ਸਟਾਰਟ-ਅੱਪਸ ਜੇ ਖਪਤਕਾਰਾਂ ਦਾ ਧਿਆਨ ਰੱਖਣ, ਤਾਂ ਫ਼ੰਡਿੰਗ 'ਚ ਕੋਈ ਔਕੜ ਨਹੀਂ ਆਵੇਗੀ: ਨਿਕੇਸ਼ ਅਰੋੜਾ

0

ਕੁੱਝ ਸਮਾਂ ਪਹਿਲਾਂ ਨਿਕੇਸ਼ ਅਰੋੜਾ ਖ਼ੂਬ ਸੁਰਖ਼ੀਆਂ 'ਚ ਰਹੇ, ਜਦੋਂ ਉਨ੍ਹਾਂ ਜਾਪਾਨ ਦੀ ਇੱਕ ਨਿਵੇਸ਼ ਕੰਪਨੀ ਸਾੱਫ਼ਟ ਬੈਂਕ 'ਚ ਅਹੁਦਾ ਸੰਭਾਲਿਆ ਅਤੇ ਉਸ ਦੇ ਕੁੱਝ ਸਮੇਂ ਬਾਅਦ ਹੀ ਉਸ ਕੰਪਨੀ ਨੇ ਨਿਵੇਸ਼ ਲਈ ਭਾਰਤ ਨੂੰ ਚੁਣਿਆ। 'ਸਟਾਰਟ-ਅੱਪ ਇੰਡੀਆ' ਪ੍ਰੋਗਰਾਮ ਵਿੱਚ ਬੋਲਦਿਆਂ ਨਿਕੇਸ਼ ਅਰੋੜਾ, ਜੋ ਸਾੱਫ਼ਟ ਬੈਂਕ ਵਿੱਚ ਪ੍ਰਧਾਨ ਅਤੇ ਸੀ.ਈ.ਓ. ਵਜਂੇ ਕੰਮ ਕਰ ਰਹੇ ਹਨ, ਨੇ ਕਈ ਅਹਿਮ ਨੁਕਤਿਆਂ ਬਾਰੇ ਆਪਣੇ ਵਿਚਾਰ ਰੱਖੇ।

ਭਾਰਤ ਪਹਿਲੀ ਪਸੰਦ ਕਿਉਂ ਹੈ?

ਨਿਕੇਸ਼ ਦਸਦੇ ਹਨ ਕਿ ਜਦੋਂ 18 ਮਹੀਨੇ ਪਹਿਲਾਂ ਉਨ੍ਹਾਂ ਨੇ ਇਹ ਕੰਪਨੀ ਜੁਆਇਨ ਕੀਤੀ ਸੀ, ਉਸ ਵੇਲੇ ਕੰਪਨੀ ਆਪਣੇ ਵਿਸਥਾਰ ਲਈ ਕਈ ਥਾਵਾਂ ਦੀ ਚੋਣ ਕਰ ਰਹੀ ਸੀ। ਲਗਭਗ ਉਸੇ ਸਮੇਂ ਭਾਰਤ 'ਚ ਵੀ ਸੱਤਾ ਬਦਲੀ। ਫਿਰ ਅਸੀਂ ਵੀ ਇਸ ਪਾਸੇ ਧਿਆਨ ਦਿੱਤਾ ਕਿ ਭਾਰਤ ਵਿੱਚ ਜਿਸ ਤੇਜ਼ੀ ਨਾਲ ਤਕਨੀਕ ਦਾ ਵਿਸਥਾਰ ਹੋ ਰਿਹਾ ਹੈ, ਉਸ ਨੂੰ ਵੇਖਦਿਆਂ ਆਉਣ ਵਾਲੇ 10 ਤੋਂ 15 ਸਾਲਾਂ ਦਾ ਸਮਾਂ ਭਾਰਤ ਵਿੱਚ ਨਵੀਂਆਂ ਕੰਪਨੀਆਂ ਲਈ ਬਹੁਤ ਵਧੀਆ ਰਹਿਣ ਵਾਲਾ ਹੈ। ਨਿਕੇਸ਼ ਨੇ ਓਬੇਰ ਕੰਪਨੀ ਦੇ ਸੀ.ਈ.ਓ. ਟਰੈਵਿਸ ਦੀ ਗੱਲ ਨੂੰ ਦੁਹਰਾਉਂਦਿਆਂ ਕਿਹਾ ਕਿ ਨਿਵੇਸ਼ ਪੱਖੋਂ ਬੇਅ ਏਰੀਆ, ਬੀਜਿੰਗ ਅਤੇ ਬੈਂਗਲੁਰੂ ਦੁਨੀਆ ਦੇ ਤਿੰਨ ਬਿਹਤਰੀਨ ਟਿਕਾਣੇ ਹਨ।

