ਤੁਹਾਡੀ ਸਟਾਰਟ-ਅੱਪ ਦੀ ਕਹਾਣੀ ਦਾ ਸਿਰਲੇਖ ਕੌਣ ਲਿਖਦਾ ਹੈ?

Tuesday April 26, 2016,

8 min Read

ਸਾਲ 2008 'ਚ, ਜਦੋਂ ਮੈਂ ਆਪਣੀ ਨਿੱਕੀ ਕੰਪਨੀ (ਸਟਾਰਟ-ਅੱਪ) ਦੀ, ਹੋਰਨਾਂ 'ਸਟਾਰਟ-ਅੱਪਸ' ਵਾਂਗ ਸ਼ੁਰੂਆਤ ਕੀਤੀ; ਤਾਂ ਮੈਨੂੰ ਵੀ ਇੱਛਾ ਰਹਿੰਦੀ ਸੀ ਕਿ ਕੋਈ ਮੈਨੂੰ ਵੀ ਸੁਣੇ ਅਤੇ ਇਸ ਵਿਸ਼ਾਲ ਵਿਸ਼ਵ ਵਿੱਚ ਸਾਰੇ ਮੈਨੂੰ ਜਾਣਨ। ਇਸ ਤੋਂ ਬਿਹਤਰ ਹੋਰ ਕਿਹੜਾ ਰਾਹ ਹੋ ਸਕਦਾ ਸੀ ਕਿ ਮੀਡੀਆ ਮੇਰੇ ਬਾਰੇ ਲਿਖਦਾ। ਆਖ਼ਰ, ਹਰੇਕ ਕਵਰੇਜ ਜਾਂ ਖ਼ਬਰ ਜਾਂ ਲਿਖਤ ਨੇ ਯਕੀਨੀ ਤੌਰ ਉੱਤੇ ਲੋਕਾਂ ਨੂੰ ਮੇਰੇ ਬਾਰੇ ਹੀ ਤਾਂ ਦੱਸਣਾ ਸੀ। ''ਵੇਖੋ ਬਈ, ਮੈਂ ਇੱਥੇ ਹਾਂ ਤੇ ਤੁਸੀਂ ਮੇਰੇ ਤੱਕ ਪਹੁੰਚ ਕਰ ਸਕਦੇ ਹੋ।'' ਪਰ ਅਫ਼ਸੋਸ ਕਿਸੇ ਨੇ ਵੀ ਮੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ। ਮੈਂ ਬਹੁਤ ਨਿਰਾਸ਼ ਹੋ ਗਈ ਸਾਂ - ਦੁਖਾਂਤ ਇਸ ਗੱਲ ਦਾ ਸੀ ਕਿ ਕੋਈ ਗੱਲ ਸੁਣਨ ਲਈ ਵੀ ਤਿਆਰ ਨਹੀਂ ਸੀ। ਮੈਂ ਆਪਣੇ ਪੈਰਾਂ 'ਤੇ ਆਪ ਖਲੋਣ ਲਈ ਤਾਂ ਆਪਣੀ ਸਫ਼ਲ ਕਾਰਪੋਰੇਟ ਨੌਕਰੀ ਤੱਕ ਛੱਡ ਦਿੱਤੀ ਸੀ ਤੇ ਕੁੱਝ ਠਰੰਮ੍ਹੇ ਨਾਲ਼ ਅੱਗੇ ਵਧਣ ਦਾ ਫ਼ੈਸਲਾ ਕੀਤਾ ਸੀ। (ਮੈਂ ਤਾਂ ਤਦ ਇਹੋ ਕੁੱਝ ਸੋਚਿਆ ਸੀ)। ਕੀ ਮੀਡੀਆ ਨੂੰ ਮੇਰੀ ਕਹਾਣੀ ਨਹੀਂ ਦੱਸਣੀ ਚਾਹੀਦੀ ਸੀ? ਮੇਰੇ ਵਿਲੱਖਣ ਉੱਦਮ ਬਾਰੇ ਕੁੱਝ ਵਰਣਨ ਕੀਤਾ ਜਾ ਸਕਦਾ ਸੀ? ਈਮਾਨਦਾਰੀ ਨਾਲ਼ ਦੱਸਾਂ, ਤਾਂ ਮੈਂ ਸੱਚਮੁਚ ਚਾਹੁੰਦੀ ਸਾਂ ਕਿ ਮੇਰੀ ਸਾਬਕਾ ਕੰਪਨੀ ਸੀ.ਐਨ.ਬੀ.ਸੀ. ਟੀ.ਵੀ. 18 ਨੇ ਆਪਣੇ ਬਹੁਤ ਹੀ ਚਰਚਿਤ ਪ੍ਰੋਗਰਾਮ 'ਯੰਗ ਟਰਕਸ ਸ਼ੋਅ' ਵਿੱਚ ਮੇਰੇ ਬਾਰੇ ਕੁੱਝ ਪ੍ਰਸਾਰਿਤ ਕਰੇ। ਪਰ ਸ਼ਾਇਦ ਮੇਰੀ ਇੰਨੀ ਕਿਸਮਤ ਨਹੀਂ ਸੀ।

