ਮਾਂ ਦੇ ਦੁੱਧ ਦਾ ਇੱਕ ਅਨੋਖਾ ਬੈਂਕ, ਜਿਸ ਨੇ ਹੁਣ ਤੱਕ 1,900 ਨਵ-ਜਨਮੇ ਬਾਲਾਂ ਦੀ ਬਚਾਈ ਜਾਨ

ਮਾਂ ਦੇ ਦੁੱਧ ਦਾ ਇੱਕ ਅਨੋਖਾ ਬੈਂਕ, ਜਿਸ ਨੇ ਹੁਣ ਤੱਕ 1,900 ਨਵ-ਜਨਮੇ ਬਾਲਾਂ ਦੀ ਬਚਾਈ ਜਾਨ

Wednesday December 02, 2015,

7 min Read

ਅਪ੍ਰੈਲ 2013 'ਚ ਹੋਇਆ ਸਥਾਪਤ...

32 ਔਰਤਾਂ ਕਰ ਚੁੱਕੀਆਂ ਹਨ ਦੁੱਧ ਦਾਨ...

ਉਦੇਪੁਰ (ਰਾਜਸਥਾਨ) ਦੇ ਹਸਪਤਾਲ 'ਚ ਚੱਲ ਰਿਹਾ ਹੈ 'ਦਿੱਵਯ ਮਦਰ ਮਿਲਕ ਬੈਂਕ'...

ਕਿਸੇ ਵੀ ਨਵ-ਜਨਮੇ ਬਾਲ ਲਈ ਮਾਂ ਦਾ ਦੁੱਧ ਅੰਮ੍ਰਿਤ ਦੇ ਸਮਾਨ ਹੀ ਹੁੰਦਾ ਹੈ। ਇੱਕ ਰਿਪੋਰਟ ਅਨੁਸਾਰ ਜੇ ਪੈਦਾ ਹੁੰਦਿਆਂ ਹੀ ਮਰਨ ਵਾਲੇ 100 ਬੱਚਿਆਂ ਵਿਚੋਂ 16 ਨੂੰ ਮਾਂ ਦਾ ਦੁੱਧ ਮਿਲ ਜਾਵੇ, ਤਾਂ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ। ਪਰ ਕਈ ਕਾਰਣਾਂ ਕਰ ਕੇ ਅਜਿਹੇ ਬੱਚਿਆਂ ਤੱਕ ਮਾਂ ਦਾ ਦੁੱਧ ਪਹੁੰਚ ਨਹੀਂ ਪਾਉਂਦਾ ਅਤੇ ਉਹ ਦਮ ਤੋੜ ਦਿੰਦੇ ਹਨ। ਇਸੇ ਗੱਲ ਨੂੰ ਧਿਆਨ 'ਚ ਰਖਦਿਆਂ ਰਾਜਸਥਾਨ ਦੇ ਉਦੇਪੁਰ ਵਿਖੇ ਰਹਿਣ ਵਾਲੇ ਯੋਗ ਗੁਰੂ ਦੇਵੇਂਦਰ ਅਗਰਵਾਲ ਦੀ ਸੰਸਥਾ 'ਮਾਂ ਭਗਵਤੀ ਵਿਕਾਸ ਸੰਸਥਾਨ' ਨੇ 'ਦਿੱਵਯ ਮਦਰ ਮਿਲਕ ਬੈਂਕ' ਦੀ ਸਥਾਪਨਾ ਕੀਤੀ ਹੈ; ਜੋ ਨਾ ਕੇਵਲ ਮਾਂਵਾਂ ਤੋਂ ਦੁੱਧ ਇਕੱਠਾ ਕਰਦੀ ਹੈ, ਸਗੋਂ ਲੋੜਵੰਦ ਬੱਚਿਆਂ ਤੱਕ ਦੁੱਧ ਪਹੁੰਚਾਉਣ ਦਾ ਇੰਤਜ਼ਾਮ ਵੀ ਕਰਦੀ ਹੈ। ਉਦੇਪੁਰ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 'ਦਿੱਵਯ ਮਦਰ ਮਿਲਕ ਬੈਂਕ' ਦੀ ਕਾਮਯਾਬੀ ਨੂੰ ਵੇਖਦਿਆਂ ਸੂਬਾ ਸਰਕਾਰ ਨੇ ਇਸ ਯੋਜਨਾ ਨੂੰ ਹੁਣ ਆਪਣੇ ਬਜਟ ਵਿੱਚ ਸ਼ਾਮਲ ਕਰ ਲਿਆ ਹੈ ਅਤੇ ਇਸ ਤਰ੍ਹਾਂ ਦੇ ਵੱਖੋ-ਵੱਖਰੇ ਸ਼ਹਿਰਾਂ ਵਿੱਚ 10 ਮਦਰ ਮਿਲਕ ਬੈਂਕ ਖੋਲ੍ਹਣ ਦਾ ਐਲਾਨ ਵੀ ਕੀਤਾ ਹੈ। ਇਸ ਲਈ ਸਰਕਾਰ ਨੇ ਆਪਣੇ ਬਜਟ ਵਿੱਚ 10 ਕਰੋੜ ਰੁਪਏ ਦਾ ਇੰਤਜ਼ਾਮ ਕੀਤਾ ਹੈ।

image


'ਦਿੱਵਯ ਮਦਰ ਮਿਲਕ ਬੈਂਕ' ਦੇ ਬਾਨੀ ਯੋਗ ਗੁਰੂ ਦੇਵੇਂਦਰ ਅਗਰਵਾਲ ਨੇ ਇਸ ਦੀ ਸਥਾਪਨਾ ਅਪ੍ਰੈਲ 2013 'ਚ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਸ਼ੁਰੂ ਕਰਨ ਦਾ ਇੱਕ ਵੱਡਾ ਕਾਰਣ ਉਨ੍ਹਾਂ ਦੇ ਸੰਸਥਾਨ ਵੱਲੋਂ ਚਲਾਈ ਜਾ ਰਹੀ 'ਮਹੇਸ਼-ਆਸ਼ਰਮ' ਮੁਹਿੰਮ ਸੀ। ਇਸ ਮੁਹਿੰਮ ਅਧੀਨ ਜੋ ਲੋਕ ਪੈਦਾ ਹੁੰਦਿਆਂ ਹੀ ਕੁੜੀਆਂ ਨੂੰ ਸੁੱਟ ਦਿੰਦੇ ਸਨ ਜਾਂ ਕਿਤੇ ਛੱਡ ਦਿੰਦੇ ਸਨ, ਉਨ੍ਹਾਂ ਨੂੰ ਇਹ ਆਪਣੇ ਕੋਲ ਆਸਰਾ ਦਿੰਦੇ ਹਨ, ਉਨ੍ਹਾਂ ਨੂੰ ਵੱਡਾ ਕਰਦੇ ਹਨ। ਇਸ ਲਈ 'ਮਾਂ ਭਗਵਤੀ ਵਿਕਾਸ ਸੰਸਥਾਨ' ਨੇ ਉਦੇਪੁਰ ਅਤੇ ਉਸ ਦੇ ਆਲੇ-ਦੁਆਲੇ ਕਈ ਥਾਂ ਪੰਘੂੜੇ ਲਾਏ ਹਨ; ਜਿੱਥੇ ਆ ਕੇ ਕੋਈ ਵੀ ਵਿਅਕਤੀ ਆਪਣੀ ਧੀ ਇਨ੍ਹਾਂ ਨੂੰ ਦੇ ਸਕਦਾ ਹੈ। ਹੁਣ ਤੱਕ ਇੱਥੇ 125 ਬੱਚੀਆਂ ਨੂੰ ਲਿਆਂਦਾ ਜਾ ਚੁੱਕਾ ਹੈ। ਯੋਗ ਗੁਰੂ ਦੇਵੇਂਦਰ ਅਗਰਵਾਲ ਮੁਤਾਬਕ 'ਮਹੇਸ਼-ਆਸ਼ਰਮ ਦਾ ਆਪਣਾ ਐਨ.ਆਈ.ਸੀ.ਯੂ. ਹੈ, ਜਿਸ ਵਿੱਚ ਵਿਸ਼ਵ ਪੱਧਰ ਦੀਆਂ ਸਹੂਲਤਾਂ ਹਨ। ਇਸ ਦੇ ਬਾਵਜੂਦ ਇਨ੍ਹਾਂ ਬੱਚੀਆਂ ਨੂੰ ਕਈ ਵਾਰ ਠੰਢ ਜਾਂ ਕੋਈ ਹੋਰ ਬੀਮਾਰੀ ਹੋ ਜਾਂਦੀ ਸੀ ਅਤੇ ਇਸ ਦਾ ਕਾਰਣ ਸੀ ਕਿ ਉਨ੍ਹਾਂ ਨੂੰ ਮਾਂ ਦਾ ਦੁੱਧ ਨਾ ਮਿਲਣਾ, ਜੋ ਬੱਚੀਆਂ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਕਿਉਂਕਿ ਮਾਂ ਦੇ ਦੁੱਧ ਵਿੱਚ ਕਈ ਰੋਗਾਣੂ ਨਾਸ਼ਕ ਤੱਤ ਹੁੰਦੇ ਹਨ, ਜੋ ਇਨ੍ਹਾਂ ਬੱਚੀਆਂ ਨੂੰ ਮਿਲ ਨਹੀਂ ਪਾਉਂਦੇ ਸਨ।'

