ਬਾਗ਼ੀ ਸੁਭਾਅ, ਖੁੱਲ੍ਹੇ ਵਿਚਾਰ ਪਰ 'ਸਪਨਾ ਭਾਵਨਾਨੀ' ਦਾ ਦਿਲ ਹੈ ਕੋਮਲ

0

ਹੋਰਨਾਂ ਤੋਂ ਵੱਖ ਦਿਸਣਾ, ਕੀ ਖ਼ੂਬਸੂਰਤੀ ਹੈ। ਛੋਟੇ ਵਾਲ, ਸਰੀਰ ਉਤੇ ਟੈਟੂ ਸਪਨਾ ਭਾਵਨਾਨੀ ਦੀ ਪਛਾਣ ਵੀ ਇਹੋ ਹੈ ਅਤੇ ਇਹੋ ਚੀਜ਼ ਉਨ੍ਹਾਂ ਨੂੰ ਹੋਰਨਾਂ ਤੋਂ ਵੱਖ ਅਤੇ ਸੁੰਦਰ ਬਣਾਉਂਦੀ ਹੈ। ਸਪਨਾ ਹਸਮੁਖ, ਪ੍ਰਤਿਭਾਸ਼ਾਲੀ, ਦੂਜਿਆਂ ਤੋਂ ਵਿਲੱਖਣ ਹਨ; ਉਨ੍ਹਾਂ ਦਾ ਵਰਣਨ ਕਰਨ ਲਈ ਕੋਈ ਇੱਕ ਸ਼ਬਦ ਨਹੀਂ ਹੈ। ਸਪਨਾ ਨੇ ਤੀਜੀ ਕਲਾਸ ਤੱਕ ਆਪਣੀ ਪੜ੍ਹਾਈ ਮੁੰਬਈ ਦੇ ਬ੍ਰੀਚ ਕੈਂਡੀ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹ ਬਾਂਦਰਾ 'ਚ ਰਹਿਣ ਲਈ ਆ ਗਏ। ਸਪਨਾ ਦਾ ਕਹਿਣਾ ਹੈ ਕਿ 1970ਵਿਆਂ ਦੇ ਦਹਾਕਿਆਂ ਵਿੱਚ ਬਾਂਦਰਾ ਕਾਫ਼ੀ ਵਧੀਆ ਸਥਾਨ ਸੀ ਅਤੇ ਉਹ ਇੱਥੇ ਰਹਿ ਕੇ ਹੀ ਵੱਡੇ ਹੋਏ। ਪੁਰਾਣੀਆਂ ਯਾਦਾਂ ਵਿੱਚ ਗੁਆਚਦਿਆਂ ਉਹ ਦਸਦੇ ਹਨ ਕਿ ਇੱਥੋਂ ਦੀਆਂ ਗਲ਼ੀਆਂ ਵਿੱਚ ਸਾਇਕਲਾਂ ਉਤੇ ਉਹ ਘੁੰਮਦੇ ਰਹੇ ਹਨ।

ਸਪਨਾ ਬਚਪਨ ਤੋਂ ਹੀ ਆਜ਼ਾਦ ਵਿਚਾਰਾਂ ਵਾਲੇ ਸਨ। ਉਹ ਆਪਣੇ ਵਾਲ ਛੋਟੇ ਰਖਦੇ ਸਨ, ਸ਼ਾਰਟ ਸਰਕਟ ਪਹਿਨਦੇ ਸਨ, ਸਿਗਰੇਟ ਪੀਂਦੇ ਸਨ ਅਤੇ ਉਨ੍ਹਾਂ ਨੂੰ ਲੜਕਿਆਂ ਨਾਲ ਦੋਸਤੀ ਵੱਧ ਪਸੰਦ ਸੀ। ਉਹ ਅਜਿਹਾ ਕੁੱਝ ਕਰਦੇ ਸਨ, ਜੋ ਹੋਰ ਲੋਕ ਕਰਨ ਦੀ ਹਿੰਮਤ ਵੀ ਨਹੀਂ ਕਰ ਪਾਉਂਦੇ। ਇਹੋ ਉਨ੍ਹਾਂ ਦੀ ਯਾਤਰਾ ਦੀ ਸ਼ੁਰੂਆਤ ਸੀ, ਜਦੋਂ ਉਨ੍ਹਾਂ ਆਪਣੇ-ਆਪ ਨੂੰ ਤਲਾਸ਼ਣਾ ਸ਼ੁਰੂ ਕੀਤਾ। ਉਨ੍ਹਾਂ ਦੁਨੀਆਂ ਦੀ ਪਰਵਾਹ ਕੀਤੇ ਬਗ਼ੈਰ ਆਪਣੇ ਵਿਅਕਤੀਗਤ ਵਿਕਾਸ ਉਤੇ ਧਿਆਨ ਦਿੱਤਾ। ਲੜਕੀਆਂ ਦੇ ਸਕੂਲ ਵਿੱਚ ਪੜ੍ਹਨ ਵਾਲੀ ਸਪਨਾ ਦੀ ਲੜਕਿਆਂ ਨਾਲ ਕਾਫ਼ੀ ਡੂੰਘੀ ਦੋਸਤੀ ਸੀ, ਉਹ ਦਸਦੇ ਹਨ ਕਿ ਲੜਕਿਆਂ ਨੇ ਉਨ੍ਹਾਂ ਨੂੰ ਮੋਟਰਸਾਇਕਲ ਚਲਾਉਣਾ ਸਿਖਾਇਆ। ਜਿਸ ਕਾਰਣ ਉਹ ਆਪਣੇ-ਆਪ ਨੂੰ ਬਿਹਤਰ ਤਰੀਕੇ ਨਾਲ ਜਾਣ ਸਕੇ।

ਸਪਨਾ ਦਾ ਕਹਿਣਾ ਹੈ ਕਿ ਜ਼ਿੰਦਗੀ ਕੁੱਝ ਨਹੀਂ ਸਿਰਫ਼ ਇੱਕ ਕਹਾਣੀ ਹੈ। ਉਹ ਆਪਣੀ ਦਾਦੀ ਤੋਂ ਬਹੁਤ ਪ੍ਰਭਾਵਿਤ ਸਨ, ਜਿਨ੍ਹਾਂ ਨੇ ਕਹਾਣੀ ਦੇ ਮਹੱਤਵ ਉਤੇ ਜ਼ੋਰ ਦਿੱਤਾ। ਉਹ ਅਕਸਰ ਸਪਨਾ ਨੂੰ ਕਹਾਣੀਆਂ ਸੁਣਾਇਆ ਕਰਦੇ ਸਨ। ਭਾਵੇਂ ਸਪਨਾ ਇਹ ਨਹੀਂ ਜਾਣਦੇ ਸਨ ਕਿ ਉਹ ਸੱਚੀਆਂ ਕਹਾਣੀਆਂ ਸਨ ਵੀ ਜਾਂ ਨਹੀਂ, ਪਰ ਉਹ ਕਾਫ਼ੀ ਅਦਭੁਤ ਹੁੰਦੀਆਂ ਸਨ। ਉਨ੍ਹਾਂ ਵਿਚੋਂ ਕਈ ਕਹਾਣੀਆਂ ਅੱਜ ਤੱਕ ਉਨ੍ਹਾਂ ਨੂੰ ਚੇਤੇ ਹਨ। ਸਪਨਾ ਦਸਦੇ ਹਨ ਕਿ ਉਨ੍ਹਾਂ ਦੀ ਦਾਦੀ ਕਿਹਾ ਕਰਦੀ ਸੀ;; ਜੇ ਕਦੇ ਤੂੰ ਮਾਂ ਬਣਨਾ ਚਾਹੇਂਗੀ, ਤਾਂ ਤੇਰੇ ਕੋਲ ਸੁਣਾਉਣ ਲਈ ਬਹੁਤ ਸਾਰੀਆਂ ਕਹਾਣੀਆਂ ਹੋਣੀਆਂ ਚਾਹੀਦੀਆਂ ਹਨ। ਉਹ ਜੋ ਵੀ ਦਸਦੇ ਸਨ, ਉਹ ਕਾਫ਼ੀ ਨਾਟਕੀ ਅਤੇ ਰੋਮਾਂਚਕ ਹੁੰਦਾ ਸੀ। ਉਹ ਆਪਣੀ ਜ਼ਿੰਦਗੀ ਨੂੰ ਇੱਕ ਮਜ਼ੇਦਾਰ ਕਹਾਣੀ ਵਿੱਚ ਬਦਲਣਾ ਚਾਹੁੰਦੇ ਸਨ ਅਤੇ ਉਸੇ ਦਾ ਅੰਸ਼ ਅੱਜ ਸਪਨਾ ਦੀ ਜ਼ਿੰਦਗੀ ਵਿੱਚ ਵੀ ਵਿਖਾਈ ਦਿੰਦਾ ਹੈ। ਸਪਨਾ ਦੇ ਸਰੀਰ ਉਤੇ ਬਣੇ ਟੈਟੂ ਖ਼ੁਦ ਕਹਾਣੀ ਬਿਆਨ ਕਰਦੇ ਹਨ।

ਸਪਨਾ ਦੀ ਜ਼ਿੰਦਗੀ ਵਿੱਚ ਉਦੋਂ ਅਚਾਨਕ ਮੋੜ ਆਇਆ, ਜਦੋਂ 1989 ਵਿੱਚ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਸਪਨਾ ਨੂੰ ਉਨ੍ਹਾਂ ਦੀ ਆਂਟੀ ਕੋਲ ਰਹਿਣ ਲਈ ਅਮਰੀਕਾ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੀ ਮਾਂ ਲਈ ਆਪਣੇ ਕੁੱਝ ਜ਼ਿੱਦੀ ਸੁਭਾਅ ਵਾਲੇ ਬੱਚੇ ਨੂੰ ਸੰਭਾਲਣਾ ਅਤੇ ਉਸ ਨੂੰ ਵੱਡਾ ਕਰਨਾ ਬਹੁਤ ਔਖਾ ਸੀ। ਇਸ ਲਈ ਲੋਕਾਂ ਨੇ ਵੀ ਮੰਨ ਲਿਆ ਕਿ 14 ਸਾਲਾਂ ਤੱਕ ਅਮਰੀਕਾ ਵਿੱਚ ਰਹਿਣ ਕਾਰਣ ਉਹ ਆਜ਼ਾਦ ਵਿਚਾਰਾਂ ਦੇ ਹੋ ਗਏ ਹਨ। ਜਦ ਕਿ ਇਹ ਅਸਲ ਸੱਚਾਈ ਨਹੀਂ ਸੀ। ਸਪਨਾ ਦਸਦੇ ਹਨ ਕਿ ਉਹ ਸ਼ਿਕਾਗੋ 'ਚ ਰਹੇ, ਜਿੱਥੇ ਉਨ੍ਹਾਂ ਦਾ ਸਾਹਮਣਾ ਕਈ ਨਵੀਆਂ-ਨਵੀਆਂ ਚੀਜ਼ਾਂ ਨਾਲ ਹੋਇਆ ਪਰ ਉਨ੍ਹਾਂ ਵਿੱਚ ਕੋਈ ਤਬਦੀਲੀ ਨਹੀਂ ਆਈ। ਬੇਚੈਨ ਅਤੇ ਬੇਫ਼ਿਕਰ ਰਹਿਣ ਵਾਲੀ ਸਪਨਾ ਨੇ ਉਥੇ ਫ਼ੈਸ਼ਨ ਦੀ ਪੜ੍ਹਾਈ ਕੀਤੀ ਅਤੇ ਮੁੰਬਈ ਪਰਤਣ ਤੋਂ ਪਹਿਲਾਂ ਉਨ੍ਹਾਂ ਅਮਰੀਕਾ 'ਚ ਇੱਕ ਸਟਾਈਲਿਸਟ ਵਜੋਂ ਕੰਮ ਕੀਤਾ।