ਦਰਅਸਲ, ਰਵਾਇਤੀ ਮੀਡੀਆ ਨੇ ਮੈਥੋਂ ਇੱਕ ਦੂਰੀ ਬਣਾ ਕੇ ਰੱਖੀ (ਮੈਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਨਾ ਹੈ ਕਿ ਵਧੀਆ ਚੀਜ਼ਾਂ ਵਿਚੋਂ ਇੱਕ ਮੇਰੇ ਨਾਲ ਨਹੀਂ ਵਾਪਰੀ)। ਮੈਨੂੰ ਚੇਤੇ ਹੈ ਕਿ ਕੁੱਝ ਸਾਲ ਪਹਿਲਾਂ ਜਦੋਂ ਤਿੰਨ ਸਾਲ ਪਹਿਲਾਂ ਇੱਕ ਉਦਯੋਗਿਕ ਇਕਾਈ ਵੱਲੋਂ ਤਿੰਨ ਜਣਿਆਂ ਨੂੰ ਇੱਕ ਪੁਰਸਕਾਰ ਦਿੱਤਾ ਗਿਆ ਸੀ (ਤੁਹਾਡੀ ਇਹ 'ਹਿਤੂ' ਵੀ ਉਨ੍ਹਾਂ ਵਿੱਚੋਂ ਇੱਕ ਸੀ)। ਤਦ ਬਾਕੀ ਦੋਵਾਂ ਨੂੰ ਭਾਰਤ ਦੇ ਬਹੁ-ਚਰਚਿਤ ਅਤੇ ਰੋਜ਼ਾਨਾ ਬਿਜ਼ਨੇਸ ਅਖ਼ਬਾਰਾਂ (ਉਨ੍ਹਾਂ ਵਿੱਚੋਂ ਇੱਕ ਕੰਪਨੀ ਉਹ ਵੀ ਸੀ, ਜਿਨ੍ਹਾਂ ਨਾਲ ਮੈਂ ਪਹਿਲਾਂ ਕੰਮ ਕਰ ਚੁੱਕੀ ਸਾਂ) ਵਿੱਚ ਅੱਧੇ-ਅੱਧੇ ਪੰਨੇ ਦੀ ਕਵਰੇਜ ਮਿਲੀ ਸੀ, ਪਰ ਮੈਨੂੰ ਛੱਡ ਦਿੱਤਾ ਗਿਆ ਸੀ। ਤਦ ਮੈਂ ਬਹੁਤ ਸਾਰੇ ਅਖ਼ਬਾਰ ਚੈੱਕ ਕੀਤੇ ਸਨ: ਕਿ ਸ਼ਾਇਦ ਕਿਤੇ ਮੈਨੂੰ ਆਪਣੀ ਕਵਰੇਜ ਦਿਸਣੋਂ ਰਹਿ ਗਈ ਹੋਵੇ, ਸ਼ਾਇਦ ਕਿਸੇ ਪੰਨੇ ਹੇਠਾਂ ਦਬੀ ਰਹਿ ਗਈ ਹੋਵੇ ਕਿ ਸ਼ਾਇਦ ਕਿਤੇ ਕੋਈ ਥੋੜ੍ਹਾ-ਬਹੁਤ ਤਾਂ ਜ਼ਰੂਰ ਲਿਖਿਆ ਗਿਆ ਹੋਵੇਗਾ ਜਾਂ ਸ਼ਾਇਦ ਕਿਤੇ ਕੋਈ ਇੱਕ-ਅੱਧ ਸਤਰ ਹੀ। ਮੈਨੂੰ ਬਹੁਤ ਆਸ ਸੀ, ਮੈਨੂੰ ਆਸ ਸੀ ਕਿ 'ਯੂਅਰ ਸਟੋਰੀ' ਬਾਰੇ ਕੋਈ ਕੁੱਝ ਨਾ ਕੁੱਝ ਜ਼ਰੂਰ ਲਿਖੇ (ਤੁਹਾਨੂੰ ਪਤਾ ਹੀ ਹੈ ਕਿ ਜਦੋਂ ਤੁਹਾਨੂੰ ਆਪਣੇ ਆਪ ਨੂੰ 'ਪ੍ਰਮੋਟ' ਕਰਨ ਲਈ ਤੁਹਾਡੇ ਕੋਲ਼ ਧਨ ਨਾ ਹੋਵੇ, ਤਦ ਕਿਤੇ ਇੱਕ ਸਤਰ ਵਿੱਚ ਕੀਤੇ ਜ਼ਿਕਰ ਦਾ ਮਹੱਤਵ ਵੀ ਵੱਡਾ ਜਾਪਦਾ ਹੈ)। ਨਹੀਂ, ਪਰ ਉੱਥੇ ਕਿਤੇ ਕੁੱਝ ਵੀ ਨਹੀਂ ਸੀ। ਭਾਵੇਂ, ਪਿਛਲੇ ਕੁੱਝ ਵਰ੍ਹਿਆਂ ਦੌਰਾਨ, ਮੈਂ ਆਪਣੀ ਇੱਕ ਅਜਿਹੀ ਵਿਲੱਖਣ ਜਗ੍ਹਾ ਬਣਾ ਲਈ ਹੈ ਕਿ ਮੁੱਖਧਾਰਾ ਦਾ ਮੀਡੀਆ ਮੇਰੇ ਬਾਰੇ ਅਜਿਹੀ ਧਾਰਨਾ ਨਹੀਂ ਰੱਖ ਸਕਦਾ ਕਿ 'ਬੱਸ ਐਵੇਂ ਹੀ ਕਿਤੇ ਕੁੱਝ ਵਾਪਰ ਰਿਹਾ ਹੈ।' ਇਹ ਜ਼ਰੂਰ ਹੈ ਕਿ ਜ਼ਿਕਰ ਕਦੀ-ਕਦਾਈਂ ਹੁੰਦਾ ਹੈ ਪਰ ਮੈਂ ਉਸ ਲਈ ਵੀ ਧੰਨਵਾਦੀ ਹਾਂ। ਪਰ ਕੁੱਲ ਮਿਲਾ ਕੇ, ਮੈਨੂੰ ਮਿਲੀ ਉਸ ਉਦਾਸੀਨਤਾ ਕਾਰਣ ਹੀ ਮੈਨੂੰ 'ਯੂਅਰ ਸਟੋਰੀ' ਵਿੱਚ ਉੱਦਮੀਆਂ ਦਾ ਵਿਸ਼ੇਸ਼ ਜ਼ਿਕਰ ਕਰਨ ਦਾ ਰਾਹ ਮਿਲਿਆ। ਕੋਈ ਵੀ ਅਜਿਹਾ/ਅਜਿਹੀ, ਜੋ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੇ। ਮੈਂ 'ਯੂਅਰ ਸਟੋਰੀ' ਨੂੰ ਇੱਕ ਅਜਿਹਾ ਸਥਾਨ ਬਣਾਇਆ। ਹੁਣ ਤੱਕ ਲਗਭਗ 30,000 ਵਿਅਕਤੀ 'ਯੂਅਰ ਸਟੋਰੀ' ਉੱਤੇ ਆਪਣੀ ਕਹਾਣੀ ਬਿਆਨ ਕਰ ਚੁੱਕੇ ਹਨ। ਭਾਵੇਂ ਇਸ ਦੌਰਾਨ ਅਸੀਂ ਕੁੱਝ ਹੋਰ ਕਹਾਣੀਆਂ (ਖ਼ਬਰਾਂ) ਵੀ ਖੁੰਝਾ ਗਏ ਹੋਵਾਂਗੇ।

