ਡਾਕਟਰ ਰਮੇਸ਼ ਨੇ ਬਣਾਇਆ ਨੇਤਰ ਬੈੰਕ, 13 ਸਾਲਾਂ 'ਚ 4648 ਲੋਕਾਂ ਦੀ ਜਿੰਦਗੀ ਕੀਤੀ ਰੋਸ਼ਨ, 20 ਹਜ਼ਾਰ ਮੁਫ਼ਤ ਓਪਰੇਸ਼ਨ ਵੀ  

0

ਸਮਾਜ ਦੇ ਭਲੇ ਲਈ ਕੁਝ ਕਰਣ ਦਾ ਜੁਨੂਨ ਹੋਵੇ ਕਾਮਯਾਬੀ ਮਿਲ ਹੀ ਜਾਂਦੀ ਹੈ. ਇਸ ਦੀ ਮਿਸਾਲ ਹਨ ਰੋਪੜ ਜਿਲ੍ਹੇ ਦੇ ਨਵਾਂ ਨੰਗਲ ਦੇ ਜੰਮ-ਪਲ ਡਾਕਟਰ ਰਮੇਸ਼ ਚੰਦ. ਡਾਕਟਰ ਰਮੇਸ਼ ਚੰਦ ਨੇ ਪਟਿਆਲਾ ਮੇਡਿਕਲ ਕਾਲੇਜ ਤੋਂ ਡਾਕਟਰੀ ਦੀ ਪੜ੍ਹਾਈ ਕਰਣ ਮਗਰੋਂ ਅੱਖਾਂ ਦੇ ਮਾਹਿਰ ਵੱਜੋਂ ਸਰਕਾਰੀ ਨੌਕਰੀ ਕੀਤੀ। ਨੌਕਰੀ 'ਚ ਰਹਿੰਦੀਆਂ ਹੀ ਇਕ ਦਿਨ ਉਨ੍ਹਾਂ ਨੇ ਅਜਿਹੇ ਲੋਕਾਂ ਦੇ ਭਲੇ ਲਈ ਮੁਹਿਮ ਚਲਾਉਣ ਦਾ ਫੈਸਲਾ ਕੀਤਾ ਜੋ ਅੱਖਾਂ ਦੀ ਰੋਸ਼ਨੀ ਗੁਆ ਚੁੱਕੇ ਸਨ.

ਇਹ ਕਰੀਬ 25 ਵਰ੍ਹੇ ਪਹਿਲਾਂ ਦੀ ਗੱਲ ਹੈ. ਨੌਕਰੀ 'ਚ ਰਹਿੰਦੀਆਂ ਉਹ ਜਿੰਨਾ ਕੁਝ ਕਰ ਸਕੇ, ਉਨ੍ਹਾਂ ਨੇ ਕੀਤਾ। ਫੇਰ ਉਨ੍ਹਾਂ ਨੇ ਧਾਰ ਲਿਆ ਅਜਿਹੇ ਲੋਕਾਂ ਲਈ ਕੁਝ ਕਰਣ ਦਾ ਤਾਂ ਤਾਂ ਜੋ ਅੰਨ੍ਹੇ ਹੋ ਚੁੱਕੇ ਲੋਕਾਂ ਦੀ ਦੀ ਰੋਸ਼ਨੀ ਵਾਪਸ ਲਿਆਈ ਜਾ ਸਕੇ. ਇਸ ਵਿਚਾਰ ਨਾਲ ਹੀ ਉਹ ਲੁਧਿਆਣਾ 'ਚ ਪੱਕੇ ਤੌਰ ਤੇ ਆ ਗਏ ਅਤੇ ਸਰਕਾਰੀ ਨੌਕਰੀ ਛੱਡ ਦਿੱਤੀ। ਉਨ੍ਹਾਂ ਨੇ ਨੇਤਰ ਬੈੰਕ ਸ਼ੁਰੂ ਕੀਤਾ। ਲੁਧਿਆਣਾ ਦੇ ਨੇੜੇ ਮਨਸੂਰਾਂ ਕਸਬੇ 'ਚ ਕੰਮ ਕਰਦਿਆਂ ਲੋਕਾਂ ਨਾਲ ਅਜਿਹੇ ਪਿਆਰ ਹੋਇਆ ਕੀ ਲੋਕਾਂ ਨੇ ਉਨ੍ਹਾਂ ਦਾ ਨਾਂ ਹੀ ਡਾਕਟਰ ਰਮੇਸ਼ ਮਨਸੂਰਾਂ ਵਾਲੇ ਪਾ ਦਿੱਤਾ।

ਡਾਕਟਰ ਰਮੇਸ਼ ਬੀਤੇ 13 ਸਾਲਾਂ ਦੇ ਦੌਰਾਨ 4648 ਅੰਨ੍ਹੇ ਹੋ ਚੁੱਕੇ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਪਰਤਾ ਚੁੱਕੇ ਹਨ. ਹੁਣ ਤਕ ਤਕਰੀਬਨ 20 ਹਜ਼ਾਰ ਤੋਂ ਵੀ ਵੱਧ ਅੱਖਾਂ ਦੇ ਓਪਰੇਸ਼ਨ ਕਰ ਚੁੱਕੇ ਹਨ.

