ਜੀਵਨ 'ਚ ਜੇ ਕਿਸੇ ਛਿਣ ਕਮਜ਼ੋਰ ਪੈਣ ਲੱਗੋਂ, ਤਾਂ ਕੈਂਸਰ ਨੂੰ ਹਰਾਉਣ ਵਾਲੀ 'ਆਨੰਦਾ' ਦੀ ਕਹਾਣੀ ਜ਼ਰੂਰ ਪੜ੍ਹੋ

ਜੀਵਨ 'ਚ ਜੇ ਕਿਸੇ ਛਿਣ ਕਮਜ਼ੋਰ ਪੈਣ ਲੱਗੋਂ, ਤਾਂ ਕੈਂਸਰ ਨੂੰ ਹਰਾਉਣ ਵਾਲੀ 'ਆਨੰਦਾ' ਦੀ ਕਹਾਣੀ ਜ਼ਰੂਰ ਪੜ੍ਹੋ

Sunday December 20, 2015,

10 min Read

ਕਹਿੰਦੇ ਹਨ ਕਿ ਜ਼ਿੰਦਗੀ ਦਾ ਹਰ ਮੋੜ ਇੱਕ ਨਵੀਂ ਸਿੱਖਿਆ ਦੇ ਕੇ ਜਾਂਦਾ ਹੈ। ਆਪਣੇ ਉਤੇ ਭਰੋਸਾ ਰੱਖਣ ਵਾਲਾ ਹੀ ਜ਼ਿੰਦਗੀ ਦੀਆਂ ਸਾਰੀਆਂ ਔਕੜਾਂ ਨੂੰ ਸਫ਼ਲਤਾਪੂਰਬਕ ਦੂਰ ਕਰ ਦਿੰਦਾ ਹੈ ਅਤੇ ਆਪਣੀ ਇੱਛਾ ਸ਼ਕਤੀ ਨਾਲ ਜੀਵਨ ਵਿੱਚ ਸਭ ਤੋਂ ਸਫ਼ਲ ਇਨਸਾਨ ਬਣਦਾ ਹੈ...

