40 ਵਾਰ ਠੁਕਰਾਏ ਜਾਣ ਤੋਂ ਬਾਅਦ ਮਿਲੀ ਪ੍ਰਮਿਲਾ ਨੂੰ ਨੌਕਰੀ

0

ਸੋਚੋ, ਜੇ ਕਿਸੇ ਨੂੰ ਨੌਕਰੀ ਹਾਸਲ ਕਰਨ ਲਈ ਇੱਕ-ਦੋ ਵਾਰ ਨਹੀਂ, 40 ਵਾਰ ਠੁਕਰਾਇਆ ਗਿਆ ਹੋਵੇ, ਤਾਂ ਉਹ ਕੀ ਕਰੇਗਾ? ਕੋਈ ਆਮ ਇਨਸਾਨ ਹੁੰਦਾ, ਤਾਂ ਉਹ ਨੌਕਰੀ ਦੀ ਆਸ ਹੀ ਛੱਡ ਦਿੰਦਾ, ਪਰ ਪ੍ਰਮਿਲਾ ਹਰਿਪ੍ਰਸਾਦ ਨੇ ਹਾਰ ਮੰਨਣੀ ਸਿੱਖੀ ਹੀ ਨਹੀਂ ਸੀ। ਉਹ ਇਨ੍ਹਾਂ ਸਾਰੀਆਂ ਨਾਕਾਮੀਆਂ ਤੋਂ ਬੇਪਰਵਾਹ ਅਤੇ ਆਸਾਂ ਦਾ ਪੱਲਾ ਫੜ ਕੇ ਅੱਗੇ ਵਧਦੇ ਰਹੇ। ਅੱਜ ਉਹ ਜਿਸ ਮੁਕਾਮ ਉਤੇ ਹਨ, ਉਥੇ ਪੁੱਜਣਾ ਕਿਸੇ ਲਈ ਵੀ ਆਸਾਨ ਨਹੀਂ। ਪ੍ਰਮਿਲਾ ਅੱਜ 'ਮੂਲਯਾ ਸਾੱਫ਼ਟਵੇਅਰ ਟੈਸਟਿੰਗ' ਵਿੱਚ ਟੈਸਟ ਲੈਬ. ਐਂਡ ਅਕੈਡਮੀ ਦੇ ਮੁਖੀ ਹਨ। 'ਮੂਲਯਾ ਸਾੱਫ਼ਟਵੇਅਰ ਟੈਸਟਿੰਗ' ਦੇ ਸੀ.ਈ.ਓ. ਪ੍ਰਦੀਪ ਸੌਂਦਰਯਰਾਜਨ ਮੁਤਾਬਕ ਪ੍ਰਮਿਲਾ ਵਿੱਚ ਵਿਸ਼ਵਾਸ ਝਲਕਦਾ ਹੈ। ਉਨ੍ਹਾਂ ਮੁਤਾਬਕ ਪ੍ਰਮਿਲਾ ਵਿੱਚ ਆਪਣੇ ਕੰਮ ਅਤੇ ਸੁਭਾਅ ਨਾਲ ਆਪਣੇ ਕੰਮ ਅਤੇ ਸੁਭਾਅ ਰਾਹੀਂ ਆਪਣੇ ਨਾਲ ਕੰਮ ਕਰ ਰਹੇ ਲੋਕਾਂ ਨੂੰ ਕਾਫ਼ੀ ਪ੍ਰਭਾਵਿਤ ਕਰਨ ਦੀ ਸ਼ਕਤੀ ਹੈ।

ਪ੍ਰਮਿਲਾ ਵਿੱਚ ਸਹੀ ਕੌਸ਼ਲ ਅਤੇ ਦ੍ਰਿਸ਼ਟੀਕੋਣ ਦਾ ਮਿਸ਼ਰਣ ਤਾਂ ਹੈ ਹੀ, ਨਾਲ ਹੀ ਜੀਵਨ ਨੂੰ ਸਮਝਣ ਦੀ ਸਮਰੱਥਾ ਵੀ ਹੈ। ਅੱਜ ਪ੍ਰਮਿਲਾ ਟੈਸਟਰ ਦੀ ਭੂਮਿਕਾ ਨਿਭਾ ਰਹੇ ਹਨ। ਪ੍ਰਮਿਲਾ ਅਨੁਸਾਰ ਉਨ੍ਹਾਂ ਦੀ ਇਹ ਭੂਮਿਕਾ ਉਨ੍ਹਾਂ ਲਈ ਕਿਸੇ ਜਾਸੂਸੀ ਕਹਾਣੀ ਵਾਂਗ ਹੈ; ਜਿਸ ਵਿੱਚ ਅਟਕਲਬਾਜ਼ੀ, ਭਾਵਨਾਵਾਂ ਨੂੰ ਸਮਝਣਾ ਅਤੇ ਉਤਪਾਦ ਬਾਰੇ ਜ਼ਰੂਰੀ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ। ਪ੍ਰਮਿਲਾ ਨੇ ਗਰੈਜੂੲੈਸ਼ਨ ਦੀ ਪੜ੍ਹਾਈ ਜੇ.ਐਸ.ਐਸ. ਕਾਲਜ ਬੰਗਲੌਰ ਤੋਂ ਸਾਲ 2003 ਵਿੱਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ਓਰੇਕਲ ਵਿੱਚ ਟੈਸਟਰ ਦੀ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 40 ਕੰਪਨੀਆਂ ਨੇ ਰੱਦ ਕਰ ਦਿੱਤਾ ਸੀ। ਸ਼ੁਰੂਆਤੀ ਮਹੀਨਿਆਂ ਦੌਰਾਨ ਉਨ੍ਹਾਂ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਸਾਥੀ ਇਸ ਗੱਲ ਤੋਂ ਖ਼ੁਸ਼ ਨਹੀਂ ਹਨ ਕਿ ਉਹ ਟੈਸਟਰ ਦੀ ਭੂਮਿਕਾ ਵਿੱਚ ਹਨ ਅਤੇ ਉਨ੍ਹਾਂ ਦੇ ਦੋਸਤ ੳਨ੍ਹਾਂ ਦੇ ਫ਼ੈਸਲੇ ਉਤੇ ਮੁੜ ਵਿਚਾਰ ਕਰ ਕੇ ਪ੍ਰੋਗਰਾਮਿੰਗ ਦੇ ਖੇਤਰ ਵਿੱਚ ਆਉਣ ਨੂੰ ਆਖਦੇ। ਉਹ ਇਸ ਗੱਲ ਨਾਲ ਜਿਵੇਂ ਟੁੱਟ ਗਏ ਸਨ ਕਿ ਟੈਸਟਿੰਗ ਉਦਯੋਗ ਨਾਲ ਸੌਤੇਲਾ ਵਿਵਹਾਰ ਤਾਂ ਹੁੰਦਾ ਹੀ ਹੈ, ਨਾਲ ਹੀ ਉਨ੍ਹਾਂ ਦੇ ਦੋਸਤਾਂ ਵਿੱਚ ਇਸ ਖੇਤਰ ਨੂੰ ਲੈ ਕੇ ਸਮਝ ਘੱਟ ਹੈ।

ਪ੍ਰਮਿਲਾ ਟੁੱਟ ਭਾਵੇਂ ਗਏ ਹੋਣ ਪਰ ਉਨ੍ਹਾਂ ਵਿੱਚ ਹਿੰਮਤ ਹਾਲੇ ਬਚੀ ਹੋਈ ਸੀ। ਤਦ ਹੀ ਤਾਂ ਉਨ੍ਹਾਂ ਸਾੱਫ਼ਟਵੇਅਰ ਟੈਸਟਿੰਗ ਨੂੰ ਲੈ ਕੇ ਆਪਣੀ ਜਾਣਕਾਰੀ ਵਧਾਉਣ ਦੇ ਨਾਲ-ਨਾਲ ਆਪਣੀ ਜਿਗਿਆਸਾ ਨੂੰ ਵੀ ਵਧਾਇਆ। ਇਸ ਤੋਂ ਬਾਅਦ ਉਹ ਮੂਲਯਾ ਨਾਲ ਜੁੜਨ ਤੋਂ ਪਹਿਲਾਂ ਮੈਕਾਫ਼ੀ, ਸਪੋਰਟ ਸਾੱਫ਼ਟ ਅਤੇ ਵੀਕਐਂਡ ਟੈਸਟਿੰਗ ਵਿੱਚ ਕੰਮ ਕਰ ਚੁੱਕੇ ਹਨ। ਉਹ ਜਾਣਦੇ ਹਨ ਕਿ ਟੈਸਟਰ ਦੀ ਭੂਮਿਕਾ ਕਿੰਨੀ ਮਹੱਤਵਪੂਰਣ ਹੁੰਦੀ ਹੈ; ਤਦ ਤਾਂ ਕੋਈ ਵੀ ਉਤਪਾਦ ਸੇਵਾ ਨੂੰ ਸਾਹਮਣੇ ਲਿਆਂਦਾ ਜਾਂਦਾ ਹੈ; ਤਾਂ ਟੈਸਟਰ ਹੀ ਹੈ ਜੋ ਦਸਦਾ ਹੈ ਕਿ ਉਤਪਾਦ ਚੰਗਾ ਹੈ ਜਾਂ ਖ਼ਰਾਬ। ਭਾਵੇਂ ਦੇਸ਼ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ।

ਸਾੱਫ਼ਟਵੇਅਰ ਟੈਸਟਿੰਗ ਦਰਅਸਲ ਇੱਕ ਕੁਸ਼ਲ ਕਾਰੀਗਰੀ ਹੈ, ਜਿਸ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪ੍ਰਮਿਲਾ ਕਹਿੰਦੀ ਹੈ ਕਿ ਲਿਖਣਾ ਤਾਂ ਸਭ ਨੂੰ ਆਉਂਦਾ ਹੈ ਪਰ ਹਰ ਕੋਈ ਮੈਲਕਮ ਗਲੈਡਵੇਲ ਵਾਂਗ ਨਹੀਂ ਲਿਖ ਸਕਦਾ। ਇਸੇ ਤਰ੍ਹਾਂ ਇਸ ਖੇਤਰ ਵਿੱਚ ਵੀ ਜਨੂਨ, ਬਹਾਦਰੀ, ਉਚ-ਮਿਆਰ ਅਤੇ ਚੰਗਾ ਟੈਸਟਰ ਬਣਨ ਦੀ ਆਸ ਹੋਣੀ ਚਾਹੀਦੀ ਹੈ। ਟੈਸਟਿੰਗ ਦੀਆਂ ਪੇਚੀਦਗੀਆਂ ਬਾਰੇ ਗੱਲ ਕਰਦਿਆਂ ਉਹ ਦਸਦੇ ਹਨ ਕਿ ਕਿਸੇ ਵੀ ਟੈਸਟਰ ਦਾ ਕੰਮ ਇਹ ਪਤਾ ਲਾਉਣਾ ਹੁੰਦਾ ਹੈ ਕਿ ਉਤਪਾਦ ਵਿੱਚ ਕਿੱਥੇ ਗ਼ਲਤੀਆਂ ਹੋ ਰਹੀਆਂ ਹਨ। ਇਸ ਲਈ ਉਸ ਵਿੱਚ ਹਮਦਰਦੀ, ਵਿਗਿਆਨ ਦੀ ਜਾਣਕਾਰੀ, ਤਹਿਕੀਕਤ ਕਰਨ ਦਾ ਕੌਸ਼ਲ ਅਤੇ ਗ਼ਲਤ ਦਿਸ਼ਾ ਵੱਲ ਜਾ ਰਹੀਆਂ ਚੀਜ਼ਾਂ ਨੂੰ ਸਮਝਣ ਦੀ ਤਾਕਤ ਹੋਣੀ ਚਾਹੀਦੀ ਹੈ। ਜੇ ਕੋਈ ਆਪਣੇ ਕੰਮ ਨੂੰ ਲੈ ਕੇ ਜੋਸ਼ੀਲਾ ਜਾਂ ਜਨੂੰਨੀ ਨਹੀਂ ਹੋਵੇਗਾ, ਤਾਂ ਉਹ ਇਸ ਕੰਮ ਤੋਂ ਪਰੇਸ਼ਾਨ ਹੋਣ ਲੱਗੇ, ਜਿਸ ਦਾ ਅਸਰ ਉਸ ਨਾਲ ਕੰਮ ਕਰ ਰਹੇ ਦੂਜੇ ਲੋਕਾਂ ਉਤੇ ਵੀ ਪੈ ਸਕਦਾ ਹੈ।

