ਇੱਕ 'ਸੁਸਤ ਤੇ ਆਲਸੀ' ਕੁੜੀ ਮਿਤਾਲੀ ਰਾਜ ਇੰਝ ਬਣੀ ਅੱਵਲ ਨੰਬਰ ਕੌਮਾਂਤਰੀ ਕ੍ਰਿਕੇਟਰ

ਇੱਕ 'ਸੁਸਤ ਤੇ ਆਲਸੀ' ਕੁੜੀ ਮਿਤਾਲੀ ਰਾਜ ਇੰਝ ਬਣੀ ਅੱਵਲ ਨੰਬਰ ਕੌਮਾਂਤਰੀ ਕ੍ਰਿਕੇਟਰ

Sunday May 08, 2016,

18 min Read

ਉਸ ਲੜਕੀ ਦੇ ਪਿਤਾ ਭਾਰਤੀ ਹਵਾਈ ਫ਼ੌਜ ਵਿੱਚ ਕੰਮ ਕਰ ਚੁੱਕੇ ਸਨ। ਇਸੇ ਲਈ ਘਰ ਵਿੱਚ ਅਨੁਸ਼ਾਸਨ ਹੋਣਾ ਸੁਭਾਵਕ ਸੀ। ਪਰ ਲੜਕੀ ਘਰ ਵਿੱਚ ਸਭ ਤੋਂ ਉਲਟ ਸੀ। ਉਹ ਸੁਸਤ ਅਤੇ ਆਲਸੀ ਸੀ। ਸਕੂਲ ਦੀ ਪਹਿਲੀ ਘੰਟੀ ਦਾ ਸਮਾਂ ਸਾਢੇ ਅੱਠ ਵਜੇ ਦਾ ਹੁੰਦਾ ਅਤੇ ਉਹ ਲੜਕੀ ਸਵੇਰੇ ਅੱਠ ਵਜੇ ਤੋਂ ਪਹਿਲਾਂ ਨਹੀਂ ਉਠਦੀ ਸੀ। ਭਾਵ ਘਰ ਵਿੱਚ ਸਭ ਤੋਂ ਬਾਅਦ। ਜਦੋਂ ਆਪਣੀ ਧੀ ਦੇ ਆਲਸੀਪਣ ਅਤੇ ਸੁਸਤ ਮਿਜ਼ਾਜ ਤੋਂ ਤੰਗ ਆ ਗਏ, ਤਾਂ ਉਨ੍ਹਾਂ ਇੱਕ ਫ਼ੈਸਲਾ ਲਿਆ। ਪਿਤਾ ਨੇ ਮਨ 'ਚ ਧਾਰ ਲਿਆ ਕਿ ਉਹ ਆਪਣੀ ਧੀ ਨੂੰ ਕ੍ਰਿਕੇਟਰ ਬਣਾਉਣਗੇ। ਉਹ ਉਸ ਨੂੰ ਕ੍ਰਿਕੇਟ ਅਕੈਡਮੀ 'ਚ ਲਿਜਾਣ ਲੱਗੇ। ਇਸ ਕ੍ਰਿਕੇਟ ਅਕੈਡਮੀ 'ਚ ਲੜਕੀ ਦਾ ਭਰਾ ਵੀ ਰੋਜ਼ਾਨਾ ਅਭਿਆਸ ਕਰਦਾ ਸੀ। ਭਰਾ ਸਕੂਲ ਪੱਧਰ ਦੇ ਕ੍ਰਿਕੇਟ ਟੂਰਨਾਮੈਂਟ ਵੀ ਖੇਡਦਾ ਸੀ। ਸ਼ੁਰੂ ਵਿੱਚ ਲਡਕੀ ਨੇ ਕ੍ਰਿਕੇਟ ਅਕੈਡਮੀ 'ਚ ਜਾ ਕੇ ਆਪਣੇ ਸਕੂਲ ਦਾ 'ਹੋਮ ਵਰਕ' ਕੀਤਾ, ਪਰ ਪਿਤਾ ਦੇ ਕਹਿਣ 'ਤੇ ਆਪਣੇ ਭਰਾ ਦੀ ਦੇਖਾ-ਦੇਖੀ ਕ੍ਰਿਕੇਟ ਦਾ ਬੱਲਾ ਵੀ ਫੜ ਹੀ ਲਿਆ ਅਤੇ ਨੈੱਟਸ ਉੱਤੇ ਅਭਿਆਸ ਸ਼ੁਰੂ ਕੀਤਾ। ਹੁਣ ਹਰ ਰੋਜ਼ ਪਿਤਾ ਆਪਣੇ ਸਕੂਟਰ 'ਤੇ ਪੁੱਤਰ ਅਤੇ ਧੀ ਨੂੰ ਕ੍ਰਿਕੇਟ ਅਕੈਡਮੀ ਲੈ ਜਾਂਦੇ। ਭਰਾ ਵਾਂਗ ਲੜਕੀ ਵੀ ਨੈੱਟਸ ਉਤੇ ਖ਼ੂਬ ਪਸੀਨਾ ਵਹਾਉਣ ਲੱਗੀ। ਹੌਲੀ-ਹੌਲੀ ਮਿਹਨਤ ਰੰਗ ਵਿਖਾਉਣ ਲੱਗੀ।

image


ਕ੍ਰਿਕੇਟ ਉਸ ਲੜਕੀ ਦਾ ਪਹਿਲਾ ਪਿਆਰ ਬਣ ਗਿਆ ਅਤੇ ਉਸ ਲੜਕੀ ਨੇ ਵੀ ਕੁੱਝ ਇਸ ਤਰ੍ਹਾਂ ਕ੍ਰਿਕੇਟ ਨਾਲ ਮੁਹੱਬਤ ਕੀਤੀ ਕਿ ਕ੍ਰਿਕੇਟ ਨੂੰ ਹੀ ਆਪਣਾ ਜੀਵਨ ਅਤੇ ਜੀਵਨ ਨੂੰ ਹੀ ਕ੍ਰਿਕੇਟ ਮੰਨ ਲਿਆ। ਕਿਉਂਕਿ ਮਿਹਨਤ ਅਤੇ ਲਗਨ ਸੀ, ਅਤੇ ਨਾਲ ਹੀ ਯੋਗਤਾ ਵੀ ਸੀ; ਇਸੇ ਲਈ ਲੜਕੀ ਕ੍ਰਿਕੇਟ ਦੇ ਮੈਦਾਨ 'ਤੇ ਆਪਣਾ ਇੱਕ ਵਿਲੱਖਣ ਰੰਗ ਜਮਾਉਣ ਲੱਗੀ। ਉਸ ਨੇ ਅਜਿਹਾ ਰੰਗ ਜਮਾਇਆ ਕਿ ਕਈ ਲੋਕ ਉਸ ਦੇ ਦੀਵਾਨੇ ਹੋ ਗਏ। ਆਪਣੀ ਪ੍ਰਤਿਭਾ ਅਤੇ ਮਿਹਨਤ ਦੇ ਦਮ ਉਤੇ ਉਸ ਲੜਕੀ ਨੇ ਮੈਦਾਨ 'ਚ ਕਈ ਰਿਕਾਰਡ ਆਪਣੇ ਨਾਂਅ ਕਰ ਲਏ। ਆਪਣੇ ਦੇਸ਼ ਨਹੀਂ ਕਈ ਇਤਿਹਾਸਕ ਜਿੱਤਾਂ ਦਿਵਾਈਆਂ। ਆਪਣੇ ਦੇਸ਼ ਵਿੱਚ ਮਹਿਲਾ ਕ੍ਰਿਕੇਟ ਨੂੰ ਹਰਮਨਪਿਆਰੀ ਬਣਾਇਆ। ਇਸੇ ਯੋਗਤਾ ਅਤੇ ਕਾਮਯਾਬੀਆਂ ਸਦਕਾ ਹੀ ਦੁਨੀਆ ਵਿੱਚ ਉਸ ਲੜਕੀ ਨੂੰ 'ਮਹਿਲਾ ਕ੍ਰਿਕੇਟ ਦੀ ਤੇਂਦੁਲਕਰ' ਕਿਹਾ ਜਾਣ ਲੱਗਾ। ਅਸੀਂ ਇੱਥੇ ਜਿਸ ਲੜਕੀ ਦੀ ਗੱਲ ਕਰ ਰਹੇ ਹਾਂ, ਉਹ ਹੈ ਭਾਰਤੀ ਮਹਿਲਾ ਕ੍ਰਿਕੇਟ ਦੀ 'ਸੁਪਰ-ਸਟਾਰ ਖਿਡਾਰਨ' ਮਿਤਾਲੀ ਰਾਜ।

image


ਮਿਤਾਲੀ ਰਾਜ ਨਾ ਕੇਵਲ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਕਾਮਯਾਬ ਮਹਿਲਾ ਕ੍ਰਿਕੇਟਰ ਹਨ, ਸਗੋਂ ਉਨ੍ਹਾਂ ਦੀ ਗਿਣਤੀ ਦੁਨੀਆ ਦੇ ਸਰਬੋਤਮ ਬੱਲੇਬਾਜ਼ਾਂ ਵਿੱਚ ਵੀ ਹੁੰਦੀ ਹੈ।