image


ਤਦ ਯੋਗ ਗੁਰੂ ਦੇਵੇਂਦਰ ਅਗਰਵਾਲ ਨੇ ਸੋਚਿਆ ਕਿ ਅਜਿਹੀਆਂ ਯਤੀਮ ਕੁੜੀਆਂ ਲਈ ਮਾਂ ਦੇ ਦੁੱਧ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਕਈ ਅਜਿਹੇ ਬੱਚੇ ਜੋ ਐਨ.ਆਈ.ਸੀ.ਯੂ. 'ਚ ਹੁੰਦੇ ਸਨ, ਜਿਨ੍ਹਾਂ ਵਿਚੋਂ ਜੇ ਕੁੱਝ ਕੁੜੀਆਂ ਨੂੰ ਮਾਂ ਦਾ ਦੁੱਧ ਮਿਲ ਜਾਂਦਾ, ਤਾਂ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਫਿਰ ਉਹ ਇਹ ਜਾਣਨ ਵਿੱਚ ਜੁਟ ਗਏ ਕਿ ਦੁਨੀਆਂ ਵਿੱਚ ਕਿੱਥੇ ਅਜਿਹਾ ਕੰਮ ਚਲਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਬ੍ਰਾਜ਼ੀਲ ਵਿੱਚ ਇਸ ਤਰ੍ਹਾਂ ਦਾ ਕਾਫ਼ੀ ਵੱਡੀ ਨੈਟਵਰਕ ਕੰਮ ਕਰ ਰਿਹਾ ਹੈ, ਜੋ ਵਿਸ਼ਵ ਵਿੱਚ ਹਿਊਮਨ ਮਿਲਕ ਬੈਂਕਿੰਗ ਦੇ ਨਾਂਅ ਨਾਲ ਸਭ ਤੋਂ ਵੱਡਾ ਨੈਟਵਰਕ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ੈਸਲਾ ਲਿਆ ਕਿ ਉਦੇਪੁਰ 'ਚ ਵੀ ਇਸ ਤਰ੍ਹਾਂ ਦਾ ਹਿਊਮਨ ਮਿਲਕ ਬੈਂਕ ਸ਼ੁਰੂ ਕਰਨਾ ਚਾਹੀਦਾ ਹੈ, ਤਦ ਯੋਗ ਗੁਰੂ ਦੇਵੇਂਦਰ ਅਗਰਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ 'ਹਿਊਮਨ ਮਿਲਕ ਬੈਂਕਿੰਗ ਐਸੋਸੀਏਸ਼ਨ ਆੱਫ਼ ਨੌਰਥ ਅਮੈਰਿਕਾ' ਉਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸੇ ਧਾਰਨਾ ਉਤੇ ਉਨ੍ਹਾਂ ਉਦੇਪੁਰ 'ਚ 'ਮਦਰ ਮਿਲਕ ਬੈਂਕ' ਦੀ ਸਥਾਪਨਾ ਲਈ ਸੂਬਾ ਸਰਕਾਰ ਤੋਂ ਮਦਦ ਮੰਗੀ।

