ਖੇਤਾਂ 'ਚ ਭੱਜਣ ਦੀ ਪ੍ਰੈਕਟਿਸ ਦਾ ਲੋਕ ਮਖੌਲ ਉਡਾਉਂਦੇ ਸਨ, ਅੱਜ ਖੁਸ਼ਬੀਰ ਨੇ ਕੀਤੀ ਉਲੰਪਿਕ ਦੀ ਤਿਆਰੀ

0

ਜਦੋਂ ਖੁਸ਼ਬੀਰ ਸੱਤ ਵਰ੍ਹੇ ਦੀ ਸੀ ਤਾਂ ਪਿਤਾ ਅਕਾਲ ਚਲਾਣਾ ਕਰ ਗਏ ਸੀ. ਇਕ ਪੁਰਾਣੇ ਜਿਹੇ ਕੱਚੇ ਘਰ ਵਿੱਚ ਉਸਦੀ ਮਾਂ ਚਾਰ ਧੀਆਂ ਤੇ ਇਕ ਮੁੰਡੇ ਲਈ ਔਖੇ-ਸੌਖੇ ਦੋ ਜੂਨ ਦੀ ਰੋਟੀ ਦਾ ਪ੍ਰਬੰਧ ਕਰ ਪਾਉਂਦੀ ਸੀ. ਕਈ ਵਾਰ ਤਾਂ ਸਾਰੇ ਪਰਿਵਾਰ ਨੂੰ ਭੁੱਖੇ ਵੀ ਸੌਣਾ ਪਿਆ. ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦੀ ਖੁਸ਼ਬੀਰ ਦੀ ਜਿੱਦ ਅਤੇ ਕਾਮਯਾਬੀ ਦੀ ਕਹਾਣੀ ਕਿਸੇ ਨੂੰ ਵੀ ਪ੍ਰੇਰਿਤ ਕਰ ਦਿੰਦੀ ਹੈ.

ਬਹੁਤ ਮਾੜੇ ਵਕ਼ਤ ਵਿੱਚ ਵੀ ਖੁਸ਼ਬੀਰ ਨੇ ਆਪਣੀ ਜਿੱਦ ਉੱਚੀ ਹੀ ਰੱਖੀ ਅਤੇ ਹੌਸਲਾ ਵੀ. ਉਹ ਅਸਮਾਨ ਨੂੰ ਟਾਕੀਆਂ ਲਾਉਣਾ ਚਾਹੁੰਦੀ ਸੀ. ਉਸਨੇ ਕਦੇ ਪਰਵਾਹ ਨਹੀਂ ਕੀਤੀ ਕੀ ਕੌਣ ਉਸ ਬਾਰੇ ਕੀ ਸੋਚਦਾ ਹੈ ਅਤੇ ਉਸਦੇ ਪਰਿਵਾਰ ਦੀ ਹਾਲਤ ਬਾਰੇ ਕੀ ਮਜਾਕ ਉਡਾਉਂਦਾ ਹੈ. ਉਹ ਨੰਗੇ ਪੈਰੀਂ ਖੇਤਾਂ ਵਿੱਚ ਭੱਜਦੀ ਫਿਰਦੀ ਸੀ. ਖੇਤਾਂ ਦੇ ਕੰਡੇ ਕੰਡੇ ਉਹ ਕਿੰਨੀਆਂ ਹੀ ਕੋਸਾਂ ਭੱਜ ਆਉਂਦੀ ਸੀ.

ਖੁਸ਼ਬੀਰ ਜਦੋਂ ਪ੍ਰੈਕਟਿਸ ਕਰਦੀ ਸੀ ਤਾਂ ਉਸ ਦੀ ਇਕ ਭੈਣ ਉਸਦੇ ਨਾਲ ਨਾਲ ਸਾਇਕਲ 'ਤੇ ਚਲਦੀ ਸੀ. ਪਿੰਡ ਦੇ ਲੋਕ ਦੋਹਾਂ ਭੈਣਾਂ ਨੂੰ ਇੰਜ ਭੱਜਦੀਆਂ ਵੇਖ ਕੇ ਮਖੌਲ ਉਡਾਉਂਦੇ ਸਨ. ਕਈ ਵਾਰ ਪਿੰਡ ਦੇ ਲੋਕਾਂ ਨੇ ਉਸਦੀ ਮਾਂ ਨੂੰ ਕਿਹਾ ਵੀ ਕੀ ਕੁੜੀਆਂ ਨੂੰ ਆਪਣੀਆਂ ਮਰਜ਼ੀਆਂ ਨਾ ਕਰਨ ਦੇਵੇ. ਪਰ ਮਾਂ ਨੇ ਪੂਰਾ ਸਾਥ ਦਿੱਤਾ।