ਇੰਝ, ਇੱਕ ਉੱਦਮੀ ਵਜੋਂ, ਮੈਂ ਗੱਲ ਚੰਗੀ ਤਰ੍ਹਾਂ ਸਮਝ ਲਈ ਸੀ ਕਿ ਸਾਨੂੰ ਆਪਣੀ ਕਹਾਣੀ ਦੱਸਣ ਦੀ ਲੋੜ ਕਿਉਂ ਹੁੰਦੀ ਹੈ, ਮੀਡੀਆ ਨੂੰ ਕੁੱਝ ਦੱਸਣ ਦੀ ਜ਼ਰੂਰਤ ਕਿਉਂ ਹੁੰਦੀ ਹੈ? ਅਸਲ ਵਿੱਚ ਮੈਨੂੰ ਉਹ ਸਭ ਚੇਤੇ ਹੈ ਜੋ ਸੀ.ਐਨ.ਬੀ.ਸੀ. ਅਤੇ 'ਯੂਅਰ ਸਟੋਰੀ' ਦੇ ਵਿਚਕਾਰ ਵਾਪਰਿਆ ਸੀ। ਪਹਿਲਾਂ ਇੱਕ ਮੁਲਾਜ਼ਮ ਤੇ ਹੁਣ 'ਫ਼ਲਿੱਪਕਾਰਟ' 'ਚ ਕੰਮ ਕਰਦੇ ਦੋਸਤ ਨੇ ਮੈਨੂੰ ਸੱਦਿਆ ਕਿ ਮੈਂ 'ਯੰਗ ਟਰਕਸ' ਵਿੱਚ ਕਵਰੇਜ ਲਈ ਉਸ ਦੀ ਮਦਦ ਕਰਾਂ। ਉਸ ਨੇ ਕਿਹਾ,''ਇਸ ਨਾਲ ਸਾਡੀਆਂ ਸੇਵਾਵਾਂ ਲੋਕ ਆਸਾਨੀ ਨਾਲ ਲੈ ਸਕਣਗੇ ਕਿਉਂਕਿ ਹਾਲੇ ਸਾਨੂੰ ਕੋਈ ਵੀ ਕਿਤੇ ਜਾਣਦਾ ਨਹੀਂ, ਜਦੋਂ ਵੀ ਅਸੀਂ ਭਰਤੀ ਲਈ ਪ੍ਰੀਮੀਅਮ ਕਾਲਜਾਂ ਵਿੱਚ ਕਿਤੇ ਜਾਂਦੇ ਹਾਂ।'' ਸਾਡੇ ਸਭਨਾਂ ਕੋਲ਼ ਮੀਡੀਆ ਕਵਰੇਜ ਦੇ ਆਪਣੇ ਕੁੱਝ ਨਾ ਕੁੱਝ ਕਾਰਣ ਜ਼ਰੂਰ ਹੁੰਦੇ ਹਨ। ਜੇ ਤੁਸੀਂ ਆਪਣਾ ਕਾਰੋਬਾਰ ਕਰ ਰਹੇ ਹੋ, ਤਦ ਤੁਹਾਨੂੰ ਆਮ ਜਨਤਾ ਨਾਲ ਗੱਲਬਾਤ ਕਰਨ ਦੀ ਲੋੜ ਭਾਸਦੀ ਹੈ ਤੇ ਮੀਡੀਆ ਉਸ ਲਈ ਇੱਕ ਆਦਰਸ਼ ਵਾਹਨ ਹੈ।

