'ਜਦੋਂ ਮੇਰੇ ਕੋਲ਼ ਖਾਣ ਲਈ ਭੋਜਨ ਨਹੀਂ ਸੀ ਤੇ ਮੇਰੀ ਜੇਬ 'ਚ ਕੇਵਲ 50 ਰੁਪਏ ਸਨ' - ਇੱਕ ਉੱਦਮੀ ਦੀ ਕਰੁਣਾਮਈ ਪਰ ਪ੍ਰਭਾਵਸ਼ਾਲੀ ਕਹਾਣੀ

'ਜਦੋਂ ਮੇਰੇ ਕੋਲ਼ ਖਾਣ ਲਈ ਭੋਜਨ ਨਹੀਂ ਸੀ ਤੇ ਮੇਰੀ ਜੇਬ 'ਚ ਕੇਵਲ 50 ਰੁਪਏ ਸਨ' - ਇੱਕ ਉੱਦਮੀ ਦੀ ਕਰੁਣਾਮਈ ਪਰ ਪ੍ਰਭਾਵਸ਼ਾਲੀ ਕਹਾਣੀ

Wednesday May 11, 2016,

4 min Read

ਜਦੋਂ ਵੀ ਮੈਂ ਆਪਣੀਆਂ ਅੱਖਾਂ ਬੰਦ ਕਰਦਾ ਹਾਂ ਤੇ ਬੀਤੇ ਸਮੇਂ ਬਾਰੇ ਸੋਚਦਾ ਹਾਂ, ਤਾਂ ਇੱਕ ਯਾਦ ਮੈਨੂੰ ਵਾਰ-ਵਾਰ ਉਨ੍ਹਾਂ ਦਿਨਾਂ 'ਚ ਲੈ ਜਾਂਦੀ ਹੈ। ਮੈਂ ਜ਼ੀਰਕਪੁਰ 'ਚ ਇੱਕ ਫ਼ਲੈਟ ਦੇ ਕਮਰੇ ਵਿੱਚ ਬੈਠਾ ਹਾਂ ਤੇ ਮੇਰੇ ਕੋਲ਼ ਰਾਤ ਦੇ ਖਾਣੇ ਲਈ ਕੋਈ ਪੈਸਾ ਨਹੀਂ ਹੈ। ਮੇਰੀ ਜੇਬ 'ਚ ਕੇਵਲ 50 ਰੁਪਏ ਦਾ ਇੱਕੋ-ਇੱਕ ਨੋਟ ਹੈ। ਮੈਂ ਨਿਰਉਤਸ਼ਾਹਿਤ ਹਾਂ ਕਿਉਂਕਿ ਮੈਂ ਹਾਲ਼ੇ ਕਈ ਬਿਲ ਅਦਾ ਕਰਨੇ ਹਨ, ਮੇਰੇ ਫ਼ਲੈਟ ਦਾ ਕਿਰਾਇਆ ਵੀ ਹਾਲ਼ੇ ਦੇਣ ਵਾਲ਼ਾ ਹੈ। ਮੈਂ ਪਿਛਲੇ ਇੱਕ ਹਫ਼ਤੇ ਤੋਂ ਮਕਾਨ ਮਾਲਕ ਨੂੰ ਇੱਧਰ-ਉੱਧਰ ਦੇ ਬਹਾਨਿਆਂ ਨਾਲ਼ ਟਾਲ਼-ਮਟੋਲ਼ ਕਰਦਾ ਆ ਰਿਹਾ ਹਾਂ; ਮੇਰੇ ਸੈਲ ਫ਼ੋਨ 'ਚ ਫ਼ੋਨ ਕਰਨ ਜੋਗੇ ਵੀ ਪੈਸੇ ਨਹੀਂ ਹਨ; ਮੇਰੀ ਟੀਮ ਮੈਨੂੰ ਪਹਿਲਾਂ ਹੀ ਛੱਡ ਕੇ ਜਾ ਚੁੱਕੀ ਹੈ; ਬਹੁਤੇ ਲੋਕ ਮੈਨੂੰ ਮੂਰਖ ਸਮਝਦੇ ਹਨ।

ਮੈਂ ਹੈਰਾਨ ਹੋ ਕੇ ਸੋਚਦਾ ਹਾਂ ਕਿ ਕੀ ਉਹ ਸਹੀ ਹਨ; ਅਤੇ ਕੀ ਮੈਂ ਕਿਤੇ ਸੱਚਮੁਚ ਪਾਗਲ ਤਾਂ ਨਹੀਂ ਹੋ ਗਿਆ ਹਾਂ। ਮੈਨੂੰ ਜਦੋਂ ਇੱਕ ਵਧੀਆ ਤਨਖ਼ਾਹ ਵਾਲ਼ੀ ਚੰਗੀ ਨੌਕਰੀ ਮਿਲ਼ ਸਕਦੀ ਹੈ, ਤਦ ਮੈਂ ਇੱਕ ਕਾਰੋਬਾਰੀ ਉੱਦਮੀ ਕਿਉਂ ਬਣਿਆ ਹੋਇਆ ਹਾਂ? ਮੈਂ ਆਸਾਨੀ ਨਾਲ ਸੁਵਿਧਾਜਨਕ ਜੀਵਨ ਬਿਤਾ ਸਕਦਾ ਹਾਂ, ਪਰ ਫਿਰ ਵੀ ਮੈਂ ਇੱਥੇ ਹਾਂ, ਭੁੱਖਾ-ਭਾਣਾ ਤੇ ਸਭ ਪਾਸਿਓਂ ਹਾਰ ਚੁੱਕਿਆ ਤੇ ਮੇਰੇ ਕੋਲ਼ ਭੋਜਨ ਖ਼ਰੀਦਣ ਜੋਗੇ ਵੀ ਪੇਸੇ ਨਹੀਂ ਬਚੇ ਹਨ। ਮੇਰੀ ਜੇਬ 'ਚ ਪਏ ਇਹ ਕੀਮਤੀ 50 ਰੁਪਏ ਭੋਜਨ 'ਤੇ ਖ਼ਰਚ ਕੀਤੇ ਜਾ ਸਕਦੇ ਹਨ ਪਰ ਮੈਂ ਅਗਲੀ ਸਵੇਰੇ ਇੱਕ ਸਕੂਲ ਕੋਆਰਡੀਨੇਟਰ ਨੂੰ ਮਿਲਣ ਲਈ ਰਾਜਪੁਰਾ ਜਾਣਾ ਹੈ। ਮੈਂ ਉੱਥੇ ਇੱਕ ਮੁਫ਼ਤ ਮੁਢਲੀ ਵਰਕਸ਼ਾੱਪ ਰਖਵਾਈ ਹੈ ਤੇ ਮੈਨੂੰ ਪਤਾ ਹੈ ਕਿ ਉਹ ਆਮ ਤੌਰ ਉੱਤੇ ਇੱਕ ਹਫ਼ਤੇ ਬਾਅਦ ਸਕੂਲ ਦੀ ਰਜਿਸਟਰੇਸ਼ਨ ਲਈ ਭੁਗਤਾਨ ਕਰਦੇ ਹਨ। ਮੈਂ ਸੋਚ ਰਿਹਾ ਹਾਂ ਕਿ ਮੈਂ ਕੋਆਰਡੀਨੇਟਰ ਨੂੰ ਪੈਸੇ ਦਾ ਭੁਗਤਾਨ ਛੇਤੀ ਦੇਣ ਲਈ ਕਿਹੜਾ ਕਾਰਣ ਦੱਸਾਂ।

ਮੈਂ ਸਵੇਰੇ 6 ਵਜੇ ਦਾ ਅਲਾਰਮ ਸੈੱਟ ਕਰ ਕੇ ਸੌਣ ਦਾ ਜਤਨ ਕਰਦਾ ਹਾਂ। ਅਗਲੀ ਸਵੇਰ ਨੂੰ ਮੈਂ ਇਸ ਭਾਵਨਾ ਨਾਲ਼ ਉਠਦਾ ਹਾਂ ਕਿ ਜਿਵੇਂ ਸਭ ਕੁੱਝ ਠੀਕਠਾਕ ਹੈ। ਮੈਂ ਤਿਆਰ ਹੋਣ ਤੋਂ ਬਾਅਦ ਹਨੂਮਾਨ ਚਾਲੀਸਾ ਦਾ ਪਾਠ ਕਰਦਿਆਂ ਦੇਵਤਿਆਂ ਨੂੰ ਮਦਦ ਤੇ ਸ਼ਕਤੀ ਲਈ ਪੁਕਾਰਦਾ ਹਾਂ, ਬੱਸ ਅੱਡੇ ਵੱਲ ਵਧਦਾ ਹਾਂ ਜੋ ਦੋ ਕਿਲੋਮੀਟਰ ਦੀ ਦੂਰੀ 'ਤੇ ਹੈ। ਪੈਸੇ ਬਚਾਉਣ ਲਈ ਮੈਂ ਪੈਦਲ ਹੀ ਅੱਗੇ ਵਧਦਾ ਜਾਂਦਾ ਹਾਂ। ਮੇਰੇ 'ਚ ਭਾਵੇਂ ਬਿਲਕੁਲ ਵੀ ਊਰਜਾ ਨਹੀਂ ਬਚੀ ਹੈ ਪਰ ਮੇਰੇ ਦਿਲ ਦੇ ਕਿਸੇ ਕੋਣੇ ਵਿੱਚ ਇਹ ਆਸ ਮੌਜੂਦ ਹੈ ਕਿ ਸਭ ਕੁੱਝ ਠੀਕਠਾਕ ਹੋ ਜਾਵੇਗਾ। ਮੈਨੂੰ ਆਪਣੀ ਮੀਟਿੰਗ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ।

