ਇੱਕ ਆਦਰਸ਼ ਮਾਂ ਤੋਂ ਲੈ ਕੇ ਆਦਰਸ਼ ਕਾਰੋਬਾਰੀ ਤੱਕ ਦਾ ਸਫ਼ਰ ਤਹਿ ਕਰਨ ਵਾਲੀ ਤਾਰਾ ਸ਼ਰਮਾ ਸਲੂਜਾ

0

''ਪਿਛਾਂਹ ਮੁੜ ਕੇ ਵੇਖਣ 'ਤੇ ਮੈਨੂੰ ਇਹ ਅਹਿਸਾਸ ਹੁੰਦਾ ਹੈ ਕਿ ਸ਼ਾਇਦ ਮਾਂ ਹੋਣ ਕਾਰਣ ਮੈਨੂੰ ਇੱਕੋ ਹੀ ਸਮੇਂ ਕਈ ਕੰਮ ਕਰਨ ਵਿੱਚ ਮੁਹਾਰਤ ਹਾਸਲ ਹੋ ਸਕੀ ਹੈ। ਮੈਂ ਕੱਲ ਸਵੇਰੇ ਤੱਕ ਕੁੱਝ ਸਮੱਗਰੀ ਤਿਆਰ ਕਰ ਕੇ ਭੇਜਣੀ ਹੈ ਅਤੇ ਮੈਨੂੰ ਇਹ ਗੱਲ ਭਲੀਭਾਂਤ ਪਤਾ ਹੈ ਕਿ ਮੈਂ ਨਿਰਧਾਰਤ ਸਮੇਂ ਅੰਦਰ ਇਸ ਨੂੰ ਨਿਬੇੜ ਸਕਦੀ ਹਾਂ। ਪਰ ਜੇ ਮੈਂ ਆਪਣੇ-ਆਪ ਨੂੰ ਕੁੱਝ ਸਮਾਂ ਪਹਿਲਾਂ ਦੀਆਂ ਸਥਿਤੀਆਂ ਵਿੱਚ ਰਖਦਿਆਂ ਵੇਖਾਂ, ਤਾਂ ਅਜਿਹੀ ਹਾਲਤ 'ਚ ਮੈਂ ਪਰੇਸ਼ਾਨ ਹੋ ਗਈ ਹੁੰਦੀ।'' ਹੈਦਰਾਬਾਦ ਦੇ ਇੱਕ ਟੈਰੇਸ ਰੈਸਟੋਰੈਂਟ 'ਚ ਬਹਿ ਕੇ ਇਹ ਕਹਿਣਾ ਹੈ ਤਾਰਾ ਸ਼ਰਮਾ ਸਲੂਜਾ ਦਾ। ਉਹ ਆਪਣਾ ਇੱਕ ਟੀ.ਵੀ. ਸ਼ੋਅ ਸੰਚਾਲਿਤ ਕਰਨ ਵਾਲੀ ਉਦਮੀ ਹੋਣ ਤੋਂ ਇਲਾਵਾ ਇੱਕ ਮਾੱਡਲ ਤੇ ਅਦਾਕਾਰਾ ਵੀ ਹਨ।

'ਜੀਵਨ ਵਿੱਚ ਹਰੇਕ ਦੀਆਂ ਆਪਣੀਆਂ ਤਰਜੀਹਾਂ' ਦੇ ਵਿਚਾਰ-ਦਰਸ਼ਨ ਨੂੰ ਮੰਨਣ ਵਾਲੀ ਤਾਰਾ ਨੂੰ ਵਿਸ਼ਵਾਸ ਹੈ ਕਿ ਹਰ ਵਿਅਕਤੀ ਲਈ ਵੱਖਰੇ ਨਿਯਮ ਹੁੰਦੇ ਹਨ।

