ਰੈੱਡ ਲਾਈਟ ਇਲਾਕਿਆਂ ਦੀ ਰੌਸ਼ਨੀ ਦਾ ਰੰਗ ਬਦਲਣ ਦੀ ਕੋਸ਼ਿਸ਼ ਹੈ ''ਕਟ-ਕਥਾ''

ਰੈੱਡ ਲਾਈਟ ਇਲਾਕਿਆਂ ਦੀ ਰੌਸ਼ਨੀ ਦਾ ਰੰਗ ਬਦਲਣ ਦੀ ਕੋਸ਼ਿਸ਼ ਹੈ ''ਕਟ-ਕਥਾ''

Friday December 18, 2015,

6 min Read

600 ਸੈਕਸ ਵਰਕਰਾਂ ਨਾਲ ਸਿੱਧੇ ਤੌਰ 'ਤੇ ਜੁੜੀ ਹੈ ਗੀਤਾਂਜਲੀ...

ਕੋਠੇ 'ਤੇ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਅਤ ਕਰ ਰਹੀ ਹੈ...

ਕਟ-ਕਥਾ ਨਾਲ ਜੁੜੇ 100 ਵਾਲੰਟੀਅਰ...

ਦਿੱਲੀ ਦੇ ਰੈੱਡ ਲਾਈਟ ਇਲਾਕੇ ਜੀ.ਬੀ. ਰੋਡ ਜਦੋਂ ਗੀਤਾਂਜਲੀ ਬੱਬਰ ਜਾਂਦੀ ਹੈ, ਤਾਂ ਉਥੇ ਰਹਿਣ ਵਾਲੀ ਸੈਕਸ ਵਰਕਰਾਂ ਨਾ ਸਿਰਫ਼ ਉਨ੍ਹਾਂ ਨੂੰ ਪਿਆਰ ਕਰਦੀਆਂ ਹਨ ਅਤੇ ਗਲੇ ਲਾਉਂਦੀਆਂ ਹਨ, ਬਲਕਿ ਉਸ ਨੂੰ ਦੀਦੀ ਕਹਿ ਕੇ ਬੁਲਾਉਂਦੀਆਂ ਹਨ। ਆਮ ਇਨਸਾਨ ਭੇ ਹੀ ਇੱਥੇ ਆਉਣ ਤੋਂ ਕਤਰਾਉਂਦਾ ਹੈ, ਪਰ ਗੀਤਾਂਜਲੀ ਬੱਬਰ ਇਸ ਸਭ ਤੋਂ ਬੇਖ਼ਬਰ, ਇੱਥੇ ਰਹਿਣ ਵਾਲੀਆਂ ਸੈਕਸ ਵਰਕਰਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਆਪਣੀ ਚੰਗੀ-ਭਲੀ ਨੌਕਰੀ ਛੱਡ ਇਸ ਸੜਕ ਉਤੇ ਰਹਿਣ ਵਾਲੀਆਂ ਔਰਤਾਂ ਨੂੰ ਆਪਣੀ ਸੰਸਥਾ 'ਕਟ-ਕਥਾ' ਦੇ ਜ਼ਰੀਏ ਸਸ਼ੱਕਤ ਬਣਾਉਣ ਦਾ ਬੀੜਾ ਚੁੱਕਿਆ ਹੈ।