ਮਿਤਾਲੀ ਨਾਲ ਜੁੜੀ ਇੱਕ ਹੋਰ ਦਿਲਚਸਪ ਕਹਾਣੀ ਹੈ। ਬਚਪਨ ਵਿੱਚ ਕ੍ਰਿਕੇਟ ਦਾ ਬੱਲਾ ਫੜਨ ਤੋਂ ਪਹਿਲਾਂ ਮਿਤਾਲੀ ਭਰਤ-ਨਾਟਯਮ ਸਿੱਖ ਰਹੀ ਸੀ। ਉਹ ਇੱਕ ਨਾਚੀ (ਡਾਂਸਰ) ਬਣਨਾ ਲੋਚਦੀ ਸੀ। ਦੇਸ਼-ਵਿਦੇਸ਼ ਵਿੱਚ ਵੱਖੋ-ਵੱਖਰੀਆਂ ਥਾਵਾਂ ਉਤੇ ਆਪਣੀ ਨ੍ਰਿਤ-ਕਲਾ ਦਾ ਪ੍ਰਦਰਸ਼ਨ ਕਰ ਕੇ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਣਾ ਚਾਹੁੰਦੀ ਸੀ। ਮਿਤਾਲੀ ਨੇ ਨਿੱਕੀ ਉਮਰ ਤੋਂ ਹੀ ਮੰਚ ਉਤੇ ਡਾਂਸ ਪ੍ਰੋਗਰਾਮ ਦੇਣੇ ਸ਼ੁਰੂ ਕਰ ਦਿੱਤੇ ਸਨ। ਮੰਚ ਉਤੇ ਉਨ੍ਹਾਂ ਦਾ ਨਾਚ ਬਹੁਤ ਦਿਲਕਸ਼ ਹੁੰਦਾ ਸੀ। ਇੱਕ ਲੈਅ-ਤਾਲ ਵਿੱਚ ਅਤੇ ਉਹ ਵੀ ਸ਼ਾਸਤਰੀ-ਪੱਧਤੀ ਵਿੱਚ ਮੰਚ ਉਤੇ ਟੱਪਦਿਆਂ, ਲਹਿਰਾਉਂਦਿਆਂ, ਝੂਮਦਿਆਂ ਉਹ ਜਦੋਂ ਨੱਚਦੇ, ਤਾਂ ਸਾਰੇ ਦਰਸ਼ਕਾਂ ਦਾ ਮਨ ਜਿੱਤ ਲੈਂਦੇ। ਪਰ ਜਦ ਤੋਂ ਮਿਤਾਲੀ ਨੇ ਕ੍ਰਿਕੇਟ ਦਾ ਬੱਲਾ ਫੜਿਆ ਤਦ ਤੋਂ ਉਹ ਹੌਲੀ-ਹੌਲੀ ਨਾਚ ਤੋਂ ਦੂਰ ਹੋਣ ਲੱਗੇ। ਪਰ ਕਿਸੇ ਤਰ੍ਹਾਂ ਸਮਾਂ ਕੱਢ ਕੇ ਉਹ ਨਾਚ ਦਾ ਅਭਿਆਸ ਕਰ ਲੈਂਦੇ। ਪਰ ਜਦੋਂ ਉਹ ਕ੍ਰਿਕੇਟ ਟੂਰਨਾਮੈਂਟ ਖੇਡਣ ਲੱਗੇ, ਅਤੇ ਉਨ੍ਹਾਂ ਨੂੰ ਯਾਤਰਾਵਾਂ ਕਰਨੀਆਂ ਪਈਆਂ, ਤਾਂ ਉਹ ਵੀ ਲੰਮੀਆਂ-ਲੰਮੀਆਂ; ਤਦ ਨਾਚ ਦਾ ਅਭਿਆਸ ਨਾਂਹ ਵਰਗਾ ਹੋ ਗਿਆ। ਮਿਤਾਲੀ ਦੇ ਨਾਚ ਦਾ ਅਭਿਆਸ ਛੁੱਟਦਾ ਵੇਖ ਕੇ ਇੱਕ ਦਿਨ ਉਨ੍ਹਾਂ ਦੀ ਗੁਰੂ ਨੇ ਉਨ੍ਹਾਂ ਸਾਹਮਣੇ ਇੱਕ ਵੱਡਾ ਸੁਆਲ ਖੜ੍ਹਾ ਕਰ ਦਿੱਤਾ। ਗੁਰੂ ਨੇ ਮਿਤਾਲੀ ਨੂੰ ਕ੍ਰਿਕੇਟ ਜਾਂ ਫਿਰ ਨਾਚ - ਦੋਵਾਂ ਵਿਚੋਂ ਇੱਕ ਨੂੰ ਚੁਣਨ ਲਈ ਆਖਿਆ। ਕਾਫ਼ੀ ਸੋਚਣ-ਵਿਚਾਰਨ ਤੋਂ ਬਾਅਦ ਮਿਤਾਲੀ ਨੇ ਨ੍ਰਿਤ-ਕਲਾ ਅਤੇ ਮੰਚ ਨੂੰ ਛੱਡ ਕੇ ਕ੍ਰਿਕੇਟ ਅਤੇ ਮੈਦਾਨ ਨੂੰ ਹੀ ਆਪਣੀ ਜ਼ਿੰਦਗੀ ਬਣਾਉਣ ਦਾ ਫ਼ੈਸਲਾ ਕੀਤਾ। ਉਸ ਫ਼ੈਸਲੇ ਵਾਲੇ ਛਿਣ ਨੂੰ ਚੇਤੇ ਕਰਦਿਆਂ ਮਿਤਾਲੀ ਦਸਦੇ ਹਨ,''ਫ਼ੈਸਲਾ ਬਹੁਤ ਔਖਾ ਸੀ ਪਰ ਮੈਂ ਕ੍ਰਿਕੇਟ ਨਾਲ ਇਸ ਤਰ੍ਹਾਂ ਜੁੜ ਚੁੱਕੀ ਸਾਂ ਕਿ ਕ੍ਰਿਕੇਟ ਨੂੰ ਛੱਡ ਕੇ ਕੁੱਝ ਹੋਰ ਮੇਰੇ ਵੱਸ ਤੋਂ ਬਾਹਰ ਦੀ ਗੱਲ ਹੋ ਗਈ ਸੀ।''

ਇਹ ਪੁੱਛੇ ਜਾਣ 'ਤੇ ਕਿ ਜੇ ਉਹ ਕ੍ਰਿਕੇਟਰ ਨਾ ਹੁੰਦੇ, ਤਾਂ ਕੀ ਉਹ ਡਾਂਸਰ ਹੁੰਦੇ; ਤਾਂ ਜਵਾਬ ਵਿੱਚ ਮਿਤਾਲੀ ਨੇ ਕਿਹਾ,''ਬਿਲਕੁਲ ਸਹੀ! ਮੈਂ ਕ੍ਰਿਕੇਟ ਨਾ ਖੇਡ ਰਹੀ ਹੁੰਦੀ, ਤਾਂ ਮੰਚ ਉਤੇ ਨਾਚ ਹੀ ਕਰ ਰਹੀ ਹੁੰਦੀ। ਮੈਂ ਡਾਂਸਰ ਹੀ ਹੁੰਦੀ। ਜਦੋਂ ਮੈਂ ਨਾਚ ਦੀ ਥਾਂ ਕ੍ਰਿਕੇਟ ਨੂੰ ਚੁਣਿਆ, ਤਦ ਮੈਂ ਆਪਣੇ 'ਅਰਮਗ੍ਰੇਟਮ' (ਸ਼ਾਸਤਰੀ ਨਾਚ ਦੀ ਰਸਮੀ ਸਿਖਲਾਈ ਖ਼ਤਮ ਹੋਣ ਤੋਂ ਬਾਅਦ ਮੰਚ ਉਤੇ ਕੀਤਾ ਜਾਣ ਵਾਲਾ ਨਾਚ-ਪ੍ਰਦਰਸ਼ਨ) ਤੋਂ ਕੇਵਲ ਦੋ ਪੜਾਅ ਦੂਰ ਸਾਂ।'' ਭਾਵੇਂ ਮਿਤਾਲੀ ਇੱਕ ਨ੍ਰਤਕੀ ਨਾ ਬਣ ਸਕੇ ਹੋਣ, ਪਰ ਉਹ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਕ੍ਰਿਕੇਟ ਦੇ ਮੈਦਾਨ ਉਤੇ ਗੇਂਦਬਾਜ਼ਾਂ ਅਤੇ ਫ਼ੀਲਡਰਜ਼ ਨੂੰ ਕਾਫ਼ੀ ਨਚਾਉਂਦੇ ਆ ਰਹੇ ਹਨ।

ਕ੍ਰਿਕੇਟ ਦੇ ਮੈਦਾਨ 'ਤੇ ਮਿਤਾਲੀ ਦੀਆਂ ਉਪਲਬਧੀਆਂ ਕੁੱਝ ਇੰਨੀਆਂ ਵੱਡੀਆਂ ਹਨ ਕਿ ਭਾਰਤ ਦੀ ਕੋਈ ਦੂਜੀ ਮਹਿਲਾ ਕ੍ਰਿਕੇਟਰ ਉਨ੍ਹਾਂ ਦੀ ਬਰਾਬਰੀ ਕਰਦੀ ਵੀ ਨਹੀਂ ਦਿਸਦੀ। ਇੱਕ ਅਹਿਮ ਗੱਲ ਇਹ ਵੀ ਹੈ ਕਿ ਮਿਤਾਲੀ ਅੱਜ ਵੀ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਦੋਰਈ ਰਾਜ ਨੂੰ ਹੀ ਦਿੰਦੇ ਹਨ। ਮਿਤਾਲੀ ਅਨੁਸਾਰ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਕਾਫ਼ੀ ਘੱਟ ਉਮਰ ਵਿੱਚ ਹੀ ਭਾਰਤੀ ਮਹਿਲਾ ਕ੍ਰਿਕੇਟ ਟੀਮ ਵਿੱਚ ਆਪਣੀ ਜਗ੍ਹਾ ਬਣਾ ਲੈਣ। ਮਿਤਾਲੀ ਨੂੰ ਕ੍ਰਿਕੇਟਰ ਬਣਾਉਣ ਲਈ ਪਿਤਾ ਨੇ ਬਹੁਤ ਮਿਹਨਤ ਕੀਤੀ ਸੀ। ਪਿਤਾ ਅਤੇ ਧੀ ਦੀ ਸਾਂਝੀ ਮਿਹਨਤ ਦਾ ਹੀ ਨਤੀਜਾ ਸੀ ਕਿ ਮਿਤਾਲੀ ਜਦੋਂ ਕੇਵਲ 14 ਸਾਲਾਂ ਦੇ ਸਨ, ਤਦ ਉਨ੍ਹਾਂ ਨੂੰ ਭਾਰਤੀ ਟੀਮ ਲਈ 'ਸਟੈਂਡ-ਬਾਇ' ਖਿਡਾਰੀ ਬਣਾ ਦਿੱਤਾ ਗਿਆ ਸੀ। 16 ਸਾਲਾਂ ਦੀ ਉਮਰ 'ਚ ਹੀ ਮਿਤਾਲੀ ਨੇ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਿਆ। 26 ਜੂਨ 1999 ਨੂੰ ਮਿਲਟਨ ਕੀਨੇਸ ਦੇ ਕੈਂਪਬੈਲ ਪਾਰਕ ਵਿੱਚ ਖੇਡੇ ਗਏ ਉਸ ਮੈਚ ਵਿੱਚ ਮਿਤਾਲੀ ਰਾਜ ਨੇ ਰੇਸ਼ਮਾ ਗਾਂਧੀ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਮੈਚ ਵਿੱਚ ਮਿਤਾਲੀ ਨੇ 114 ਦੌੜਾਂ ਬਣਾਈਆਂ ਸਨ ਅਤੇ ਕੋਈ ਬਾਊਲਰ ਉਸ ਨੂੰ ਆਊਟ ਵੀ ਨਹੀਂ ਕਰ ਸਕਿਆ ਸੀ। ਰੇਸ਼ਮਾ ਨੇ ਵੀ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਭਾਰਤੀ ਟੀਮ ਉਹ ਮੈਚ 161 ਦੌੜਾਂ ਨਾਲ ਜਿੱਤ ਗਈ ਸੀ। ਅਤੇ ਇਸ ਮੈਚ ਨਾਲ ਭਾਰਤ ਨੂੰ ਇੱਕ ਨਵਾਂ ਸਿਤਾਰਾ ਖਿਡਾਰੀ (ਸਟਾਰ ਪਲੇਅਰ) ਮਿਲ ਗਿਆ ਸੀ। ਅੱਗੇ ਚੱਲ ਕੇ ਮਿਤਾਲੀ ਮਹਿਲਾ ਕ੍ਰਿਕੇਟ ਦੇ ਵਨ-ਡੇਅ ਫ਼ਾਰਮੈਟ ਵਿੱਚ 5,000 ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੇ। ਹੁਣ ਤੱਕ ਕੇਵਲ ਦੋ ਖਿਡਾਰਨਾਂ ਹੀ ਮਹਿਲਾ ਵਨ-ਡੇਅ ਕ੍ਰਿਕੇਟ ਵਿੱਚ 5,000 ਤੋਂ ਵੱਧ ਦੌੜਾਂ ਬਣਾ ਸਕੀਆਂ ਹਨ। ਮਿਤਾਲੀ ਤੋਂ ਪਹਿਲਾਂ ਕੇਵਲ ਇੰਗਲੈਂਡ ਦੀ ਚਾਰਲੋਟ ਐਡਵਰਡਜ਼ ਨੇ ਹੀ ਇੰਨੀਆਂ ਦੌੜਾਂ ਬਣਾਈਆਂ ਸਨ। ਮਿਤਾਲੀ ਨੇ ਆਪਣਾ ਪਹਿਲਾ ਟੈਸਟ ਮੈਚ 2002 ਵਿੱਚ ਖੇਡਿਆ। 14 ਤੋਂ 17 ਜਨਵਰੀ ਤੱਕ ਲਖਨਊ 'ਚ ਖੇਡੇ ਗਏ ਇਸ ਮੈਚ ਵਿੱਚ ਮਿਤਾਲੀ ਸਿਫ਼ਰ ਉਤੇ ਆਊਟ ਹੋ ਗਏ। ਪਰ ਅੱਗੇ ਚੱਲ ਕੇ ਉਹ ਮਹਿਲਾ ਟੈਸਟ ਕ੍ਰਿਕੇਟ ਵਿੱਚ ਦੋਹਰਾ ਸੈਂਕੜਾ ਲਾਉਣ ਵਾਲੇ ਪਹਿਲੇ ਕ੍ਰਿਕੇਟਰ ਬਣੇ।

ਮਿਤਾਲੀ ਰਾਜ ਦੇ ਨਾਂਅ ਕੇਵਲ ਇੱਕ ਨਹੀਂ, ਸਗੋਂ ਕਈ ਰਿਕਾਰਡ ਹਨ।

ਇਹ ਗੱਲ ਵੀ ਨਹੀਂ ਹੈ ਕਿ ਮਿਤਾਲੀ ਰਾਜ ਦੀ ਜੀਵਨ-ਯਾਤਰਾ ਇੰਨੀ ਸੁਖਾਲੀ, ਚਿੰਤਾਵਾਂ ਤੋਂ ਮੁਕਤ ਅਤੇ ਤਣਾਅ-ਮੁਕਤ ਰਹੀ ਹੈ। ਮਿਤਾਲੀ ਨੇ ਜਦੋਂ ਕ੍ਰਿਕੇਟ ਖੇਡਣੀ ਸ਼ੁਰੂ ਕੀਤੀ ਸੀ, ਉਨ੍ਹੀਂ ਦਿਨੀਂ ਬਹੁਤ ਘੱਟ ਲੋਕ ਉਨ੍ਹਾਂ ਨੂੰ ਜਾਣਦੇ ਸਨ ਕਿ ਮਹਿਲਾਵਾਂ ਵੀ ਕ੍ਰਿਕੇਟ ਖੇਡਦੀਆਂ ਹਨ। ਇੱਕ ਪਾਸੇ ਜਿੱਥੇ ਦੇਸ਼ ਵਿੱਚ ਕ੍ਰਿਕੇਟ ਦੀ ਹਰਮਨਪਿਆਰਤਾ ਲਗਾਤਾਰ ਵਧ ਰਹੀ ਸੀ, ਕ੍ਰਿਕੇਟ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ, ਕਈ ਲੋਕਾਂ ਨੇ ਤਾਂ ਕ੍ਰਿਕੇਟ ਨੂੰ ਹੀ ਆਪਣਾ ਧਰਮ ਮੰਨ ਲਿਆ, ਉਥੇ ਦੂਜੇ ਪਾਸੇ ਕਈ ਲੋਕ ਅਜਿਹੇ ਵੀ ਸਨ ਕਿ ਜਿਨ੍ਹਾਂ ਲਈ ਇਹ ਯਕੀਨ ਕਰਨਾ ਔਖਾ ਸੀ ਕਿ ਔਰਤਾਂ ਵੀ ਕ੍ਰਿਕੇਟ ਖੇਡਦੀਆਂ ਹਨ ਅਤੇ ਔਰਤਾਂ ਮਰਦਾਂ ਦੀ ਖੇਡ ਬਿਲਕੁਲ ਇੱਕੋ ਜਿਹੀ ਹੈ। ਨਿਯਮ ਸਾਰੇ ਉਹੀ ਹਨ। ਮੈਦਾਨ ਵੀ ਉਹੀ ਹਨ। ਉਹੀ ਚੁਣੌਤੀਆਂ ਹਨ ਅਤੇ ਉਹੀ ਗਲ਼ਾ-ਵੱਢ ਮੁਕਾਬਲਾ।

ਮਿਤਾਲੀ ਦਸਦੇ ਹਨ ਕਿ ਜਦੋਂ ਉਨ੍ਹਾਂ ਨੇ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਬਣਾਈ, ਤਦ ਵੀ ਉਨ੍ਹਾਂ ਨੂੰ ਆਪ ਨੂੰ ਵੀ ਪਤਾ ਨਹੀਂ ਸੀ ਕਿ ਭਾਰਤ ਦੀ ਮਹਿਲਾ ਕ੍ਰਿਕੇਟਰ ਕੌਣ ਹੈ? ਉਹ ਕਿਹੋ ਜਿਹੀ ਦਿਸਦੀ ਹੈ, ਕਿਵੇਂ ਖੇਡਦੀ ਹੈ? ਉਨ੍ਹਾਂ ਦੇ ਨਾਂਅ ਕਿਹੜੇ-ਕਿਹੜੇ ਰਿਕਾਰਡ ਹਨ। ਸੀਨੀਅਰ ਟੀਮ ਵਿੱਚ ਥਾਂ ਮਿਲਣ ਤੋਂ ਬਾਅਦ ਹੀ ਮਿਤਾਲੀ ਨੂੰ ਉਸੇ ਸਮੇਂ ਹੀ ਮਹਾਨ ਮਹਿਲਾ ਕ੍ਰਿਕੇਟਰਾਂ - ਸ਼ਾਂਤਾ ਰੰਗਾਸਵਾਮੀ, ਡਾਇਨਾ ਏਡੁਲਜੀ ਬਾਰੇ ਜਾਣਨ ਦਾ ਮੌਕਾ ਮਿਲਿਆ। ਇਹ ਉਹੀ ਸਮਾਂ ਸੀ, ਜਦੋਂ ਭਾਰਤ ਵਿੱਚ ਲਗਭਗ ਹਰੇਕ ਘਰ 'ਚ ਸਾਰੇ ਲੋਕ ਭਾਰਤੀ ਮਰਦਾਨਾ ਕ੍ਰਿਕੇਟ ਟੀਮ ਦੇ ਹਰੇਕ ਨਵੇਂ-ਪੁਰਾਣੇ ਖਿਡਾਰੀ ਬਾਰੇ ਜਾਣਦੇ ਸਨ।