ਨੇਤਰਦਾਨ ਮੁਹਿਮ ਬਾਰੇ ਦੱਸਦਿਆਂ ਡਾਕਟਰ ਰਮੇਸ਼ ਨੇ ਕਿਹਾ-

"ਸਾਲ 2003 ਵਿੱਚ ਪੁਨਰਜੋਤ ਨਾਂ ਦਾ ਨੇਤਰ ਬੈੰਕ ਬਣਾਇਆ। ਲੋਕਾਂ ਨੂੰ ਨੇਤਰ ਦਾਨ ਬਾਰੇ ਜਾਣੂੰ ਕਰਾਉਣਾ ਸੌਖਾ ਨਹੀਂ ਸੀ. ਕਿਸੇ ਦੀ ਮੌਤ ਦੇ ਮੌਕੇ 'ਤੇ ਉਨ੍ਹਾਂ ਦੇ ਘਰ ਜਾ ਕੇ ਲੋਕਾਂ ਨਾਲ ਇਸ ਬਾਰੇ ਗੱਲ ਕਰਣਾ ਹੀ ਔਖਾ ਲਗਦਾ ਸੀ. ਲੋਕੀਂ ਗੱਲ ਨੂੰ ਪੁੱਠੇ ਪਾਸੇ ਲੈ ਜਾਂਦੇ ਸਨ. ਉਨ੍ਹਾਂ ਦੀ ਟੀਮ ਨੂੰ ਲੋਕਾਂ ਦਾ ਵਿਰੋਧ ਵੀ ਝੱਲਣਾ ਪਿਆ. ਪਰ ਕਿਸੇ ਨੇ ਹੌਸਲਾ ਨਹੀਂ ਛੱਡਿਆ।"

ਇਕ ਵਾਰ ਤਾਂ ਨੇਤਰਦਾਨ ਦਾ ਫ਼ੈਸਲਾ ਕਰ ਚੁੱਕਾ ਇਕ ਪਰਿਵਾਰ ਮੌਕੇ ਤੇ ਨਾਂਹ ਕਰ ਗਿਆ ਅਤੇ ਉਨ੍ਹਾਂ ਦੀ ਟੀਮ ਨੂੰ ਬੁਰਾ-ਭੱਲਾ ਕਹਿਣ ਲੱਗ ਪਿਆ. ਡਾਕਟਰ ਰਮੇਸ਼ ਕਈ ਵਾਰ ਤਾਂ ਨੇਤਰਦਾਨ ਕਰਾਉਣ ਲਈ ਸ਼ਮਸ਼ਾਨ ਘਾਟ ਤੇ ਹੀ ਜਾ ਪਹੁੰਚਦੇ ਸਨ. ਫਗਵਾੜਾ 'ਚ ਉਹ ਨੇਤਰਦਾਨ ਬਾਰੇ ਗੱਲ ਕਰਣ ਸ਼ਮਸ਼ਾਨ ਘਾਟ ਤੇ ਪਹੁੰਚ ਗਏ ਪਰ ਪਰਿਵਾਰ ਮੁਕਰ ਗਿਆ. ਉਸੇ ਵੇਲੇ ਇਕ ਹੋਰ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਸੰਸਕਾਰ ਲਈ ਆਇਆ ਤੇ ਉਹ ਨੇਤਰਦਾਨ ਲਈ ਰਾਜ਼ੀ ਹੋ ਗਿਆ.

ਡਾਕਟਰ ਰਮੇਸ਼ ਦੇ ਮੁਤਾਬਿਕ ਲੋਕ ਤਾਂ ਨੇਤਰਦਾਨ ਲਈ ਰਾਜ਼ੀ ਹੁੰਦੇ ਹਨ ਪਰ ਮੌਕੇ ਤੇ ਰਿਸ਼ਤੇਦਾਰ ਹੀ ਵਿਰੋਧ ਕਰਣ ਲੱਗ ਪੈਂਦੇ ਹਨ. ਕਈ ਵਾਰ ਅਜਿਹਾ ਵੀ ਹੋਇਆ ਹੈ ਕੀ ਵਿਰੋਧ ਕਰਣ ਵਾਲੇ ਬਾਅਦ 'ਚ ਉਨ੍ਹਾਂ ਦੀ ਮੁਹਿਮ ਨਾਲ ਜੁੜ ਵੀ ਗਏ.

ਡਾਕਟਰ ਰਮੇਸ਼ ਦੇ ਨੇਤਰਦਾਨ ਅਤੇ ਨੇਤਰ ਬੈੰਕ ਮੁਹਿਮ ਨੂੰ ਵੇਖਦਿਆਂ ਕਈ ਸਵੈ ਸਹਾਇਤਾ ਗਰੁਪ ਉਨ੍ਹਾਂ ਨਾਲ ਜੁੜ ਗਏ ਹਨ ਅਤੇ ਹੁਣ ਪੰਜਾਬ ਦੇ ਲਗਭਗ ਹਰ ਕਸਬੇ 'ਚ ਨੇਤਰਦਾਨ ਦੀ ਮੁਹਿਮ ਚਲਾ ਰਹੇ ਹਨ. ਹੁਣ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਵੀ ਅੱਖਾਂ ਦੇ ਮਾਹਿਰ ਬਣਨ ਦੀ ਪੜ੍ਹਾਈ ਕਰ ਰਹੇ ਡਾਕਟਰਾਂ ਨੂੰ 'ਹੈੰਡ ਉਨ ਟ੍ਰੇਨਿੰਗ' ਲਈ ਪੁਨਰਜੋਤ ਨੇਤਰ ਬੈੰਕ ਭੇਜਦੇ ਹਨ. ਇਹ ਇਕ ਬਹੁਤ ਵੱਡੀ ਕਾਮਯਾਬੀ ਹੈ.

ਲੇਖਕ: ਰਵੀ ਸ਼ਰਮਾ