image


ਸਰਕਾਰ ਨੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨੂੰ ਇਹ ਨੇਕ ਕੰਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਫਿਰ ਉਦੇਪੁਰ ਦੇ ਆਰ.ਐਨ.ਟੀ. ਮੈਡੀਕਲ ਕਾਲਜ ਦੇ ਪੰਨਾਧਾਏ ਸਰਕਾਰੀ ਮਹਿਲਾ ਹਸਪਤਾਲ ਵਿੱਚ ਅੱਜ ਇਹ 'ਮਦਰ ਮਿਲਕ ਬੈਂਕ' ਚੱਲ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਨੂੰ 'ਹਿਊਮਨ ਮਿਲਕ ਬੈਂਕਿੰਗ ਐਸੋਸੀਏਸ਼ਨ ਆੱਫ਼ ਨੌਰਥ ਅਮੈਰਿਕਾ' ਦੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ਉਤੇ ਤਿਆਰ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਇਸ ਮਿਲਕ ਬੈਂਕ ਦੇ ਸਟਾਫ਼ ਦਾ ਖ਼ਰਚਾ ਅਤੇ ਇਸ ਦਾ ਸੰਚਾਲਨ ਯੋਗ ਗੁਰੂ ਦੇਵੇਂਦਰ ਅਗਰਵਾਲ ਦੀ ਸੰਸਥਾ 'ਮਾਂ ਭਗਵਤੀ ਵਿਕਾਸ ਸੰਸਥਾਨ' ਚੁੱਕਦਾ ਹੈ। ਇਸ ਬੈਂਕ ਵਿੱਚ ਇਕੱਠਾ ਹੋਣ ਵਾਲਾ ਦੁੱਧ ਸਭ ਤੋਂ ਪਹਿਲਾਂ ਮੌਜੂਦ ਯਤੀਮ ਬੱਚੀਆਂ ਨੂੰ ਦਿੱਤਾ ਜਾਂਦਾ ਹੈ। ਹੁਣ ਤੱਕ ਇਸ ਬੈਂਕ ਵਿੱਚ 3,200 ਤੋਂ ਵੱਧ ਔਰਤਾਂ 7,500 ਤੋਂ ਵੱਧ ਵਾਰ ਦੁੱਧ ਦਾਨ ਕਰ ਚੁੱਕੀਆਂ ਹਨ। 'ਦਿੱਵਯ ਮਦਰ ਮਿਲਕ ਬੈਂਕ' ਅਨੁਸਾਰ ਮਾਵਾਂ ਦੇ ਇਸ ਦੁੱਧ ਨਾਲ ਹੁਣ ਤੱਕ ਲਗਭਗ 1,900 ਨਵ-ਜਨਮੇ ਬਾਲਾਂ ਦੀਆਂ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।