ਮਿਤਾਲੀ ਨੇ ਦੱਸਿਆ ਕਿ ਉਨ੍ਹੀਂ ਦਿਨੀ ਮਹਿਲਾ ਕ੍ਰਿਕੇਟ ਨੂੰ ਉਨ੍ਹਾਂ ਪ੍ਰੋਤਸਾਹਨ ਵੀ ਨਹੀਂ ਮਿਲਦਾ ਸੀ, ਜਿੰਨਾ ਹੁਣ ਮਿਲ ਰਿਹਾ ਹੈ! ਉਨ੍ਹੀਂ ਦਿਨੀ ਜਦੋਂ ਕ੍ਰਿਕੇਟਰ ਰੇਲ ਵਿੱਚ ਸਫ਼ਰ ਕਰਦੇ ਸਨ, ਤਾਂ ਲੋਕ ਇਨ੍ਹਾਂ ਖਿਡਾਰੀਆਂ ਦੇ ਵੱਡੇ ਕਿਟ ਬੈਗ ਵੇਖ ਕੇ ਉਨ੍ਹਾਂ ਤੋਂ ਪੁੱਛਦੇ ਸਨ ਕਿ ਕੀ ਉਹ ਹਾੱਕੀ ਖੇਡਣ ਜਾ ਰਹੇ ਹਨ? ਜਦੋਂ ਇਨ੍ਹਾਂ ਲੋਕਾਂ ਨੂੰ ਜਵਾਬ ਮਿਲਦਾ ਕਿ ਉਹ ਕ੍ਰਿਕੇਟਰ ਹਨ ਤੇ ਕ੍ਰਿਕੇਟ ਖੇਡਣ ਜਾ ਰਹੇ ਹਨ, ਤਾਂ ਲੋਕ ਹੈਰਾਨ ਰਹਿ ਜਾਂਦੇ। ਇੰਨਾ ਹੀ ਨਹੀਂ, ਲੋਕ ਮਹਿਲਾ ਕ੍ਰਿਕੇਟਰਾਂ ਤੋਂ ਅਜੀਬ-ਅਜੀਬ ਜਿਹੇ ਸੁਆਲ ਪੁੱਛਦੇ, ਜਿਵੇਂ ਕੀ ਲੜਕੀਆਂ ਵੀ ਕ੍ਰਿਕੇਟ ਖੇਡਦੀਆਂ ਹਨ? ਕੀ ਮਹਿਲਾਵਾਂ ਟੈਨਿਸ ਬਾੱਲ ਨਾਲ ਕ੍ਰਿਕੇਟ ਖੇਡਦੀਆਂ ਹਨ? ਮਹਿਲਾਵਾਂ ਲਈ ਕੀ ਨਿਯਮ ਵੱਖਰੇ ਹਨ?

image


ਮਿਤਾਲੀ ਨੂੰ ਹੁਣ ਵੀ ਉਹ ਦਿਨ ਚੰਗੀ ਤਰ੍ਹਾਂ ਚੇਤੇ ਹੈ ਕਿ ਜਦੋਂ ਉਹ ਲੜਕਿਆਂ ਨਾਲ ਪ੍ਰੈਕਟਿਸ ਕਰਨ ਜਾਂਦੇ, ਤਾਂ ਲੜਕੇ ਕਾਫ਼ੀ ਸਖ਼ਤ ਅਤੇ ਮਨ ਨੂੰ ਚੁਭਣ ਵਾਲੀਆਂ ਟਿੱਪਣੀਆਂ ਕਰਦੇ। ਲੜਕੇ ਅਕਸਰ ਕਹਿੰਦੇ, ਓ! ਲੜਕੀ ਹੈ, ਹੌਲੀ ਜਿਹੇ ਗੇਂਦ ਸੁੱਟਿਓ ਨਹੀਂ ਤਾਂ ਉਸ ਨੂੰ ਸੱਟ ਲੱਗ ਜਾਵੇਗੀ। ਅਜਿਹੇ ਪ੍ਰਤੀਕੂਲ ਅਤੇ ਔਖੇ ਹਾਲਾਤ ਵਿੱਚ ਮਿਤਾਲੀ ਨੇ ਕ੍ਰਿਕੇਟ ਨੂੰ ਚੁਣਿਆ। ਆਪਣੀ ਹੁਣ ਤੱਕ ਦੀ ਯਾਤਰਾ ਵਿੱਚ ਮਿਤਾਲੀ ਨੇ ਕਦੇ ਵੀ ਧੀਰਜ ਅਤੇ ਹੌਸਲਾ ਨਹੀਂ ਗੁਆਇਆ। ਹਰੇਕ ਚੁਣੌਤੀ ਦਾ ਸਾਹਮਣਾ ਕੀਤਾ। ਉਲਟ ਹਾਲਾਤ ਨੂੰ ਅਨੁਕੂਲ ਬਣਾਹਿਆ। ਆਪਣੀ ਯੋਗਤਾ ਅਤੇ ਕਾਮਯਾਬੀਆਂ ਨਾਲ ਮਹਿਲਾ ਕ੍ਰਿਕੇਟ ਨੂੰ ਭਾਰਤ ਵਿੱਚ ਸਨਮਾਨਯੋਗ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

image


ਮਿਤਾਲੀ ਨੇ ਜਦੋਂ ਕ੍ਰਿਕੇਟ ਖੇਡਣੀ ਸ਼ੁਰੂ ਕੀਤੀ ਸੀ, ਤਦ ਉਨ੍ਹਾਂ ਨੇ ਆਪਣੇ ਲਈ ਕੋਈ ਵੱਡਾ ਟੀਚਾ ਨਹੀਂ ਰੱਖਿਆ ਸੀ। ਉਨ੍ਹਾਂ ਦਾ ਇਰਾਦਾ ਭਾਰਤੀ ਕ੍ਰਿਕੇਟ ਟੀਮ ਵਿੱਚ ਸਥਾਨ ਬਣਾਉਣਾ ਸੀ। ਜਗ੍ਹਾ ਬਣਾਉਣ ਤੋਂ ਬਾਅਦ ਉਨ੍ਹਾਂ ਦਾ ਅਗਲਾ ਇਰਾਦਾ ਉਸ ਸਥਾਨ ਨੂੰ ਪੱਕਾ ਵੀ ਕਰਨਾ ਸੀ। ਜਗ੍ਹਾ ਪੱਕੀ ਕਰਨ ਤੋਂ ਬਾਅਦ ਉਨ੍ਹਾਂ ਦਾ ਟੀਚਾ ਟੀਮ ਦਾ 'ਮੁੱਖ ਖਿਡਾਰੀ' ਬਣਨਾ ਸੀ। ਮਿਤਾਲੀ ਨੇ ਟੀਮ ਦਾ ਸਭ ਤੋਂ ਵੱਡਾ ਅਤੇ ਮੁੱਖ ਖਿਡਾਰੀ ਬਣਨ ਲਈ ਜੀਅ-ਜਾਨ ਲਾ ਦਿੱਤੀ। ਉਹ ਜਾਣਦੇ ਸਨ ਕਿ ਜੇ ਉਨ੍ਹਾਂ ਨੇ ਟੀਮ ਵਿੱਚ ਕਾਇਮ ਰਹਿਣਾ ਹੈ, ਉਹ ਵੀ ਮੁੱਖ ਖਿਡਾਰੀ ਵਾਂਗ ਤਾਂ ਉਨ੍ਹਾਂ ਨੂੰ ਲਗਾਤਾਰ ਵਧੀਆ ਖੇਡਣਾ ਹੋਵੇਗਾ। ਹਰ ਵਾਰ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ।

ਮਿਤਾਲੀ ਦਾ ਰੁਤਬਾ ਇੰਨਾ ਵਧ ਗਿਆ ਹੈ ਕਿ ਉਨ੍ਹਾਂ ਨੂੰ ਭਾਰਤੀ ਮਹਿਲਾ ਟੀਮ ਦੀ ਕਪਤਾਨ ਵੀ ਬਣਾਇਆ ਗਿਆ। ਮਿਤਾਲੀ ਦਾ ਕਹਿਣਾ ਹੈ ਕਿ ਕਪਤਾਨੀ ਹਰੇਕ ਨੂੰ ਨਹੀਂ ਮਿਲਦੀ ਅਤੇ ਜੋ ਲੋਕ ਖ਼ੁਸ਼ਕਿਸਮਤ ਹੁੰਦੇ ਹਨ, ਉਨ੍ਹਾਂ ਨੂੰ ਹੀ ਕਪਤਾਨ ਬਣਨ ਦਾ ਮੌਕਾ ਮਿਲਦਾ ਹੈ।

ਮਿਤਾਲੀ ਨੇ ਕਿਹਾ ਕਿ ''ਮੈਂ ਹੌਲੀ-ਹੌਲੀ ਇੱਕ-ਇੱਕ ਕਦਮ ਕਰ ਕੇ ਅੱਗੇ ਵਧੀ ਹਾਂ। ਅਤੇ ਜਿਵੇਂ-ਜਿਵੇਂ ਮੈਂ ਅੱਗੇ ਵਧੀ, ਉਸੇ ਤਰ੍ਹਾਂ ਮੇਰੀਆਂ ਜ਼ਿੰਮੇਵਾਰੀਆਂ ਵਧੀਆਂ ਅਤੇ ਮੈਥੋਂ ਟੀਮ ਦੀਆਂ ਅਤੇ ਖੇਡ-ਪ੍ਰੇਮੀਆਂ ਦੀਆਂ ਆਸਾਂ ਵੀ ਵਧੀਆਂ। ਖੇਡ-ਜੀਵਨ ਦੇ ਵੱਖੋ-ਵੱਖਰੇ ਪੜਾਵਾਂ ਵਿੱਚ ਵੱਖੋ-ਵੱਖਰੇ ਟੀਚੇ ਵੀ ਰਹੇ। ਆਪਣੀ ਖੇਡ ਦਾ ਪੱਧਰ ਲਗਾਤਾਰ ਉਚੇਰਾ ਬਣਾ ਕੇ ਰੱਖਣ ਦੀ ਚੁਣਤੀ ਸਦਾ ਮੇਰੇ ਨਾਲ ਰਹੀ।''

3 ਮਈ, 2016 ਨੂੰ ਇੱਕ ਖ਼ਾਸ ਮੁਲਾਕਾਤ ਦੌਰਾਨ ਮਿਤਾਲੀ ਰਾਜ ਨੇ ਆਪਣੇ ਜੀਵਨ ਦੇ ਕਈ ਅਹਿਮ ਤੇ ਅਣਛੋਹੇ ਪੱਖਾਂ ਬਾਰੇ ਦੱਸਿਆ। ਕਈ ਮੁੱਦਿਆਂ ਬਾਰੇ ਖੁੱਲ੍ਹ ਕੇ ਆਪਣੀ ਰਾਇ ਜ਼ਾਹਿਰ ਕੀਤੀ। ਉਸ ਕ੍ਰਿਕੇਟ ਅਕੈਡਮੀ ਵਿੱਚ ਜਿੱਥੇ ਮਿਤਾਲੀ ਰਾਜ ਨੇ ਕ੍ਰਿਕੇਟ ਖੇਡਣੀ ਸ਼ੁਰੂ ਕੀਤੀ ਸੀ, ਉਥੇ ਹੋਈ ਇਸ ਖ਼ਾਸ ਮੁਲਾਕਾਤ ਦੌਰਾਨ ਕੀਤੀ ਗੱਲਬਾਤ ਰਾਹੀਂ ਸਾਹਮਣੇ ਆਏ ਹੋਰ ਮੁੱਖ ਅੰਸ਼ ਇੱਥੇ ਪੇਸ਼ ਹਨ:-