ਉਹ ਕਹਿੰਦੇ ਹਨ,''ਘਰ ਵਿੱਚ ਰਹਿ ਕੇ ਬੱਚਿਆਂ ਅਤੇ ਪਰਿਵਾਰ ਨੂੰ ਸੰਭਾਲਣ ਦੇ ਨਾਲ-ਨਾਲ ਵਪਾਰ ਚਲਾਉਣ ਵਾਲੀ ਮਾੱਮਪ੍ਰੇਨਰਜ਼ ਅਤੇ ਉਦਮੀਆਂ ਵਿੱਚ ਬਹੁਤ ਫ਼ਰਕ ਹੈ। ਮੇਰੇ ਲਈ ਕੇਵਲ ਵਿਸਥਾਰ ਕਰਨਾ ਹੀ ਕੋਈ ਜਵਾਬ ਨਹੀਂ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ, ਤਾਂ ਮੈਂ ਇੱਕ ਮਾੱਮਪ੍ਰੇਨਰ ਅਤੇ ਮਾਂ ਦੇ ਰੂਪ ਵਿੱਚ ਵਿਵਹਾਰਕ ਅਤੇ ਕਿਰਿਆਸ਼ੀਲ ਸੰਤੁਲਨ ਬਣਾ ਕੇ ਬਹੁਤ ਖ਼ੁਸ਼ ਹਾਂ। ਹੋ ਸਕਦਾ ਹੈ ਕਿ ਆਉਣ ਵਾਲੇ ਕੁੱਝ ਸਾਲਾਂ ਵਿੱਚ ਇਸ 'ਚ ਤਬਦੀਲੀ ਆਵੇ ਪਰ ਵਿਅਕਤੀਗਤ ਤੌਰ ਉਤੇ ਮੇਰੇ ਲਈ ਇਹ ਇੱਕ ਬਿਹਤਰੀਨ ਤਜਰਬਾ ਹੈ।'' ਉਹ ਖ਼ੁਦ ਨੂੰ ਇੱਕ 'ਪੜ੍ਹਾਕੂ' ਕਹਿੰਦੇ ਹਨ, ਜਿਸ ਨੂੰ ਸਦਾ ਹੀ ਕਿਤਾਬੀ ਕੀੜਾ ਬਣੇ ਰਹਿਣਾ ਪਸੰਦ ਹੈ। ਹਾਈ ਸਕੂਲ ਦੀ ਪ੍ਰੀਖਿਆ 'ਚ ਵਧੀਆ ਅੰਕ ਲੈਣ ਤੋਂ ਬਾਅਦ ਤਾਰਾ ਨੂੰ ਵਜ਼ੀਫ਼ਾ ਮਿਲਿਆ ਅਤੇ ਉਹ ਇਟਲੀ ਦੇ ਏਡੀਆਟ੍ਰਿਕ ਵਿਖੇ ਸਥਿਤ ਯੂ.ਡਬਲਿਊ.ਸੀ. ਚਲੇ ਗਏ। ਉਹ ਦਸਦੇ ਹਨ ਕਿ ਉਸ ਦੌਰ ਵਿੱਚ ਭਾਵੇਂ ਉਨ੍ਹਾਂ ਨੂੰ ਕਈ ਵਾਰ ਘਰ ਦੀ ਬਹੁਤ ਯਾਦ ਆਉਂਦੀ ਸੀ ਪਰ ਉਹ ਅਨੁਭਵ ਆਪਣੇ-ਆਪ ਵਿੱਚ ਯਾਦਗਾਰੀ ਸੀ। ਉਹ ਚੇਤੇ ਕਰਦਿਆਂ ਦਸਦੇ ਹਨ,''ਉਥੇ ਦੁਨੀਆ ਭਰ ਦੇ 75 ਦੇਸ਼ਾਂ ਤੋਂ ਆਏ ਲੋਕ ਮੌਜੂਦ ਸਨ ਅਤੇ ਮੈਂ ਬਿਹਤਰੀਨ ਸਭਿਆਚਾਰਕ ਆਦਾਨ-ਪ੍ਰਦਾਨ ਹੋਣ ਦੇ ਨਾਲ-ਨਾਲ ਉਸ ਪੂਰੇ ਤਜਰਬੇ ਤੋਂ ਬਹੁਤ ਕੁੱਝ ਸਿੱਖਣ ਅਤੇ ਜਾਣਨ ਵਿੱਚ ਸਫ਼ਲ ਰਹੀ।''

