ਸਫਲਤਾ ਦਾ ਫਾਰਮੂਲਾ ਮਿਹਨਤ ਅਤੇ ਕਾਮਯਾਬ ਹੋਣ ਦੀ ਜਿੱਦ ਹੀ ਹੈ: ਕਪਿਲ ਸ਼ਰਮਾ 

1

ਕਾਮਯਾਬੀ ਦਾ ਇੱਕ ਫਾਰਮੂਲਾ ਹੈ. ਮਿਹਨਤ ਜਮਾਂ ਜਿੱਦ. ਇਸ ਫਾਰਮੂਲੇ ਨੂੰ ਵਰਤ ਕੇ ਹੀ ਕਾਮਯਾਬੀ ਮਿਲਦੀ ਹੈ.

ਇਹ ਕਹਿਣਾ ਹੈ ਕਮੇਡੀ ਕਿੰਗ ਕਪਿਲ ਸ਼ਰਮਾ ਦਾ.

ਉਨ੍ਹਾਂ ਦਾ ਮੰਨਣਾ ਹੈ ਕੇ ਸਫਲਤਾ ਲਈ ਸੰਘਰਸ਼ ਕਰਨਾ ਪੈਂਦਾ ਹੈ, ਇਹ ਸੰਘਰਸ਼ ਕਿੰਨੇ ਲੰਬਾ ਹੋ ਸਕਦਾ ਹੈ ਇਸ ਦਾ ਵੀ ਕੋਈ ਤੈਅ ਸਮਾਂ ਨਹੀਂ ਹੈ, ਪਰ ਇਹ ਜਰੁਰ ਹੈ ਕੇ ਇਸ ਸੰਘਰਸ਼ ਦਾ ਨਤੀਜਾ ਸਫਲਤਾ ਦੇ ਤੌਰ ‘ਤੇ ਹੀ ਮਿਲਦਾ ਹੈ.

ਇਨ੍ਹਾਂ ਦਿਨਾਂ ਉਹ ਚੰਡੀਗੜ੍ਹ ਨੇੜੇ ਰੋਪੜ ਜਿਲ੍ਹੇ ਦੇ ਇੱਕ ਪਿੰਡ ਵਿੱਚ ਆਪਣੀ ਆਉਣ ਵਾਲੀ ਫਿਲਮ ‘ਫਿਰੰਗੀ’ ਦੀ ਸ਼ੂਟਿੰਗ ਕਰ ਰਹੇ ਹਨ. ਇਸੇ ਦੌਰਾਨ ਫਿਲਮ ਦੇ ਸੇਟ ‘ਤੇ ਹੀ ਗੱਲ ਬਾਤ ਕਰਦਿਆਂ ਕਪਿਲ ਸ਼ਰਮਾ ਨੇ ਆਪਣੇ ਸੰਘਰਸ਼ ਅਤੇ ਜਿੱਦ ਬਾਰੇ ਦੱਸਿਆ. ਉਨ੍ਹਾਂ ਦਾ ਕਹਿਣਾ ਹੈ-

“ਕਾਮਯਾਬ ਹੋਣ ਲਈ ਮਿਹਨਤ ਅਤੇ ਜਿੱਦ ਹੀ ਜ਼ਰੂਰੀ ਹੈ. ਟੀਚਾ ਮਿਥਿਆ ਹੋਵੇ ਅਤੇ ਮਿਹਨਤ ਰਾਹੀਂ ਕਾਮਯਾਬ ਹੋਣ ਦੀ ਜਿੱਦ ਫੜੀ ਹੋਏ. ਇਹੀ ਫਾਰਮੂਲਾ ਹੈ ਸਫਲ ਹੋਣ ਦਾ.”