ਖੁਸ਼ਬੀਰ ਕੌਰ ਨੇ ਦਸਵੀਂ ਕਲਾਸ ਤਕ ਦੀ ਪੜ੍ਹਾਈ ਸਰਕਾਰੀ ਸਕੂਲ 'ਚੋਂ ਕੀਤੀ। ਸੱਤਵੀਂ 'ਚ ਪੜ੍ਹਦਿਆਂ ਉਸਨੇ ਪਹਿਲੀ ਵਾਰੀ ਸਕੂਲ ਦੇ ਖੇਡ ਮੁਕਾਬਲਿਆਂ 'ਚ ਹਿੱਸਾ ਲਿਆ. ਜਿਲ੍ਹਾ ਪਧਰ ਦੇ ਖੇਡ ਮੁਕਾਬਲਿਆਂ 'ਚ ਪ੍ਰੈਕਟਿਸ ਦੇ ਗੋਲਡ ਮੈਡਲ ਜਿੱਤ ਲਿਆ. ਉਸਦੀ ਪਰਤਿਭਾ ਅਤੇ ਜਿੱਦ ਨੂੰ ਸਮਝ ਕੇ ਫੂਟਬਾਲ ਦੇ ਕੋਚ ਬਲਵਿੰਦਰ ਕੌਰ ਨੇ ਉਸਨੂੰ ਪੈਦਲ ਚਾਲ ਮੁਕਾਬਲੇ ਬਾਰੇ ਦੱਸਿਆ ਅਤੇ ਉਸਦੀ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਉਸ ਮਗਰੋਂ ਖੁਸ਼ਬੀਰ ਨੇ ਮੁੜਕੇ ਪਿਛਾਂਹ ਨਹੀਂ ਵੇਖਿਆ.

ਆਪਣੀ ਜਿੱਦ ਤੇ ਕਾਇਮ ਰਹਿੰਦਿਆ 22 ਵਰ੍ਹੇ ਦੀ ਖੁਸ਼ਬੀਰ ਕੌਰ ਨੇ ਆਪਣੀ ਮਿਹਨਤ ਨਾਲ 2014 ਦੇ ਏਸ਼ਿਆਈ ਖੇਡਾਂ 'ਚ ਵੀਹ ਕਿਲੋਮੀਟਰ ਦੀ ਪੈਦਲ ਚਾਲ ਮੁਕਾਬਲੇ 'ਚ ਸਿਲਵਰ ਮੈਡਲ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ. ਉਹ ਇਹ ਮੈਡਲ ਜਿੱਤ ਕੇ ਨਾ ਸਿਰਫ਼ ਪੰਜਾਬ ਸਗੋਂ ਪੂਰੇ ਭਾਰਤ ਦੀ ਪਹਿਲੀ ਮਹਿਲਾ ਏਥਲੀਟ ਬਣ ਗਈ. ਉਸਨੇ ਇਕ ਘੰਟਾ 33 ਮਿਨਟ ਅਤੇ 58 ਸਕਿੰਟ 'ਚ ਵੀਹ ਕਿਲੋਮੀਟਰ ਦੀ ਰੇਸ ਪੂਰੀ ਕਰਕੇ ਆਉਣ ਵਾਲੇ ਉਲੰਪਿਕ ਖੇਡਾਂ ਲਈ ਆਪਣੀ ਥਾਂ ਪੱਕੀ ਕਰ ਲਈ ਹੈ. ਹੁਣ ਜਿੱਦ ਰਿਓ ਵਿੱਖੇ ਸਿਤੰਬਰ 'ਚ ਵਾਲੇ ਉਲੰਪਿਕ ਖੇਡ ਮੁਕਾਬਲੇ 'ਚ ਪੈਦਲ ਚਾਲ ਮੁਕਾਬਲੇ ਦੀ ਜੇਤੂ ਹੋਣ ਦੇ ਹੈ.

ਰਿਓ ਉਲੰਪਿਕ ਖੇਡਾਂ 'ਚ ਵੀ ਵੀਹ ਕਿਲੋਮੀਟਰ ਪੈਦਲ ਚਾਲ ਮੁਕਾਬਲੇ 'ਚ ਹਿੱਸਾ ਲੈਣ ਵਾਲੀ ਵੀ ਉਹ ਪਹਿਲੀ ਭਾਰਤੀ ਮਹਿਲਾ ਹੋਵੇਗੀ।

ਲੇਖਕ: ਰਵੀ ਸ਼ਰਮਾ