ਇੱਕ ਅੰਗਰੇਜ਼ ਅਤੇ ਭਾਰਤੀ ਮਾਤਾ-ਪਿਤਾ ਦੀ ਸੰਤਾਨ ਤਾਰਾ ਨੂੰ ਵਿਸ਼ਵਾਸ ਹੈ ਕਿ ਬਾਹਰ ਨਿੱਕਲਣ ਅਤੇ ਆਪਣੇ ਦਮ 'ਤੇ ਕੁੱਝ ਕਰਨ ਕਾਰਣ ਹੀ ਉਹ ਇਹ ਸਮਝਣ ਵਿੱਚ ਸਫ਼ਲ ਰਹੇ ਕਿ ਅਸਲ ਵਿੱਚ ਇੱਕ ਕੌਮਾਂਤਰੀ ਸ਼ਖ਼ਸੀਅਤ ਹੋਣ ਦਾ ਕੀ ਮਤਲਬ ਹੈ। ਇਸ ਤੋਂ ਬਾਅਦ ਉਨ੍ਹਾਂ ਲੰਡਨ ਸਕੂਲ ਆੱਫ਼ ਇਕਨੌਮਿਕਸ ਤੋਂ ਮੈਨੇਜਮੈਂਟ ਵਿੱਚ ਬੀ.ਐਸ.ਸੀ. ਦੀ ਡਿਗਰੀ ਹਾਸਲ ਕੀਤੀ ਸੀ।

ਆਪਣੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਤਾਰਾ ਨੇ ਸਿਟੀ ਬੈਂਕ ਅਤੇ ਐਕਸਚੈਂਰ ਤੋਂ ਸਿਖਲਾਈ ਲਈ। ਉਹ ਕਹਿੰਦੇ ਹਨ,''ਮੈਂ ਸਦਾ ਹੀ ਆਪਣੇ-ਆਪ ਨੂੰ ਇੱਕ ਸੂਟ ਪਾ ਕੇ ਕਾਰਪੋਰੇਟ ਨੌਕਰੀ ਕਰਨ ਵਾਲੀ ਔਰਤ ਦੇ ਰੂਪ ਵਿੱਚ ਵੇਖਿਆ ਹੈ। ਮੈਨੂੰ ਲਗਦਾ ਹੈ ਕਿ ਉਸ ਸਮੇਂ ਤੱਕ ਮੈਂ ਅਜਿਹਾ ਕਰਨ ਬਾਰੇ ਸੋਚਿਆ ਤੱਕ ਨਹੀਂ ਸੀ।'' ਸਿਟੀ ਬੈਂਕ ਤੋਂ ਆਪਣੀ ਸਿਖਲਾਈ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਆਪਣੇ ਖੰਭ ਫੈਲਾਉਂਦਿਆਂ ਦੁਨੀਆਂ ਦੀ ਸੈਰ ਕਰਨ ਦਾ ਫ਼ੈਸਲਾ ਕੀਤਾ।

ਜਿੱਥੇ ਇੱਕ ਪਾਸੇ ਉਹ ਸਦਾ ਕਿਤਾਬਾਂ 'ਚ ਘੁਸੇ ਰਹਿਣ ਵਾਲੇ ਰਹੇ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਪਿਤਾ ਪ੍ਰਤਾਪ ਸ਼ਰਮਾ ਇੱਕ ਪ੍ਰਸਿੱਧ ਲੇਖਕ ਅਤੇ ਨਾਟਕਕਾਰ ਹਨ। ਇਸੇ ਲਈ ਉਨ੍ਹਾਂ ਦਾ ਸਾਹਮਣਾ ਮਾੱਡਲਿੰਗ ਅਤੇ ਅਦਾਕਾਰੀ ਦੀ ਦੁਨੀਆਂ ਨਾਲ ਹੋਣ ਤੋਂ ਇਲਾਵਾ ਚੀਜ਼ਾਂ ਦੇ ਰਚਨਾਤਮਕ ਪੱਖ ਨਾਲ ਵੀ ਹੁੰਦਾ ਰਿਹਾ। ਤਾਰਾ ਦਾ ਕਹਿਣਾ ਹੈ,''ਪਿਛਾਂਹ ਪਰਤ ਕੇ ਵੇਖਣ 'ਤੇ ਮੈਂ ਇਹ ਆਖ ਸਕਦੀ ਹਾਂ ਕਿ ਮੈਂ ਖ਼ੁਦ ਨੂੰ ਸੁਰੱਖਿਅਤ ਕਰਨ ਲਈ ਹੀ ਇੱਕ ਵਿਦਿਅਕ ਤੇ ਕਾਰਪੋਰੇਟ ਕੈਰੀਅਰ ਦੀ ਚੋਣ ਕੀਤੀ। ਕਿਉਂਕਿ ਮੇਰੇ ਪਿਤਾ ਸ਼ੁਰੂ ਤੋਂ ਹੀ ਇੱਕ ਫ਼੍ਰੀਲਾਂਸਰ ਵਜੋਂ ਕੰਮ ਕਰ ਰਹੇ ਸਨ, ਅਜਿਹੀ ਹਾਲਤ ਵਿੱਚ ਤਦ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਇੱਕ ਕਾਰਪੋਰੇਟ ਕੈਰੀਅਰ ਹੀ ਮੈਨੂੰ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ।''