ਉਨ੍ਹਾਂ ਇਹ ਵੀ ਕਿਹਾ ਕੇ ਇਸ ਫਾਰਮੂਲੇ ਦਾ ਇੱਕੋ ਹੀ ਪੇੰਚ ਹੈ ਕੇ ਸੰਘਰਸ਼ ਕਰਦੇ ਰਹਿਣ ਦੀ ਜਿੱਦ ਕਿੰਨੇ ਸਮੇਂ ਲਈ ਫੜਨੀ ਪੈ ਸਕਦੀ ਹੈ ਇਹ ਰੱਬ ਹੀ ਜਾਣਦਾ ਹੈ. ਉਹ ਪਰਮਾਤਮਾ ਦਾ ਸ਼ੁਕਰ ਕਰਦੇ ਹਨ ਕੇ ਉਨ੍ਹਾਂ ਦੇ ਸੰਘਰਸ਼ ਨੂੰ ਪਰਵਾਨ ਚੜ੍ਹਾਇਆ.

ਅੱਜ ਦੇ ਦੌਰ ‘ਚ ਕਾਮਯਾਬੀ ਦੇ ਸ਼ਿਖਰ ‘ਤੇ ਬੈਠੇ ਕਪਿਲ ਸ਼ਰਮਾ ਨੂੰ ਨਾਕਾਮੀ ਦਾ ਸੁਆਦ ਵੀ ਪਤਾ ਹੈ. ਉਹ ਕਹਿੰਦੇ ਹਨ ਕੇ ਸ਼ੁਰੁਆਤੀ ਦਿੰਨਾਂ ‘ਚ ਸੰਘਰਸ਼ ਬਹੁਤ ਸੀ. ਕਾਮਯਾਬੀ ਨੇੜੇ ਕਿੱਤੇ ਦਿੱਸਦੀ ਨਹੀਂ ਸੀ. ਨਾਕਾਮੀ ਵੀ ਕਈ ਵਾਰ ਹੱਥ ਲੱਗੀ. ਪਰ ਜਿੱਦ ਸੀ ਕੇ ਸਫਲ ਹੋਣ ਤਕ ਸੰਘਰਸ਼ ਨਹੀਂ ਛੱਡਣਾ. ਕਪਿਲ ਸ਼ਰਮਾ ਨਾਕਾਮੀ ਨੂੰ ਵੀ ਇੱਕ ਸਫਲਤਾ ਲਈ ਜ਼ਰੂਰੀ ਮੰਨਦੇ ਹਨ. ਉਨ੍ਹਾਂ ਦਾ ਕਹਿਣਾ ਹੈ ਕੇ ਨਾਕਾਮੀ ਵੇਖ ਚੁੱਕੇ ਇਨਸਾਨ ਨੂੰ ਹੀ ਕਾਮਯਾਬੀ ਦਾ ਸੁਆਦ ਅਤੇ ਕੀਮਤ ਪਤਾ ਹੁੰਦੀ ਹੈ. ਨਾਕਾਮ ਹੋ ਕੇ ਕਾਮਯਾਬ ਹੋਇਆ ਇਨਸਾਨ ਸਫਲਤਾ ਮਿਲਣ ‘ਤੇ ਆਪਣੀ ਔਕਾਤ ਨਹੀਂ ਭੁੱਲਦਾ.

ਆਪਣੀ ਕਾਮਯਾਬੀ ਨੂੰ ਓਹ ਆਪਣੀ ਮਾਂ ਦੀ ਮਿਹਨਤ ਨਾਲ ਵੀ ਜੋੜਦੇ ਕੇ ਵੇਖਦੇ ਹਨ. ਉਹ ਦੱਸਦੇ ਹਨ ਕੇ ਕਿਵੇਂ ਉਨ੍ਹਾਂ ਦੇ ਪਿਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਮਗਰੋਂ ਉਨ੍ਹਾਂ ਦੀ ਮਾਂ ਨੇ ਹੌਸਲਾ ਰੱਖਦਿਆਂ ਅਤੇ ਮਿਹਨਤ ਕਰਕੇ ਉਨ੍ਹਾਂ ਨੂੰ ਵੱਡਾ ਕੀਤਾ ਅਤੇ ਕਾਮਯਾਬ ਹੋਣ ਲਾਯਕ ਬਣਾਇਆ.

ਲੇਖਕ: ਰਵੀ ਸ਼ਰਮਾ