ਭਾਰਤੀ ਮੀਡੀਆ ਸਾਲ 2008 'ਚ 'ਯੂਅਰ ਸਟੋਰੀ' ਦੀ ਸਥਾਪਨਾ ਦੇ ਬਾਅਦ ਤੋਂ ਬਹੁਤ ਮਹੱਤਵਪੂਰਣ ਤਰੀਕੇ ਨਾਲ ਵਿਕਸਤ ਹੋਇਆ ਹੈ। ਇਨ੍ਹਾਂ ਅੱਠ ਵਰ੍ਹਿਆਂ ਦੌਰਾਨ ਦੇਸ਼ ਦਾ ਲਗਭਗ ਹਰੇਕ ਅਖ਼ਬਾਰ, ਰਸਾਲਾ ਤੇ ਖ਼ਬਰਾਂ ਵਾਲੀ ਵੈੱਬਸਾਈਟ ਸਟਾਰਟ-ਅੱਪਸ ਦੀਆਂ ਕਹਾਣੀਆਂ/ਖ਼ਬਰਾਂ ਦੇਣ ਨੂੰ ਉਤਾਵਲੇ ਹੋਏ ਰਹਿੰਦੇ ਹਨ।

ਮੀਡੀਆ ਵਿਸ਼ਵ ਦੇ ਮੁੱਖ ਮੋਹਰੀਆਂ ਨੂੰ ਵੀ ਪਿਛਲੇ ਦੋ ਕੁ ਵਰ੍ਹਿਆਂ ਤੋਂ ਇਹ ਅਹਿਸਾਸ ਹੋ ਗਿਆ ਹੈ ਕਿ ਸਟਾਰਟ-ਅੱਪਸ ਦੀ ਕਵਰੇਜ ਕਰਨੀ ਤੇ ਉਨ੍ਹਾਂ ਬਾਰੇ ਕੁੱਝ ਲਿਖਣਾ ਅਹਿਮ ਹੈ।

ਅਜਿਹੀ ਲਹਿਰ ਇਸ ਲਈ ਵੀ ਉੱਠੀ ਹੈ ਕਿਉਂਕਿ ਈ-ਕਾਮਰਸ (ਇਲੈਕਟ੍ਰੌਨਿਕ ਵਣਜ) ਵਿੱਚ ਹੁਣ ਬਹੁਤ ਸਾਰਾ ਧਨ ਲਾਇਆ ਜਾ ਚੁੱਕਾ ਹੈ ਤੇ ਹੁਣ 'ਸਟਾਰਟ-ਅੱਪਸ' ਦੀਆਂ ਖ਼ਬਰਾਂ ਦੇ ਸਿਰਲੇਖ (ਸੁਰਖ਼ੀਆਂ) ਬਣਨ ਲੱਗ ਪਏ ਹਨ। ਹਰੇਕ ਸਟਾਰਟ-ਅੱਪ ਦੀ ਖ਼ਬਰ ਇੱਕ ਸੁਰਖ਼ੀ ਹੈ ਅਤੇ ਉਹ ਖ਼ਬਰ ਜ਼ਿਆਦਾਤਰ ਧਨ ਲੈ ਕੇ ਲਿਖੀ ਹੁੰਦੀ ਹੈ। ਕੌਣ ਇਸ ਅਰਬ ਡਾਲਰ ਦੇ ਕਲੱਬ ਵਿੱਚ ਦਾਖ਼ਲ ਹੋ ਰਿਹਾ ਹੈ? ਨਵੇਂ ਪੋਸਟਰ ਵਾਲਾ ਮੁੰਡਾ ਕੌਣ ਹੈ? ਵਧੇਰੇ ਧਨ ਕੌਣ ਨਿਵੇਸ਼ ਕਰ ਰਿਹਾ ਹੈ? 'ਯੂਅਰ ਸਟੋਰੀ' ਦੇ ਮੰਚ ਉੱਤੇ ਵੀ ਕੁੱਝ ਵਾਰ 'ਸੁਰਖ਼ੀ' ਬਣਾਉਣ ਦਾ ਦਬਾਅ ਪੈਂਦਾ ਰਿਹਾ ਹੈ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਆੱਨਲਾਈਨ ਮੀਡੀਆ ਵਿੱਚ ਹਰੇਕ ਪ੍ਰਕਾਸ਼ਿਤ ਪੰਨੇ ਦੀ ਕੋਈ ਨਾ ਕੋਈ ਕੀਮਤ ਹੈ।