ਪਰ ਉਨ੍ਹਾਂ ਨੂੰ ਇਹ ਭਰੋਸਾ ਹੈ ਕਿ ਉਨ੍ਹਾਂ ਦਾ ਦਿਲ ਸਦਾ ਤੋਂ ਹੀ ਅਦਾਕਾਰੀ ਅਤੇ ਚੀਜ਼ਾਂ ਦੇ ਰਚਨਾਤਮਕ ਪੱਖ ਵੱਲ ਸੀ। ਭਾਵੇਂ ਉਨ੍ਹਾਂ ਦੀ ਇਹ ਚਾਰਟਰਡ ਯੋਜਨਾ ਭਵਿੱਖ'ਚ ਉਦੋਂ ਕਾਫ਼ੀ ਕੰਮ ਆਈ, ਜਦੋਂ ਉਨ੍ਹਾਂ ਆਪਣੇ ਸ਼ੋਅ ਲਈ ਇਸ਼ਤਿਹਾਰਦਾਤਿਆਂ ਤੱਕ ਪੁੱਜਣਾ ਪਿਆ। ਦੋ ਸਾਲਾਂ ਤੱਕ ਐਕਸੈਂਚਰ ਨਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਮਾੱਡਲਿੰਗ ਅਤੇ ਅਦਾਕਾਰੀ ਦੇ ਖੇਤਰ ਵਿੱਚ ਆਪਣਾ ਹੱਥ ਅਜ਼ਮਾਉਣ ਦਾ ਫ਼ੈਸਲਾ ਕੀਤਾ।

ਕੁੱਝ ਸਮੇਂ ਤੱਕ ਮਾੱਡਲਿੰਗ ਕਰਨ ਤੋਂ ਬਾਅਦ ਉਨ੍ਹਾਂ ਕੋਲ ਫ਼ਿਲਮਾਂ 'ਚ ਕੰਮ ਕਰਨ ਦੇ ਪ੍ਰਸਤਾਵ ਆਉਣ ਲੱਗੇ ਪਰ ਫ਼ਿਲਮਾਂ ਦੀ ਦੁਨੀਆਂ ਇੱਕ ਵੱਖਰਾ ਹੀ ਮਾਹੌਲ ਹੈ ਅਤੇ ਇੱਕ ਬਹੁਤ ਵਿਵਸਥਤ ਦੁਨੀਆਂ ਨਾਲ ਸਬੰਧ ਰੱਖਣ ਵਾਲੀ ਤਾਰਾ ਨੇ ਖ਼ੁਦ ਨੂੰ ਇੱਕ ਅਜਿਹੀ ਥਾਂ ਉਤੇ ਖੜ੍ਹੇ ਪਾਇਆ, ਜਿੱਥੇ ਕੰਮ ਕਰਨ ਦਾ ਕੋਈ ਨਿਸ਼ਚਤ ਸਮਾਂ ਨਹੀਂ ਸੀ। ਭਾਵੇਂ ਇਹ ਵੱਖਰੀ ਗੱਲਸੀ ਕਿ ਉਨ੍ਹਾਂ ਉਸ ਕੰਮ ਦਾ ਵੀ ਸੁਆਦ ਲਿਆ। ਉਹ ਦਸਦੇ ਹਨ,''ਮੇਰੀਆਂ ਕੁੱਝ ਫ਼ਿਲਮਾਂ ਬਹੁਤ ਵਧੀਆ ਰਹੀਆਂ, ਕੁੱਝ ਠੀਕ-ਠਾਕ ਹੀ ਰਹੀਆਂ ਅਤੇ ਕੁੱਝ ਤਾਂ ਬਹੁਤ ਹੀ ਮਾੜੀਆਂ ਸਿੱਧ ਹੋਈਆਂ। ਪਰ ਇਨ੍ਹਾਂ ਸਾਰੀਆਂ ਗੱਲਾਂ ਨਾਲ ਮੇਰੇ ਉਤੇ ਕੋਈ ਫ਼ਰਕ ਨਹੀਂ ਪੈਂਦਾ।''

