'ਮਲਟੀ ਕੋਚਿੰਗ ਇੰਟਰਨੈਸ਼ਨਲ' ਨਾਂਅ ਦੇ ਉਦਮ ਰਾਹੀਂ ਮਾਲਤੀ ਇਨ੍ਹੀਂ ਦਿਨੀ ਸਿਰਫ਼ ਇਕੱਲੇ ਵਿਅਕਤੀਆਂ ਨੂੰ ਹੀ ਨਹੀਂ, ਸਗੋਂ ਸਮੂਹ ਵਿੱਚ ਵੀ 'ਜੀਵਨ ਸਹੀ ਅਰਥਾਂ ਵਿੱਚ ਜਿਊਣ ਅਤੇ ਖ਼ੁਸ਼ ਰਹਿਣ' ਦੇ ਤਰੀਕੇ ਦੱਸ ਰਹੇ ਹਨ।

ਮਾਲਤੀ ਦੀ ਸਲਾਹ ਲੈਣ ਵਾਲੇ ਲੋਕਾਂ ਵਿੱਚ ਦੇਸ਼ ਦੀਆਂ ਕਈ ਪ੍ਰਸਿੱਧ ਹਸਤੀਆਂ ਤੋਂ ਇਲਾਵਾ ਦੁਨੀਆਂ ਦੀਆਂ ਕਈ ਮਸ਼ਹੂਰ ਕੰਪਨੀਆਂ ਸ਼ਾਮਲ ਹਨ। ਮਾਲਤੀ ਕਈ ਕਾਰਪੋਰੇਟ ਸੰਸਥਾਵਾਂ ਦੇ ਸਲਾਹਕਾਰ ਬਣ ਗਏ ਹਨ। ਉਨ੍ਹਾਂ ਦੇ ਸਿਖਲਾਈ ਪ੍ਰੋਗਰਾਮ ਹੁਣ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਹਨ।

ਉਹ ਇੰਟਰਨੈਟ ਉਤੇ ਆਪਣੀ ਵੈਬਸਾਈਟ ਅਤੇ ਯੂ-ਟਿਊਬ ਜਿਹੇ ਮੰਚਾਂ ਤੋਂ ਵੀ ਲੋਕਾਂ ਦੀ ਸਹਾਇਤਾ ਕਰ ਰਹੇ ਹਨ।

ਉਨ੍ਹਾਂ ਦੀਆਂ ਕਿਤਾਬਾਂ 'ਡੋਂਟ ਥਿੰਕ ਆੱਫ਼ ਏ ਬਲੂ ਬਾੱਲ' ਅਤੇ 'ਥੈਂਕਫ਼ੁਲਨੈਸ ਐਪਰੀਸੀਏਸ਼ਨ ਗਰੈਟੀਚਿਊਡ' ਦੁਨੀਆਂ ਭਰ ਵਿੱਚ ਪੜ੍ਹੀਆਂ ਰਹੀਆਂ ਹਨ।

ਆਪਣੇ ਤਜਰਬੇ ਦੇ ਆਧਾਰ ਉਤੇ ਲਿਖਿਆ ਲੇਖ 'ਸੈਵਨ ਰੀਕਵਰੀ ਸਟੈਪਸ ਟੂ ਗੈਟ ਓਵਰ ਬ੍ਰੇਕ ਅਪ' ਵੀ ਲੋਕਾਂ ਨੂੰ ਸਿੱਖਿਆ ਦੇਣ ਵਾਲਾ ਹੈ।

ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ ਮਾਲਤੀ ਦਾ ਨਵਾਂ ਫ਼ੈਸਲਾ ਹੈ ਕਿ ਉਹ ਹਣ ਔਰਤਾਂ ਵੱਲ ਵੱਧ ਧਿਆਨ ਦੇਣਗੇ।

ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਮਾਲਤੀ ਦੀ ਯਾਤਰਾ ਤੋਂ ਵੀ ਲੋਕ ਬਹੁਤ ਕੁੱਝ ਆਪਣੇ-ਆਪ ਸਿੱਖ ਸਕਦੇ ਹਨ। ਮਾਲਤੀ ਨੇ ਵਿਅਕਤੀਗਤ ਵਿਕਾਸ ਲਈ ਅਨੋਖੇ ਅਤੇ ਸਫ਼ਲ ਟਰੇਨਿੰਗ ਪ੍ਰੋਗਰਾਮ ਅਤੇ ਉਨ੍ਹਾਂ ਦੇ ਤੌਰ-ਤਰੀਕੇ ਈਜਾਦ ਕੀਤੇ ਹਨ। ਇਨ੍ਹਾਂ ਪ੍ਰੋਗਰਾਮਾਂ ਦਾ ਮੂਲ ਮੰਤਵ ਲੋਕਾਂ ਨੂੰ ਉਨ੍ਹਾਂ ਦੇ ਵਿਅਕਤੀਗਤ ਟੀਚਿਆਂ ਦਾ ਨਿਰਧਾਰਣ ਕਰਨ ਅਤੇ ਫਿਰ ਉਨ੍ਹਾਂ ਨੂੰ ਹਾਸਲ ਕਰਨ ਵਿੱਚ ਉਨ੍ਹਾਂ ਦੀ ਮੰਤਵ ਕਰਨਾ ਹੈ।

ਇੱਕ ਸਮੇਂ ਹਾਲਾਤ ਅੱਗੇ ਝੁਕਣ ਵਾਲੀ ਇਸ ਮਹਿਲਾ ਨੇ ਕਿਵੇਂ ਖ਼ੁਦ ਨੂੰ ਪਰੇਸ਼ਾਨੀਆਂ 'ਚੋਂ ਬਾਹਰ ਕੱਢਿਆ ਅਤੇ ਕਿਸ ਤਰ੍ਹਾਂ ਦੂਜਿਆਂ ਨੂੰ ਪਰੇਸ਼ਾਨੀਆਂ ਤੋਂ ਨਿਜਾਤ ਦਿਵਾਉਣ ਵਿੱਚ ਸਹਾਇਕ ਬਣੇ, ਸੱਚਮੁਚ ਕਾਮਯਾਬੀ ਦੀ ਇੱਕ ਵਧੀਆ ਮਿਸਾਲ ਹੈ।

22 ਸਾਲਾਂ ਦੀ ਆਪਣੀ ਧੀ ਤੋਂ ਵੀ ਪ੍ਰੇਰਣਾ ਲੈਣ ਵਾਲੇ ਮਾਲਤੀ ਜ਼ਿੰਦਗੀ ਵਿੱਚ ਖ਼ੁਸ਼ ਅਤੇ ਸੰਤੁਸ਼ਟ ਰਹਿਣ ਵਿੱਚ ਲੋਕਾਂ ਦੀ ਮਦਦ ਕਰਦਿਆਂ ਇਨ੍ਹੀਂ ਦਿਨੀਂ ਦੁਨੀਆਂ ਭਰ ਵਿੱਚ ਖ਼ੂਬ ਨਾਂਅ ਕਮਾ ਰਹੇ ਹਨ।