ਸਟਾਰਟ-ਅੱਪ ਤੋਂ ਕੀ ਸਿੱਖਿਆ

ਨਿਕੇਸ਼ ਨੇ ਦੱਸਿਆ ਕਿ ਭਾਵੇਂ ਕੋਈ ਵੱਡੀ ਕੰਪਨੀ ਹੋਵੇ, ਸਟਾਰਟ-ਅੱਪ ਹੋਵੇ ਜਾਂ ਫਿਰ ਸਟਾਰਟ-ਅੱਪ ਤੋਂ ਬਣੀ ਕੋਈ ਵੱਡੀ ਕੰਪਨੀ ਹੋਵੇ। ਸਭ ਤੋਂ ਇੱਕੋ ਸਿੱਖਿਆ ਮਿਲਦੀ ਹੈ ਕਿ ਜੋ ਲੋਕ ਸੱਚਮੁਚ ਕੰਮ ਕਰਨ ਦੇ ਮੰਤਵ ਅਤੇ ਆਪਣੀ ਕੰਪਨੀ ਰਾਹੀਂ ਲੋਕਾਂ ਦੀ ਸਮੱਸਿਆ ਸੁਲਝਾਉਣ ਲਈ ਬਾਜ਼ਾਰ ਵਿੱਚ ਉੱਤਰਦੇ ਹਨ, ਉਹ ਉਨ੍ਹਾਂ ਲੋਕਾਂ ਤੋਂ ਵੱਧ ਸਫ਼ਲ ਰਹਿੰਦੇ ਹਨ, ਜੋ ਕੇਵਲ ਫ਼ੰਡਿੰਗ ਅਤੇ ਪੈਸੇ ਲਈ ਬਾਜ਼ਾਰ ਵਿੱਚ ਆਏ ਹੁੰਦੇ ਹਨ।

ਆਪਣੀ ਕੰਪਨੀ ਦੀ ਚੋਣ ਕਿਵੇਂ ਕਰੀਏ

ਨਿਕੇਸ਼ ਨੇ ਕਿਹਾ ਕਿ ਅੱਜ ਦਿਨ ਭਰ ਕਈ ਲੋਕਾਂ ਨੇ ਆਪਣੇ ਵਿਚਾਰ ਰੱਖੇ, ਜੋ ਕਿ ਬਹੁਤ ਲਾਹੇਵੰਦ ਅਤੇ ਜਾਣਕਾਰੀ ਭਰਪੂਰ ਸਨ। ਮੈਨੂੰ ਲਗਦਾ ਹੈ ਕਿ ਸਭ ਤੋਂ ਪਹਿਲਾਂ ਕਿਸੇ ਵੀ ਕੰਪਨੀ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਉਹ ਫ਼ੰਡ ਜੁਟਾਉਣ ਦੀ ਥਾਂ ਗਾਹਕ ਵੱਲ ਵੱਧ ਧਿਆਨ ਦੇਣ। ਅਤੇ ਜੋ ਇਸ ਸੋਚ ਨਾਲ ਕੰਪਨੀ ਖੋਲ੍ਹ ਰਹੇ ਹਨ, ਉਹੀ ਨਿਵੇਸ਼ ਲਈ ਸਭ ਤੋਂ ਵਾਜਬ ਹਨ।

ਸਿੱਖਿਆ ਦਾ ਮਹੱਤਵ

ਸਿੱਖਿਆ ਸਭ ਤੋਂ ਜ਼ਰੂਰੀ ਹੈ। ਤਕਨੀਕ ਦੀ ਵਰਤੋਂ ਨਾਲ ਅਸੀਂ ਸਿੱਖਿਆ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ। ਨਿਕੇਸ਼ ਦਸਦੇ ਹਨ ਕਿ ਭਾਵੇਂ ਇਹ ਆਸਾਨ ਕੰਮ ਨਹੀਂ ਹੈ। ਇਸ ਤਰ੍ਹਾਂ ਦੀ ਤਕਨੀਕ ਲਈ ਭਾਈਵਾਲੀ ਅਤੇ ਸਰਕਾਰੀ ਸਹਿਯੋਗ ਦੀ ਬਹੁਤ ਜ਼ਰੂਰਤ ਹੁੰਦੀ ਹੈ।