ਖ਼ਬਰਾਂ ਅਤੇ ਸੁਰਖ਼ੀਆਂ ਬਾਰੇ ਗੱਲਾਂ ਕਰਦਿਆਂ, ਮੈਂ ਚਾਹਾਂਗੀ ਕਿ ਤੁਸੀਂ ਵੀ ਇੱਕ ਪ੍ਰਸ਼ਨ ਉੱਤੇ ਕੁੱਝ ਵਿਚਾਰ ਕਰੋ: ''ਸਟਾਰਟ-ਅੱਪ ਦੀ ਖ਼ਬਰ ਸਦਾ ਅਹਿਮ ਕਿਉਂ ਹੁੰਦੀ ਹੈ? ਕਿਸੇ ਵੱਡੀ ਖ਼ਬਰ ਤੋਂ ਲੈ ਕੇ ਛੋਟੀ ਤੱਕ, ਸਟਾਰਟ-ਅੱਪਸ ਹੁਣ ਦੇਸ਼ ਨੂੰ ਬਚਾਉਣ ਲਈ ਮੈਦਾਨ 'ਚ ਨਿੱਤਰ ਲੱਗ ਪਈਆਂ ਹਨ। ਹੁਣ ਜਦੋਂ ਸਟਾਰਟ-ਅੱਪਸ ਨੂੰ ਕੁੱਝ ਧਨ ਬਚਾਉਣ ਦੀ ਲੋੜ ਹੈ, ਅਜਿਹੀ ਹਾਲਤ ਵਿੱਚ ਮੀਡੀਆ ਇਨ੍ਹਾਂ ਦਾ ਲਾਹਾ ਕਿਉਂ ਲੈਣਾ ਚਾਹ ਰਿਹਾ ਹੈ?''

ਪਿਛਲੇ ਹਫ਼ਤੇ ਮੈਂ ਲਗਭਗ ਬੇਆਸ ਹੋ ਗਈ ਸਾਂ, ਜਦੋਂ ਮੈਂ ਡੁੱਬਣ ਤੇ ਤਬਾਹੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ। ਮੈਨੂੰ ਧਨ ਦੇ ਕੇ ਲਿਖਵਾਈਆਂ ਖ਼ਬਰਾਂ ਪੜ੍ਹ ਕੇ ਕੋਈ ਵੀ ਖ਼ੁਸ਼ੀ ਨਹੀਂ ਹੁੰਦੀ। ਮੇਰੇ ਲਈ, ਹੋਰ ਬਹੁਤ ਸਾਰੇ ਉੱਦਮੀਆਂ ਵਾਂਗ, ਇੱਕ ਬਹੁਤ ਸਾਰੇ ਲੰਮੇ ਸਫ਼ਰ ਵਿੱਚ ਫ਼ੰਡਿੰਗ ਕੇਵਲ ਇੱਕ ਕਦਮ ਹੈ। ਨਿਰਾਸ਼ਾਜਨਕ ਕਹਾਣੀਆਂ ਪੜ੍ਹ ਕੇ ਤਾਂ ਇੰਝ ਜਾਪਦਾ ਹੈ ਕਿ ਸਟਾਰਟ-ਅੱਪ ਵਿਸ਼ਵ ਤਾਂ ਹੁਣ ਕੇਵਲ ਆਪਣੇ ਖ਼ਾਤਮੇ ਤੋਂ ਕੇਵਲ ਕੁੱਝ ਹਫ਼ਤੇ ਦੂਰ ਹੈ।