ਵੁਹ ਇੱਕ ਅਜਿਹੀ ਜ਼ਿੰਦਾਦਿਲ ਜੋਤ ਹੈ, ਜੋ ਕਿਸੇ ਤੂਫ਼ਾਨੀ ਰਾਤ ਵਿੱਚ ਇੱਕ ਛਿਣ ਲਈ ਵੀ ਟਿਮਟਿਮਾਉਂਦੀ ਨਹੀਂ ਹੈ ਅਤੇ ਨਾ ਹੀ ਫਿੱਕੀ ਪੈਂਦੀ ਹੈ। ਜ਼ਿੰਦਗੀ ਵਿੱਚ ਹਰ ਮੰਨਣ ਵਾਲਿਆਂ ਦੀ ਭੀੜ ਤੇ ਹਾਰ ਚੁੱਕੇ ਲੋਕਾਂ 'ਚ ਉਹ ਇਕੱਲੀ ਸੈਨਿਕ ਹੈ, ਜਿਸ ਕੋਲ ਹਾਲੇ ਵੀ ਚਮਕਦਾਰ ਕਵਚ ਹੈ। ਸੁਫ਼ਨਿਆਂ ਅਤੇ ਆਸਾਂ ਦੇ ਅੰਤਿਮ ਸਸਕਾਰ ਉਤੇ ਉਹ ਖਿੜਖਿੜਾ ਕੇ ਹੱਸਦੀ ਹੈ। ਇਨ੍ਹਾਂ ਵਿਚੋਂ ਕੁੱਝ ਸੁਫ਼ਨੇ ਅਤੇ ਆਸਾਂ ਉਨ੍ਹਾਂ ਦੀਆਂ ਵੀ ਸਨ। ਜੀਵਨ ਵਿੱਚ ਸਭ ਤੋਂ ਚੰਗਾ ਅਤੇ ਬੁਰਾ ਹੋਣ ਦੇ ਬਾਵਜੂਦ ਕੁੱਝ ਹੀ ਔਰਤਾਂ ਵਿੱਚ ਅਜਿਹਾ ਹੌਸਲਾ ਹੁੰਦਾ ਹੈ, ਜਿਸ ਨੂੰ ਆਨੰਦਾ ਸ਼ੰਕਰ ਜਯੰਤ ਨੇ ਹਾਸਲ ਕੀਤਾਾ ਹੈ। ਨਾਚ ਨਾਲ ਉਨ੍ਹਾਂ ਦੇ ਮਨ ਨੂੰ ਆਨੰਦ ਮਿਲਦਾ ਹੈ, ਸ਼ੰਕਰ ਅਤੇ ਦੁਰਗਾ ਦਾ ਮਿਥਕ ਉਨ੍ਹਾਂ ਦੀ ਹੋਂਦ ਦਾ ਮਤਲਬ ਹੈ ਅਤੇ ਉਨ੍ਹਾਂ ਦੇ ਜੀਵਨ ਸਾਥੀ ਜਯੰਤ ਉਨ੍ਹਾਂ ਦੀ ਜ਼ਿੰਦਗੀ ਵਿੱਚ ਸ਼ਕਤੀ ਪ੍ਰਦਾਨ ਕਰਦੇ ਹਨ। ਉਹ ਹਾਸਲ ਕਰਨ ਅਤੇ ਚਮਕਦੇ ਰਹਿਣ ਦੀ ਯਾਤਰਾ ਵਿੱਚ ਸਫ਼ਲ ਰਹੇ ਹਨ। ਉਨ੍ਹਾਂ ਦੀ ਦੁਨੀਆ ਇੱਕ ਵਾਰ ਉਨ੍ਹਾਂ ਤੋਂ ਖੋਹਣ ਦਾ ਜਤਨ ਕੀਤਾ ਗਿਆ ਪਰ ਉਨ੍ਹਾਂ ਕਦੇ ਹਾਰ ਨਹੀਂ ਮੰਨੀ ਅਤੇ ਜ਼ਿੰਦਗੀ ਦੀ ਡੋਰ ਫੜੀ ਰੱਖੀ, ਸਮੇਂ ਦੇ ਨਾਲ ਜ਼ਿੰਦਗੀ ਦੇ ਕਾਲ਼ੇ ਬੱਦਲ ਵੀ ਚਲੇ ਗਏ ਅਤੇ ਉਹ ਸੂਰਜ ਵਾਂਗ ਮੁੜ ਚਮਕਣ ਲੱਗੇ। ਉਨ੍ਹਾਂ ਦੀ ਜ਼ਿੰਦਗੀ ਦੇ ਤਿੰਨ ਦਹਾਕੇ ਨਾਚ ਨੂੰ ਸਮਰਪਿਤ ਰਹੇ ਤੇ ਉਥੋਂ ਹੀ ਆਨੰਦ ਹਾਸਲ ਹੋਇਆ ਤੇ ਨਾਚ ਤੋਂ ਉਨ੍ਹਾਂ ਨੂੰ ਅਥਾਹ ਖ਼ੁਸ਼ੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਦੀ ਹੋਰ ਕੁੱਝ ਹਾਸਲ ਕਰਨ ਦੀ ਪਿਆਸ ਵਧਦੀ ਗਈ। ਉਨ੍ਹਾਂ ਚਾਰ ਸਾਲ ਦੀ ਉਮਰ ਵਿੱਚ ਨਾਚ ਸਿੱਖਣਾ ਸ਼ੁਰੂ ਕੀਤਾ। ਉਹ ਆਪਣੀ ਮਾਂ ਦੇ ਗੋਡਿਆਂ ਤੱਕ ਹੀ ਆਉਂਦੇ ਸਨ, ਜਦੋਂ ਮਾਂ ਨੇ ਆਨੰਦਾ ਨੂੰ ਨਾਚ ਸਿੱਖਣ ਲਈ ਸਹਿਮਤ ਕੀਤਾ। ਅੱਜ ਵੀ ਉਨ੍ਹਾਂ ਦੇ ਚੇਤਿਆਂ ਵਿੱਚ ਉਹ ਛਿਣ ਜ਼ਿੰਦਾ ਹਨ। ਉਨ੍ਹਾਂ ਦੀ ਹੋਂਦ ਦੀ ਪੂਰੀ ਯੋਜਨਾ ਉਤੇ ਉਸ ਦਾ ਅਸਰ ਪਿਆ। ਮਸ਼ਹੂਰ ਡਾਂਸਰ ਆਨੰਦਾ ਸ਼ੰਕਰ ਜਯੰਤ ਅਨੁਸਾਰ,''ਮੇਰੀ ਮਾਂ ਅਤੇ ਕਲਾ ਦੇ ਉਸ ਰੂਪ ਨੇ ਮੈਨੂੰ ਨਿੱਕੀ ਜਿਹੀ ਨੂੰ ਜਕੜ ਲਿਆ। ਉਸ ਮੰਦਰ ਵਿੱਚ, ਉਸ ਛਿਣ, ਮੈਂ ਘੱਟ ਹੀ ਜਾਣਦੀ ਸਾਂ ਕਿ ਨਾਚ ਮੇਰਾ ਅਨੰਤਕਾਲ ਨੂੰ ਛੋਹਣ ਦਾ ਵਸੀਲਾ ਸੀ।'' ਆਨੰਦਾ ਨੇ ਚੇਨਈ ਦੇ ਸਭ ਤੋਂ ਮੁੱਖ ਅਤੇ ਮੰਗ ਵਿੱਚ ਰਹਿਣ ਵਾਲੇ ਸੰਸਥਾਨ 'ਕਲਾ-ਖੇਤਰ' ਤੋਂ ਨਾਚ ਦੀ ਸਿਖਲਾਈ ਹਾਸਲ ਕੀਤੀ ਹੈ। ਉਨ੍ਹਾਂ ਨੇ ਛੇ ਸਾਲਾਂ ਦਾ ਕੋਰਸ ਪੂਰਾ ਕੀਤਾ ਹੈ, ਜਿਸ ਨੂੰ ਲੋਕ ਇੱਕ, ਤਿੰਨ ਜਾਂ ਫਿਰ ਚਾਰ ਸਾਲਾਂ ਵਿੱਚ ਛੱਡ ਕੇ ਚਲੇ ਜਾਂਦੇ ਹਨ।