ਸਪਨਾ ਦਾ ਕਹਿਣਾ ਹੈ ਕਿ ਜਦੋਂ ਉਹ ਮੁੰਬਈ ਪਰਤੇ, ਤਾਂ ਉਸ ਵੇਲੇ ਫ਼ੈਸ਼ਨ ਸਟਾਈਲ ਕੋਈ ਲਾਹੇਵੰਦਾ ਖੇਤਰ ਨਹੀਂ ਸੀ। ਉਹ ਇਸ ਗੱਲ ਤੋਂ ਅਣਜਾਣ ਸਨ ਕਿ ਉਨ੍ਹਾਂ ਕਰਨਾ ਕੀ ਹੈ। ਪਰ ਤਦ ਹੀ ਉਨ੍ਹਾਂ ਨੂੰ ਇੱਕ ਵਿਚਾਰ ਆਇਆ ਵਾਲਾਂ ਨੂੰ ਲੈ ਕੇ। ਉਹ ਬਚਪਨ ਤੋਂ ਹੀ ਵਾਲਾਂ ਉਤੇ ਕਈ ਤਰ੍ਹਾਂ ਦੇ ਤਜਰਬੇ ਕਰਦੇ ਸਨ, ਬਿਨਾਂ ਕਿਸੇ ਟਰੇਨਿੰਗ ਦੇ ਅਤੇ ਤਦ ਤੋਂ ਉਹ ਹੇਅਰ ਸਟਾਈਲਿਸਟ ਬਣਨਾ ਚਾਹੁੰਦੇ ਸਨ। ਇਸ ਤੋਂ ਬਾਅਦ ਸਪਨਾ ਨੇ ਦੇਸ਼ ਦੇ ਜਾਣੇ-ਪਛਾਣੇ ਹੇਅਰ ਸਟਾਈਲਿਸਟ ਅਧੁਨਾ ਅਖ਼ਤਰ ਤੋਂ ਟਰੇਨਿੰਗ ਲਈ।

ਇੱਕ ਦਿਨ ਅਧੁਨਾ ਨੇ ਫ਼ੈਸਲਾ ਕੀਤਾ ਕਿ ਸਾਰੇ ਸਟਾਈਲਿਸਟ ਨੂੰ ਇੱਕ ਖ਼ਾਸ ਤਰ੍ਹਾਂ ਦੀ ਵਰਦੀ ਪਹਿਨਣੀ ਚਾਹੀਦੀ ਹੈ, ਇਹ ਗੱਲ ਸਪਨਾ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੀ ਸੀ ਅਤੇ ਉਨ੍ਹਾਂ ਵਰਦੀ ਨਹੀਂ ਪਹਿਨੀ। ਬੱਸ ਇੱਥੋਂ ਹੀ 'ਮੈਡ ਓ ਵਾਟ' ਦੀ ਸ਼ੁਰੂਆਤ ਹੋ ਗਈ। ਸਪਨਾ ਦਾ ਮੰਨਣਾ ਹੈ ਕਿ ਸਿਰਜਣਾਤਮਕ ਕੰਮਾਂ ਲਈ ਅਜਿਹੀਆਂ ਚੀਜ਼ਾਂ ਦਾ ਕਰਨਾ ਜ਼ਰੂਰੀ ਨਹੀਂ ਹੈ।