image


ਯੋਗ ਗੁਰੂ ਦੇਵੇਂਦਰ ਅਗਰਵਾਲ ਮੁਤਾਬਕ ਇਸ ਬੈਂਕ ਵਿੱਚ ਤਿੰਨ ਤਰ੍ਹਾਂ ਦੇ ਦਾਨੀ ਆਉਂਦੇ ਹਨ। ਪਹਿਲੀਆਂ ਉਹ ਔਰਤਾਂ ਹੁੰਦੀਆਂ ਹਨ, ਜਿਨ੍ਹਾਂ ਕੋਲ ਬੱਚੇ ਦੀ ਖ਼ੁਰਾਕ ਤੋਂ ਵੱਧ ਦੁੱਧ ਹੁੰਦਾ ਹੈ, ਦੂਜੀਆਂ ਉਹ ਔਰਤਾਂ ਹੁੰਦੀਆਂ ਹਨ, ਜਿਨ੍ਹਾਂ ਦਾ ਬੱਚਾ ਆਈ.ਵੀ. ਉਤੇ ਹੁੰਦਾ ਹੈ ਅਤੇ ਬੱਚਿਆਂ ਦੀ ਫ਼ੀਡਿੰਗ ਰੋਕ ਦਿੱਤੀ ਜਾਂਦੀ ਹੈ, ਜਿਸ ਕਾਰਣ ਉਹ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਪਿਆ ਸਕਦੀਆਂ। ਉਹ ਇੱਥੇ ਆ ਕੇ ਦੁੱਧ ਦਾਨ ਕਰ ਸਕਦੀਆਂ ਹਨ ਅਤੇ ਤੀਜੀ ਤਰ੍ਹਾਂ ਦੀਆਂ ਮਹਿਲਾ ਦਾਨੀ ਉਹ ਹੁੰਦੀਆਂ ਹਨ, ਜਿਨ੍ਹਾਂ ਦੇ ਬੱਚੇ ਜਨਮ ਲੈਂਦਿਆਂ ਹੀ ਮਰ ਜਾਂਦੇ ਹਨ; ਭਾਵੇਂ ਇਹ ਲੋਕ ਅਜਿਹੀਆਂ ਮਾਵਾਂ ਉਤੇ ਦੁੱਧ ਦਾਨ ਦੇਣ ਲਈ ਜ਼ੋਰ ਨਹੀਂ ਪਾਉਂਦੇ। ਯੋਗ ਗੁਰੂ ਦੇਵੇਂਦਰ ਅਗਰਵਾਲ ਦਸਦੇ ਹਨ ਕਿ 'ਜਦੋਂ ਅਸੀਂ ਇਸ ਮਿਲਕ ਬੈਂਕ ਦੀ ਸ਼ੁਰੂਆਤ ਕੀਤੀ ਸੀ, ਤਾਂ ਲੋਕ ਸਾਨੂੰ ਆਖਦੇ ਸਨ ਕਿ ਕੋਈ ਕਿਉਂਕਿ ਸਾਨੂੰ ਦੁੱਧ ਦਾਨ ਕਰੇਗਾ? ਕਿਉਂਕਿ ਲੋਕਾਂ ਦਾ ਮੰਨਣਾ ਸੀ ਕਿ ਕੋਈ ਖ਼ੂਨ ਤਾਂ ਦਾਨ ਕਰ ਸਕਦਾ ਹੈ ਪਰ ਕੋਈ ਆਪਣੇ ਬੱਚੇ ਦੇ ਹਿੱਸੇ ਦਾ ਦੁੱਧ ਕਿਵੇਂ ਦਾਨ ਕਰੇਗਾ, ਭਾਵੇਂ ਉਹ ਜ਼ਿਆਦਾ ਵੀ ਕਿਉਂ ਨਾ ਹੋਵੇ।'