ਮੈਂ ਕੋਈ ਮਾਹਿਰ ਨਹੀਂ, ਪਰ ਮੈਂ ਮੀਡੀਆ ਅਤੇ 'ਫੋਕੇ ਸਿਧਾਂਤ' ਦੇ ਮੋਢੀਆਂ ਤੋਂ ਇਹ ਪੁੱਛਣਾ ਚਾਹੁੰਦੀ ਹਾਂ: ਕੀ ਉਤਾਰ-ਚੜ੍ਹਾਅ ਕਿਸੇ ਵੀ ਯਾਤਰਾ ਦਾ ਕੁਦਰਤੀ ਭਾਗ ਨਹੀਂ ਹੁੰਦੇ? ਕਿਸੇ ਨੂੰ ਇੱਕ ਦਿਨ ਵਿੱਚ ਹੀ ਨਾਇਕ ਬਣਾ ਦੇਣਾ ਤੇ ਫਿਰ ਕੁੱਝ ਹੀ ਮਹੀਨਿਆਂ ਅੰਦਰ ਉਸ ਨੂੰ ਕੂੜੇਦਾਨ ਵਿੱਚ ਸੁੱਟ ਦੇਣਾ -- ਅਜਿਹਾ ਕਿਉਂ; ਇਹ ਸਭ ਕਾਰਗੁਜ਼ਾਰੀ ਦੇ ਮਾਪਦੰਡਾਂ 'ਤੇ ਨਹੀਂ, ਐਵੇਂ ਬੱਸ ਕਿਆਸਅਰਾਈਆਂ ਦੇ ਆਧਾਰ ਉੱਤੇ ਹੀ ਹੈ।

ਮੈਂ ਉੱਦਮੀਆਂ ਨੂੰ ਪੁੱਛਦੀ ਹਾਂ: ''ਅਸੀਂ ਇੰਨੇ ਮਾਣਮੱਤੇ ਕਿਉਂ ਹੋ ਜਾਂਦੇ ਹਾਂ, ਜਦੋਂ ਅਖ਼ਬਾਰਾਂ ਦੇ ਮੁੱਖ ਪੰਨਿਆਂ 'ਤੇ ਸਾਡੀ ਕਵਰੇਜ ਆਉਂਦੀ ਹੈ?''

ਪਿਛਲੇ ਕੁੱਝ ਵਰ੍ਹਿਆਂ ਦੌਰਾਨ, ਮੈਂ ਅਨੇਕਾਂ ਸਟਾਰਟ-ਅੱਪਸ 'ਚ ਅਜਿਹਾ ਰੁਝਾਨ ਵੇਖਿਆ ਹੈ ਕਿ ਜਦੋਂ ਮੀਡੀਆ ਉਨ੍ਹਾਂ ਬਾਰੇ ਕਾਫ਼ੀ ਕੁੱਝ ਲਿਖਣ ਲਗਦਾ ਹੈ, ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਮੰਜ਼ਿਲ ਆਣ ਪੁੱਜੀ ਹੈ। ਅਜਿਹੇ ਇੱਕ ਉੱਦਮੀ, ਜਿਸ ਦੀ ਇੱਕ ਟਿੱਪਣੀ ਲੈਣ ਲਈ ਮੈਂ ਉਸ ਦਾ ਪਿੱਛਾ ਕਰ ਰਹੀ ਸਾਂ, ਨੇ ਕਿਹਾ,''ਟੀ.ਵੀ. ਚੈਨਲਾਂ ਵਾਲੇ ਮੇਰਾ ਪਿੱਛਾ ਕਰ ਰਹੇ ਹਨ। ਮੇਰੇ ਕੋਲ ਉਨ੍ਹਾਂ ਲਈ ਸਮਾਂ ਨਹੀਂ ਹੈ, ਤਾਂ ਮੈਂ ਤੁਹਾਡੇ ਲਈ ਸਮਾਂ ਕਿਵੇਂ ਕੱਢ ਸਕਦਾ ਹਾਂ?''

ਤਦ ਮੈਨੂੰ ਹੈਰਾਨੀ ਵੀ ਹੋਈ ਕਿ ਕੀ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਮੀਡੀਆ ਦਾ ਧਿਆਨ ਬਹੁਤ ਥੋੜ੍ਹ-ਚਿਰਾ ਹੁੰਦਾ ਹੈ।