image


'ਕਲਾ-ਖੇਤਰ' ਵਿੱਚ ਸਿਖਲਾਈ ਦੌਰਾਨ ਅਤੇ ਉਸ ਤੋਂ ਬਾਅਦ ਉਨ੍ਹਾਂ ਨਾ ਕੇਵਲ ਭਰਤ-ਨਾਟਿਅਮ ਸਿੱਖਿਆ, ਸਗੋਂ ਉਹ ਵੀਣਾ-ਵਾਦਨ, ਕੋਰੀਓਗ੍ਰਾਫ਼ੀ, ਨੱਟੂਵੰਗਮ ਅਤੇ ਦਰਸ਼ਨ-ਸ਼ਾਸਤਰ ਦੇ ਵੀ ਰੂ-ਬ-ਰੂ ਹੋਏ। ਉਨ੍ਹਾਂ ਪਾਸੂਮਾਰਥੀ ਰਾਮਾਲਿੰਗਾ ਸ਼ਾਸਤਰੀ ਤੋਂ ਕੁੱਚੀਪੁੜੀ ਨਾਚ ਸਿੱਖਣ ਦਾ ਮਾਣ ਹਾਸਲ ਕੀਤਾ। ਉਹ ਦਸਦੇ ਹਨ,''ਮੈਂ 18 ਸਾਲਾਂ ਦੀ ਸਾਂ ਅਤੇ ਉਭਰ ਰਹੀ ਨਾਚੀ ਸਾਂ ਅਤੇ ਭਰਤਨਾਟਯਮ ਪੜ੍ਹਨ ਲਈ ਮੈਨੂੰ ਭਾਰਤ ਸਰਕਾਰ ਵੱਲੋਂ ਵਜ਼ੀਫ਼ਾ ਮਿਲਿਆ। ਉਥੇ ਤੱਕ ਮੇਰੀ ਯੋਜਨਾ ਵਿੱਚ ਕੋਈ ਤਬਦੀਲੀ ਨਹੀਂ ਸੀ।'' 'ਕਲਾ-ਖੇਤਰ' ਪ੍ਰੋਗਰਾਮ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ ਛੇ ਕੁੜੀਆਂ ਨੂੰ ਨਾਚ ਸਿਖਾਉਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਰਸਮੀ ਸਿੱਖਿਆ ਉਨ੍ਹਾਂ ਦੇ ਕੈਰੀਅਰ ਨੂੰ ਹੋਰ ਮਜ਼ਬੂਤ ਕਰੇਗੀ। ਉਹ ਕਹਿੰਦੇ ਹਨ,''ਲੋਕ ਕਹਿੰਦੇ ਹਨ ਕਿ ਜਨੂੰਨ ਦਾ ਪਿੱਛਾ ਕਰੋ ਨਾ ਕਿ ਪੈਨਸ਼ਨ ਦਾ ਪਰ ਮੇਰਾ ਮੰਨਣਾ ਹੈ ਕਿ ਤੁਸੀਂ ਪਹਿਲਾਂ ਆਪਣੀ ਪੈਨਸ਼ਨ ਪੱਕੀ ਕਰੋ ਅਤੇ ਫਿਰ ਆਪਣੇ ਜਨੂੰਨ ਦਾ ਆਨੰਦ ਮਾਣੋ।'' ਇਸੇ ਲਈ ਆਨੰਦਾ ਨੇ ਕਾਮਰਸ ਵਿੱਚ ਡਿਗਰੀ ਹਾਸਲ ਕੀਤੀ ਅਤੇ ਆਰਟਸ, ਇਤਿਹਾਸ ਤੇ ਸਭਿਆਚਾਰ ਵਿੱਚ ਪੋਸਟ-ਗਰੈਜੂਏਸ਼ਨ ਕੀਤੀ। ਇਸ ਦੌਰਾਨ ਉਨ੍ਹਾਂ ਯੂ.ਪੀ.ਐਸ.ਸੀ. ਬਾਰੇ ਜਾਣਿਆ। ਉਨ੍ਹਾਂ ਵੇਖਿਆ ਕਿ ਉਨ੍ਹਾਂ ਦੇ ਸਾਥੀ ਕਿਵੇਂ ਇਸ ਰਾਸ਼ਟਰੀ ਸਿਵਲ ਸੇਵਾ ਮੁਕਾਬਲੇ ਦੀ ਪ੍ਰੀਖਿਆ ਲਈ ਭੱਜ-ਨੱਸ ਕਰ ਰਹੇ ਹਨ। ਆਨੰਦ ਨੇ ਨਾ ਕੇਵਲ ਆਪਣੀ ਯੂਨੀਵਰਸਿਟੀ 'ਚ ਟੌਪ ਕੀਤਾ, ਸਗੋਂ ਉਨ੍ਹਾਂ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਵੀ ਪਾਸ ਕੀਤੀ। ਉਨ੍ਹਾਂ ਨੂੰ ਪਹਿਲੀ ਮਹਿਲਾ ਅਧਿਕਾਰੀ ਦੇ ਤੌਰ ਉਤੇ ਦੱਖਣ-ਮੱਧ ਰੇਲਵੇ ਦੀ ਟਰੈਫ਼ਿਕ ਸਰਵਿਸ ਵਿੱਚ ਨੌਕਰੀ ਮਿਲੀ। ਉਹ ਕਹਿੰਦੇ ਹਨ,''ਹਰ ਕੋਈ ਖ਼ੁਸ਼ੀ ਨਾਲ ਆਨੰਦਿਤ ਸੀ ਪਰ ਮੇਰੀ ਮਾਂ ਬਹੁਤ ਡਰੀ ਹੋਈ ਸੀ।'' ਉਹ ਇੰਝ ਦਸਦੇ ਹਨ,''ਤੂੰ ਆਪਣੇ ਨਾਲ ਇੰਝ ਕਿਉਂ ਕਰ ਰਹੀ ਹੈਂ? ਤੇਰਾ ਨਾਚ ਖ਼ਰਾਬ ਹੋ ਜਾਵੇਗਾ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕੁਰਬਾਨੀਆਂ ਇਸ ਲਈ ਨਹੀਂ ਦਿੱਤੀਆਂ ਕਿ ਤੈਨੂੰ ਨਾਚ ਛੱਡਦੀ ਨੂੰ ਵੇਖਾਂ।'' ਉਨ੍ਹਾਂ ਆਪਣੀ ਮਾਂ ਨੂੰ ਭਰੋਸਾ ਦਿਵਾਇਆ ਕਿ ਨਾਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਦੇ ਪਿੱਛੇ ਨਹੀਂ ਰਹੇਗਾ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਜੱਦੋ-ਜਹਿਦ ਸ਼ੁਰੂ ਹੋਈ। ਦਿਨ 'ਚ ਉਹ ਮਰਦਾਂ ਨਾਲ ਭਰੇ ਦਫ਼ਤਰ ਵਿੱਚ ਮਹਿਲਾ-ਅਧਿਕਾਰੀ ਹੁੰਦੇ, ਜਿੱਥੇ ਲੋਕ ਉਨ੍ਹਾਂ ਨੂੰ 'ਸਰ' ਜਾਂ ਫਿਰ 'ਬੇਬੀ' ਕਹਿ ਕੇ ਸੱਦਦੇ। ਲੋਕ ਇਹ ਸਮਝ ਨਾ ਸਕਦੇ ਕਿ ਮਰਦਾਂ ਲਈ ਜੋ ਕੰਮ ਹੈ, ਉਹ ਇੱਕ ਔਰਤ ਕਿਉਂ ਕਰ ਰਹੀ ਹੈ। ਉਨ੍ਹਾਂ ਦਾ ਕੰਮ ਅਜਿਹਾ ਸੀ, ਜੋ ਆਮ ਤੌਰ ਉਤੇ ਮਰਦਾਂ ਵੱਲੋਂ ਹੀ ਕੀਤਾ ਜਾਂਦਾ ਰਿਹਾ ਸੀ; ਜਿਵੇਂ ਕਿ ਰੇਲਾਂ ਦਾ ਮੁਆਇਨਾ, ਹਾਦਸੇ ਵਾਲੇ ਸਥਾਨਾਂ ਦਾ ਮੁਲੰਕਣ, ਕੰਟਰੋਲ ਰੂਮ ਵਿੱਚ ਡਿਊਟੀ, ਜਿੱਥੇ ਉਨ੍ਹਾਂ ਨੂੰ ਕਿਸੇ ਹਾਦਸੇ ਬਾਰੇ ਜਾਣਕਾਰੀ ਮਿਲਦੀ ਹੈ। ਕੰਟਰੋਲ ਰੂਮ ਵਿੱਚ ਫ਼ੋਨ ਕਰਨ ਵਾਲਿਆਂ ਨੂੰ ਜਾਪਦਾ ਸੀ ਕਿ ਉਨ੍ਹਾਂ ਗ਼ਲਤੀ ਨਾਲ ਕਿਸੇ ਦੇ ਘਰ 'ਚ ਫ਼ੋਨ ਲਾ ਦਿੱਤਾ ਹੈ ਅਤੇ ਕੰਮ ਵਾਲੀ ਥਾਂ ਉਤੇ ਲੋਕ ਇਹ ਸੋਚਦੇ ਕਿ ਉਹ ਕਿਸੇ ਅਫ਼ਸਰ ਦੀ ਧੀ ਹੈ। ਉਹ ਕਹਿੰਦੇ ਹਨ,''ਮੈਂ ਇਸ ਦ੍ਰਿਸ਼ਟੀਕੋਣ ਨਾਲ ਨਹੀਂ ਚਲਦੀ ਸਾਂ ਕਿ ਮੈਂ ਮਰਦਾਂ ਦੀ ਦੁਨੀਆਂ ਵਿੱਚ ਔਰਤ ਹਾਂ। 