ਪ੍ਰੇਰਣਾ: ਮਿਤਾਲੀ ਨੂੰ ਅੱਜ ਵੀ ਆਪਣੇ ਪਿਤਾ ਦੋਰਈ ਰਾਜ ਤੋਂ ਹੀ ਪ੍ਰੇਰਣਾ ਮਿਲਦੀ ਹੈ। ਉਹ ਦਸਦੇ ਹਨ,''ਡੈਡ ਕਾਰਣ ਹੀ ਮੈਂ ਕ੍ਰਿਕੇਟ ਖੇਡਣਾ ਸ਼ੁਰੂ ਕੀਤਾ ਸੀ। ਉਹ ਚਾਹੁੰਦੇ ਸਨ ਕਿ ਘੱਟ ਉਮਰ ਵਿੱਚ ਵੀ ਭਾਰਤ ਲਈ ਖੇਡਾਂ। ਜਦੋਂ ਕਦੇ ਮੈਂ ਵਧੀਆ ਸਕੋਰ ਬਣਾਉਂਦੀ ਹਾਂ, ਤਾਂ ਡੈਡ ਨੂੰ ਫ਼ੋਨ ਕਰ ਕੇ ਦਸਦੀ ਹਾਂ, ਤੇ ਉਹ ਬਹੁਤ ਖ਼ੁਸ਼ ਹੁੰਦੇ ਹਨ। ਡੈਡ ਦੀ ਇਹੋ ਖ਼ੁਸ਼ੀ ਮੇਰੇ ਲਈ ਪ੍ਰੇਰਣਾ ਹੈ। ਡੈਡ ਨੂੰ ਖ਼ੁਸ਼ ਕਰ ਸਕਾਂ, ਇਸੇ ਖ਼ਿਆਲ ਤੋਂ ਮੈਨੂੰ ਪ੍ਰੇਰਣਾ ਮਿਲਦੀ ਹੈ।''

ਸੰਕਟਮੋਚਕ ਹੈ ਮਾਂ: ਮਿਤਾਲੀ ਦੀ ਮਾਂ ਨੂੰ ਕ੍ਰਿਕੇਟ ਦੀ ਓਨੀ ਸਮਝ ਨਹੀਂ ਹੈ, ਜਿੰਨੀ ਕਿ ਪਿਤਾ ਨੂੰ। ਪਰ ਮਾਂ ਨੇ ਵੀ ਮਿਤਾਲੀ ਦਾ ਕੈਰੀਅਰ ਬਣਾਉਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਮਾਂ ਨੇ ਮਿਤਾਲੀ ਲਈ ਕਈ ਤਿਆਗ ਕੀਤੇ ਹਨ। ਜੀਵਨ ਦੇ ਸਾਰੇ ਵੱਡੇ ਫ਼ੈਸਲੇ ਮਿਤਾਲੀ ਨੇ ਮਾਂ ਦੀ ਸਲਾਹ 'ਤੇ ਹੀ ਲਏ ਹਨ। ਮਿਤਾਲੀ ਦਸਦੇ ਹਨ ਕਿ ਜਦੋਂ ਕਦੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੁੰਦੇ ਹਨ, ਤਾਂ ਮਾਂ ਦੀ ਆਪਣੀ ਸਹੀ ਸਲਾਹ ਨਾਲ ਉਨ੍ਹਾਂ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਮਿਤਾਲੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਣੇ 'ਚ ਕਿਉਂ ਨਾ ਹੋਣ, ਆਪਣੀ ਕਿਸੇ ਸਮੱਸਿਆ ਦੇ ਹੱਲ ਲਈ ਉਹ ਆਪਣੀ ਮਾਂ ਨੂੰ ਹੀ ਫ਼ੋਨ ਕਰਦੇ ਹਨ।

ਆਲੋਚਨਾ: ਸਾਲ 2013 'ਚ ਮਿਤਾਲੀ ਦੀ ਅਗਵਾਈ ਹੇਠਲੀ ਭਾਰਤੀ ਮਹਿਲਾ ਕ੍ਰਿਕੇਟ ਟੀਮ 'ਸੁਪਰ-ਸਿਕਸ' ਲਈ ਕੁਆਲੀਫ਼ਾਈ ਨਹੀਂ ਕਰ ਸਕੀ ਸੀ, ਤਦ ਦੋਰਈ ਰਾਜ ਦਾ ਗੁੱਸਾ ਸੱਤਵੇਂ ਆਕਾਸ਼ 'ਤੇ ਸੀ। ਉਨ੍ਹਾਂ ਮਿਤਾਲੀ ਦੀ ਬਹੁਤ ਆਲੋਚਨਾ ਕੀਤੀ ਸੀ ਅਤੇ ਕੁੱਝ ਕੌੜੇ ਬੋਲ ਵੀ ਆਖੇ ਸਨ। ਪਿਤਾ ਨੇ ਖ਼ੁਦ ਮਿਤਾਲੀ ਤੋਂ ਕਪਤਾਨੀ ਵਾਪਸ ਲੈਣ ਦੀ ਮੰਗ ਕੀਤੀ ਸੀ। ਕੁੱਝ ਲੋਕਾਂ ਨੇ ਤਾਂ ਮਿਤਾਲੀ ਨੂੰ ਕ੍ਰਿਕੇਟ ਤੋਂ ਸੰਨਿਆਸ ਲੈਣ ਦੀ ਸਲਾਹ ਤੱਕ ਦੇ ਦਿੱਤੀ ਸੀ।

ਇਸ ਘਟਨਾ ਬਾਰੇ ਪੁੱਛੇ ਜਾਣ 'ਤੇ ਮਿਤਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਸਭ ਤੋਂ ਵੱਡੇ ਆਲੋਚਕ ਵੀ ਹਨ। ਅਤੇ ਇਹ ਜ਼ਰੂਰੀ ਨਹੀਂ ਕਿ ਹਰ ਕੋਈ ਤੁਹਾਡੀ ਤਾਰੀਫ਼ ਹੀ ਕਰੇ। ਉਨ੍ਹਾਂ ਨੇ ਆਪਣੀ ਪਿਤਾ ਦੀ ਆਲੋਚਨਾ ਵਿੱਚ ਵੀ ਹਾਂ-ਪੱਖੀ ਤੱਤਾਂ ਨੂੰ ਹੀ ਲਿਆ ਅਤੇ ਅੱਗੇ ਵਧੇ। ਮਿਤਾਲੀ ਮੰਨਦੇ ਹਨ ਕਿ ਇੱਕ ਵੱਡਾ ਖਿਡਾਰੀ ਬਣਨ ਤੋਂ ਬਾਅਦ ਆਲੋਚਕਾਂ ਦਾ ਨੇੜੇ-ਤੇੜੇ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਆਲੋਚਕਾਂ ਦੇ ਨਾ ਹੋਣ ਦੀ ਸਥਿਤੀ ਵਿੱਚ ਖਿਡਾਰੀ ਦੇ ਲਾਪਰਵਾਹ ਅਤੇ ਬੇਪਰਵਾਹ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਮਿਤਾਲੀ ਨੇ ਅੱਗੇ ਕਿਹਾ,''ਬਿਨਾ ਮਤਲਬ ਆਲੋਚਨਾ ਕਰਨ ਵਾਲੇ ਲੋਕ ਵੀ ਹੁੰਦੇ ਹਨ। ਤੁਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਉਹ ਤੁਹਾਡੀ ਖੇਡ ਨੂੰ ਪਸੰਦ ਕਰਨ। ਹਰੇਕ ਨੂੰ ਖ਼ੁਸ਼ ਵੀ ਸਦਾ ਨਹੀਂ ਕੀਤਾ ਜਾ ਸਕਦਾ।''

ਮਹਿਲਾ ਕ੍ਰਿਕੇਟ ਵਿੱਚ ਸਿਆਸਤ: ਮਿਤਾਲੀ ਬੇਝਿਜਕ ਹੋ ਕੇ ਦਸਦੇ ਹਨ ਕਿ ਭਾਰਤੀ ਮਹਿਲਾ ਕ੍ਰਿਕੇਟ ਵਿੱਚ ਵੀ ਸਿਆਸਤ ਹੁੰਦੀ ਹੈ। ਜਿਵੇਂ ਸਿਆਸਤ ਹੋਰਨਾਂ ਖੇਤਰਾਂ ਵਿੱਚ ਹੈ, ਉਂਝ ਹੀ ਸਿਆਸਤ ਮਹਿਲਾ ਕ੍ਰਿਕੇਟ ਵਿੱਚ ਵੀ ਹੁੰਦੀ ਹੈ। ਕਿਉਂਕਿ ਮੀਡੀਆ ਮਹਿਲਾ ਕ੍ਰਿਕੇਟ ਵਿੱਚ ਵਧੇਰੇ ਦਿਲਚਸਪੀ ਨਹੀਂ ਲੈ ਰਿਹਾ, ਇਸੇ ਕਰ ਕੇ ਸਿਆਸਤ ਦੀਆਂ ਖ਼ਬਰਾਂ ਬਾਹਰ ਨਹੀਂ ਆ ਰਹੀਆਂ। ਮਿਤਾਲੀ ਨੇ ਸਨਸਨੀਖ਼ੇਜ਼ ਖ਼ੁਲਾਸਾ ਵੀ ਕੀਤਾ ਕਿ ਗੰਦੀ ਸਿਆਸਤ ਕਾਰਣ ਹੀ ਕਈ ਵਧੀਆ ਖਿਡਾਰਨਾਂ ਭਾਰਤੀ ਟੀਮ ਵਿੱਚ ਥਾਂ ਨਹੀਂ ਬਣਾ ਸਕੀਆਂ। ਮਿਤਾਲੀ ਅਨੁਸਾਰ ਜਿਹੜੇ ਖਿਡਾਰੀ ਮਾਨਸਿਕ ਤੌਰ 'ਤੇ ਮਜ਼ਬੂਤ ਹੁੰਦੇ ਹਨ, ਉਹ ਸਿਆਸਤ ਦੇ ਸ਼ਿਕਾਰ ਹੋਣ ਤੋਂ ਖ਼ੁਦ ਨੂੰ ਬਚਾ ਲੈਂਦੇ ਹਨ ਪਰ ਜੋ ਕਮਜ਼ੋਰ ਹੁੰਦੇ ਹਨ, ਉਹ ਇਸ ਦੇ ਸ਼ਿਕਾਰ ਹੋ ਜਾਂਦੇ ਹਨ।