image


ਕਟ-ਕਥਾ ਦੀ ਸੰਸਥਾਪਕ ਗੀਤਾਂਜਲੀ ਨੇ ਇਸ ਸੰਸਥਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦਿੱਲੀ ਵਿਸ਼ਵਵਿਦਿਆਲਾ ਤੋਂ ਪੱਤਰਕਾਰਤਾ ਦਾ ਕੋਰਸ ਕੀਤਾ। ਇਸ ਦੌਰਾਨ ਉਹ 'ਅਨੰਤ' ਨਾਂਅ ਦੇ ਥੀਏਟਰ ਗਰੁੱਪ ਨਾਲ ਜੁੜ ਗਈ। ਇੱਥੋਂ ਉਸ ਦਾ ਰੁਝਾਨ ਸਮਾਜਕ ਕਾਰਜਾਂ ਵੱਲ ਹੋਇਆ। ਗਾਂਧੀ ਫ਼ੈਲੋਸ਼ਿਪ ਦੇ ਤਹਿਤ ਉਸ ਨੇ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ 'ਥਿਰਪਾਲੀ ਬੜੀ' ਨਾਮ ਦੇ ਪਿੰਡ ਵਿੱਚ ਦੋ ਸਾਲ ਬਿਤਾਏ। ਇੱਥੇ ਉਸ ਨੂੰ ਕਈ ਤਜਰਬੇ ਹਾਸਲ ਹੋਏ। ਇਸ ਤੋਂ ਬਾਅਦ ਉਸ ਨੇ ਰਾਸ਼ਟਰੀ ਏਡਜ਼ ਨਿਯੰਤਰਣ ਸੰਗਠਨ ਮਤਲਬ 'ਨਾਕੋ' ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਇਸ ਦਾ ਵਾਸਤਾ ਦਿੱਲੀ ਦੇ ਰੈਡ ਲਾਈਟ ਇਲਾਕੇ ਜੀ.ਬੀ. ਰੋਡ ਨਾਲ ਹੋਇਆ। ਉਦੋਂ ਉਸ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉਠੇ ਕਿ ਉਥੋਂ ਦਾ ਮਾਹੌਲ ਕਿਹੋ ਜਿਹਾ ਹੋਵੇਗਾ ਅਤੇ ਉਥੇ ਕਿਵੇਂ ਕੰਮ ਕਰਨਾ ਹੋਵੇਗਾ।

image


ਉਹ ਦਸਦੀ ਹੈ ਕਿ ''ਜਦੋਂ ਮੈਂ ਪਹਿਲੀ ਵਾਰ ਇੱਕ ਕੋਠੇ 'ਤੇ ਗਈ, ਤਾਂ ਉਥੋਂ ਦਾ ਮਾਹੌਲ ਵੇਖ ਕੇ ਤਿੰਨ ਰਾਤਾਂ ਤੱਕ ਸੁੱਤੀ ਨਹੀਂ। ਮੈਂ ਇਹ ਸੋਚਣ ਤੇ ਮਜਬੂਰ ਸੀ ਕਿ ਦਿੱਲੀ ਦੇ ਬਿਲਕੁਲ ਮੱਧ ਵਿੱਚ ਅਤੇ ਇੰਡੀਆ ਗੇਟ ਤੋਂ ਕੁੱਝ ਹੀ ਦੂਰੀ 'ਤੇ ਹਰ ਮਿੰਟ ਕੁੜੀ ਵਿਕ ਰਹੀ ਹੈ, ਹਰ ਮਿੰਟ ਕੁੜੀ ਮਰ ਰਹੀ ਹੈ, ਪਰ ਉਸ ਦੇ ਬਾਰੇ ਵਿੱਚ ਕੋਈ ਸੋਚਦਾ ਹੀ ਨਹੀਂ। ਇਸ ਚੀਜ਼ ਨੇ ਮੈਨੂੰ ਅੰਦਰ ਤੱਕ ਹਿਲਾ ਦਿੱਤਾ।'' ਹੌਲੀ-ਹੌਲੀ ਗੀਤਾਂਜਲੀ ਵੱਖ-ਵੱਖ ਕੋਠਿਆਂ ਉਤੇ ਜਾ ਕੇ ਉਥੋਂ ਦੀਆਂ ਔਰਤਾਂ ਨੂੰ ਮਿਲਣ ਲੱਗੀ। ਉਨ੍ਹਾਂ ਦੀ ਤਕਲੀਫ਼ ਜਾਣਨ ਲੱਗੀ ਅਤੇ ਕੁੱਝ ਸਮੇਂ ਬਾਅਦ ਉਸ ਦਾ ਉਥੇ ਇਹੋ ਜਿਹਾ ਰਿਸ਼ਤਾ ਬਣ ਗਿਆ ਕਿ ਉਹ ਕਿਸੇ ਲਈ ਛੋਟੀ ਭੈਣ ਬਣ ਗਈ ਤੇ ਕਿਸੇ ਲਈ ਦੀਦੀ ਤੇ ਕਿਸੇ ਲਈ ਧੀ। ਹਾਲਾਂਕਿ ਉਸ ਦੌਰਾਨ ਕੁੱਝ ਕੋਠੇ ਵਾਲਿਆਂ ਨੇ ਬੁਰਾ ਸਲੂਕ ਵੀ ਕੀਤਾ। ਪਰ ਇਸ ਸਭ ਤੋਂ ਬੇਪਰਵਾਹ ਗੀਤਾਂਜਲੀ ਨੇ ਕੋਠਿਆਂ ਵਿੱਚ ਰਹਿਣ ਵਾਲੀਆਂ ਔਰਤਾਂ ਨਾਲ ਮਿਲਣਾ-ਜੁਲਣਾ ਨਹੀਂ ਛੱਡਿਆ।

