ਮਕਾਨ ਉਸਾਰੀ ਦੀਆਂ ਸਮੱਸਿਆਵਾਂ ਦਾ ਆੱਨਲਾਈਨ ਹੱਲ ਹੈ 'ਬਿਲਡਜ਼ਾਰ', 4 ਮਹੀਨਿਆਂ 'ਚ ਬਣੀ 5 ਕਰੋੜ ਰੁਪਏ ਦੀ ਕੰਪਨੀ

0

ਹਰੇਕ ਵਿਅਕਤੀ ਦੀ ਜੀਵਨ ਵਿੱਚ ਆਪਣਾ ਇੱਕ ਘਰ ਬਣਾਉਣ ਦੀ ਇੱਛਾ ਜ਼ਰੂਰ ਹੁੰਦੀ ਹੈ। ਇੱਕ ਘਰ ਦੀ ਉਸਾਰੀ ਕਰਨੀ ਕੋਈ ਸੁਖਾਲ਼ਾ ਕੰਮ ਨਹੀਂ, ਸਗੋਂ ਟੇਢੀ ਖੀਰ ਹੁੰਦਾ ਹੈ। ਮਕਾਨ ਉਸਾਰੀ ਲਈ ਵਰਤੀਆਂ ਜਾਣ ਵਾਲੀਆਂ ਵੱਖੋ-ਵੱਖਰੀਆਂ ਵਸਤਾਂ ਖ਼ਰੀਦਣ ਬਾਰੇ ਫ਼ੈਸਲਾ ਕਰਨਾ ਵੀ ਬਹੁਤ ਔਖਾ ਹੁੰਦਾ ਹੈ ਕਿ ਆਖ਼ਰ ਉਹ ਸਭ ਕੁੱਝ ਕਿੱਥੋਂ ਖ਼ਰੀਦਿਆ ਜਾਵੇ; ਜੋ ਸਸਤਾ ਵੀ ਹੋਵੇ ਤੇ ਵਧੀਆ ਵੀ, ਮਿਆਰ ਨਾਲ ਕੋਈ ਸਮਝੌਤਾ ਨਾ ਹੋਵੇ। ਇਸੇ ਲਈ 43 ਸਾਲਾ ਸ੍ਰੀ ਵਿਨੀਤ ਸਿੰਘ ਨੇ ਦੋ ਕੁ ਸਾਲ ਪਹਿਲਾਂ ਜਦੋਂ ਦਿੱਲੀ 'ਚ ਆਪਣਾ ਮਕਾਨ ਬਣਾਉਣਾ ਸੀ, ਤਦ ਉਨ੍ਹਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ।