ਪਰ ਇਹ ਵੀ ਇੱਕ ਕੌੜੀ ਸੱਚਾਈ ਹੈ ਕਿ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਤਾਰਾ ਕੋਲ ਫ਼ਿਲਮਾਂ ਦਾ ਕੋਈ ਪ੍ਰਸਤਾਵ ਨਹੀਂ ਆਇਆ।

ਤਾਰਾ ਦਸਦੇ ਹਨ,''ਮੇਰੇ ਪਿਤਾ ਸਦਾ ਮੈਨੂੰ ਸਮਝਾਉਂਦੇ ਸਨ ਕਿ ਜੇ ਤੁਸੀਂ ਕੁੱਝ ਅਜਿਹਾ ਹਾਸਲ ਕਰਨਾ ਚਾਹੁੰਦੇ ਹੋ, ਜੋ ਮੌਜੂਦ ਹੀ ਨਹੀਂ ਹੈ, ਤਾਂ ਉਸ ਦੀ ਸਿਰਜਣਾ ਕਰੋ। ਆਪਣੇ-ਆਪ ਨੂੰ ਮੁੜ ਤਿਆਰ ਕਰਨਾ ਬਹੁਤ ਜ਼ਰੂਰੀ ਹੈ।'' ਉਸੇ ਵੇਲੇ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਮਾਂ ਹੋਣ ਤੋਂ ਇਲਾਵਾ ਗੱਲਾਂ ਕਰਨਾ ਵੀ ਬਹੁਤ ਪਸੰਦ ਹੈ। ਤਾਰਾ ਕਹਿੰਦੇ ਹਨ,''ਜਦੋਂ ਤੱਕ ਤੁਸੀਂ ਮਾਂ ਨਹੀਂ ਬਣਦੇ, ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਅਸਲ ਵਿੱਚ ਕਿਹੋ ਜਿਹੀ ਮਾਂ ਸਿੱਧ ਹੋਵੋਗੇ? ਮੈਂ ਇੱਕ ਵਿਵਹਾਰਕ ਅਤੇ ਕਿਰਿਆਸ਼ੀਲ ਮਾਂ ਬਣਨਾ ਚਾਹੁੰਦੀ ਸਾਂ। ਇਸ ਤੋਂ ਬਾਅਦ ਮੈਂ ਆਪਣੇ ਖ਼ੁਦ ਦਾ ਸ਼ੋਅ ਅਰੰਭ ਕਰਨ ਬਾਰੇ ਸੋਚਿਆ।''

ਭਾਵੇਂ ਉਹ ਆਪਣੇ ਜੀਵਨ ਵਿੱਚ ਬਹੁਤ ਸਾਰੇ ਟਾੱਕ ਸ਼ੋਅ, ਕੁਕਰੀ ਸ਼ੋਅ ਅਤੇ ਅਜਿਹੇ ਹੋਰ ਕਈ ਸ਼ੋਅ ਵੇਖ ਚੁੱਕੇ ਸਨ, ਹੁਣ ਤੱਕ ਉਨ੍ਹਾਂ ਦਾ ਸਾਹਮਣਾ ਅਜਿਹੇ ਕਿਸੇ ਸ਼ੋਅ ਨਾਲ ਨਹੀਂ ਹੋਇਆ ਸੀ, ਜੋ ਮਮਤਾ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਨਾਲ ਸਬੰਧਤ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਅਕਸਰ ਤੁਹਾਨੂੰ ਮਾਂ ਬਣਨ ਤੋਂ ਡਰਾਉਂਦੇ ਹਨ ਪਰ ਅਸਲ ਵਿੱਚ ਅਜਿਹਾ ਹੈ ਨਹੀਂ। ਇਸ ਉਦਯੋਗ ਦੇ ਆਪਣੇ ਦੋਸਤਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਤਾਰਾ ਨੇ ਇਸ਼ਤਿਹਾਰਦਾਤਿਆਂ ਵੱਲੋਂ ਪ੍ਰਾਯੋਜਿਤ ਇੱਕ ਸ਼ੋਅ ਦਾ ਨਿਰਮਾਣ ਕਰਨ ਦਾ ਫ਼ੈਸਲਾ ਕੀਤਾ।