ਅੱਜ ਸਪਨਾ ਦੇਸ਼ ਦੇ ਸਭ ਤੋਂ ਹਰਮਨਪਿਆਰੇ ਹੇਅਰ ਸਟਾਈਲਿਸਟਸ ਵਿਚੋਂ ਇੱਕ ਹਨ। ਤਦ ਹੀ ਤਾਂ ਮਹੇਂਦਰ ਸਿੰਘ ਧੋਨੀ, ਪ੍ਰਿਯੰਕਾ ਚੋਪੜਾ, ਰਣਵੀਰ ਸਿੰਘ ਅਤੇ ਦੂਜੇ ਕਈ ਵੱਡੇ ਲੋਕ ਉਨ੍ਹਾਂ ਕੋਲ ਆਉਂਦੇ ਹਨ। ਸੋਨੇ ਦਾ ਦਿਲ ਰੱਖਣ ਵਾਲੀ ਸਪਨਾ ਦਾ ਕਹਿਣਾ ਹੈ ਕਿ ਆਪਣੇ-ਆਪ ਪ੍ਰਤੀ ਈਮਾਨਦਾਰ ਰਹਿਣਾ ਚਾਹੀਦਾ ਹੈ। ਉਹ ਮਹਿਲਾ-ਸਸ਼ਕਤੀਕਰਣ ਨਾਲ ਜੁੜੀਆਂ ਯੋਜਨਾਵਾਂ ਉਤੇ ਕੰਮ ਕਰਦੇ ਹਨ। ਉਹ ਦੇਸ਼ ਭਰ ਦੀਆਂ ਔਰਤਾਂ ਅਤੇ ਬੱਚਿਆਂ ਦੇ ਉਥਾਨ ਲਈ ਨਿਰੰਤਰ ਜੁਟੇ ਰਹਿੰਦੇ ਹਨ।

ਸਪਨਾ 'ਸ਼ੀਰੋਜ਼' ਦਾ ਹਿੱਸਾ ਹਨ। ਇਹ ਸੰਗਠਨ ਐਸਿਡ (ਤੇਜ਼ਾਬ) ਹਮਲੇ ਦੀਆਂ ਸ਼ਿਕਾਰ ਔਰਤਾਂ ਲਈ ਕੰਮ ਕਰਦਾ ਹੈ। 'ਸ਼ੀਰੋਜ਼' ਦੀ ਸ਼ੁਰੂਆਤ ਸਪਨਾ ਦੇ ਇੱਕ ਦੋਸਤ ਆਲੋਕ ਦੀਕਸ਼ਿਤ ਨੇ ਕੀਤੀ ਸੀ। ਸਪਨਾ ਨੇ ਮਹਾਰਾਸ਼ਟਰ ਦੇ ਇੱਕ ਪਿੰਡ ਨੂੰ ਵੀ ਗੋਦ ਲਿਆ ਹੈ; ਜਿੱਥੇ ਉਹ ਬੱਚਿਆਂ ਦਾ ਸਕੂਲ ਚਲਾਉਂਦੇ ਹਨ ਅਤੇ ਮਹਿਲਾ ਸਸ਼ੱਕਤੀਕਰਣ ਨਾਲ ਜੁੜੇ ਕਈ ਪ੍ਰੋਗਰਾਮ ਚਲਾਉਂਦੇ ਹਨ। ਹੁਣ ਉਹ ਛੇਤੀ ਹੀ 'ਆਇ ਹੈਵ ਏ ਡ੍ਰੀਮ' ਨਾਂਅ ਨਾਲ ਇੱਕ ਮੁਹਿੰਮ ਚਲਾਉਣ ਵਾਲੇ ਹਨ। ਇਸ ਮੁਹਿੰਮ ਦਾ ਮੁੱਖ ਉਦੇਸ਼ ਐਸਿਡ ਹਮਲੇ ਦੀਆਂ ਸ਼ਿਕਾਰ ਔਰਤਾਂ ਨੂੰ ਆਪਣੇ ਪੈਰਾਂ ਉਤੇ ਖੜ੍ਹਾ ਕਰ ਕੇ ਸਵੈ-ਨਿਰਭਰ ਬਣਾਉਣਾ ਹੈ; ਤਾਂ ਜੋ ਉਹ ਆਪਣੀ ਜ਼ਿੰਦਗੀ ਬਿਨਾਂ ਦੂਜਿਆਂ ਦੀ ਮਦਦ ਦੇ ਇੱਜ਼ਤ ਨਾਲ ਜਿਉਂ ਸਕਣ।