ਮੈਂ ਬੱਸ ਚੜ੍ਹ ਜਾਂਦਾ ਹਾਂ, ਰਾਜਪੁਰਾ ਲਈ 35 ਰੁਪਏ ਦੀ ਟਿਕਟ ਖ਼ਰੀਦਦਾ ਹਾਂ; ਤੇ ਇੰਝ ਮੇਰੀ ਜੇਬ ਵਿੱਚ ਕੇਵਲ 15 ਰੁਪਏ ਬਚ ਜਾਂਦੇ ਹਨ। ਸਕੂਲ ਸ਼ਹਿਰ ਦੇ ਬਾਹਰਵਾਰ ਸਥਿਤ ਹੈ ਤੇ ਮੈਂ ਸੋਚਦਾ ਹਾਂ ਕਿ ਬੱਸ ਮੈਨੂੰ ਉਸ ਸਕੂਲ ਦੇ ਗੇਟ ਦੇ ਸਾਹਮਣੇ ਹੀ ਉਤਾਰ ਦੇਵੇਗੀ।

ਅਚਾਨਕ ਮੈਂ ਵੇਖਦਾ ਹਾਂ ਕਿ ਬੱਸ ਕਿਸੇ ਹੋਰ ਰਾਹ ਤੋਂ ਜਾ ਰਹੀ ਹੈ। ਮੈਂ ਜਦੋਂ ਕੰਡਕਟਰ ਤੋਂ ਉਸ ਬਾਰੇ ਪੁੱਛਦਾ ਹਾਂ, ਤਾਂ ਉਹ ਇਹੋ ਸਲਾਹ ਦਿੰਦਾ ਹਾਂ ਕਿ ਮੈਂ ਇੱਥੇ ਹੀ ਉੱਤਰ ਜਾਵਾਂ, ਤਾਂ ਠੀਕ ਰਹਾਂਗਾ। ਮੈਂ ਜਿੱਥੇ ਉੱਤਰਦਾ ਹਾਂ, ਸਕੂਲ ਉੱਥੋਂ ਲਗਭਗ ਤਿੰਨ ਕਿਲੋਮੀਟਰ ਦੂਰ ਹੈ। ਮੈਂ ਹਾਈਵੇਅ 'ਤੇ ਖੜ੍ਹਾ ਹਾਂ ਤੇ ਸੋਚ ਰਿਹਾ ਹਾਂ ਕਿ ਹੁਣ ਕੀ ਕਰਾਂ। ਮੈਂ ਚੱਲਣਾ ਸ਼ੁਰੂ ਕਰਦਾ ਹਾਂ ਕਿ ਜਦੋਂ ਮੇਰੀ ਇੱਕ ਦੋਸਤ ਦਾ ਫ਼ੋਨ ਆ ਜਾਂਦਾ ਹੈ, ਜਿਸ ਨੂੰ ਮੇਰੀ ਵਿੱਤੀ ਹਾਲਤ ਬਾਰੇ ਪੂਰੀ ਜਾਣਕਾਰੀ ਹੈ। ਉਹ ਮੈਥੋਂ ਕੁੱਝ ਉਦਾਸੀ ਵਿੱਚ ਪੁੱਛਦੀ ਹੈ ਕਿ ਮੈਂ ਹੁਣ ਸਥਿਤੀ ਨਾਲ ਕਿਵੇਂ ਨਿਪਟਾਂਗਾ।

ਮੈਂ ਉਸ ਨੂੰ ਦਸਦਾ ਹਾਂ ਕਿ ਜੇ ਸਕੂਲ ਕੋਆਰਡੀਨੇਟਰ ਮੈਨੂੰ ਛੇਤੀ ਭੁਗਤਾਨ ਕਰਨ ਦੀ ਬੇਨਤੀ ਮੰਨ ਲਵੇ, ਤਦ ਤਾਂ ਠੀਕ ਰਹੇਗਾ, ਨਹੀਂ ਤਾਂ ਮੈਨੂੰ ਚੰਡੀਗੜ੍ਹ ਵਾਪਸ ਆਉਣਾ ਵੀ ਔਖਾ ਹੋ ਜਾਵੇਗਾ। ਚਲੋ ਖ਼ੈਰ, ਵੇਖਦੇ ਹਾਂ ਕੀ ਹੁੰਦਾ ਹਾਂ।