ਇਸ ਮਿਲਕ ਬੈਂਕ ਵਿੱਚ ਦੁੱਧ ਦਾਨ ਕਰਨ ਤੋਂ ਪਹਿਲਾਂ ਔਰਤਾਂ ਨੂੰ ਇੱਕ ਖ਼ਾਸ ਪ੍ਰਕਿਰਿਆ ਵਿਚੋਂ ਦੀ ਲੰਘਣਾ ਪੈਂਦਾ ਹੈ। ਇਸ ਅਧੀਨ ਜੋ ਔਰਤ ਦੁੱਧ ਦਾਨ ਕਰਨਾ ਚਾਹੁੰਦੀ ਹੈ, ਪਹਿਲਾਂ ਉਸ ਦਾ ਚੈਕਅਪ ਕੀਤਾ ਜਾਂਦਾ ਹੈ, ਤਾਂ ਜੋ ਇਹ ਪਤਾ ਚੱਲ ਸਕੇ ਕਿ ਕਿਤੇ ਉਸ ਨੂੰ ਕੋਈ ਬੀਮਾਰੀ ਤਾਂ ਨਹੀਂ ਹੈ ਜਾਂ ਫਿਰ ਉਹ ਅਲਕੋਹਲ ਜਾਂ ਅਜਿਹੇ ਕਿਸੇ ਪਦਾਰਥਾਂ ਦੀ ਵਰਤੋਂ ਤਾਂ ਨਹੀਂ ਕਰਦੀ। ਇਸ ਤੋਂ ਇਲਾਵਾ ਦੁੱਧ ਦਾਨ ਦੇਣ ਵਾਲੀ ਔਰਤ ਦਾ 2 ਮਿਲੀ ਲਿਟਰ ਖ਼ੂਨ ਲਿਆ ਜਾਂਦਾ ਹੈ, ਤਾਂ ਜੋ ਜਾਂਚ ਵਿੱਚ ਪਤਾ ਚੱਲ ਸਕੇ ਕਿ ਔਰਤ ਨੂੰ ਐਚ.ਆਈ.ਵੀ. ਜਾਂ ਹੋਰ ਲਾਗ ਦੀ ਬੀਮਾਰੀ ਤਾਂ ਨਹੀਂ ਹੈ। ਇਸ ਸਾਰੀ ਜਾਂਚ ਤੋਂ ਬਾਅਦ ਹੀ ਕੋਈ ਔਰਤ ਆਪਣਾ ਦੁੱਧ ਦਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਜੋ ਔਰਤਾਂ ਇੱਥੇ ਦੁੱਧ ਦੇਣ ਲਈ ਆਉਂਦੀਆਂ ਹਨ, ਉਸ ਤੋਂ ਪਹਿਲਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਦੁੱਧ ਦਾਨ ਦੇਣ ਤੋਂ ਪਹਿਲਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਣ। ਇਸ ਤੋਂ ਬਾਅਦ ਬ੍ਰੈਸਟ ਪੰਪ ਰਾਹੀਂ ਬਚਿਆ ਹੋਇਆ ਦੁੱਧ ਕੱਢ ਲਿਆ ਜਾਂਦਾ ਹੈ।

image


ਮਿਲਕ ਬੈਂਕ ਵਿੱਚ ਜਮ੍ਹਾ ਹੋਣ ਵਾਲਾ ਦੁੱਧ ਖ਼ਾਸ ਪ੍ਰਕਿਰਿਆ ਰਾਹੀਂ ਸੁਰੱਖਿਅਤ ਰੱਖਿਆ ਜਾਂਦਾ ਹੈ। ਸਭ ਤੋਂ ਪਹਿਲਾਂ ਮਾਂ ਤੋਂ ਮਿਲੇ ਦੁੱਧ ਨੂੰ ਤਦ ਤੱਕ ਮਨਫ਼ੀ ਪੰਜ ਡਿਗਰੀ ਉਤੇ ਸੁਰੱਖਿਅਤ ਰੱਖਿਆ ਜਾਂਦਾ ਹੈ, ਜਦ ਤੱਕ ਕਿ ਮਾਂ ਦੇ ਖ਼ੂਨ ਦੀ ਰਿਪੋਰਟ ਨਹੀਂ ਆ ਜਾਂਦੀ। ਫਿਰ ਸਾਰੀਆਂ ਦਾਨੀ ਔਰਤਾਂ ਦੇ ਦੁੱਧ ਨੂੰ ਮਿਲਾ ਕੇ ਉਸ ਦਾ ਪਾਸਚੁਰੀਕਰਣ (ਗਰਮ) ਕੀਤਾ ਜਾਂਦਾ ਹੈ। ਫਿਰ 30 ਮਿਲੀ ਲਿਟਰ ਦੀ ਇੱਕ ਯੂਨਿਟ ਤਿਆਰ ਕਰ ਕੇ ਉਸ ਨੂੰ ਸੀਲ ਪੈਕ ਕੀਤਾ ਜਾਂਦਾ ਹੈ। ਫਿਰ 12 ਯੂਨਿਟਾਂ ਦਾ ਇੱਕ ਬੈਚ ਬਣਾਇਆ ਜਾਂਦਾ ਹੈ। ਉਸ ਵਿਚੋਂ ਇੱਕ ਯੂਨਿਟ ਨੂੰ ਵੱਖ ਕਰ ਕੇ ਮਾਈਕ੍ਰੋਬਾਇਓਲੌਜੀ ਲੈਬ ਵਿੱਚ ਕਲਚਰ ਰਿਪੋਰਟ ਲਈ ਭੇਜ ਦਿੱਤਾ ਜਾਂਦਾ ਹੈ। ਜਦ ਕਿ ਬਾਕੀ ਯੂਨਿਟ ਨੂੰ ਕਲਚਰ ਰਿਪੋਰਟ ਆਉਣ ਤੱਕ ਮਨਫ਼ੀ 20 ਡਿਗਰੀ ਵਿੱਚ ਸੁਰੱਖਿਅਤ ਰੱਖ ਦਿੱਤਾ ਜਾਂਦਾ ਹੈ। ਇਸ ਦੁੱਧ ਦੀ ਖ਼ਾਸ ਗੱਲ ਇਹ ਹੁੰਦੀ ਹੈ ਕਿ ਇਹ ਤਿੰਨ ਮਹੀਨਿਆਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