ਉਨ੍ਹਾਂ ਨੇ ਇੰਟਰਨੈਟ ਉਤੇ ਇਸ ਬਾਰੇ ਬਹੁਤ ਖੋਜ ਕੀਤੀ, ਜਿੱਥੋਂ ਇਹ ਜਾਣਕਾਰੀ ਮਿਲ ਸਕੇ ਉਹ ਇਹ ਸਾਰਾ ਸਾਮਾਨ ਕਿੱਥੋਂ ਲੈ ਸਕਦੇ ਹਨ। ਉਨ੍ਹਾਂ ਨੇ ਤਦ ਆਪਣੇ ਪਰਿਵਾਰ ਨਾਲ ਮਿਲ ਬੈਠ ਕੇ ਅਨੇਕਾਂ ਵੱਖੋ-ਵੱਖਰੇ ਰਸਾਲਿਆਂ ਤੇ ਅਖ਼ਬਾਰਾਂ ਆਦਿ ਤੋਂ ਅਜਿਹੀ ਜਾਣਕਾਰੀ ਇਕੱਠੀ ਕੀਤੀ। ਕੁੱਝ ਮਹੀਨਿਆਂ ਬਾਅਦ, ਉਹ 'ਡਾਲਮੀਆ ਸੀਮਿੰਟ ਭਾਰਤ ਲਿਮਟਿਡ' ਦੇ ਪੁਨੀਤ ਡਾਲਮੀਆ ਨੂੰ ਮਿਲੇ। ਪੁਨੀਤ ਵੀ ਤਦ ਆਪਣੇ ਮਕਾਨ ਦੀ ਉਸਾਰੀ ਕਰ ਰਹੇ ਸਨ। ਉਨ੍ਹਾਂ ਦਾ ਤਜਰਬਾ ਵੀ ਸ੍ਰੀ ਵਿਨੀਤ ਸਿੰਘ ਵਰਗਾ ਹੀ ਸੀ। ਇਸੇ ਲਈ ਸ੍ਰੀ ਵਿਨੀਤ ਸਿੰਘ ਨੇ ਸੋਚਿਆ ਕਿ ਇਮਾਰਤੀ ਸਮੱਗਰੀਆਂ ਦੇ ਉਦਯੋਗ ਵਿੱਚ ਪੁਨੀਤ ਡਾਲਮੀਆ ਇੱਕ ਵੱਡਾ ਨਾਂਅ ਹੈ ਤੇ ਜਦੋਂ ਉਨ੍ਹਾਂ ਨੂੰ ਸਹੀ ਸਰੋਤਾਂ ਬਾਰੇ ਜਾਣਕਾਰੀ ਨਹੀਂ ਮਿਲ ਰਹੀ ਸੀ, ਤਾਂ ਆਮ ਵਿਅਕਤੀ ਦਾ ਕੀ ਹਾਲ ਹੁੰਦਾ ਹੋਵੇਗਾ, ਇਸ ਬਾਰੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਸਾਂਝੀ ਸਮੱਸਿਆ ਉਤੇ ਫਿਰ ਵਿਸਥਾਰਪੂਰਬਕ ਵਿਚਾਰ-ਵਟਾਂਦਰਾ ਹੋਇਆ। ਫਿਰ ਨਿਯਮਤ ਗਾਹਕਾਂ/ਵਰਤੋਂਕਾਰਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਲੱਭਣ ਦਾ ਵਿਚਾਰ ਸਾਹਮਣੇ ਆਇਆ ਤੇ ਇੰਝ 'ਬਿਲਡਜ਼ਾਰ' ਦਾ ਜਨਮ ਹੋਇਆ।

ਕੀ ਕਰਦਾ ਹੈ 'ਬਿਲਡਜ਼ਾਰ' ਦਾ ਮੰਚ?

ਜੇ ਤੁਸੀਂ ਮਕਾਨ ਉਸਾਰੀ ਕਰਨੀ ਚਾਹੁੰਦੇ ਹੋ ਜਾਂ ਘਰ ਦੀ ਕੋਈ ਮੁਰੰਮਤ ਆਦਿ ਕਰਵਾਉਣੀ ਚਾਹੁੰਦੇ ਹੋ, ਤਾਂ 'ਬਿਲਡਜ਼ਾਰ' ਉਸ ਦਾ ਆੱਨਲਾਈਨ ਹੱਲ ਮੁਹੱਈਆ ਕਰਵਾਉਂਦੀ ਹੈ। ਇਹ ਮਕਾਨ ਮਾਲਕਾਂ, ਬਿਲਡਰਜ਼, ਆਰਕੀਟੈਕਟਸ ਤੇ ਡਿਜ਼ਾਇਨਰਾਂ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ ਤੇ ਮਕਾਨ ਉਸਾਰੀ ਦੇ ਕੰਮ ਨੂੰ ਝੰਜਟਾਂ ਤੋਂ ਮੁਕਤ ਕਰਦੀ ਹੈ।

ਇਹ ਮੰਚ; ਸੀਮਿੰਟ, ਸਟੀਲ, ਰੇਤਾ, ਬਾਥਰੂਮ ਫ਼ਿਟਿੰਗਜ਼, ਬਿਜਲੀ ਦੀ ਫ਼ਿਟਿੰਗਜ਼, ਟਾਈਲਜ਼, ਪੇਂਟ, ਇੱਟਾਂ ਤੇ ਬਲਾੱਕ, ਪੱਥਰ ਦੇ ਐਗਰੀਗੇਟਸ, ਪਾਣੀ ਦੀਆਂ ਟੈਂਕੀਆਂ ਤੇ ਹੋਰ ਸਬੰਧਤ ਨਿਰਮਾਣ ਸਮੱਗਰੀਆਂ ਦੀ ਪੂਰੀ ਰੇਂਜ ਦੀ ਪੇਸ਼ਕਸ਼ ਕਰਦਾ ਹੈ।