ਇੱਕ ਦਿਨ ਗੀਤਾਂਜਲੀ ਨੂੰ ਇੱਕ ਕੋਠੇ 'ਤੇ ਰਹਿਣ ਵਾਲੀਆਂ ਔਰਤਾਂ ਨੇ ਕਾਫ਼ੀ ਬੁਰਾ-ਭਲਾ ਕਿਹਾ ਅਤੇ ਉਸ ਨੂੰ ਆਪਣੇ ਕੋਠੇ ਤੋਂ ਬਾਹਰ ਕਰ ਦਿੱਤਾ। ਇਸ ਘਟਨਾ ਨੇ ਉਸ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਉਦੋਂ ਇੱਕ-ਦੂਜੇ ਕੋਠੇ 'ਤੇ ਰਹਿਣ ਵਾਲੀ ਔਰਤ ਉਸ ਕੋਲ ਆਈ ਅਤੇ ਗੀਤਾਂਜਲੀ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਪੜ੍ਹਾ ਦੇਵੇ। ਗੀਤਾਂਜਲੀ ਦੇ ਦੁੱਖ ਤੇ ਹੰਝੂ ਅਚਾਨਕ ਖ਼ੁਸ਼ੀ ਵਿੱਚ ਵਹਿਣ ਲੱਗੇ। ਉਸ ਨੇ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਕੋਠੇ 'ਤੇ ਰਹਿਣ ਵਾਲੀਆਂ ਔਰਤਾਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਸ਼ੁਰੂਆਤ ਵਿੱਚ ਉਸ ਦੀ ਇਸ ਕੰਮ ਵਿੱਚ ਮਦਦ ਕੀਤੀ ਡਾ. ਰਈਸ ਨੇ, ਜਿਨ੍ਹਾਂ ਦਾ ਜੀ.ਬੀ. ਰੋਡ ਉਤੇ ਆਪਣਾ ਹਸਪਤਾਲ ਵੀ ਹੈ। ਉਸੇ ਦੀ ਉਤਲੀ ਮੰਜ਼ਿਲ ਤੇ ਗੀਤਾਂਜਲੀ ਨੇ ਕੋਠੇ 'ਤੇ ਰਹਿਣ ਵਾਲੀਆਂ ਔਰਤਾਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ। ਇਸ ਤਰ੍ਹਾਂ ਮਜਬੂਰ ਹੋ ਕੇ ਗੀਤਾਂਜਲੀ ਨੂੰ ਕੋਠਿਆਂ ਉਤੇ ਜਾ ਕੇ ਪੜ੍ਹਾਉਣਾ ਪਿਆ, ਕਿਉਂਕਿ ਜੀ.ਬੀ. ਰੋਡ ਉਤੇ ਰਹਿਣ ਵਾਲੀਆਂ ਔਰਤਾਂ ਆਪਣੇ ਕੋਠੇ ਤੋਂ ਦੂਜੇ ਦੇ ਕੋਠੇ ਉਤੇ ਨਹੀਂ ਜਾਂਦੀਆਂ। ਕੁੱਝ ਸਮੇਂ ਬਾਅਦ ਗੀਤਾਂਜਲੀ ਨੇ ਨੌਕਰੀ ਛੱਡ ਦਿੱਤੀ ਅਤੇ ਇਕੱਲੇ ਹੀ ਉਨ੍ਹਾਂ ਨੂੰ ਪੜ੍ਹਾਉਣ ਦਾ ਕੰਮ ਕਰਨ ਲੱਗੀ। ਸੱਚੀ ਨਿਸ਼ਠਾ ਅਤੇ ਇਮਾਨਦਾਰ ਬਣਨ ਦਾ ਅਸਰ ਗੀਤਾਂਜਲੀ ਦੇ ਦੋਸਤਾਂ 'ਤੇ ਵੀ ਪਿਆ। ਉਸ ਦੇ ਦੋਸਤ ਵੀ ਇਸ ਮੁਹਿੰਮ ਵਿੱਚ ਜੁੜਨ ਲੱਗੇ। ਗੀਤਾਂਜਲੀ ਦਾ ਕੰਮ ਵੀ ਵੰਡਿਆ ਗਿਆ। ਉਸ ਦੇ ਦੋਸਤਾਂ ਨੇ ਵੀ ਵੱਖ-ਵੱਖ ਕੋਠਿਆਂ ਉਤੇ ਜਾ ਕੇ ਹਰ ਰੋਜ਼ ਔਰਤਾਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ।