ਪ੍ਰਮਿਲਾ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਅਤੇ ਵੱਧ ਸਮਾਂ ਲਾਉਣਾ ਚਾਹੀਦਾ ਹੈ, ਨਾਲ ਹੀ ਟੈਸਟਿੰਗ ਨਾਲ ਜੁੜੇ ਉਪਕਰਣਾਂ ਦਾ ਗਿਆਨ ਵਧਾਉਣ ਉਤੇ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਕੋਈ ਪ੍ਰੋਗਰਾਮਿੰਗ ਵਿੱਚ ਬਿਹਤਰ ਹੈ, ਤਾਂ ਉਹ ਬਿਹਤਰ ਟੈਸਟਰ ਬਣ ਸਕਦਾ ਹੈ। ਪ੍ਰਮਿਲਾ ਨੇ ਸਾਲ 2008 ਵਿੱਚ ਪਹਿਲੀ ਵਾਰ ਟੈਸਟਿੰਗ ਭਾਈਚਾਰੇ ਨਾਲ ਗੱਲਬਾਤ ਕੀਤੀ ਸੀ, ਤਦ ਤੋਂ ਉਹ ਅਜਿਹੀਆਂ ਕਈ ਕਾਨਫ਼ਰੰਸਾਂ ਅਤੇ ਵਰਕਸ਼ਾਪਸ ਵਿੱਚ ਭਾਗ ਲੈ ਚੁੱਕੇ ਹਨ। ਇਸ ਤੋਂ ਇਲਾਵਾ ਉਹ ਨਿਰੰਤਰ ਇੱਕੋ ਜਿਹੀ ਸੋਚ ਰੱਖਣ ਵਾਲੇ ਲੋਕਾਂ ਨਾਲ ਮੁਲਾਕਾਤ ਵੀ ਕਰਦੇ ਰਹਿੰਦੇ ਹਨ। ਨਾਲ ਹੀ ਉਹ ਬਲੌਗ ਤਾਂ ਲਿਖਦੇ ਹੀ ਹਨ ਕਿ ਆਪਣੇ ਸਹਿਯੋਗੀਆਂ ਤੋਂ ਈਮਾਨਦਾਰ ਰਾਇ ਮਿਲਣੀ ਕਈ ਵਾਰ ਔਖੀ ਹੁੰਦੀ ਹੈ। ਜੇ ਤੁਸੀਂ ਉਨ੍ਹਾਂ ਤੋਂ ਪੁੱਛਦੇ ਵੀ ਹੋ, ਤਾਂ ਵੀ ਉਹ ਆਪਣੀ ਗੱਲ ਤੁਹਾਡੇ ਸਾਹਮਣੇ ਨਹੀਂ ਰਖਦੇ। ਇਸੇ ਗੱਲ ਨੂੰ ਸਮਝਦਿਆਂ ਪ੍ਰਮਿਲਾ ਨੇ ਮੂਲਯਾ ਵਿੱਚ ਹਰ ਕਿਸੇ ਨੂੰ ਆਪਣੀ ਰਾਇ ਖੁੱਲ੍ਹ ਕੇ ਪ੍ਰਗਟਾਉਣ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ੁਰੂਆਤ ਵਿੱਚ ਕੁੱਝ ਮਹਿਲਾ ਟੈਸਟਰਜ਼ ਨਾਲ ਪ੍ਰਮਿਲਾ ਨੂੰ ਕੁੱਝ ਔਖ ਹੋਈ ਸੀ ਪਰ ਹੌਲੀ-ਹੌਲੀ ਉਨ੍ਹਾਂ ਨੂੰ ਲੱਗਾ ਕਿ ਦੂਜਿਆਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ। ਇਸ ਦੌਰਾਨ ਉਹ ਇੱਕ ਸੰਗਾਊ ਇਨਸਾਨ ਦੀ ਥਾਂ ਬਹੁ-ਪੱਖੀ ਪ੍ਰਤਿਭਾ ਬਣ ਕੇ ਉਭਰੇ ਹਨ।

ਪ੍ਰਮਿਲਾ ਇਸ ਦੁਨੀਆਂ ਨੂੰ ਰਹਿਣ ਲਈ ਬਿਹਤਰ ਥਾਂ ਬਣਾਉਣ ਦੀ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਅਨੁਸਾਰ ਅਸੀਂ ਹਰ ਚੀਜ਼ ਆਪਣੀ ਸਹੂਲਤ ਮੁਤਾਬਕ ਵਰਤਦੇ ਹਾਂ। ਜਿਸ ਨੂੰ ਕਦੇ ਕਿਸੇ ਨਾ ਕਿਸੇ ਨੇ ਨਾ ਕੇਵਲ ਡਿਜ਼ਾਇਨ ਕੀਤਾ ਹੁੰਦਾ ਹੈ, ਸਗੋਂ ਉਸ ਦੀ ਜਾਂਚ ਵੀ ਕੀਤੀ ਹੁੰਦੀ ਹੈ। ਇਸੇ ਤਰ੍ਹਾਂ ਉਹ ਆਉਣ ਵਾਲੀ ਪੀੜ੍ਹੀ ਲਈ ਉਨ੍ਹਾਂ ਦੀ ਜ਼ਿੰਦਗੀ ਆਸਾਨ ਬਣੇ, ਇਸ ਉਤੇ ਕੰਮ ਕਰ ਰਹੇ ਹਨ। ਉਹ ਪੇਸ਼ੇਵਰ ਲੋਕਾਂ ਨਾਂਲ ਗੱਲ ਕਰਨੀ ਵਧੇਰੇ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੀਡਰਸ਼ਿਪ, ਈਮਾਨਦਾਰੀ, ਸਚਾਈ ਅਤੇ ਸਖ਼ਤ ਮਿਹਨਤ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਟੈਸਟਿੰਗ ਦੇ ਆਪਣੇ ਕਿੱਤੇ ਤੋਂ ਇਲਾਵਾ ਪ੍ਰਮਿਲਾ ਨੂੰ ਲਿਖਣ ਦਾ ਵੀ ਸ਼ੌਕ ਹੈ, ਇਸ ਲਈ ਉਹ ਨਾ ਕੇਵਲ ਬਲੌਗ ਲਿਖਦੇ ਹਨ, ਸਗੋਂ ਕਈ ਟੈਸਟਿੰਗ ਰਸਾਲਿਆਂ ਲਈ ਵੀ ਲੇਖ ਲਿਖਦੇ ਹਨ। ਉਨ੍ਹਾਂ ਨੂੰ ਘੁੰਮਣ ਅਤੇ ਖਾਣ ਦਾ ਸ਼ੌਕ ਹੈ। ਉਨ੍ਹਾਂ ਦੇ ਇਸ ਕੰਮ ਵਿੱਚ ਉਨ੍ਹਾਂ ਦੇ ਬੱਚੇ ਅਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਮਦਦ ਕਰਦਾ ਹੈ ਅਤੇ ਉਹ ਉਨ੍ਹਾਂ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਪਿੱਛੇ ਜਿਹੇ ਉਨ੍ਹਾਂ ਨੇ ਯੋਗ ਦੀ ਸਿਖਲਾਈ ਵੀ ਸ਼ੁਰੂ ਕੀਤੀ ਹੈ।

ਪ੍ਰਮਿਲਾ ਆਪਣੇ ਪਰਿਵਾਰ ਦੀ ਪਹਿਲੀ ਮਹਿਲਾ ਮੈਂਬਰ ਹਨ, ਜਿਨ੍ਹਾਂ ਨੇ 10ਵੀਂ, 12ਵੀਂ ਅਤੇ ਕਾਲਜ ਦੀ ਪੜ੍ਹਾਈ ਮੁਕੰਮਲ ਕੀਤੀ। ਇਸੇ ਲਈ ਉਹ ਜਾਣਦੇ ਹਨ ਕਿ ਆਜ਼ਾਦੀ ਕੀਮਤ ਕੀ ਹੁੰਦੀ ਹੈ ਅਤੇ ਉਹ ਉਨ੍ਹਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ। ਪ੍ਰਮਿਲਾ ਦਾ ਮੰਨਣਾ ਹੈ ਕਿ ਔਰਤਾਂ ਨੂੰ ਸਾਡੇ ਸਮਾਜ ਵਿੱਚ ਦਬਾਇਆ ਹੋਇਆ ਹੈ। ਉਨ੍ਹਾਂ ਨੂੰ ਪੜ੍ਹਾਈ ਤੋਂ ਬਾਅਦ ਇਹ ਦੱਸਿਆ ਜਾਂਦਾ ਹੈ ਕਿ ਉਹ ਨੌਕਰੀ ਕਰਨ ਦੀ ਥਾਂ ਰਸੋਈ-ਘਰ ਸੰਭਾਲ਼ ਕੇ ਹੀ ਸੁਰੱਖਿਅਤ ਰਹਿ ਸਕਦੇ ਹਨ। ਇੰਨਾ ਹੀ ਨਹੀਂ, ਜੋ ਔਰਤ ਨੌਕਰੀ ਕਰਦੀ ਹੈ, ਉਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਘਰ ਵੀ ਸੰਭਾਲ਼ੇ, ਤਦ ਹੀ ਸਮਾਜ ਤੈਅ ਕਰਦਾ ਹੈ ਕਿ ਕੋਈ ਔਰਤ ਵਧੀਆ ਮਾਂ, ਪਤਨੀ ਜਾਂ ਨੂੰਹ ਹੈ। ਉਨ੍ਹਾਂ ਅਨੁਸਾਰ ਸਾਡੇ ਸਮਾਜ ਵਿੱਚ ਤਬਦੀਲੀ ਮਹਿਲਾਵਾਂ ਨੂੰ ਕੇਵਲ 33 ਫ਼ੀ ਸਦੀ ਰਾਖਵਾਂਕਰਣ ਦੇਣ ਨਾਲ ਨਹੀਂ ਆ ਜਾਵੇਗੀ। ਇਸ ਲਈ ਸਾਨੂੰ ਇੱਕ ਈਕੋ-ਸਿਸਟਮ ਬਣਾਉਣਾ ਹੋਵੇਗਾ, ਜਿੱਥੇ ਹਰ ਕੋਈ ਇੱਕ-ਸਮਾਨ ਹੋਵੇ। ਕਿਉਂ ਅਸੀਂ ਔਰਤਾਂ ਤੋਂ ਪੁੱਛਦੇ ਹਾਂ ਕਿ ਕਿਵੇਂ ਉਹ ਆਪਣੇ ਕੰਮ ਨਾਲ ਘਰ ਨੂੰ ਸੰਭਾਲਦੇ ਹਨ। ਇਸੇ ਲਈ ਸਾਨੂੰ ਆਪਣੀ ਮਾਨਸਿਕਤਾ ਵਿੱਚ ਤਬਦੀਲੀ ਲਿਆਉਣੀ ਹੋਵੇਗੀ।