ਸ੍ਰੀ ਵਿਨੀਤ ਦਸਦੇ ਹਨ,''ਜੇ ਕੋਈ ਮਕਾਨ ਉਸਾਰੀ ਕਰਨੀ ਚਾਹੁੰਦਾ ਹੈ, ਤਾਂ ਉਹ ਇਮਾਰਤ-ਸਮੱਗਰੀਆਂ, ਡਿਜ਼ਾਇਨ ਤੇ ਰਾਜਗੀਰਾਂ ਤੇ ਮਜ਼ਦੂਰਾਂ ਦੀਆਂ ਸੇਵਾਵਾਂ ਤੱਕ ਦੀ ਯੋਜਨਾਬੰਦੀ ਵਿੱਚ ਬਿਲਡਜ਼ਾਰ ਮਦਦ ਕਰਦੀ ਹੈ ਭਾਵ ਸਭ ਕੁੱਝ ਇੱਕੋ ਛੱਤ ਹੇਠਾਂ।''

ਇਸ ਲਈ 'ਬਿਲਡ ਯੂਅਰ ਹੋਮ ਵਿਦ ਬਿਲਡਜ਼ਾਰ' ਭਾਵ 'ਬਿਲਡਜ਼ਾਰ ਨਾਲ ਉਸਾਰੋ ਆਪਣਾ ਘਰ' ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇੱਥੇ ਗਾਹਕ ਨਾਲ ਪੂਰੀ ਪੇਸ਼ੇਵਰਾਨਾ ਗੱਲਬਾਤ ਵੀ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਫ਼ੈਸਲੇ ਲੈਣ ਦਿੱਤੇ ਜਾਂਦੇ ਹਨ।

ਬਲਾਂ ਨਾਲ ਸ਼ਾਮਲ ਹੋਣਾ

'ਬਿਲਡਜ਼ਾਰ' ਦੀ ਸਥਾਪਨਾ ਸ੍ਰੀ ਵਿਨੀਤ ਤੇ ਉਨ੍ਹਾਂ ਦੇ ਦੋਸਤ ਸ੍ਰੀ ਸਵਪਨਿਲ ਤ੍ਰਿਪਾਠੀ ਨੇ ਕੀਤੀ ਸੀ। ਸ੍ਰੀ ਸਵਪਨਿਲ ਤੇ ਸ੍ਰੀ ਵਿਨੀਤ ਦੋਵੇਂ ਇੱਕ-ਦੂਜੇ ਨੂੰ ਪਿਛਲੇ 15 ਵਰ੍ਹਿਆਂ ਤੋਂ ਇੱਕ-ਦੂਜੇ ਨੂੰ ਜਾਣਦੇ ਹਨ। ਉਨ੍ਹਾਂ ਗਾਹਕ-ਇੰਟਰਨੈਟ ਉਦਯੋਗ ਵਿੱਚ ਅਰੰਭ ਤੋਂ ਹੀ ਵਿਸ਼ਾਲ ਤਾਣਾ-ਬਾਣਾ ਕਾਇਮ ਕੀਤਾ ਹੈ। 'ਕਲੈਰਿਟੀ ਕਨਸਲਟਿੰਗ' ਨੇ ਉਨ੍ਹਾਂ ਨੂੰ ਚੀਫ਼ ਪ੍ਰੋਡਕਟ ਆੱਫ਼ੀਸਰ ਸ੍ਰੀ ਵਿਵੇਕ ਸਿਨਹਾ ਲੱਭਣ ਵਿੱਚ ਮਦਦ ਕੀਤੀ ਸੀ। ਉਨ੍ਹਾਂ ਦੇ ਸੋਰਸਿੰਗ ਤੇ ਆੱਪਰੇਸ਼ਨਜ਼ ਡਾਇਰੈਕਟਰ ਰੋਮਿਲ ਕੌਲ, ਟਰਨਕੀਅ ਸਾਲਿਯੂਸ਼ਨਜ਼ ਦੇ ਡਾਇਰੈਕਟਰ ਦਰਸ਼ਨ ਗੁੰਦਾਵਰ ਤੇ ਸਪਲਾਈ ਚੇਨ ਦੇ ਡਾਇਰੈਕਟਰ ਆਸ਼ੂਤੋਸ਼ ਸ੍ਰੀਵਾਸਤਵਾ ਹਨ।