ਸਪਨਾ ਦਾ ਕਹਿਣਾ ਹੈ ਕਿ ਕਈ ਵਾਰ ਕਿਸੇ ਵੀ ਡ੍ਰੈਸਿੰਗ ਜਾਂ ਉਸ ਦਾ ਵਿਵਹਾਰ ਉਸ ਇਨਸਾਨ ਨੂੰ ਪਰਿਭਾਸ਼ਿਤ ਨਹੀਂ ਕਰ ਸਕਦਾ। ਨਾਲ ਹੀ ਉਨ੍ਹਾਂ ਦਾ ਮੰਨਣਾ ਹੈ ਕਿ ਬਾਗ਼ੀਆਨਾ ਸੁਭਾਅ ਦਾ ਹੋਣਾ ਅਤੇ ਮਨ-ਮਰਜ਼ੀ ਦਾ ਹੋਣਾ; ਇਨ੍ਹਾਂ ਦੋਵੇਂ ਗੱਲਾਂ ਵਿੱਚ ਫ਼ਰਕ ਹੁੰਦਾ ਹੈ। ਜਿਸ ਨੂੰ ਸਮਝਣ ਵਿੱਚ ਲੋਕ ਅਕਸਰ ਗ਼ਲਤੀ ਕਰ ਬੈਠਦੇ ਹਨ। ਸਪਨਾ ਦਾ ਕਹਿਣਾ ਹੈ ਕਿ ਦੂਜਿਆਂ ਲਈ ਆਪਣਾ ਦਿਲ ਖੋਲ੍ਹ ਕੇ ਰੱਖਣਾ ਚਾਹੀਦਾ ਹੈ। ਉਹ ਨਿਯਮਤ ਤੌਰ ਉਤੇ ਯੋਗਾ ਕਰਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਯੋਗ ਦਾ ਉਨ੍ਹਾਂ ਦੀ ਜ਼ਿੰਦਗੀ ਉਤੇ ਕਾਫ਼ੀ ਡੂੰਘਾ ਅਸਰ ਹੋਇਆ ਹੈ। ਇਸੇ ਲਈ ਉਹ ਅੱਜ ਜੋ ਹਨ, ਉਹ ਯੋਗ ਕਾਰਣ ਹੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਵਧੀਆ ਕੰਮ ਕਰੀਏ, ਜਿਸ ਦਾ ਫਲ਼ ਵੀ ਚੰਗਾ ਹੀ ਹੁੰਦਾ ਹੈ। ਜੇ ਅਸੀਂ ਪਿਆਰ ਅਤੇ ਸ਼ਾਂਤੀ ਦੀ ਖੋਜ ਕਰਨੀ ਹੈ, ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ; ਉਸ ਤੋਂ ਬਾਅਦ ਹੀ ਦੁਨੀਆਂ ਨੂੰ ਵੇਖਣਾ ਚਾਹੀਦਾ ਹੈ। ਸਪਨਾ ਬੁੱਲ੍ਹੇ ਸ਼ਾਹ ਦੇ ਕਲਾਮ ਦਾ ਹਵਾਲਾ ਦਿੰਦਿਆਂ ਆਖਦੇ ਹਨ,''ਜੋ ਨਾ ਜਾਣੇ, ਹੱਕ ਦੀ ਤਾਕਤ, ਰੱਬ ਨਾ ਦੇਵੇ ਉਸ ਨੂੰ ਹਿੰਮਤ, ਰੱਬ ਨਾ ਦੇਵੇ ਉਸ ਨੂੰ ਹਿੰਮਤ।''