ਉਨ੍ਹਾਂ 'ਫ਼ਿਸ਼ਰ-ਪ੍ਰਾਈਸ' ਲਈ ਇੱਕ ਪੇਸ਼ਕਾਰੀ ਤਿਆਰ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫ਼ਲ ਰਹੇ। ਉਨ੍ਹਾਂ ਦੇ ਪਤੀ ਰੂਪਕ ਸਲੂਜਾ ਨੇ ਉਨ੍ਹਾਂ ਨੂੰ ਆਪਣਾ ਇਹ ਸ਼ੋਅ ਕੇਵਲ ਟੀ.ਵੀ. ਤੱਕ ਹੀ ਸੀਮਤ ਨਾ ਰੱਖਣ ਤੋਂ ਇਲਾਵਾ ਬਹੁ-ਮੰਚ ਦਾ ਸ਼ੋਅ ਬਣਾਉਣ ਦੀ ਸਲਾਹ ਦਿੱਤੀ। ਇਸੇ ਲਈ ਉਨ੍ਹਾਂ ਦੇ ਸ਼ੋਅ ਦੀ ਸਕ੍ਰਿਪਟ ਵਿਭਿੰਨ ਮੰਚਾਂ ਨਾਲ ਜੁੜੇ ਉਨ੍ਹਾਂ ਦੇ ਬਲੌਗ ਤੋਂ ਆਉਂਦੀ ਹੈ।

ਤਾਰਾ ਦਸਦੇ ਹਨ,''ਇਸ ਦਾ ਸਿੱਟਾ ਬਹੁਤ ਹੀ ਬਹੁਤ ਵਧੀਆ ਰਿਹਾ ਹੈ। ਦੂਜੇ ਸੀਜ਼ਨ ਵਿੱਚ ਸਾਨੂੰ ਜੌਨ ਸੰਨਜ਼ ਦਾ ਸਾਥ ਮਿਲਿਆ ਅਤੇ ਸਾਡਾ ਸ਼ੋਅ 'ਕਲਰਜ਼' ਟੀ.ਵੀ. ਚੈਨਲ ਉਤੇ ਆਉਣ ਵਿੱਚ ਸਫ਼ਲ ਰਿਹਾ। ਤੀਜੇ ਸੀਜ਼ਨ ਵਿੱਚ ਅਸੀਂ ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਲਿਆਉਣ 'ਚ ਸਫ਼ਲ ਰਹੇ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਗੱਲ ਕੀਤੀ।'' ਇਸ ਸ਼ੋਅ ਦਾ ਫ਼ਾਰਮੈਟ ਹੁਣ ਸੈਲੀਬ੍ਰਿਟੀ ਅਤੇ ਗ਼ੈਰ-ਸੈਲੀਬ੍ਰਿਟੀ ਤੇ ਫ਼ੀਚਰ ਸੈਗਮੈਂਟ ਉਤੇ ਆਧਾਰਤ ਹੈ। ਇਸ ਸ਼ੋਅ ਦੇ ਮਾਧਿਅਮ ਰਾਹੀਂ ਬੱਚਿਆਂ ਦੀ ਦੇਖਭਾਲ ਅਤੇ ਉਨ੍ਹਾਂ ਲਈ ਵਿਸ਼ੇਸ਼ ਜ਼ਰੂਰਤਾਂ ਨਾਲ ਜੁੜੇ ਮੁੱਦਿਆਂ ਨੂੰ ਖ਼ਾਸ ਤੌਰ ਉਤੇ ਉਠਾਇਆ ਜਾਂਦਾ ਹੈ।