ਸ੍ਰੀ ਵਿਨੀਤ ਦਸਦੇ ਹਨ,'ਸੰਜੋਏ ਚੱਕਰਵੋਰਤੀ ਤੇ ਅਮਿਤ ਗੁਲਾਟੀ ਈ-ਕਾਮਰਸ ਦੇ ਐਸੋਸੀਏਟ ਡਾਇਰੈਕਟਰਜ਼ ਹਨ ਤੇ ਅਸ਼ਲੇਸ਼ ਯਾਦਵ ਟੈਕਨੀਕਲ ਹੈਡ ਤੇ ਅਵਿਨਾਸ਼ ਸਿੰਘ ਡਿਜ਼ਾਇਨ ਹੈਡ ਹਨ। ਸਮੁੱਚੇ ਵਿਸ਼ਵ 'ਚ ਉਸਾਰੀ ਦਾ ਉਦਯੋਗ 150 ਅਰਬ ਡਾਲਰ ਦਾ ਹੈ ਤੇ ਉਸ ਵਿੱਚ ਨਿੱਤ ਨਵੇਂ-ਨਵੇਂ ਵਿਚਾਰ ਲੈ ਕੇ ਆਉਣਾ ਬਹੁਤ ਮਹਾਨ ਮੌਕੇ ਮੁਹੱਈਆ ਕਰਵਾਉਂਦਾ ਹੈ। ਸ੍ਰੀ ਸਵਪਨਿਲ ਪਹਿਲਾਂ '99 ਏਕੜਜ਼' ਵਿੱਚ ਸਫ਼ਲਤਾ ਦੇ ਝੰਡੇ ਪਹਿਲਾਂ ਗੱਡ ਚੁੱਕੇ ਸਨ; ਜਿਸ ਕਰ ਕੇ 'ਬਿਲਡਜ਼ਾਰ' ਦੀ ਨਵੀਂ ਸਥਾਪਨਾ ਵਿੱਚ ਉਨ੍ਹਾਂ ਦੇ ਤਜਰਬੇ ਤੋਂ ਡਾਢੀ ਮਦਦ ਮਿਲੀ।'

ਨਵੇਂ ਉਤਪਾਦ ਸਿਰਜਣਾ

ਉਨ੍ਹਾਂ ਨੇ ਨਿਰਮਾਣ/ਉਸਾਰੀ ਦੀ ਲਾਗਤ, ਮਾਤਰਾ ਦੇ ਅਨੁਮਾਨ ਲਾਉਣ ਲਈ 'ਬੈਜ਼ਟੀਮੇਟ' ਨਾਂਅ ਦਾ ਇੱਕ ਟਾਈਮਲਾਈਨ ਕੈਲਕੁਲੇਟਰ ਤੇ ਸਟੋਰ ਬਣਾਇਆ ਹੈ; ਜੋ ਗਾਹਕ ਦੇ ਬਜਟ ਅਨੁਸਾਰ ਤੁਰੰਤ ਗਿਣਤੀ-ਮਿਣਤੀ ਕਰਨ ਦੇ ਸਮਰੱਥ ਹੈ। ਸ੍ਰੀ ਵਿਨੀਤ ਦਸਦੇ ਹਨ,''ਅਸੀਂ ਉਸਾਰੀ ਦੇ ਹਰੇਕ ਪੜਾਅ ਅਨੁਸਾਰ ਵਰਤੇ-ਕੇਸ-ਆਧਾਰਤ ਕੌਂਬੋਜ਼ ਡਿਜ਼ਾਇਨ ਕਰਦੇ ਹਾਂ, ਤਾਂ ਜੋ ਗਾਹਕ ਨੂੰ ਅਨੇਕਾਂ ਵਿਕਰੇਤਾਵਾਂ ਤੇ ਡਿਲੀਵਰੀਜ਼ ਨਾਲ ਸਿੱਝਣ ਉਤੇ ਆਪਣਾ ਸਮਾਂ ਬਰਬਾਦ ਨਾ ਕਰਨਾ ਪਵੇ।''