ਮੇਰੀ ਦੋਸਤ ਫ਼ੋਨ 'ਤੇ ਰੋਣ ਲਗਦੀ ਹੈ ਤੇ ਮੈਂ ਉਸ ਨੂੰ ਚਿੰਤਾ ਨਾ ਕਰਨ ਲਈ ਆਖਦਾ ਹਾਂ।

ਇੱਕ ਕਿਲੋਮੀਟਰ ਚੱਲ ਚੁੱਕਾ ਹਾਂ। ਤਦ ਇੱਕ ਦਿਆਲੂ ਸਕੂਟਰ ਸਵਾਰ ਮੈਨੂੰ ਲਿਫ਼ਟ ਦੇ ਦਿੰਦਾ ਹੈ। ਉਹ ਮੈਨੂੰ ਸਕੂਲ ਦੀ ਇਮਾਰਤ ਦੇ ਸਾਹਮਣੇ ਲਾਹ ਦਿੰਦਾ ਹੈ। ਭਗਵਾਨ ਸ਼ਿਵ ਅੱਗੇ ਪ੍ਰਾਰਥਨਾ ਕਰਦਾ ਹੋਇਆ, ਮੈਂ ਸਕੂਲ 'ਚ ਦਾਖ਼ਲ ਹੋ ਜਾਂਦਾ ਹਾਂ।

ਮੈਂ ਸਕੂਲ ਦੇ ਅੰਦਰ ਜਾਂਦਾ ਹੋਇਆ ਆਪਣੀਆਂ ਨੀਤੀਆਂ ਦੀ ਯੋਜਨਾਬੰਦੀ ਕਰ ਰਿਹਾ ਹਾਂ। ਜੇ ਸਕੂਲ ਕੋਆਰਡੀਨੇਟਰ ਆਖੇਗਾ ਕਿ ਉਹ ਇੱਕ ਹਫ਼ਤੇ ਬਾਅਦ ਭੁਗਤਾਨ ਕਰੇਗਾ, ਤਾਂ ਮੈਂ ਉਸ ਨੂੰ ਆਖਾਂਗਾ ਕਿ ਮੈਂ ਆਪਣਾ ਬਟੂਆ ਘਰੇ ਭੁੱਲ ਆਇਆ ਹਾਂ ਤੇ ਮੈਂ ਉਸ ਨੂੰ 500 ਰੁਪਏ ਦੇਣ ਦੀ ਬੇਨਤੀ ਕਰਾਂਗਾ। ਜਾਂ ਮੈਂ ਉਸ ਨੂੰ ਇਹ ਆਖਾਂ ਕਿ ਸਕੂਲ ਲਾਗੇ ਕੋਈ ਏ.ਟੀ.ਐਮ. ਨਹੀਂ ਹੈ, ਮੈਂ ਪੈਸੇ ਕਢਵਾਉਣਾ ਭੁੱਲ ਗਿਆ ਸਾਂ, ਇਸ ਲਈ ਉਹ ਘੱਟੋ-ਘੱਟ ਵਾਪਸੀ ਦੇ ਕਿਰਾਏ ਜੋਗਾ ਪੈਸਾ ਤਾਂ ਮੈਨੂੰ ਦੇ ਦੇਵੇ। ਮੇਰੇ ਦਿਮਾਗ਼ ਵਿੱਚ ਇਹੋ ਸਭ ਕੁੱਝ ਘੁੰਮ ਰਿਹਾ ਹੈ, ਜਦੋਂ ਮੈਂ ਉਸ ਦੇ ਕੈਬਿਨ 'ਚ ਉਸ ਦੀ ਉਡੀਕ ਕਰ ਰਿਹਾ ਹਾਂ। ਉਹ ਦਾਖ਼ਲ ਹੁੰਦਾ ਹੈ ਅਤੇ ਉਹ ਜਿਹੜੀ ਪਹਿਲੀ ਗੱਲ ਆਖਦਾ ਹੈ, ਉਸ ਨਾਲ਼ ਸਭ ਕੁੱਝ ਬਦਲ ਜਾਂਦਾ ਹੈ।

image


ਉਹ ਆਖਦਾ ਹੈ,''ਕਸ਼ਿਤਿਜ, ਚਲੋ ਚੰਗਾ ਹੋ ਗਿਆ, ਤੁਸੀਂ ਆ ਗਏ। ਅਸੀਂ ਹੁਣ ਤੱਕ 25 ਹਜ਼ਾਰ ਰੁਪਏ ਇਕੱਠੇ ਕੀਤੇ ਹਨ, ਉਹ ਤੁਸੀਂ ਲੈ ਜਾਵੋ।'' ਯਕੀਨ ਕਰਨਾ, ਤਦ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਸਨ।

ਲੇਖਕ: ਕਸ਼ਿਤਿਜ ਮੇਹਰਾ

ਅਨੁਵਾਦ: ਮਹਿਤਾਬ-ਉਦ-ਦੀਨ