ਉਹ ਸਲਾਹ ਦਿੰਦੇ ਹਨ ਕਿ ਹਰੇਕ ਵਿਅਕਤੀ ਖ਼ਾਸ ਤੌਰ 'ਤੇ ਖਿਡਾਰੀਆਂ ਨੂੰ ਮਾਨਸਿਕ ਤੌਰ ਉੱਤੇ ਖ਼ੁਦ ਨੂੰ ਇੰਨਾ ਸਮਰੱਥ ਬਣਾ ਲੈਣਾ ਚਾਹੀਦਾ ਹੈ ਕਿ ਸਿਆਸਤ ਦਾ ਉਨ੍ਹਾਂ ਉਤੇ ਕੋਈ ਅਸਰ ਨਾ ਪਵੇ।

ਕਾਮਯਾਬੀ ਦੇ ਅਰਥ: ਮਿਤਾਲੀ ਦੀ ਨਜ਼ਰ ਵਿੱਚ ਸਖ਼ਤ ਹਾਲਾਤ ਵਿੱਚ ਸਥਿਰ ਅਤੇ ਸ਼ਾਂਤ ਰਹਿ ਕੇ ਟੀਚਾ ਹਾਸਲ ਕਰਨਾ ਹੀ ਕਾਮਯਾਬੀ ਹੈ। ਖਿਡਾਰੀ ਵਜੋਂ ਉਹ ਮੰਨਦੇ ਹਨ ਕਿ ਔਖੇ ਹਾਲਾਤ ਵਿੱਚੋਂ ਟੀਮ ਨੂੰ ਕੱਢਣਾ ਹੀ ਕਾਮਯਾਬੀ ਹੈ। ਉਹ ਕਹਿੰਦੇ ਹਨ,''ਕਪਤਾਨ ਵਜੋਂ ਜੇ ਮੇਰਾ ਨਿਜੀ ਪ੍ਰਦਰਸ਼ਨ ਖ਼ਰਾਬ ਵੀ ਰਿਹਾ ਅਤੇ ਤਦ ਵੀ ਮੈਂ ਜੇ ਦੂਜੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇ ਉਨ੍ਹਾਂ ਤੋਂ ਵਧੀਆ ਪ੍ਰਦਰਸ਼ਨ ਕਰਵਾ ਸਕਦੀ ਹਾਂ, ਤਾਂ ਕਪਤਾਨ ਵਜੋਂ ਮੈਂ ਇਸ ਨੂੰ ਸਭ ਤੋਂ ਵੱਡੀ ਕਾਮਯਾਬੀ ਮੰਨਾਂਗੀ।''

ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ: 'ਕਨਸਿਸਟੈਂਸੀ' ਹੀ ਮੇਰੀ ਸਭ ਤੋਂ ਵੱਡੀ ਕਾਮਯਾਬੀ ਹੈ। ਮੈਂ ਵਨ-ਡੇਅ ਫ਼ਾਰਮੈਟ ਵਿੱਚ ਜੇ 49 ਦੀ ਔਸਤ ਨਾਲ 5,000 ਤੋਂ ਵੱਧ ਦੌੜਾਂ ਬਣਾਈਆਂ ਹਨ, ਤਾਂ ਇਹ 'ਕਨਸਿਸਟੈਂਸੀ' ਦਾ ਹੀ ਨਤੀਜਾ ਹੈ।

ਸਚਿਨ ਤੇਂਦੁਲਕਰ ਨਾਲ ਤੁਲਨਾ ਬਾਰੇ: ਮਿਤਾਲੀ ਕਹਿੰਦੇ ਹਨ,''ਜਦੋਂ ਲੋਕ ਮੈਨੂੰ ਮਹਿਲਾ ਕ੍ਰਿਕੇਟ ਦੀ ਤੇਂਦੁਲਕਰ ਕਹਿੰਦੇ ਹਨ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਕ੍ਰਿਕੇਟ ਵਿੱਚ ਤੇਂਦੁਲਕਰ ਦਾ ਯੋਗਦਾਨ ਬਹੁਤ ਵੱਡਾ ਹੈ। ਉਨ੍ਹਾਂ ਦੀਆਂ ਉਪਲਬਧੀਆਂ ਬਹੁਤ ਵੱਡੀਆਂ ਹਨ ਅਤੇ ਉਹ ਮਹਾਨ ਖਿਡਾਰੀ ਹਨ। ਅਜਿਹੇ ਵੱਡੇ ਖਿਡਾਰੀ ਨਾਲ ਤੁਲਨਾ ਕਰਨ 'ਤੇ ਖ਼ੁਸ਼ੀ ਹੁੰਦੀ ਹੈ। ਪਰ ਮੈਂ ਚਾਹੁੰਦੀ ਹਾਂ ਕਿ ਲੋਕ ਮੈਨੂੰ ਮੇਰੇ ਨਾਂਅ ਨਾਲ ਜਾਣਨ। ਲੋਕ ਮੈਨੂੰ ਮੇਰੇ ਯੋਗਦਾਨ ਅਤੇ ਮੇਰੀਆਂ ਉਪਲਬਧੀਆਂ ਕਰ ਕੇ ਪਛਾਣਨ।''

ਕਾਮਯਾਬੀ ਦਾ ਮੰਤਰ: ਮਿਹਨਤ ਤੋਂ ਬਗ਼ੈਰ ਕਾਮਯਾਬੀ ਨਹੀਂ ਮਿਲਦੀ। ਜੇ ਲੜਕੀਆਂ ਨੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਵਿੱਚ ਜਗ੍ਹਾ ਬਣਾਉਣੀ ਹੈ, ਤਾਂ ਸਾਲਾਂ ਬੱਧੀ ਮਿਹਨਤ ਕਰਨੀ ਪਵੇਗੀ। ਕਾਮਯਾਬੀ ਲਈ ਆਪਣੀ ਤਰਜੀਹ ਤੈਅ ਕਰਨੀ ਵੀ ਬਹੁਤ ਜ਼ਰੂਰੀ ਹੈ। ਮਿਤਾਲੀ ਅਨੁਸਾਰ ਕਈ ਲੋਕ ਆਪਣੀ ਤਰਜੀਹ ਤੈਅ ਨਹੀਂ ਕਰ ਪਾਉਂਦੇ। ਉਹ ਸਲਾਹ ਦਿੰਦੇ ਹਨ ਕਿ ਲੋਕਾਂ ਨੂੰ ਆਪਣੀਆਂ ਤਰਜੀਹਾਂ ਤੈਅ ਕਰਨ ਤੋਂ ਬਾਅਦ ਕੇਵਲ ਅਤੇ ਕੇਵਲ ਆਪਣੇ ਟੀਚੇ ਉਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

ਸਭ ਤੋਂ ਮਨਪਸੰਦ ਮਰਦ ਕ੍ਰਿਕੇਟਰ: ਮਿਤਾਲੀ ਅਨੁਸਾਰ ਉਹ ਕਿਸੇ ਮਰਦ ਕ੍ਰਿਕੇਟਰ ਤੋਂ ਵਧੇਰੇ ਪ੍ਰਭਾਵਿਤ ਨਹੀਂ ਰਹੇ, ਪਰ ਉਨ੍ਹਾਂ ਨੂੰ ਰਾਹੁਲ ਦ੍ਰਾਵਿੜ ਅਤੇ ਸਚਿਨ ਤੇਂਦੁਲਕਰ ਦੀ ਮਾਨਸਿਕ ਤਾਕਤ ਅਤੇ ਮੈਚ ਲਈ ਤਿਆਰੀ ਤੋਂ ਪ੍ਰੇਰਣਾ ਮਿਲਦੀ ਹੈ।

ਸਭ ਤੋਂ ਮਨਪਸੰਦ ਮਹਿਲਾ ਕ੍ਰਿਕੇਟਰ: ਨੀਤੂ ਡੇਵਿਡ ਤੋਂ ਮਿਤਾਲੀ ਬਹੁਤ ਜ਼ਿਆਦਾ ਪ੍ਰਭਾਵਿਤ ਹਨ। ਨੀਤੂ ਡੇਵਿਡ, ਮਿਤਾਲੀ ਦੀ ਆਲ ਟਾਈਮ ਫ਼ੇਵਰੇਟ ਖਿਡਾਰਨ ਹਨ। ਨੀਤੂ ਡੇਵਿਡ ਲੈਫ਼ਟ ਆਰਮ ਸਪਿੰਨਰ ਹਨ ਅਤੇ ਉਨ੍ਹਾਂ ਕਈ ਵਰ੍ਹਿਆਂ ਤੱਕ ਭਾਰਤ ਲਈ ਕ੍ਰਿਕੇਟ ਖੇਡੀ ਹੈ। ਮਿਤਾਲੀ ਨੇ ਦੱਸਿਆ ਕਿ ਕਪਤਾਨ ਵਜੋਂ ਜਦੋਂ ਕਦੇ ਉਹ ਟੀਮ ਨੂੰ ਮੁਸੀਬਤ ਵਿੱਚ ਪਾਉਂਦੇ, ਤਾਂ ਉਨ੍ਹਾਂ ਦੀ ਨਜ਼ਰ ਨੀਤੂ ਡੇਵਿਡ ਉਤੇ ਹੀ ਜਾ ਕੇ ਟਿਕਦੀ ਹੈ। ਨੀਤੂ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਟੀਮ ਨੂੰ ਕਈ ਵਾਰ ਸੰਕਟ ਵਿੱਚੋਂ ਕੱਢਿਆ ਹੈ।