image


ਮੈਂ ਆਪਣੇ ਔਰਤ ਹੋਣ ਨੂੰ ਤਾਂ ਘਰ ਵਿੱਚ ਹੀ ਛੱਡ ਦਿੱਤਾ ਸੀ।'' ਨੌਕਰੀ ਦੇ ਬਾਵਜੂਦ ਉਹ ਇੱਕ ਚਮਕਦਾਰ ਡਾਂਸਰ ਵਜੋਂ ਕੰਮ ਕਰਦੇ ਰਹੇ। ਰਾਗ ਦੇ ਨਾਲ ਮਿਲ ਕੇ ਉਨ੍ਹਾਂ ਦੀ ਆਤਮਾ ਜ਼ਿੰਦਾ ਹੁੰਦੀ,''ਅਤੇ ਉਸ ਤੋਂ ਬਾਅਦ ਸਮਝੌਤਾ ਸ਼ੁਰੂ ਹੋਇਆ, ਸਮਝੌਤਾ ਕੰਮ ਦੇ ਨਾਲ, ਸਮਝੌਤਾ ਪਰਿਵਾਰ ਅਤੇ ਦੋਸਤਾਂ ਦੇ ਨਾਲ ਅਤੇ ਖ਼ੁਦ ਨਾਲ। ਜੀਵਨ ਵਿੱਚ ਅੱਗੇ ਵਧਦੇ ਹੋਏ ਦੋਵੇਂ ਜਤਨਾਂ ਨਾਲ ਨਿਆਂ ਕਰਨਾ ਸਿੱਖ ਲਿਆ। ਇਸ ਤੋਂ ਬਾਅਦ ਸਾਰੀਆਂ ਚੀਜ਼ਾਂ ਆਪਣੇ ਸਹੀ ਸਥਾਨ ਉਤੇ ਆ ਗਈਆਂ। ਮੈਂ ਦਿਨ ਵਿੱਚ ਤਿੰਨ ਘੰਟੇ ਅਭਿਆਸ ਕਰਦੀ ਅਤੇ ਛੁੱਟੀ ਵਾਲੇ ਦਿਨ ਰਿਆਜ਼ ਕਰਦੀ।'' ਇੱਕੋ ਵਾਰੀ 'ਚ ਅਨੇਕਾਂ ਕੰਮ ਕਰਦਿਆਂ ਬਹੁ-ਪੱਖੀ ਉਸਤਾਦ ਨੇ ਦੁਨੀਆ ਦੀ ਸੋਚ ਜਗਾਉਣ ਵਾਲਾ ਕਲਾ ਦਾ ਕੰਮ ਦਿੱਤਾ, ਜੋ ਆਪਣੇ ਸਮੇਂ ਤੋਂ ਕਿਤੇ ਅੱਗੇ ਸੀ। 'ਸ਼੍ਰੀ ਕ੍ਰਿਸ਼ਣਮ ਵੰਦੇ ਜਗਤਗੁਰੂਮ, ਬੁੱਧਮ ਸ਼ਰਣਮ ਗੱਛਾਮਿ ਅਤੇ ਤਿਆਗਰਾਜਾ ਰਾਮਾਇਣ, ਤਾਲ-ਪੱਤਰ' ਇੱਕ ਅਜਿਹਾ ਲੋਕ-ਸੰਗੀਤ ਹੈ, ਜਿਸ ਦਾ ਅਧਿਆਤਮਕਤਾ ਦੀ ਡੂੰਘੀ ਭਾਵਨਾ ਨਾਲ ਸੰਪਰਕ ਹੈ ਅਤੇ ਸ਼੍ਰਿੰਗਾਰ ਦਰਪਣ ਅਤੇ ਸ਼੍ਰੀ ਰਾਮ ਨਮਨ-ਅੰਥ ਰੁਚਿਰਾ ਮਸ਼ਹੂਰ ਪ੍ਰਾਚੀਨ ਕਥਾਵਾਂ ਹਨ'। ਲਿੰਗ-ਭੇਦ ਨੂੰ ਲੈ ਕੇ ਉਨ੍ਹਾਂ ਖ਼ੁਦ ਨੂੰ ਸੁਆਲ ਕੀਤਾ।