ਜਦੋਂ ਉਨ੍ਹਾਂ ਨੇ ਇਸ ਧਾਰਨਾ ਉਤੇ ਕੰਮ ਕਰਨਾ ਸ਼ੁਰੂ ਕੀਤਾ, ਤਦ ਉਨ੍ਹਾਂ ਸਾਹਮਣੇ ਕਈ ਬੁਨਿਆਦੀ ਸੁਆਲ ਉਠੇ; ਜਿਵੇਂ ਕਿ ਇਸ ਖੇਤਰ ਦੇ ਬਾਜ਼ਾਰ ਦਾ ਆਕਾਰ ਕੀ ਹੈ, ਗਾਹਕ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਲਈ ਵਧੇਰੇ ਔਖਾ ਹੋਣਾ ਪੈਂਦਾ ਹੈ ਅਤੇ ਇਸ ਖੇਤਰ ਵਿੱਚ 'ਨੈਸਟੋਪੀਆ' ਜਿਹੇ ਕਿਹੜੇ-ਕਿਹੜੇ ਸਮਾਨੰਤਰ ਉਦਯੋਗ ਸਨ। ਉਧਰ ਇਸ ਖੇਤਰ ਵਿੱਚ ਉਤਪਾਦਾਂ ਦੀਆਂ ਕੀਮਤਾਂ ਹਰ ਸਮੇਂ ਹੀ ਉਪਰ-ਹੇਠਾਂ ਹੁੰਦੀਆਂ ਰਹਿੰਦੀਆਂ ਸਨ, ਜੋ ਕਿ ਇੱਕ ਵੱਡੀ ਚੁਣੌਤੀ ਸੀ। ਖਪਤਕਾਰ ਵਾਲੇ ਪਾਸੇ ਇਹ ਉਦਯੋਗ ਕ੍ਰੈਡਿਟ-ਆਧਾਰਤ ਸਿਸਟਮ ਨਾਲ ਕੰਮ ਕਰਦਾ ਹੈ ਅਤੇ ਗਾਹਕ ਕੋਈ ਟੈਕਸ ਅਦਾ ਨਹੀਂ ਕਰਨਾ ਚਾਹੁੰਦੇ। ਇਸੇ ਲਈ ਇਸ ਟੀਮ ਨੇ ਖੁੱਲ੍ਹਾ ਐਗਰੀਗੇਟਰ ਮਾੱਡਲ ਰੱਖਣ ਦਾ ਫ਼ੈਸਲਾ ਕੀਤਾ ਤੇ ਧਨ ਨੂੰ ਸਿੱਧਾ ਉਪਰਲੇ ਮੋਰਚੇ ਉਤੇ ਰੱਖਿਆ।

ਆਮਦਨ ਤੇ ਗਿਣਤੀਆਂ

ਸ੍ਰੀ ਵਿਨੀਤ ਅਨੁਸਾਰ 'ਬਿਲਡਜ਼ਾਰ' ਨੇ ਪਹਿਲੇ ਹੀ ਦਿਨ ਤੋਂ ਖਪਤਕਾਰਾਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਸੀ। ਇਸ ਮੰਚ ਤੋਂ ਇਕੱਲੇ ਜੁਲਾਈ ਮਹੀਨੇ ਦੌਰਾਨ ਹੀ 8 ਲੱਖ ਦੇ ਆੱਰਡਰ ਸਪਲਾਈ ਕੀਤੇ ਗਏ ਸਨ। ਉਸ ਤੋਂ ਬਾਅਦ ਕੰਮ ਵਿੱਚ ਅਥਾਹ ਵਾਧਾ ਹੋ ਗਿਆ। ਨਵੰਬਰ ਮਹੀਨੇ ਇਸ ਨੇ ਇੱਕ ਕਰੋੜ 10 ਲੱਖ ਰੁਪਏ ਤੋਂ ਵੀ ਵੱਧ ਦਾ ਸਾਮਾਨ ਵੇਚਿਆ; ਜੋ ਕਿ ਅਰੰਭ ਤੋਂ ਲੈ ਕੇ ਹੁਣ ਤੱਕ ਹੋਈ ਕੁੱਲ ਵਿਕਰੀ ਦਾ ਇੱਕ-ਤਿਹਾਈ ਹੈ।