image


ਔਰਤਾਂ ਨੂੰ ਪੜ੍ਹਾਉਣ ਦਾ ਇਹ ਅਸਰ ਹੋਇਆ ਕਿ ਕੋਠੇ ਉਤੇ ਰਹਿਣ ਵਾਲੇ ਬੱਚੇ ਵੀ ਉਨ੍ਹਾਂ ਕੋਲੋਂ ਪੜ੍ਹਨ ਲਈ ਤਿਆਰ ਹੋਣ ਲੱਗੇ। ੳਦੋਂ ਗੀਤਾਂਜਲੀ ਨੇ ਫ਼ੈਸਲਾ ਕੀਤਾ ਕਿ ਉਹ ਇਨ੍ਹਾਂ ਬੱਚਿਆਂ ਨੂੰ ਵੀ ਪੜ੍ਹਾਏਗੀ। ਮਿਹਨਤ ਦੋਨਾਂ ਪਾਸਿਆਂ ਤੋਂ ਹੋਈ। ਬੱਚਿਆਂ ਨੇ ਵੀ ਦਿਲਚਸਪੀ ਲਈ। ਰਿਸ਼ਤਾ ਵਧਿਆ। ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਉਨ੍ਹਾਂ ਦੇ ਨਾਲ ਖੇਡਣ ਅਤੇ ਸਮੇਂ ਸਮੇਂ ਉਤੇ ਉਨ੍ਹਾਂ ਨੂੰ ਫ਼ਿਲਮਾਂ ਵੀ ਵਿਖਾਈਆਂ ਜਾਣ ਲੱਗੀਆਂ। ਹੌਲੀ-ਹੌਲੀ ਜਦੋਂ ਜ਼ਿਆਦਾ ਬੱਚੇ ਇਨ੍ਹਾਂ ਦੇ ਨਾਲ ਜੁੜਨ ਲੱਗੇ, ਤਾਂ ਇਨ੍ਹਾਂ ਨੇ ਜੀ.ਬੀ. ਰੋਡ ਉਤੇ ਹੀ ਇੱਕ ਜਗ੍ਹਾ ਕਿਰਾਏ ਉਤੇ ਲਈ। ਅੱਜ ਇਨ੍ਹਾਂ ਦੇ ਕੋਲ ਆਉਣ ਵਾਲੇ ਬੱਚਿਆਂ 'ਚੋਂ ਚਾਰ ਬੱਚੇ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਦੇ ਇੱਕ ਸਕੂਲ ਵਿੱਚ ਵੀ ਪੜ੍ਹਦੇ ਹਨ। ਇੱਕ ਬੱਚੇ ਨੂੰ ਪੜ੍ਹਾਈ ਲਈ ਫ਼ੈਲੋਸ਼ਿਪ ਮਿਲੀ ਹੈ। ਇਨ੍ਹਾਂ ਦੇ ਪੜ੍ਹਾਈ ਬੱਚੇ ਫ਼ੋਟੋਗ੍ਰਾਫ਼ੀ ਕਰਦੇ ਹਨ, ਥੀਏਟਰ ਕਰਦੇ ਹਨ ਅਤੇ ਕੁੱਝ ਡਾਂਸਰ ਵੀ ਹਨ। ਇੰਨਾ ਹੀ ਨਹੀਂ, ਇਨ੍ਹਾਂ ਦੇ ਕੋਲ ਆਉਣ ਵਾਲੇ ਚਾਰ ਬੱਚਿਆਂ ਦੀ ਚੋਣ ਨੈਸ਼ਨਲ ਸਕੂਲ ਆੱਫ਼ ਡਰਾਮਾ (ਐਨ.ਐਸ.ਡੀ.) ਵਿੱਚ ਹੋ ਚੁੱਕੀ ਹੈ। ਇਸ ਤਰ੍ਹਾਂ ਗੀਤਾਂਜਲੀ ਨੇ ਇੱਥੋਂ ਦੇ ਬੱਚਿਆਂ ਨੂੰ ਨਾ ਸਿਰਫ਼ ਸੁਪਨੇ ਵੇਖਣਾ ਸਿਖਾਇਆ ਬਲਕਿ ਆਪਣੇ ਸੁਪਨਿਆਂ ਦੇ ਨਾਲ ਜੀਣਾ ਵੀ ਸਿਖਾਇਆ ਹੈ।