image


ਪੁਰਸਕਾਰ ਅਤੇ ਅਖ਼ਬਾਰਾਂ ਵਿੱਚ ਰਿਪੋਰਟਾਂ ਉਨ੍ਹਾਂ ਦੇ ਨਿਯਮਤ ਸਾਥੀ ਬਣ ਗਏ। ਉਨ੍ਹਾਂ ਦੀ ਕਲਾ ਦੀ ਕਹਾਣੀ ਕਈ ਖੇਤਰਾਂ ਵਿੱਚ ਸੁਣੀ ਜਾਣ ਲੱਗੀ। ਨਾਚ ਦੇ ਖੇਤਰ ਵਿੱਚ ਉਨ੍ਹਾਂ ਦੇ ਬਹੁ-ਪੱਖੀ ਯੋਗਦਾਨ ਨੂੰ ਵੇਖਦਿਆਂ ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ।

ਉਨ੍ਹਾਂ ਦੀ ਜ਼ਿੰਦਗੀ ਉਸ ਵੇਲੇ ਸਿਖ਼ਰਾਂ ਉਤੇ, ਜਦੋਂ ਉਨ੍ਹਾਂ ਨੂੰ ਸਭ ਤੋਂ ਭੈੜੀ ਖ਼ਬਰ ਮਿਲੀ। ਉਹ ਦਸਦੇ ਹਨ,''ਅਮਰੀਕਾ ਦੌਰੇ ਤੋਂ ਐਨ ਪਹਿਲਾਂ, ਛਾਤੀ ਉਤੇ ਮੈਨੂੰ ਮਾਮੂਲੀ ਜਿਹੀ ਗੰਢ ਮਹਿਸੂਸ ਹੋਈ, ਇਸ ਤੋਂ ਬਾਅਦ ਮੈਂ ਮੈਮੋਗ੍ਰਾਮ ਲਈ ਗਈ। ਪਿਛਲੇ ਕਾਫ਼ੀ ਸਮੇਂ ਤੋਂ ਮੇਰਾ ਵਜ਼ਨ ਵਧ ਰਿਹਾ ਸੀ।'' ਆਪਣੇ ਪਤੀ ਨੂੰ ਰਿਪੋਰਟ ਪੜ੍ਹਨ ਨੂੰ ਦੇ ਕੇ ਉਹ ਦੋ ਹਫ਼ਤਿਆਂ ਦੀ ਯਾਤਰਾ ਉਤੇ ਨਿੱਕਲ ਗਏ। ਜਦੋਂ ਉਹ ਪਰਤੇ, ਤਾਂ ਉਨ੍ਹਾਂ ਦੇ ਪਤੀ ਹੈਦਰਾਬਾਦ ਦੀ ਥਾਂ ਮੁੰਬਈ ਹਵਾਈ ਅੱਡੇ ਉਤੇ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਆਪਣੇ ਪਤੀ ਤੋਂ ਪੁੱਛਿਆ ਕਿ ਵਿਆਹ ਤੋਂ 17 ਸਾਲਾਂ ਬਾਅਦ ਮੁੜ ਪਿਆਰ ਕਿੱਥੋਂ ਉਘੜ ਆਇਆ? ਪਰ ਉਨ੍ਹਾਂ ਦੇ ਦਿਲ ਵਿੱਚ ਕਿਤੇ ਨਾ ਕਿਤੇ ਧੜਕਨ ਵੀ ਵਧ ਚੁੱਕੀ ਸੀ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਚੱਲਿਆ ਸੀ ਕਿ ਜ਼ਰੂਰ ਕੋਈ ਗੱਲ ਹੈ। 'ਰਿਪੋਰਟ ਵਿੱਚ ਲਿਖਿਆ ਗਿਆ ਸੀ ਕਿ ਉਨ੍ਹਾਂ ਦੇ ਮੈਮੋਗ੍ਰਾਮ ਨੂੰ ਹੋਰ ਧਿਆਨ ਨਾਲ ਜਾਂਚਣ ਦੀ ਲੋੜ ਹੈ। ਜਿਸ ਦਾ ਸਰਲ ਮਤਲਬ ਹੁੰਦਾ ਹੈ ਕਿ ਉਹ ਕੈਂਸਰ ਹੋ ਸਕਦਾ ਹੈ ਅਤੇ ਘਾਤਕ ਸਿੱਧ ਹੋ ਸਕਦਾ ਹੈ।' ਆਪਦੇ ਪਤੀ ਨੂੰ ਉਨ੍ਹਾਂ ਗਲ਼ੇ ਲਾ ਕੇ ਪੁੱਛਿਆ ਕਿ ਕੀ ਇਹੋ ਸਕਦਾ ਹੈ, ਉਨ੍ਹਾਂ ਦੇ ਪਤੀ ਨੇ ਕਿਹਾ,''ਇਹ ਨਹੀਂ ਹੋ ਸਕਦਾ, ਜੇ ਉਹ ਨਹੀਂ ਚਾਹੁੰਦੇ ਤਾਂ।''