ਜਿਸ ਖਿਡਾਰੀ ਦਾ ਸਾਹਮਣਾ ਕਰਨ ਤੋਂ ਡਰ ਲਗਦਾ ਹੈ: ਮਿਤਾਲੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੌਮਾਂਤਰੀ ਕ੍ਰਿਕੇਟ ਖੇਡਣੀ ਸ਼ੁਰੂ ਕੀਤੀ ਸੀ, ਤਦ ਲੂਸੀ ਪੀਅਰਸਨ ਨਾਂਅ ਦੀ ਤੇਜ਼ ਗੇਂਦਬਾਜ਼ ਇੰਗਲੈਂਡ ਵੱਲੋਂ ਖੇਡਦੀ ਸੀ। ਲਗਭਗ ਛੇ ਫ਼ੁੱਟ ਲੰਮੀ ਇਸ ਖਿਡਾਰਨ ਦੀ ਗੇਂਦ ਕਾਫ਼ੀ ਖ਼ਤਰਨਾਕ ਹੁੰਦੀ ਸੀ। ਮਿਤਾਲੀ ਨੂੰ ਲੂਸੀ ਤੋਂ ਡਰ ਵੀ ਲਗਦਾ ਸੀ। ਚਿਹਰੇ ਉਤੇ ਮੁਸਕਰਾਟ ਨਾਲ ਮਿਤਾਲੀ ਦਸਦੇ ਹਨ,''ਮੈਂ ਖ਼ੁਸ਼ਨਸੀਬ ਸਾਂ ਕਿ ਲੂਸੀ ਨੇ ਜ਼ਿਆਦਾ ਦਿਨਾਂ ਤੱਕ ਕ੍ਰਿਕੇਟ ਨਹੀਂ ਖੇਡੀ ਅਤੇ ਛੇਤੀ ਹੀ ਰਿਟਾਇਰਮੈਂਟ ਲੈ ਲਈ।''

ਜੀਵਨ ਦਾ ਸਭ ਤੋਂ ਵੱਡਾ ਸੁਫ਼ਨਾ: ਬਤੌਰ ਖਿਡਾਰਨ ਜਾਂ ਕਪਤਾਨ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਹੋਣਾ।

ਜੀਵਨ ਦੀ ਸਭ ਤੋਂ ਵੱਡੀ ਖ਼ੁਸ਼ੀ: ਇੰਗਲੈਂਡ ਵਿੱਚ ਇੰਗਲੈਂਡ ਵਿਰੁੱਧ ਟੈਸਟ ਮੈਚ ਜਿੱਤਣਾ। ਮਿਤਾਲੀ ਦਸਦੇ ਹਨ ਕਿ ਉਹ ਕਪਤਾਨ ਸਨ ਅਤੇ ਉਨ੍ਹਾਂ ਦੀ ਟੀਮ ਦੀਆਂ 11 ਵਿਚੋਂ 8 ਖਿਡਾਰਨਾਂ ਅਜਿਹੀਆਂ ਸਨ ਜੋ ਪਹਿਲੀ ਵਾਰ ਟੈਸਟ ਮੈਚ ਖੇਡ ਰਹੀਆਂ ਸਨ। ਇੰਗਲੈਂਡ ਦੀ ਟੀਮ ਬਹੁਤ ਤਕੜੀ ਸੀ ਅਤੇ ਆਸਟਰੇਲੀਆ ਨੂੰ ਹਰਾ ਕੇ ਐਸ਼ੇਜ਼ ਸੀਰੀਜ਼ ਉਤੇ ਕਬਜ਼ਾ ਜਮਾ ਕੇ ਉਸ ਦੇ ਹੌਸਲੇ ਬੁਲੰਦ ਸਨ। ਪਰ ਅਸੀਂ ਇੰਗਲੈਂਡ ਨੂੰ ਹਰਾ ਦਿੱਤਾ। ਮੇਰੇ ਲਈ ਕਪਤਾਨ ਵਜੋਂ ਇਹ ਬਹੁਤ ਵੱਡੀ ਕਾਮਯਾਬੀ ਸੀ।

ਸਭ ਤੋਂ ਨਿਰਾਸ਼ਾਜਨਕ ਛਿਣ: ਵਨ-ਡੇਅ ਅਤੇ 20-20 ਫ਼ਾਰਮੈਟ ਵਿੱਚ ਵਧੀਆ ਟੀਮ ਹੋਣ ਦੇ ਬਾਵਜੂਦ ਵਿਸ਼ਵ ਕੱਪ ਤੋਂ ਬਾਹਰ ਹੋ ਜਾਣ ਵਾਲੇ ਦਿਨ ਸਭ ਤੋਂ ਭੈੜੇ ਸਨ।

ਸਭ ਤੋਂ ਖ਼ਰਾਬ ਦੌਰ: ਮਿਤਾਲੀ ਨੇ ਦੱਸਿਆ ਕਿ ਸਾਲ 2007 'ਚ ਜਦੋਂ ਉਹ ਲਗਾਤਾਰ 7 ਪਾਰੀਆਂ ਵਿੱਚ ਨਾਕਾਮ ਰਹੇ ਅਤੇ 30 ਦਾ ਅੰਕੜਾ ਵੀ ਨਾ ਛੋਹ ਸਕੇ, ਤਦ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਸੀ। ਅਜਿਹਾ ਹੀ ਇੱਕ ਹੋਰ ਦੌਰ ਸਾਲ 2012 ਵਿੱਚ ਆਇਆ ਸੀ, ਜਦੋਂ ਉਹ ਆਸਟਰੇਲੀਆ ਵਿਰੁੱਧ ਲਗਾਤਾਰ 5 ਪਾਰੀਆਂ ਵਿੱਚ ਕੁੱਝ ਖ਼ਾਸ ਨਹੀਂ ਕਰ ਸਕੇ ਸਨ।

ਨਿਰਾਸ਼ ਹੋਣ 'ਤੇ ਕੀ ਕਰਦੇ ਹੋ?: ਮਿਤਾਲੀ ਮੰਨਦੇ ਹਨ ਕਿ ਨਕਾਰਾਤਮਕਤਾ ਹਰ ਥਾਂ ਹੁੰਦੀ ਹੈ। ਹਰ ਸਥਿਤੀ ਵਿੱਚ ਮਨ 'ਚ ਧੀਰਜ ਅਤੇ ਸ਼ਾਂਤੀ ਕਾਇਮ ਰੱਖਣੀ ਜ਼ਰੂਰੀ ਹੁੰਦੀ ਹੈ। ਮਿਤਾਲੀ ਅਨੁਸਾਰ ਉਹ ਮਾਨਸਿਕ ਧੀਰਜ ਅਤੇ ਸ਼ਾਂਤੀ ਕਾਇਮ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ ਅਤੇ ਇਸੇ ਕੋਸ਼ਿਸ਼ ਨਾਲ ਹੀ ਨਿਰਾਸ਼ਾ ਦੂਰ ਹੁੰਦੀ ਹੈ।

image


ਜੀਵਨ ਦਾ ਸਭ ਤੋਂ ਵੱਡਾ ਡਰ: ਮਿਤਾਲੀ ਨੂੰ ਇਸ ਗੱਲ ਦਾ ਡਰ ਸਤਾਉਂਦਾ ਹੈ ਕਿ ਉਹ ਕਿਤੇ ਲਾਪਰਵਾਹ ਤੇ ਬੇਪਰਵਾਹ ਨਾ ਹੋ ਜਾਣ। ਅਜਿਹਾ ਹੋਣ ਨਾਲ ਉਨ੍ਹਾਂ ਦੀ ਕਨਸਿਸਟੈਂਸੀ ਖ਼ਤਮ ਹੋ ਜਾਵੇਗੀ। ਇੱਕ ਹੋਰ ਡਰ ਹੈ... ਕ੍ਰਿਕੇਟ ਨਾਲ ਜੋ ਪਿਆਰ ਹੈ, ਕ੍ਰਿਕੇਟ ਪ੍ਰਤੀ ਜੋ ਪੈਸ਼ਨ ਹੈ, ਉਹ ਕਿਤੇ ਖ਼ਤਮ ਨਾ ਹੋ ਜਾਵੇ। ਦਿਲਚਸਪ ਗੱਲ ਇਹ ਵੀ ਹੈ ਕਿ ਆਪਣਾ ਡਰ ਭਜਾਉਣ ਲਈ ਮਿਤਾਲੀ ਇੱਕ ਅਨੋਖਾ ਤਰੀਕਾ ਅਪਣਾਉਂਦੇ ਹਨ। ਜਦੋਂ ਮੈਚ ਨਹੀਂ ਖੇਡਣੇ ਹੁੰਦੇ, ਤਦ ਉਹ ਕ੍ਰਿਕੇਟ ਦਾ ਬੱਲਾ ਨਹੀਂ ਛੋਹੰਦੇ। ਅਜਿਹਾ ਕਰਦੇ ਹੋਏ ਉਹ ਵੇਖਣ ਅਤੇ ਜਾਣਨ ਦਾ ਜਤਨ ਕਰਦੇ ਹਨ ਕਿ ਉਹ ਆਪਣੇ-ਆਪ ਨੂੰ ਕਿੰਨੀ ਦੇਰ ਤੱਕ ਬੱਲੇ ਅਤੇ ਕ੍ਰਿਕੇਟ ਤੋਂ ਦੂਰ ਰੱਖ ਸਕਦੇ ਹਨ। ਪਰ ਕ੍ਰਿਕੇਟ ਨਾਲ ਪਿਆਰ ਹੀ ਕੁੱਝ ਅਜਿਹਾ ਹੈ ਕਿ ਮਿਤਾਲੀ ਆਪਣੇ-ਆਪ ਨੂੰ ਕ੍ਰਿਕੇਟ ਦੇ ਮੈਦਾਨ ਤੋਂ ਵੱਧ ਦੂਰ ਨਹੀਂ ਰੱਖ ਸਕਦੇ ਹਨ।