image


ਗੀਤਾਂਜਲੀ ਦੇ ਮੁਤਾਬਕ ''ਇਨ੍ਹਾਂ ਕੋਠਿਆਂ ਵਿੱਚ ਕੰਮ ਕਰਨ ਵਾਲੀਆਂ ਜ਼ਿਆਦਾਤਰ ਔਰਤਾਂ ਕੋਲ ਵੋਟਰ ਕਾਰਡ ਤੱਕ ਨਹੀਂ ਹੈ। ਅਜਿਹੇ ਵਿੱਚ 'ਕਟ-ਕਥਾ' ਇੱਥੇ ਰਹਿਣ ਵਾਲੀਆਂ ਔਰਤਾਂ ਨੂੰ ਸਮਾਜ ਵਿੱਚ ਪਛਾਣ ਦਿਵਾਉਣ ਲਈ ਵੋਟਰ ਆਈ.ਡੀ. ਕਾਰਡ ਬਣਵਾਉਣ ਵਿੱਚ ਮਦਦ ਕਰ ਰਿਹਾ ਹੈ।'' ਹੁਣ ਤੱਕ ਇਨ੍ਹਾਂ ਦੇ ਜ਼ਰੀਏ ਜੀ.ਬੀ. ਰੋਡ ਉਤੇ ਰਹਿਣ ਵਾਲੀਆਂ 500 ਤੋਂ ਵੱਧ ਔਰਤਾਂ ਆਪਣਾ ਵੋਟਰ ਕਾਰਡ, ਰਾਸ਼ਨ ਕਾਰਡ ਅਤੇ ਆਧਾਰ ਕਾਰਡ ਬਣਵਾ ਚੁੱਕੀਆਂ ਹਨ। ਇਸ ਤੋਂ ਇਲਾਵਾ ਔਰਤਾਂ ਨੂੰ ਸਸ਼ੱਕਤ ਬਣਾਉਣ ਲਈ ਉਨ੍ਹਾਂ ਦਾ ਬੈਂਕ ਵਿੱਚ ਖਾਤਾ ਖੁਲ੍ਹਵਾਉਂਦੀ ਹੈ। ਜੀ.ਬੀ. ਰੋਡ ਦੀ ਹਨੇਰੀ ਅਤੇ ਇਕੱਲੀ ਦੁਨੀਆਂ ਵਿੱਚ ਰਹਿ ਰਹੀਆਂ ਔਰਤਾਂ ਨੂੰ ਸਨਮਾਨਪੂਰਬਕ ਜੀਣ ਲਈ 'ਕਟ-ਕਥਾ' ਨੋਟ-ਬੁੱਕ ਪ੍ਰਾਜੈਕਟ ਉਤੇ ਕੰਮ ਕਰ ਰਿਹਾ ਹੈ। ਕੋਠੇ 'ਤੇ ਰਹਿਣ ਵਾਲੀਆਂ ਔਰਤਾਂ ਸ਼ਿਲਪ ਕਲਾ, ਫ਼ੋਟੋ ਫ਼ਰੇਮ, ਕੰਨਾਂ ਦੇ ਝੁਮਕੇ ਅਤੇ ਬਿੰਦੀ ਆਦਿ ਬਣਾਉਣ ਦਾ ਕੰਮ ਵੀ ਕਰ ਰਹੀਆਂ ਹਨ। ਤਾਂ ਕਿ ਉਹ ਆਪਣਾ ਆਰਥਿਕ ਵਿਕਾਸ ਕਰਨ ਵਿੱਚ ਵੀ ਸਫ਼ਲ ਹੋ ਸਕਣ। ਇੱਥੇ ਰਹਿਣ ਵਾਲੀਆਂ ਔਰਤਾਂ ਨੂੰ ਇੱਕਜੁਟ ਕਰਨ ਲਈ ਉਹ ਦੀਵਾਲੀ, ਨਵੇਂ ਸਾਲ ਅਤੇ ਦੂਜੇ ਮੌਕਿਆਂ ਉਤੇ ਕਈ ਪ੍ਰੋਗਰਾਮ ਵੀ ਚਲਾਉਂਦੀ ਹੈ। 'ਕਟ-ਕਥਾ' ਵਿੰਚ 7 ਲੋਕਾਂ ਦੀ ਇੱਕ ਮਜ਼ਬੂਤ ਟੀਮ ਹੈ, ਜਦੋਂ ਕਿ ਇਸ ਦੇ ਨਾਲ 100 ਵਲੰਟੀਅਰ ਵੀ ਜੁੜੇ ਹਨ।