ਇਹ ਪੋਸਟ ਮੀਡੀਆ ਬਾਰੇ ਨਹੀਂ ਹੈ ਕਿਉਂਕਿ ਮੀਡੀਆ ਤਦ ਮੀਡੀਆ ਨਹੀਂ ਹੋਵੇਗਾ ਜੇ ਉਨ੍ਹਾਂ ਵੱਲੋਂ ਦਿੱਤੀਆਂ ਸੁਰਖ਼ੀਆਂ ਪੜ੍ਹਨਯੋਗ ਨਾ ਹੋਣ। ਖ਼ਬਰ ਤਾਂ ਖ਼ਬਰ ਹੀ ਹੁੰਦੀ ਹੈ ਤੇ ਉਸ ਨੂੰ ਸਾਡਾ ਧਿਆਨ ਖਿੱਚਣਾ ਚਾਹੀਦਾ ਹੈ। ਜੇ ਕੋਈ ਖ਼ਬਰ ਧਿਆਨ ਨਹੀਂ ਖਿੱਚਦੀ, ਤਾਂ ਫਿਰ ਉਹ ਅਕਾਊ ਹੋ ਜਾਵੇਗੀ ਤੇ ਅਸੀਂ ਉਸ ਉੱਤੇ ਆਪਣਾ ਸਮਾਂ ਬਰਬਾਦ ਨਹੀਂ ਕਰਾਂਗੇ। ਆਓ ਉਸ ਦਾ ਸਾਹਮਣਾ ਕਰੀਏ - ਸਾਡੇ ਵਿੱਚੋਂ ਬਹੁਤੇ ਕਿਸੇ ਅਜਿਹੀ ਖ਼ਬਰ ਉੱਤੇ ਕਲਿੱਕ ਕਰਦੇ ਹਨ, ਜੋ ਵੇਖਣ ਨੂੰ ਬਹੁਤ ਮਸਾਲੇਦਾਰ ਜਾਪਦੀ ਹੈ ਅਤੇ ਕੁੱਝ ਰੋਜ਼ਮੱਰਾ ਦੀ ਆਪਣੀ ਰੂਟੀਨ ਤੋਂ ਦੂਰ ਜਾਣ ਲਈ ਉਸ ਨੂੰ ਪੜ੍ਹਦੇ ਹਨ।

ਅਸੀਂ ਉੱਦਮੀ ਆਪਣੀਆਂ ਕਹਾਣੀਆਂ ਕਹਾਣੀ ਕਿਉਂ ਪਰਿਭਾਸ਼ਿਤ ਨਹੀਂ ਕਰਦੇ? ਕੀ ਸਮੇਂ ਦੀ ਘਾਟ ਹੈ? ਜਾਂ ਅਜਿਹਾ ਹੋ ਸਕਦਾ ਹੈ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਹਾਲੇ ਅਜਿਹਾ ਕਰਨਾ ਵਾਜਬ ਨਹੀਂ ਹੈ। ਸਾਡੇ ਵਿਚੋਂ ਬਹੁਤੇ ਇਹ ਸਮਝਦੇ ਹਨ ਕਿ ਲੋਕ ਸੰਪਰਕ ਵਿਭਾਗ ਨਾਲ ਸਬੰਧਤ ਵਿਅਕਤੀ ਜਾਂ ਖ਼ਬਰਾਂ ਦਾ ਕੋਈ ਮਾਹਿਰ ਇਹ ਕੁੱਝ ਕਰੇਗਾ।

ਇਹ ਸਮਾਂ ਆਪਣੇ ਵਰਣਨਾਂ ਉੱਤੇ ਸਾਡੇ ਕਾਬੂ ਪਾਉਣ ਦਾ ਹੈ - ਘੱਟੋ-ਘੱਟ ਕਿਸੇ ਸੰਭਵ ਹੱਦ ਤੱਕ ਤਾਂ ਜ਼ਰੂਰ। ਹੁਣ ਜਦੋਂ ਅਸੀਂ ਇਸ ਵਿਸ਼ੇ ਬਾਰੇ ਗੱਲ ਕਰ ਰਹੇ ਹਾਂ, ਤਦ ਅਜਿਹਾ ਅਹਿਮ ਕਿਉਂ ਹੁੰਦਾ ਹੈ ਕਿ ਮੀਡੀਆ ਸਾਡੀ ਗੱਲ ਨਿਯਮਤ ਰੂਪ ਵਿੱਚ ਸੁਣਦਾ ਰਹੇ? ਤੁਸੀਂ ਲਗਾਤਾਰ ਖ਼ਬਰਾਂ ਵਿੱਚ ਕਿਉਂ ਬਣੇ ਰਹਿਣਾ ਚਾਹੁੰਦੇ ਹੋ? ਦਰਅਸਲ, ਤੁਹਾਨੂੰ ਉਸ ਹਾਲਤ ਵਿੱਚ ਫ਼ਿਕਰ ਹੋਣੀ ਚਾਹੀਦੀ ਹੈ, ਜਦੋਂ ਤੁਹਾਡੀ ਬਹੁਤ ਜ਼ਿਆਦਾ ਕਵਰੇਜ ਹੋ ਰਹੀ ਹੋਵੇ। ਤੁਸੀਂ ਹਰ ਥਾਂ ਮੌਜੂਦ ਸੋਸ਼ਲ ਮੀਡੀਆ ਰਾਹੀਂ ਆਪਣਾ ਖ਼ੁਦ ਦਾ ਮੀਡੀਆ ਕਿਉਂ ਨਹੀਂ ਸਿਰਜ ਲੈਂਦੇ? ਇੱਥੇ ਮੈਂ ਹਾਲੀਆ 'ਪੈਪਰਟੈਪ' ਦੀ ਕਹਾਣੀ ਦੱਸਣਾ ਚਾਹਾਂਗੀ। ਬਾਨੀ ਨਵਨੀਤ ਸਿੰਘ ਉੱਤੇ ਉਦੋਂ ਕੋਈ ਅਸਰ ਨਹੀਂ ਪਿਆ ਸੀ, ਜਦੋਂ ਮੀਡੀਆ ਅਜਿਹੀਆਂ ਖ਼ਬਰਾਂ ਦੇ ਰਿਹਾ ਸੀ ਕਿ ਉਸ ਦਾ ਉੱਦਮ ਬੰਦ ਹੋਣ ਜਾ ਰਿਹਾ ਹੈ। ਨਵਨੀਤ ਨੇ ਆਪਣੀ ਕਹਾਣੀ ਅਜਿਹੇ ਸਮੇਂ ਆਪਣੇ ਖ਼ੁਦ ਦੇ ਸ਼ਬਦਾਂ ਵਿੱਚ ਬਿਆਨ ਕੀਤੀ। ਯਕੀਨੀ ਤੌਰ ਉੱਤੇ ਕਿਸੇ ਨੂੰ ਤੁਸੀਂ ਉਸ ਦੀਆਂ ਕਿਆਸਅਰਾਈਆਂ ਲਾਉਣ ਤੋਂ ਰੋਕ ਨਹੀਂ ਸਕਦੇ ਪਰ ਉਸ ਨੇ ਆਪਣੀ ਕਹਾਣੀ ਆਪ ਬਿਆਨ ਕਰਨੀ ਚਾਹੀ ਤੇ ਕੀਤੀ ਵੀ। ਉਸ ਨੇ ਦੱਸਿਆ ਕਿ ਉਹ ਅਸਲ ਵਿੱਚ ਕੀ ਚਾਹੁੰਦਾ ਸੀ ਅਤੇ ਉਸ ਦੀ ਆਵਾਜ਼ ਬਹੁਤ ਵੱਡੇ ਪੱਧਰ ਉੱਤੇ ਸਪੱਸ਼ਟ ਤੌਰ 'ਤੇ ਸੁਣੀ ਵੀ ਗਈ ਸੀ।