''ਮੈਂ ਆਪਣੇ-ਆਪ ਨੂੰ ਤਿੰਨ ਗੱਲਾਂ ਆਖੀਆਂ; ਉਹ ਵੀ ਤੇਜ਼ ਆਵਾਜ਼ 'ਚ। ਇਸ ਲਈ ਕਿ ਮੈਂ ਇਸ ਸਥਿਤੀ ਤੋਂ ਪਰਤ ਨਹੀਂ ਸਕਦੀ ਸਾਂ।

ਪਹਿਲੀ: ਕੈਂਸਰ ਮੇਰੀ ਜ਼ਿੰਦਗੀ ਦਾ ਕੇਵਲ ਇੱਕ ਪੰਨਾ ਹੈ। ਮੈਂ ਇਸ ਨੂੰ ਪੂਰੀ ਕਿਤਾਬ ਨਹੀਂ ਬਣਨ ਦੇਵਾਂਗੀ।

ਦੂਜੀ: ਮੈਂ ਇਸ ਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਕਰ ਦੇਵਾਂਗੀ, ਨਾ ਕਿ ਇਸ ਨੂੰ ਆਪਣੀ ਜ਼ਿੰਦਗੀ ਹੋਣ ਦੇਵਾਂਗੀ।

ਤੀਜੀ: ਮੈਂ ਕਦੇ ਇਹ ਸੁਆਲ ਨਹੀਂ ਕਰਾਂਗੀ, 'ਮੈਂ ਹੀ ਕਿਉਂ?' ''

ਇਸ ਤੋਂ ਬਾਅਦ ਮੁਢਲੀ ਕਾਰਵਾਈ ਸ਼ੁਰੂ ਹੋਈ। ਕੈਂਸਰ ਨਾਲ ਲੜਨ ਲਈ ਉਹ ਹਰ ਤਰ੍ਹਾਂ ਤਿਆਰ ਸਨ। ਪਰ ਉਹ ਡਾਕਟਰ ਦੇ ਉਸ ਸੁਝਾਅ ਨੂੰ ਮੰਨਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ; ਜਿਸ ਵਿੱਚ ਉਨ੍ਹਾਂ ਨੂੰ ਨਾਚ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਇਲਾਜ ਦੌਰਾਨ ਉਹ ਨਾਚ ਨਾ ਕਰਨ ਕਿਉਂਕਿ ਕੀਮੋ ਅਤੇ ਰੇਡੀਓਲੌਜੀ ਨਾ ਕੇਵਲ ਖ਼ਰਾਬ ਸੈਲਾਂ ਨੂੰ ਖ਼ਤਮ ਕਰਦੇ ਹਨ, ਸਗੋਂ ਚੰਗੇ ਸੈਲ ਵੀ ਖ਼ਰਾਬ ਹੋ ਜਾਂਦੇ ਹਨ। ਇਸ ਕਾਰਣ ਪੌੜੀਆਂ ਚੜ੍ਹਦੇ ਸਮੇਂ ਸਾਹ ਟੁੱਟਣ ਲਗਦੇ ਹਨ। ਤਿੰਨ ਘੰਟਿਆਂ ਲਈ ਨਾਚ ਅਤੇ ਰਿਆਜ਼ ਅਗੰਮ ਅਤੇ ਅਗੋਚਰ ਜਾਪ ਰਿਹਾ ਸੀ। ਪਰ ਆਨੰਦਾ ਅਟੱਲ ਸਨ। ਉਹ ਉਸ ਦੌਰ ਨੂੰ ਚੇਤੇ ਕਰਦਿਆਂ ਕਹਿੰਦੇ ਹਨ,''ਜੇ ਤੁਸੀਂ ਕਲਾ ਤੋਂ ਬ੍ਰੇਕ ਲੈ ਲੈਂਦੇ ਹੋ, ਤਾਂ ਤੁਸੀਂ ਖ਼ਤਮ ਹੋ ਜਾਂਦੇ ਹੋ ਅਤੇ ਮੇਂ ਇਹੋ ਤਾਂ ਕਰਨਾ ਨਹੀਂ ਚਾਹੁੰਦੀ ਸਾਂ। ਮੈਂ ਕਲਾ ਨੂੰ ਛੱਡਣਾ ਨਹੀਂ ਚਾਹੁੰਦੀ ਸਾਂ।'' ਮੈਂ ਆਪਣੇ ਓਨਕੌਲੋਜਿਸਟ ਨਾਲ ਸਮਝੌਤਾ ਕਰਨ ਲੱਗੀ,''ਮੇਰਾ ਪ੍ਰੋਗਰਾਮ ਹੈ, ਕੀ ਅਸੀਂ ਕੀਮੋ ਅਗਲੇ ਦਿਨ ਕਰ ਸਕਦੇ ਹਾਂ? ਡਾਕਟਰ ਨੂੰ ਜਾਪਿਆ ਕਿ ਮੈਂ ਆਪਣੀ ਸੂਝਬੂਝ ਗੁਆ ਬੈਠੀ ਹਾਂ ਕਿਉਂਕਿ ਮੈਂ ਨਾਚ ਨੂੰ ਇਲਾਜ ਤੋਂ ਪਹਿਲੀ ਤਰਜੀਹ ਦੇ ਰਹੀ ਸਾਂ।''