ਤਾਰਾ ਜੀ ਦਾ ਕਹਿਣਾ ਹੈ,''ਜਦੋਂ ਮੈਂ ਪਹਿਲੀ ਵਾਰ ਵੱਖੋ-ਵੱਖਰੀਆਂ ਮਸ਼ਹੂਰ ਹਸਤੀਆਂ ਨੂੰ ਇਸ ਸ਼ੋਅ ਉਤੇ ਆਉਣ ਦੀ ਗੱਲ ਕੀਤੀ, ਤਾਂ ਜ਼ਿਆਦਾਤਰ ਨੇ ਮੈਨੂੰ ਇੱਕਦਮ ਨਾਂਹ ਕਰ ਦਿੱਤੀ ਕਿਉਂਕਿ ਉਹ ਆਪਣੇ ਬੱਚਿਆਂ ਬਾਰੇ ਗੱਲ ਹੀ ਨਹੀਂ ਕਰਨੀ ਚਾਹੁੰਦੇ ਸਨ। ਪਰ ਹੁਣ ਕਾਜੋਲ, ਮੇਰੀ ਕਾੱਮ ਅਤੇ ਸ਼ਿਲਪਾ ਸ਼ੈਟੀ ਤੋਂ ਇਲਾਵਾ ਹੋਰ ਕਈ ਮਸ਼ਹੂਰ ਹਸਤੀਆਂ ਇੱਥੇ ਆ ਚੁੱਕੀਆਂ ਹਨ ਅਤੇ ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ। ਮੈਨੂੰ ਲਗਦਾ ਹੈ ਕਿ ਇੱਕ ਮਾਂ ਦੇ ਤੌਰ ਉਤੇ ਮੈਂ ਇੰਨੀ ਬਦਲ ਚੁੱਕੀ ਹਾਂ ਕਿ ਜਿਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਮੈਂ ਇਸ ਦਾ ਜਸ਼ਨ ਮਨਾਉਂਦੀ ਹਾਂ ਅਤੇ ਪ੍ਰਚਲਿਤ ਧਾਰਨਾਵਾਂ ਦੇ ਉਲਟ ਮਮਤਾ ਨੇ ਮੇਰੇ ਕੈਰੀਅਰ ਨੂੰ ਇੱਕ ਨਵੀਂ ਦਿਸ਼ਾ ਦੇਣ ਵਿੱਚ ਮਦਦ ਕੀਤੀ ਹੈ।''

ਆਪਣੇ ਸ਼ੋਅ ਵਿੱਚ ਆਈ ਅਦਾਕਾਰਾ ਕੋਂਕਣਾ ਸੇਨ ਸ਼ਰਮਾ ਦੇ ਇੱਕ ਜਵਾਬ ਦੀ ਉਦਾਹਰਣ ਦਿੰਦਿਆਂ ਤਾਰਾ ਜੀ ਦਸਦੇ ਹਨ ਕਿ ਮਮਤਾ ਨੇ ਉਨ੍ਹਾਂ ਨੂੰ ਬਦਲਿਆ ਨਹੀਂ, ਸਗੋਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਵੱਖੋ-ਵੱਖਰੇ ਪੱਖਾਂ ਨੂੰ ਇੱਕ ਵਧੇਰੇ ਮਜ਼ਬੂਤ ਅਤੇ ਗੂੜ੍ਹ ਅਰਥਾਂ ਦੇ ਰੂਪ ਵਿੱਚ ਸਾਹਮਣੇ ਲਿਆਈ ਹੈ। ਤਾਰਾ ਜੀ ਦਸਦੇ ਹਨ,''ਇਸ ਨੇ ਮੇਰੇ ਸਾਹਮਣੇ ਮੇਰੀਆਂ ਤਰਜੀਹਾਂ ਨੂੰ ਹੋਰ ਵੱਧ ਸਪੱਸ਼ਟ ਕਰ ਦਿੱਤਾ ਹੈ ਅਤੇ ਇਸ ਤੋਂ ਇਲਾਵਾ ਹੁਣ ਮੈਂ ਇੱਕ ਉਦੇਸ਼ ਅਤੇ ਸੁਰੱਖਿਆ ਦੀ ਭਾਵਨਾ ਨਾਲ ਓਤਪ੍ਰੋਤ ਹੋਣ ਵਿੱਚ ਸਫ਼ਲ ਰਹੀ ਹਾਂ।''

ਲੇਖਿਕਾ: ਸਿੰਧੂ ਕਸ਼ਿਅਪ