image


ਅੱਜ ਗੀਤਾਂਜਲੀ ਅਤੇ ਉਸ ਦੀ ਸੰਸਥਾ 'ਕਟ-ਕਥਾ' ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਜੀ.ਟੀ. ਰੋਡ 'ਤੇ ਰਹਿਣ ਵਾਲੇ 66 ਬੱਚਿਆਂ ਦੇ ਨਾਲ ਜੁੜੀ ਹੈ। ਜਿਸ ਵਿੱਚ ਚਾਰ ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਯੁਵਾ ਸ਼ਾਮਲ ਹਨ। ਹਰ ਬੱਚੇ ਦੀ ਜ਼ਰੂਰਤ ਦੇ ਹਿਸਾਬ ਨਾਲ ਕਟ-ਕਥਾ ਕੰਮ ਕਰ ਰਹੀ ਹੈ। ਜਿਨ੍ਹਾਂ ਬੱਚਿਆਂ ਦੀਆਂ ਜ਼ਰੂਰਤਾਂ ਜ਼ਿਆਦਾ ਹਨ, ਉਨ੍ਹਾਂ ਨਾਲ ਕਾਰਜ ਕਰਤਾ ਦਿਨ ਰਾਤ ਲੱਗੇ ਰਹਿੰਦੇ ਹਨ। ਬੱਚਿਆਂ ਵਿੱਚ ਆਏ ਆਤਮ-ਵਿਸ਼ਵਾਸ ਦਾ ਆਲਮ ਇਹ ਹੈ ਕਿ ਹੁਣ ਬੱਚੇ ਬੇਝਿਜਕ ਦਸਦੇ ਹਨ ਕਿ ਉਹ ਜੀ.ਬੀ. ਰੋਡ ਰਹਿੰਦੇ ਹਨ। ਹੁਣ ਗੀਤਾਂਜਲੀ ਦੀ ਇੱਛਾ ਹੈ ਕਿ ਸਰਕਾਰ 15 ਅਗਸਤ ਨੂੰ 'ਸੈਕਸ ਫ਼੍ਰੀ ਡੇਅ' ਘੋਸ਼ਿਤ ਕਰੇ, ਤਾਂ ਕਿ ਉਸ ਦਿਨ ਦੇਸ਼ ਭਰ ਦੇ ਕੋਠੇ ਬੰਦ ਰਹਿਣ ਅਤੇ ਉਥੇ ਰਹਿਣ ਵਾਲੀਆਂ ਔਰਤਾਂ ਉਸ ਦਿਨ ਨੂੰ ਆਪਣੀ ਮਰਜ਼ੀ ਨਾਲ ਜੀ ਸਕਣ।

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਸਿਮਰਨਜੀਤ ਕੌਰ