ਟੀਮ ਦਾ ਦਾਅਵਾ ਹੈ ਕਿ ਉਨ੍ਹਾਂ ਪਹਿਲੇ ਚਾਰ ਮਹੀਨਿਆਂ ਦੌਰਾਨ 5 ਕਰੋੜ ਰੁਪਏ ਦਾ ਸਾਮਾਨ ਵੇਚ ਦਿੱਤਾ ਸੀ ਤੇ ਇੰਝ ਇੱਕ ਮਹੀਨੇ ਦੌਰਾਨ ਦੋ ਕਰੋੜ ਰੁਪਏ ਦੇ ਮਾਲ ਦੀ ਔਸਤ ਵਿਕਰੀ ਬਣਦੀ ਹੈ। ਸ੍ਰੀ ਵਿਨੀਤ ਅਨੁਸਾਰ ਉਨ੍ਹਾਂ ਦਾ ਔਸਤ ਮੁਨਾਫ਼ਾ ਇਸ ਵੇਲੇ ਦੋ ਤੋਂ ਤਿੰਨ ਫ਼ੀ ਸਦੀ ਹੈ ਤੇ ਉਹ ਇਸ ਨੂੰ ਵਧਾਉਣ ਦੇ ਚਾਹਵਾਨ ਹਨ।

ਸਾਰੇ ਲੈਣ-ਦੇਣ 100 ਫ਼ੀ ਸਦੀ ਅਗਾਊਂ ਭੁਗਤਾਨ ਦੇ ਆਧਾਰ ਉਤੇ ਹੀ ਹੁੰਦੇ ਹਨ। 'ਸਾਡੇ 275 ਵਿਲੱਖਣ ਗਾਹਕ ਹਨ ਤੇ ਔਸਤਨ ਸੱਤ ਗਾਹਕ ਦੋਬਾਰਾ ਸਾਡੇ ਰਾਹੀਂ ਸਾਮਾਨ ਖ਼ਰੀਦਦੇ ਹਨ। ਸਾਡਾ ਔਸਤ ਆੱਰਡਰ 55,000 ਰੁਪਏ ਦਾ ਹੁੰਦਾ ਹੈ। ਸਾਮਾਨ ਪਹੁੰਚਾਉਣ ਦੀਆਂ ਸਾਡੀਆਂ ਲਾਗਤਾਂ ਕੋਈ ਨਹੀਂ ਹਨ, ਕਿਉਂਕਿ ਅਸੀਂ ਗਾਹਕ ਲਾਗਲੇ ਸਟੋਰ ਤੋਂ ਹੀ ਸਾਮਾਨ ਲੈਂਦੇ ਹਾਂ।'

ਬਿਲਡਜ਼ਾਰ ਨੇ ਸਟੀਲ, ਸੀਮਿੰਟ, ਇਲੈਕਟ੍ਰੀਕਲਜ਼, ਪਲੰਬਿੰਗ, ਫ਼ਲੋਰਿੰਗ, ਪੇਂਟਸ, ਬਾਥਰੂਮ, ਕਿਚਨ, ਵਰਡਰੋਬਜ਼ ਆਦਿ ਸਮੇਤ 18 ਵਰਗਾਂ ਵਿੱਚ ਆਪਣੇ ਉਤਪਾਦ ਵੇਚੇ ਹਨ। ਵਾਤਾਵਰਣ ਪੱਖੀ ਉਤਪਾਦ ਜਿਵੇਂ ਕਿ ਸੋਲਰ ਵਾਟਰ ਹੀਟਰਜ਼ ਅਤੇ ਏ.ਏ.ਸੀ. ਬਲਾੱਕਸ (ਜੋ ਇੱਟਾਂ ਦਾ ਬਦਲ ਹਨ) ਵੀ ਵੇਚੇ ਗਏ ਹਨ।

ਉਨ੍ਹਾਂ ਇਸ ਮੰਚ ਉਤੇ 30 ਵਿਕਰੇਤਾਵਾਂ ਰਾਹੀਂ ਸ਼ੁਰੂਆਤ ਕੀਤੀ ਸੀ ਤੇ ਹੁਣ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ 250 ਤੋਂ ਵੱਧ ਬਿਲਡਿੰਗ ਮਟੀਰੀਅਲ ਸਪਲਾਇਰ ਉਨ੍ਹਾਂ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ 100 ਤੋਂ ਵੀ ਵੱਧ ਦੇਸੀ ਤੇ ਕੌਮਾਂਤਰੀ ਬ੍ਰਾਂਡਸ ਵੀ ਬਿਲਡਜ਼ਾਰ ਰਾਹੀਂ ਆਪਣੇ ਉਤਪਾਦ ਵੇਚ ਰਹੇ ਹਨ।