image


ਇਹ ਦੇਸ਼ ਦਾ ਪਹਿਲਾ ਕਮਿਊਨਿਟੀ ਹਿਊਮਨ ਮਿਲਕ ਬੈਂਕ ਹੈ। 'ਦਿੱਵਯ ਮਦਰ ਮਿਲਕ ਬੈਂਕ' ਮਾਂਵਾਂ ਤੋਂ ਦੁੱਧ ਇਕੱਠਾ ਕਰਨ ਲਈ ਕਈ ਥਾਵਾਂ ਉਤੇ ਕੈਂਪ ਵੀ ਲਾਉਂਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਯੋਜਨਾ ਵਿੱਚ ਹੁਣ ਸੂਬਾ ਸਰਕਾਰ ਨੇ ਵੀ ਆਪਣੀ ਦਿਲਚਸਪੀ ਵਿਖਾਈ ਹੈ। ਇਸ ਲਈ ਸੂਬੇ 'ਚ 10 ਮਦਰ ਮਿਲਕ ਬੈਂਕ ਖੋਲ੍ਹਣ ਦੀ ਯੋਜਨਾ ਹੈ। ਇਸ ਲਈ 10 ਕਰੋੜ ਰੁਪਏ ਰੱਖੇ ਗਏ ਹਨ। ਉਦੇਪੁਰ 'ਚ 'ਦਿੱਵਯ ਮਦਰ ਮਿਲਕ ਬੈਂਕ' ਦੀ ਸਥਾਪਨਾ ਤੋਂ ਬਾਅਦ ਯੋਗ ਗੁਰੂ ਦੇਵੇਂਦਰ ਅਗਰਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਯੋਜਨਾ ਹੁਣ ਰਾਜਸਥਾਨ ਤੋਂ ਬਾਹਰ ਉਤਰ ਪ੍ਰਦੇਸ਼ ਅਤੇ ਹਰਿਆਣਾ 'ਚ ਵੀ ਅਜਿਹੇ ਬੈਂਕ ਖੋਲ੍ਹਣ ਦੀ ਹੈ। ਇਸ ਲਈ ਉਨ੍ਹਾਂ ਦੀ ਲੋਕਾਂ ਨਾਲ ਗੱਲਬਾਤ ਜਾਰੀ ਹੈ।


ਲੇਖਕ : ਹਰੀਸ਼ ਬਿਸ਼ਟ

ਅਨੁਵਾਦ : ਮੇਹਤਾਬਉਦੀਨ