ਪ੍ਰਮਿਲਾ ਮੂਲਯਾ ਦੇ ਪਹਿਲੇ ਮਹਿਲਾ ਮੈਂਬਰ ਹਨ ਪਰ ਉਨ੍ਹਾਂ ਯਕੀਨੀ ਬਣਾ ਦਿੱਤਾ ਹੈ ਕਿ ਕੋਈ ਵੀ ਨਵੀਂ ਔਰਤ ਇੱਥੇ ਕੰਮ ਕਰੇ, ਤਾਂ ਉਸ ਨੂੰ ਅਨੁਕੂਲ ਵਾਤਾਵਰਣ ਮਿਲੇ। ਪ੍ਰਮਿਲਾ ਨਾ ਸਿਰਫ਼ ਨਵੇਂ ਲੋਕਾਂ ਦੇ ਇੰਟਰਵਿਊ ਲੈਂਦੇ ਹਨ, ਸਗੋਂ ਸੰਗਠਨ ਨਾਲ ਜੁੜੀਆਂ ਨੀਤੀਆਂ ਉਤੇ ਆਪਣੀ ਰਾਇ ਵੀ ਰਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖ਼ੁਸ਼ਕਿਸਮਤੀ ਨਾਲ ਮੂਲਯਾ ਸ਼ੁਰੂ ਤੋਂ ਹੀ ਉਨ੍ਹਾਂ ਲਈ ਕਾਫ਼ੀ ਸਹਾਇਕ ਰਹੀ ਹੈ, ਜਿੱਥੇ ਉਨ੍ਹਾਂ ਨੂੰ ਕੰਮ ਕਰਨ ਦੀ ਆਜ਼ਾਦੀ ਦੇ ਨਾਲ-ਨਾਲ ਟੈਸਟਿੰਗ ਭਾਈਚਾਰੇ ਅਤੇ ਔਰਤਾਂ ਲਈ ਕੰਮ ਕਰਨ ਦੇ ਭਰਪੂਰ ਮੌਕੇ ਮਿਲਦੇ ਹਨ। ਪ੍ਰਮਿਲਾ ਮੁਤਾਬਕ ਇਹ ਜ਼ਰੂਰੀ ਹੈ ਕਿ ਤੁਸੀਂ ਇਹ ਜਾਣੋ ਕਿ ਤੁਸੀਂ ਕੋਈ ਕੰਮ ਕਿਉਂ ਕਰ ਰਹੇ ਹੋ ਅਤੇ ਕੀ ਕਰ ਰਹੇ ਹੋ? ਕੀ ਤੁਸੀਂ ਸਿਰਫ਼ ਪੈਸੇ ਲਈ ਅਜਿਹਾ ਕਰ ਰਹੇ ਹਨ ਜਾਂ ਫਿਰ ਆਪਣੇ ਜੋਸ਼ ਨਾਲ ਦੂਜਿਆਂ ਦੀ ਜ਼ਿੰਦਗੀ ਬਦਲਣ ਦਾ ਮਾਦਾ ਰੱਖਣ ਦੀ ਨੀਅਤ ਨਾਲ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਹਨ। ਜ਼ਰੂਰਤ ਹੈ, ਤਾਂ ਸਪੱਸ਼ਟ ਇਰਾਦਿਆਂ ਦੀ। ਪ੍ਰਮਿਲਾ ਨੂੰ ਆਪਣੇ ਸਪੱਸ਼ਟ ਇਰਾਦੇ ਅਤੇ ਸੋਚ ਉਤੇ ਪੂਰਾ ਭਰੋਸਾ ਹੈ।