ਸ੍ਰੀ ਵਿਨੀਤ ਦਾ ਕਹਿਣਾ ਹੈ,''ਮਕਾਨ ਉਸਾਰੀ ਦੇ ਮਿਆਰੀਕ੍ਰਿਤ ਪੈਕੇਜ ਪਰਿਭਾਸ਼ਿਤ ਕੀਤੇ ਹਨ, ਜਿੱਥੇ ਗਾਹਕ ਪ੍ਰਤੀ ਵਰਗ ਫ਼ੁੱਟ ਦੇ ਹਿਸਾਬ ਨਾਲ ਡਿਜ਼ਾਇਨ, ਸਮੱਗਰੀ, ਲੇਬਰ ਤੇ ਸਥਾਨ ਦੀ ਨਿਗਰਾਨੀ ਜਿਹੀਆਂ ਸਹੂਲਤਾਂ ਦੇ ਸਕਦੇ ਹਨ।''

ਇਹ ਟੀਮ ਡਿਜ਼ਾਇਨ, ਇੰਜੀਨੀਅਰਿੰਗ ਤੇ ਨਿਰਮਾਣ ਸੇਵਾਵਾਂ ਵੇਚਣ ਲਈ ਆਪਣੇ ਸੇਵਾ-ਪ੍ਰਦਾਤਿਆਂ ਦਾ ਮਿਆਰੀਕਰਣ ਵੀ ਕਰਦੀ ਹੈ। ਬਿਲਡਜ਼ਾਰ ਉਤੇ ਹਰੇਕ ਸੇਵਾ-ਪ੍ਰਦਾਤਾ (ਸਰਵਿਸ ਪ੍ਰੋਵਾਈਡਰ) ਨੇ ਡਿਲੀਵਰੀ ਕਰਵਾਏ ਜਾਣ ਯੋਗ ਵਸਤਾਂ ਨੂੰ ਪਰਿਭਾਸ਼ਿਤ ਕੀਤਾ ਹੈ ਅਤੇ ਉਹ ਪ੍ਰਦਾਤਾ ਮਿਆਰੀ ਸਮੱਗਰੀਆਂ ਪ੍ਰਦਾਨ ਕਰਵਾਉਂਦਾ ਹੈ। ਭੁਗਤਾਨ ਦੇ ਮੀਲ-ਪੱਥਰ ਵੀ ਸਪੱਸ਼ਟ ਤੌਰ ਉਤੇ ਪਰਿਭਾਸ਼ਿਤ ਕੀਤੇ ਜਾਂਦੇ ਹਨ।

ਫ਼ੰਡਿੰਗ ਅਤੇ ਭਵਿੱਖ

'ਬਿਲਡਜ਼ਾਰ' ਨੂੰ ਮੁਢਲੇ ਫ਼ੰਡ ਸ੍ਰੀ ਪੁਨੀਤ ਡਾਲਮੀਆ ਤੋਂ ਮਿਲੇ ਸਨ ਅਤੇ ਇਸ ਟੀਮ ਦੀ ਯੋਜਨਾ ਅਗਲੇ ਕੁੱਝ ਮਹੀਨਿਆਂ ਦੌਰਾਨ ਲੜੀ ਏ ਦੇ ਫ਼ੰਡ ਇਕੱਠੇ ਕਰਨ ਦੀ ਹੈ।