7 ਜੁਲਾਈ, 2009 ਨੂੰ ਉਨ੍ਹਾਂ ਦਾ ਆੱਪਰੇਸ਼ਨ ਹੋਇਆ। ਆਨੰਦਾ ਦਸਦੇ ਹਨ,''ਮੈਂ ਆੱਪਰੇਸ਼ਨ ਲਈ ਇੰਝ ਗਈ, ਜਿਵੇਂ ਮੈਂ ਕਿਸੇ ਨਾਚ ਪ੍ਰੋਗਰਾਮ ਲਈ ਜਾਂਦੀ ਸਾਂ। ਮੈਂ ਪਾਰਲਰ ਗਈ, ਮੈਂ ਮੈਨੀਕਿਓ, ਪੈਡੀਕਿਓਰ ਕਰਵਾਇਆ ਅਤੇ ਆਪਣੇ ਵਾਲ ਬਣਵਾਏ। ਉਹ ਦੂਜਾ ਥੀਏਟਰ ਸੀ, ਜਿੱਥੇ ਮੈਂ ਨਾਚ ਕਰਨ ਜਾ ਰਹੀ ਸਾਂ। ਮੈਂ ਖ਼ੁਦ ਦਾ ਇਮਤਿਹਾਨ ਲੈਣ ਜਾ ਰਹੀ ਸਾਂ। ਆੱਪਰੇਸ਼ਨ ਪੂਰਾ ਹੋ ਜਾਣ ਤੋਂ ਬਾਅਦ ਮੈਂ ਬਿੰਦੀ ਲਾਈ, ਲਿਪਸਟਿਕ ਲਾਈ ਤੇ ਡਾਕਟਰ ਤੋਂ ਪੁੱਛਿਆ ਕਿ ਮੈਂ ਕਿਵੇਂ ਕੀਤਾ। ਕੀ ਮੈਂ ਸਹੀ ਕੀਤਾ?'' ਆਪਰੇਸ਼ਨ ਦੇ ਦੋ ਦਿਨਾਂ ਬਾਅਦ ਹੀ ਉਹ ਜ਼ਿੰਦਗੀ ਦੇ ਆਮ ਕੰਮਾਂ ਵਿੱਚ ਰੁੱਝ ਗਏ। ਪ੍ਰੋਗਰਾਮਾਂ ਦਾ ਆਯੋਜਨ, ਅਕਾਦਮੀ ਵਿੱਚ ਬੱਚਿਆਂ ਦੀ ਸਿਖਲਾਈ ਅਤੇ ਦੁਨੀਆ ਭਰ ਵਿੱਚ ਸ਼ੋਅ ਲਈ ਤਿਆਰੀ ਕਰਨ ਵਿੱਚ ਜੁਟ ਗਈ। ਨਾਚ ਨੇ ਉਨ੍ਹਾਂ ਨੂੰ ਨਾ ਕੇਵਲ ਪਰੇਸ਼ਾਨ ਹੋਣ ਤੋਂ ਬਚਾਇਆ, ਸਗੋਂ ਇਹ ਵੀ ਯਕੀਨੀ ਬਣਾਇਆ ਕਿ ਕੈਂਸਰ ਉਨ੍ਹਾਂ ਦੇ ਜੀਵਨ ਨੂੰ ਘੇਰ ਕੇ ਨਾ ਰੱਖੇ। ਆਨੰਦਾ ਆਪਣੇ ਮਾੜੇ ਦਿਨਾਂ ਨੂੰ ਭੁਲਾ ਚੁੱਕੇ ਹਨ ਪਰ ਕੁੱਝ ਚੰਗੇ ਛਿਣ ਅੱਜ ਉਨ੍ਹਾਂ ਨੂੰ ਚੇਤੇ ਹਨ। ਉਹ ਕਹਿੰਦੇ ਹਨ,''ਮੈਂ ਮਾੜੇ ਦਿਨ ਵੇਖੇ ਹਨ। ਮੈਂ ਤਿੰਨ ਦਿਨਾਂ ਤੱਕ ਆਰਾਮ ਕਰਦੀ ਪਰ ਚੌਥੇ ਦਿਨ ਮੇਰੇ ਪਤੀ ਮੈਨੂੰ ਘਰੋਂ ਬਾਹਰ ਡਰਾਈਵ ਉਤੇ ਲੈ ਜਾਂਦੇ ਅਤੇ ਮੈਨੂੰ ਆਪਣੇ ਪੈਰਾਂ ਉਤੇ ਖਲੋਣ ਲਈ ਆਖਦੇ।'' ਉਨ੍ਹਾਂ ਦੇ ਪਤੀ ਕੋਲ ਕੀਮੋ ਲਈ ਬਹੁਤ ਹੀ ਸੋਹਣਾ ਉਪਨਾਮ ਸੀ। ਉਹ ਦਸਦੇ ਹਨ,''ਮੇਰੇ ਪਤੀ ਕਹਿੰਦੇ ਸਨ, ਕੀਮੋ ਨੂੰ ਅੰਮ੍ਰਿਤ ਵਾਂਗ ਵੇਖੋ। ਕੀ ਤੈਨੂੰ ਨਹੀਂ ਲਗਦਾ ਕਿ ਅੰਮ੍ਰਿਤ ਦਾ ਸਾਈਡ-ਇਫ਼ੈਕਟ ਹੁੰਦਾ ਹੈ। ਉਹ ਮਿੱਠਾ ਹੋ ਜਾਵੇਗਾ?'' ਉਨ੍ਹਾਂ ਇੱਕ ਹੋਰ ਉਪਨਾਮ ਲੱਭਿਆ। ਜਿਸ ਨੂੰ ਉਹ ਲੰਮੇ ਸਮੇਂ ਤੋਂ ਜਾਣਦੇ ਸਨ। ਪਰ ਆਤਮਾ ਦੇ ਇਸ ਪਰੀਖਣ ਵਿੱਚ ਨਵਾਂ ਮਤਲਬ ਜਾਦਿਆ। ਉਹ ਕਹਿੰਦੇ ਹਨ,''ਮੈਂ ਕੀਮੋ ਲਈ ਗਈ, ਤਾਂ ਮੇਰੇ ਦਿਮਾਗ਼ ਵਿੱਚ ਇੱਕ ਤਸਵੀਰ ਸੀ-ਦੁਰਗਾ। ਇੰਨੀ ਹਮਲਾਵਰ, ਇੰਨੀਆਂ ਬਾਹਾਂ। ਅਸੀਂ ਸਦਾ ਉਨ੍ਹਾਂ ਦੀ ਸ਼ਲਾਘਾ ਵਿੱਚ ਡਾਂਸ ਕਰਦੇ ਹਾਂ। ਮੈਂ ਦੁਰਗਾ ਨੂੰ ਇੱਕ ਭਗਵਾਨ ਦੇ ਰੂਪ ਵਿੱਚ ਨਹੀਂ ਵੇਖਿਆ, ਸਗੋਂ ਅਜਿਹੇ ਪ੍ਰਤੀਕ ਦੇ ਤੌਰ ਉਤੇ ਵੇਖਿਆ ਜੋ ਹਰ ਕੋਈ ਹੋ ਸਕਦਾ ਹੈ। ਮੇਂ ਆਪਣੇ 18 ਹੱਥ ਆਪਣੇ ਸ਼ੁਭਚਿੰਤਕਾਂ ਵੱਲੋਂ ਫੜੇ ਵੇਖੇ। ਮੇਰੇ ਡਾਕਟਰ, ਰੇਡੀਓਲੌਜਿਸਟ, ਕੀਮੋਥੈਰਾਪਿਸਟ, ਆੱਨਕੌਲੋਜਿਸਟ, ਮੇਰਾ ਪਰਿਵਾਰ, ਮੇਰਾ ਪਤੀ, ਮੇਰਾ ਕੁੱਤਾ, ਮੇਰਾ ਨਾਚ... ਅਤੇ ਸ਼ੇਰ? ਓਹ, ਇਹ ਤਾਂ ਤੁਸੀਂ ਹੋ, ਤੁਹਾਡੀ ਸ਼ਕਤੀ ਨਹੀਂ? ਤੁਹਾਡੇ ਅੰਦਰ ਦਾ ਲਚਕੀਲਾਪਣ, ਮੂਲ ਸ਼ਕਤੀ ਹੀ ਤੁਹਾਡਾ ਸ਼ੇਰ ਹੈ।''