ਮਿਤਾਲੀ ਬਾਰੇ ਕੁੱਝ ਹੋਰ ਅਹਿਮ ਜਾਣਕਾਰੀਆਂ

ਮਿਤਾਲੀ ਰਾਜ ਦਾ ਜਨਮ 3 ਦਸੰਬਰ, 1982 ਨੂੰ ਰਾਜਸਥਾਨ ਦੇ ਜੋਧਪੁਰ ਸ਼ਹਿਰ 'ਚ ਹੋਇਆ।

ਪਰਿਵਾਰ ਹੈਦਰਾਬਾਦ ਸ਼ਿਫ਼ਟ ਕਰ ਗਿਆ, ਤਾਂ ਮਿਤਾਲੀ ਵੀ ਹੈਦਰਾਬਾਦ ਦੀ ਹੋ ਗਈ।

ਪਿਤਾ ਨੇ ਪਹਿਲਾਂ ਭਾਰਤੀ ਹਵਾਈ ਫ਼ੌਜ ਵਿੱਚ ਕੰਮ ਕੀਤਾ ਅਤੇ ਫਿਰ ਬੈਂਕ ਅਧਿਕਾਰੀ ਬਣ ਗਏ।

ਮਿਤਾਲੀ ਦੇ ਕੈਰੀਅਰ ਲਈ ਮਾਂ ਨੇ ਨੌਕਰੀ ਛੱਡ ਦਿੱਤੀ ਅਤੇ ਘਰ-ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲ ਲਈ।

ਬਚਪਨ ਤੋਂ ਹੀ ਮਿਤਾਲੀ ਨੇ ਆਪਣੇ ਭਰਾ ਅਤੇ ਹੋਰਨਾਂ ਲੜਕਿਆਂ ਨਾਲ ਕ੍ਰਿਕੇਟ ਦਾ ਅਭਿਆਸ ਕੀਤਾ।

ਮਿਤਾਲੀ ਜਦੋਂ ਕੇਵਲ 14 ਸਾਲਾਂ ਦੇ ਸਨ, ਉਨ੍ਹਾਂ ਨੂੰ ਭਾਰਤੀ ਟੀਮ ਲਈ 'ਸਟੈਂਡ-ਬਾਇ' ਖਿਡਾਰੀ ਬਣਾ ਦਿੱਤਾ ਗਿਆ ਸੀ।

16 ਸਾਲ ਦੀ ਉਮਰ ਵਿੱਚ ਹੀ ਮਿਤਾਲੀ ਨੇ ਆਪਣਾ ਕੌਮਾਂਤਰੀ ਮੈਚ ਖੇਡਿਆ। 26 ਜੂਨ, 1999 ਨੂੰ ਮਿਲਟਨ ਕੀਨੇਸ ਦੇ ਕੈਂਪਬੈਲ ਪਾਰਕ ਵਿੱਚ ਖੇਡੇ ਗਏ ਉਸ ਮੈਚ ਵਿੱਚ ਮਿਤਾਲੀ ਰਾਜ ਨੇ ਰੇਸ਼ਮਾ ਗਾਂਧੀ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਮੈਚ ਵਿੱਚ ਮਿਤਾਲੀ ਨੇ ਨਾੱਟ-ਆਊਟ ਰਹਿ ਕੇ 114 ਦੌੜਾਂ ਬਣਾਈਆਂ। ਰੇਸ਼ਮਾ ਨੇ ਵੀ 104 ਦੌੜਾਂ ਦੇ ਸ਼ਾਨਦਾਰ ਸੈਕੜੇ ਵਾਲੀ ਪਾਰੀ ਖੇਡੀ। ਭਾਰਤੀ ਟੀਮ ਇਹ ਮੈਚ 161 ਦੌੜਾਂ ਨਾਲ ਜਿੱਤ ਗਈ।

ਮਿਤਾਲੀ ਮਹਿਲਾ ਕ੍ਰਿਕਟ ਦੇ ਵਨ-ਡੇਅ ਫ਼ਾਰਮੈਟ ਵਿੱਚ 5,000 ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾਂ ਹਨ। ਹੁਣ ਤੱਕ ਕੇਵਲ ਦੋ ਹੀ ਖਿਡਾਰਨਾਂ ਵਨ-ਡੇਅ ਕ੍ਰਿਕੇਟ ਵਿੱਚ 5,000 ਤੋਂ ਵੱਧ ਦੌੜਾਂ ਬਣਾ ਸਕੀਆਂ ਹਨ। ਮਿਤਾਲੀ ਤੋਂ ਪਹਿਲਾਂ ਸੀ.ਐਮ. ਐਡਵਰਡਜ਼ ਨੇ ਵਨ-ਡੇਅ ਵਿੱਚ 5,000 ਦੌੜਾਂ ਪੂਰੀਆਂ ਕੀਤੀਆਂ ਸਨ।

ਮਿਤਾਲੀ ਨੇ ਆਪਣਾ ਪਹਿਲਾ ਟੈਸਟ ਮੈਚ 2002 ਵਿੱਚ ਖੇਡਿਆ ਸੀ। 14 ਤੋਂ 17 ਜਨਵਰੀ ਤੱਕ ਲਖਨਊ 'ਚ ਖੇਡੇ ਗਏ ਉਸ ਮੈਚ ਵਿੱਚ ਮਿਤਾਲੀ ਸਿਫ਼ਰ 'ਤੇ ਆਊਟ ਹੋ ਗਈ। ਪਰ ਅੱਗੇ ਚੱਲ ਕੇ ਉਹ ਮਹਿਲਾ ਟੈਸਟ ਕ੍ਰਿਕੇਟ ਵਿੱਚ ਦੋਹਰਾ ਸੈਂਕੜਾ ਲਾਉਣ ਵਾਲੀ ਪਹਿਲੀ ਮਹਿਲਾ ਕ੍ਰਿਕੇਟਰ ਬਣੇ।

2010, 2011 ਅਤੇ 2012 ਭਾਵ ਤਿੰਨ ਸਾਲ ਲਗਾਤਾਰ ਮਿਤਾਲੀ ਆਈ.ਸੀ.ਸੀ. ਵਰਲਡ ਰੈਂਕਿੰਗ ਵਿੱਚ ਪਹਿਲੇ ਸਥਾਨ 'ਤੇ ਰਹੇ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਹਨ।

ਮਿਤਾਲੀ ਨੇ ਕਪਤਾਨ ਵਜੋਂ ਵੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਈ ਵਾਰ ਭਾਰਤ ਨੂੰ ਇਤਿਹਾਸਕ ਜਿੱਤਾਂ ਦਿਵਾਈਆਂ ਹਨ।

ਮਿਤਾਲੀ ਨਾ ਕੇਵਲ ਭਾਰਤ ਦੀ ਸਭ ਤੋਂ ਵੱਧ ਸਫ਼ਲ ਮਹਿਲਾ ਬੱਲੇਬਾਜ਼ ਹਨ, ਸਗੋਂ ਸਭ ਤੋਂ ਸਫ਼ਲ ਕਪਤਾਨ ਵੀ ਹਨ।

ਮਿਤਾਲੀ ਨੇ ਟੈਸਟ, ਵਨ-ਡੇਅ ਅਤੇ 20-20 ਭਾਵ ਤਿੰਨੇ ਫ਼ਾਰਮੈਟਸ ਵਿੱਚ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨੀ ਕੀਤੀ ਹੈ।

ਮਿਤਾਲੀ ਨੂੰ ਉਨ੍ਹਾਂ ਦੀਆਂ ਕਾਮਯਾਬੀਆਂ ਅਤੇ ਕ੍ਰਿਕੇਟ ਵਿੱਚ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ 'ਅਰਜੁਨ ਪੁਰਸਕਾਰ' ਅਤੇ 'ਪਦਮਸ਼੍ਰੀ' ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਮਿਤਾਲੀ ਮਹਿਲਾਵਾਂ ਦੀ ਤਾਕਤ ਦੇ ਪ੍ਰਤੀਕ ਬਣ ਚੁੱਕੇ ਹਨ ਅਤੇ ਉਨ੍ਹਾਂ ਦੀ ਸਫ਼ਲਤਾ ਦੀ ਜੋ ਕਹਾਣੀ ਹੈ, ਉਹ ਅਨੇਕਾਂ ਲਈ ਪ੍ਰੇਰਣਾ ਅਤੇ ਪ੍ਰੋਤਸਾਹਨ ਦਾ ਸਰੋਤ ਹੈ।

ਇੱਕ ਨਜ਼ਰ ਹੁਣ ਤੱਕ ਦੇ ਉਨ੍ਰਾਂ ਅੰਕੜਿਆਂ 'ਤੇ

(3 ਮਈ, 2016 ਤੱਕ)

ਮਿਤਾਲੀ ਨੇ 165 ਇੱਕ-ਦਿਨਾ ਮੈਚ ਖੇਡੇ ਹਨ। ਇਨ੍ਹਾਂ ਵਿੱਚ 149 ਪਾੀਆਂ ਵਿੱਚ 49 ਦੀ ਔਸਤ ਨਾਲ 5,301 ਦੌੜਾਂ ਬਣਾਈਆਂ ਹਨ।

ਉਹ 42 ਵਾਰ ਨਾੱਟ-ਆਊਟ ਰਹੇ ਹਨ, ਜੋ ਕਿ ਆਪਣੇ-ਆਪ ਵਿੱਚ ਇੱਕ ਵਿਸ਼ਵ ਰਿਕਾਰਡ ਹੈ। ਮਿਤਾਲੀ ਨੇ ਵਨ-ਡੇਅ ਫ਼ਾਰਮੈਟ ਵਿੱਚ 5 ਸੈਂਕੜੇ ਵੀ ਬਣਾਏ ਹਨ।

ਮਿਤਾਲੀ ਨੇ 59 ਟਵੈਂਟੀ-ਟਵੈਂਟੀ ਮੈਚ ਖੇਡੇ ਹਨ ਅਤੇ 34.6 ਦੀ ਔਸਤ ਨਾਲ 1,488 ਦੌੜਾਂ ਬਣਾਈਆਂ ਹਨ।

ਮਿਤਾਲੀ ਨੇ 10 ਟੈਸਟ ਮੈਚ ਖੇਡੇ ਅਤੇ 59 ਦੀ ਔਸਤ ਨਾਲ 16 ਪਾਰੀਆਂ ਵਿੱਚ 663 ਦੌੜਾਂ ਬਣਾਈਆਂ। ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ 214 ਹੈ।

ਲੇਖਕ: ਅਰਵਿੰਦ ਯਾਦਵ