ਸ੍ਰੀ ਵਿਨੀਤ ਸਿੰਘ ਨੇ ਦੱਸਿਆ,''ਕਿਸੇ ਰਵਾਇਤੀ ਉਦਯੋਗ ਵਿੱਚ ਖਪਤਕਾਰਾਂ ਅਤੇ ਸਪਲਾਇਰਾਂ ਲਈ ਇੱਕ ਨਵੇਂ ਵਿਵਹਾਰ ਦਾ ਨਿਰਮਾਣ ਕਰਨਾ ਸਦਾ ਚੁਣੌਤੀਪੂਰਨ ਹੁੰਦਾ ਹੈ। ਪਰ ਸਮੇਂ ਨਾਲ ਅਸੀਂ ਆਪਣੇ ਵਰਤੋਂਕਾਰਾਂ ਵਿੱਚ ਭਰੋਸਾ ਬਣਾਉਣ ਵਿੱਚ ਸਫ਼ਲ ਰਹੇ ਹਾਂ ਤੇ ਖ਼ਰੀਦਦਾਰੀ ਦੀਆਂ ਪੱਧਤੀਆਂ ਵੀ ਅਸੀਂ ਬਦਲੀਆਂ ਹਨ। ਗਾਹਕ ਇਸ ਵੈਬਸਾਈਟ ਤੋਂ ਸੀਮਿੰਟ, ਸਟੀਲ ਤੇ ਹੋਰ ਸਾਰਾ ਸਬੰਧਤ ਸਾਮਾਨ ਨਾ ਕੇਵਲ ਇੱਕ ਕਲਿੱਕ ਰਾਹੀਂ ਖ਼ਰੀਦ ਸਕਦੇ ਹਨ; ਸਗੋਂ ਉਹ ਆਪਣੀ ਸਹੂਲਤ ਮੁਤਾਬਕ ਉਸ ਸਾਮਾਨ ਦੀ ਡਿਲੀਵਰੀ ਦਾ ਸਮਾਂ ਵੀ ਆਪ ਤੈਅ ਕਰ ਸਕਦੇ ਹਨ।''

ਬਿਲਡਜ਼ਾਰ ਇਸ ਵੇਲੇ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਪਣਾ ਸਾਮਾਨ ਡਿਲਿਵਰ ਕਰਦੀ ਹੈ ਤੇ ਅਗਲੇ ਤਿੰਨ ਵਰ੍ਹਿਆਂ ਦੌਰਾਨ ਉਸ ਦੀ ਯੋਜਨਾ ਦੂਜੇ ਦਰਜੇ ਦੇ 12 ਤੋਂ 15 ਵੱਡੇ ਸ਼ਹਿਰਾਂ ਵਿੱਚ ਆਪਣੇ ਕਾਰੋਬਾਰ ਦਾ ਪਾਸਾਰ ਕਰਨ ਦੀ ਵੀ ਹੈ।

ਬਾਜ਼ਾਰ ਸਥਾਨ

2013 ਦੀ ਪੀ.ਡਬਲਿਊ.ਸੀ. ਰਿਪੋਰਟ ਅਨੁਸਾਰ, ਨਿਰਮਾਣ ਉਦਯੋਗ ਦਾ ਇਸ ਅਰਥ ਵਿਵਸਥਾ ਵਿੱਚ ਬਹੁਤ ਅਹਿਮ ਯੋਗਦਾਨ ਸੀ ਕਿਉਂਕਿ ਭਾਰਤ ਦੇ ਕੁੱਲ ਘਰੇਲੂ ਉਤਪਾਦ ਵਿੱਚ ਇਹ ਆਪਣਾ 8 ਫ਼ੀ ਸਦੀ ਯੋਗਦਾਨ ਪਾ ਰਿਹਾ ਸੀ। ਵਿੱਤੀ ਵਰ੍ਹੇ 2013 ਦੌਰਾਨ ਇਸ ਖੇਤਰ ਵਿੱਚ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ 13.9 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਪ੍ਰੀਮੀਅਮ ਰੀਅਲ ਐਸਟੇਟ ਦੀ ਉਸਾਰੀ ਭਾਰਤੀ ਬਾਜ਼ਾਰ ਦਾ 7 ਤੋਂ 8 ਫ਼ੀ ਸਦੀ ਬਣਦੀ ਹੈ। ਇਕੱਲੇ ਮੁੰਬਈ ਤੇ ਦਿੱਲੀ ਜਿਹੇ ਦੋ ਮਹਾਂਨਗਰ ਹੀ ਉਸ ਬਾਜ਼ਾਰ ਵਿੱਚ 55 ਫ਼ੀ ਸਦੀ ਦਾ ਯੋਗਦਾਨ ਪਾਉਂਦੇ ਹਨ।

ਲੇਖਕ: ਸਿੰਧੂ ਕਸ਼ਿਅਪ

ਅਨੁਵਾਦ: ਮਹਿਤਾਬ-ਉਦ-ਦੀਨ