image


ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹ ਆਪਣੇ ਸੁਭਾਅ ਨੂੰ ਕਾਇਮ ਰੱਖ ਸਕੇ। ''ਮੈਂ ਹੱਸਦੀ! ਮੈਂ ਆਪਣੀ ਹਾਸੋਹੀਣੀ ਸਥਿਤੀ ਦਾ ਮਜ਼ਾਕ ਬਣਾਇਆ। ਤੁਸੀਂ ਜਿੰਨਾ ਜ਼ਿਆਦਾ ਸ਼ਰਮਿੰਦਾ ਮਹਿਸੂਸ ਕਰੋਗੇ, ਲੋਕ ਓਨਾ ਹੀ ਤੁਹਾਨੂੰ ਸ਼ਰਮਿੰਦਾ ਕਰਨਗੇ। ਇਸ ਦਾ ਉਪਾਅ ਇਹ ਹੈ ਕਿ ਤੁਸੀਂ ਇਸ ਬਾਰੇ ਗੱਲ ਕਰੋਂ। ਇੱਕ ਵਾਰ ਮੈਂ ਬਾਹਰ ਵਿੰਗ ਦੇ ਨਾਲ ਗਈ। ਇੱਕ ਅਫ਼ਸਰ ਮਿਲ ਗਿਆ ਅਤੇ ਪੁੱਛਿਆ ਤਿਰੂਪਤੀ? ਮੈਂ ਜਵਾਬ ਦਿੱਤਾ,'ਨਹੀਂ, ਕੀਮੋਥੈਰਾਪੀ।''

ਆਮ ਹਾਲਾਤ ਵਿੱਚ ਰਹਿੰਦਿਆਂ ਉਨ੍ਹਾਂ ਆਪਣੀ ਸਮੱਸਿਆ ਬਾਰੇ ਗੱਲ ਕਰਨ ਨੂੰ ਇੱਕ ਮੁੱਦਾ ਬਣਾ ਲਿਆ। ਕੈਂਸਰ ਉਤੇ ਦਿੱਤਾ ਗਿਆ ਉਨ੍ਹਾਂ ਦਾ ਟੀ.ਈ.ਡੀ. ਲੈਕਚਰ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਟੀ.ਈ.ਡੀ. ਟਾੱਕ ਕਿਸੇ ਵੀ ਭਾਰਤੀ ਵੱਲੋਂ ਦਿੱਤਾ ਗਿਆ ਦੱਸਿਆ ਜਾਂਦਾ ਹੈ। ਛੇਤੀ ਹੀ ਲੋਕ ਨੂੰ ਇਹ ਅਹਿਸਾਸ ਹੋ ਗਿਆ ਕਿ ਉਹ ਕੋਈ ਪੀੜਤ ਜਾਂ ਸਰਵਾਈਵਰ ਨਹੀਂ, ਸਗੋਂ ਜੇਤੂ ਹਨ। ਅੱਜ ਉਹ ਕੈਂਸਰ-ਮੁਕਤ ਹਨ, ਰੇਲਵੇ ਵਿੱਚ ਉਹ 'ਸਰ' ਵਾਲ਼ਿਆਂ ਦੇ ਸਮੁੰਦਰ ਵਿੱਚ ਬਹਾਦਰ ਸ੍ਰੀਮਤੀ ਹਨ ਅਤੇ ਉਹ ਨਾਚ ਵੀ ਕਰਦੇ ਹਨ ਤੇ ਉਨ੍ਹਾਂ ਦੇ ਨਾਚ ਦੀ ਲੈਅ ਉਨ੍ਹਾਂ ਦੀ ਪ੍ਰਫ਼ੁੱਲਤ ਕਹਾਣੀ ਸਦਾ ਸੁਣਾਉਂਦੀ ਹੈ।

ਲੇਖਿਕਾ: ਬਿੰਜਲ ਸ਼ਾਹ

ਅਨੁਵਾਦ: ਮਹਿਤਾਬ-ਉਦ-ਦੀਨ