ਵਿਭਿੰਨ ਨੀਤੀ ਪੈਕੇਜਾਂ ਤੋਂ ਆਸਾਂ

ਨਿਕੇਸ਼ ਕਹਿੰਦੇ ਹਨ ਕਿ ਮੈਨੂੰ ਸੱਚਮੁਚ ਲਗਦਾ ਹੈ ਕਿ ਅਸੀਂ ਹਾਂ-ਪੱਖੀ ਸ਼ੁਰੂਆਤ ਕੀਤੀ ਹੈ। ਅਸੀਂ ਬਹੁਤ ਸਾਰੇ ਲੋਕਾਂ ਨੂੰ ਇੱਕ ਮੰਚ ਉਤੇ ਲੈ ਕੇ ਆਏ ਹਾਂ। ਭਾਵੇਂ ਉਹ ਸਰਕਾਰੀ ਤੰਤਰ ਨਾਲ ਜੁੜੇ ਲੋਕ ਹੋਣ ਜਾਂ ਫਿਰ ਸਟਾਰਟ-ਅੱਪਸ ਹੋਣ। ਚੰਗੀ ਗੱਲ ਇਹ ਹੈ ਕਿ ਸਾਰੇ ਇੱਕ-ਦੂਜੇ ਦੇ ਲਾਭ ਨਾਲ ਜੁੜੇ ਹਨ ਅਤੇ ਇੱਕ-ਦੂਜੇ ਨੂੰ ਲਾਭ ਪਹੁੰਚਾ ਰਹੇ ਹਨ। ਮੈਨੂੰ ਲਗਦਾ ਹੈ ਕਿ ਇਹ ਸਫ਼ਰ ਬਹੁਤ ਲੰਮਾ ਰਹੇਗਾ। ਅਸੀਂ ਪਹਿਲਾ ਅਹਿਮ ਕਦਮ ਤਾਂ ਅੱਗੇ ਵਧਾ ਹੀ ਦਿੱਤਾ ਹੈ। ਹੁਣ ਜ਼ਰੂਰਤ ਹੈ, ਇਸ ਨੂੰ ਤੇਜ਼ੀ ਨਾਲ ਹੋਰ ਅੱਗੇ ਵਧਾਉਣ ਦੀ। ਸਾੱਫ਼ਟ ਬੈਂਕ ਸੋਲਰ ਐਨਰਜੀ ਦਾ ਵੀ ਵੱਡਾ ਨਿਵੇਸ਼ਕ ਹੈ।

ਨਵਿਆਉਣਯੋਗ ਊਰਜਾ ਵਿੱਚ ਨਿਵੇਸ਼

ਨਿਕੇਸ਼ ਨੇ ਦੱਸਿਆ ਕਿ ਭਾਰਤ ਕੋਲ ਇਸ ਵੇਲੇ ਬਹੁਤ ਵਧੀਆ ਮੌਕਾ ਹੈ ਕਿ ਉਹ ਹੁਣ ਸਵੱਛ ਊਰਜਾ ਭਾਵ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਅੱਗੇ ਵਧੇ ਅਤੇ ਹੋਰ ਕੰਮ ਕਰੇ। ਉਹ ਕਹਿੰਦੇ ਹਨ ਕਿ ਮੈਨੂੰ ਇਹ ਵੇਖ ਕੇ ਬਹੁਤ ਖ਼ੁਸ਼ੀ ਹੈ ਕਿ ਸਰਕਾਰ ਇਸ ਦਿਸ਼ਾ ਵਿੱਚ ਬਹੁਤ ਬਿਹਤਰ ਕੰਮ ਕਰ ਰਹੀ ਹੈ।

ਬਨਾਵਟੀ ਇੰਟੈਲੀਜੈਂਸ ਬਾਰੇ ਰਾਇ

ਇਸ ਤੋਂ ਇਲਾਵਾ ਨਿਕੇਸ਼ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਬਹੁਤ ਆਸ ਨਾਲ ਵੇਖਦੇ ਹਨ ਅਤੇ ਨਿਵੇਸ਼ ਦੀ ਇੱਛਾ ਰਖਦੇ ਹਨ।

ਕੀ ਸਰਵਿਸ ਸਾਈਡ ਦੀ ਫ਼ੰਡਿੰਗ ਪ੍ਰੋਡਕਟ ਸਾਈਡ ਤੋਂ ਜ਼ਿਆਦਾ ਹੈ

ਭਾਰਤ ਵਿੱਚ ਸਟਾਰਟ-ਅੱਪਸ ਹਾਲੇ ਸ਼ੁਰੂਆਤੀ ਦੌਰ ਵਿੱਚ ਹਨ। ਇਸੇ ਲਈ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਫੂਕ-ਫੂਕ ਕੇ ਕਦਮ ਧਰੀਏ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਯੋਜਨਾਵਾਂ ਨੂੰ ਅਮਲੀ ਰੂਪ ਦੇਈਏ।

ਆਖ਼ਰ ਡਿਸਕਾਊਂਟ ਮਾੱਡਲ ਦੇ ਭਰੋਸੇ ਕਦ ਤੱਕ

ਸਾਡਾ ਸਾਰੀਆਂ ਕੰਪਨੀਆਂ ਨੂੰ ਅਨੁਰੋਧ ਹੈ ਕਿ ਉਹ ਆਪਣੇ ਗਾਹਕਾਂ ਨੂੰ ਇੱਕ ਵਧੀਆ ਅਨੁਭਵ ਦੇਣ। ਅਸੀਂ ਇਹ ਗਾਹਕਾਂ ਉੱਤੇ ਛੱਡ ਦਿੱਤਾ ਹੈ ਕਿ ਉਹ ਕਿਹੜੀ ਕੰਪਨੀ ਚੁਣਨ।

ਲੇਖਕ: ਆਸ਼ੂਤੋਸ਼ ਖੰਟਵਾਲ

ਅਨੁਵਾਦ: ਮਹਿਤਾਬ-ਉਦ-ਦੀਨ