ਬਹੁਤ ਸਾਰੇ ਉੱਦਮੀ ਮੈਨੂੰ ਦਸਦੇ ਹਨ: ''ਮੈਂ ਅਗਲਾ ਵਿਲੱਖਣ ਵਿਅਕਤੀ ਹੋਵਾਂਗਾ ਤੇ ਮੇਰੀਆਂ ਸੁਰਖ਼ੀਆਂ ਬਣਨਗੀਆਂ ਤੇ ਤੁਸੀਂ ਮੈਨੂੰ ਲਭਦੇ ਫਿਰੋਗੇ।''

ਮੈਨੂੰ ਉਨ੍ਹਾਂ ਦਾ ਆਤਮ-ਵਿਸ਼ਵਾਸ ਬਹੁਤ ਵਧੀਆ ਲਗਦਾ ਹੈ ਪਰ ਅੰਦਰੋਂ ਮੈਨੂੰ ਡਰ ਲਗਦਾ ਹੈ: 'ਰੱਬਾ, ਇੰਝ ਨਾ ਹੋਵੇ ਕਿ ਉਨ੍ਹਾਂ ਦੀਆਂ ਸੁਰਖ਼ੀਆਂ ਬਣਨ, ਚੰਗਾ ਇਹੋ ਹੋਵੇਗਾ ਕਿ ਉਹ ਇੱਕ ਦਿਨ ਧੁੱਪ ਵਿੱਚ ਆਪਣੇ ਆਪ ਨੂੰ ਤਿਆਰ ਕਰਨ ਅਤੇ ਫਿਰ ਅਗਲੇ ਕੁੱਝ ਦਿਨਾਂ ਵਿੱਚ ਉਨ੍ਹਾਂ ਨੂੰ ਲੰਮੀ ਤੇ ਹਨੇਰੀ ਰਾਤ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣ।'

ਹੁਣ ਜਦੋਂ ਮੈਂ ਲਿਖਦੀ ਹਾਂ, ਮੈਂ ਹੁਣ ਇਹ ਮੁੜ ਸਿੱਖਣ ਜਾ ਰਹੀ ਹਾਂ ਕਿ ਖ਼ਬਰ, ਕੰਮ ਅਤੇ ਜੀਵਨ ਵਿੱਚ ਕੀ ਸੰਤੁਲਨ ਹੈ। ਮੈਂ ਤਾਂ ਇਹੋ ਕਹਿਣਾ ਚਾਹਾਂਗੀ ਕਿ ਆਓ ਆਪਾਂ ਆਪਣੀ ਸੁਰਖ਼ੀ ਆਪ ਲਿਖੀਏ ਤੇ ਆਪਣੀ ਖ਼ੁਦ ਦੀ 'ਸਟਾਰਟ-ਅੱਪ' ਦੀ ਕਹਾਣੀ ਆਪ ਹੀ ਲਿਖੀਏ।

ਲੇਖਕ: ਸ਼੍ਰਧਾ ਸ਼ਰਮਾ

    Share on
    close