ਭਗਤ ਸਿੰਘ ਦੀ ਸ਼ਹਾਦਤ ਨੂੰ ਸੌੜੇ ਸਿਆਸੀ ਹਿਤਾਂ ਲਈ ਵਰਤ ਰਹੀ ਹੈ ਆਰ.ਐਸ.ਐਸ.

Thursday March 31, 2016,

8 min Read

ਸ਼ਹੀਦ ਭਗਤ ਸਿੰਘ ਅੱਜ ਕੱਲ੍ਹ ਅਚਾਨਕ ਚਰਚਾ ਵਿੱਚ ਹਨ। ਹਰੇਕ ਸਿਆਸੀ ਪਾਰਟੀ ਉਨ੍ਹਾਂ ਬਾਰੇ ਹੀ ਗੱਲ ਕਰ ਰਹੀ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਤੱਕ, ਹਰ ਕੋਈ ਇਸ ਮਹਾਨ ਸ਼ਹੀਦ ਦੀ ਸ਼ਲਾਘਾ ਕਰ ਰਿਹਾ ਹੈ। ਅਕਾਲੀ ਦਲ ਨੂੰ ਅਹਿਸਾਸ ਹੋ ਗਿਆ ਹੈ ਕਿ ਸ਼ਹੀਦ ਭਗਤ ਸਿੰਘ ਨੂੰ 'ਭਾਰਤ-ਰਤਨ' ਮਿਲਣਾ ਚਾਹੀਦਾ ਹੈ। ਅਤੇ ਇਸ ਲਈ ਉਹ ਰਾਸ਼ਟਰਪਤੀ ਕੋਲ ਆਪਣੀ ਇੱਕ ਪਟੀਸ਼ਨ ਪੇਸ਼ ਕਰਨ ਦੀ ਯੋਜਨਾ ਉਲੀਕ ਰਹੇ ਹਨ। ਅਕਾਲੀਆਂ ਨੂੰ ਇਹ ਵੀ ਸਮੱਸਿਆ ਹੈ ਕਿ ਦਿੱਲੀ ਵਿਧਾਨ ਸਭਾ ਦੀ ਚਾਰਦੀਵਾਰੀ ਅੰਦਰ ਸ਼ਹੀਦ ਦਾ ਬਿਨਾ ਦਸਤਾਰ ਵਾਲਾ ਬੁੱਤ ਕਿਉਂ ਸਥਾਪਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੀ ਮੁੱਖ ਸਲਾਹਕਾਰ ਜੱਥੇਬੰਦੀ ਆਰ.ਐਸ.ਐਸ. ਵੀ ਇਸ ਮੁੱਦੇ 'ਤੇ ਕਾਫ਼ੀ ਉਤਸ਼ਾਹਿਤ ਹੈ। ਇੰਝ ਜਾਪਦਾ ਹੈ ਕਿ ਰਾਸ਼ਟਰਵਾਦ ਦੀ ਬਹਿਸ ਵਿੱਚ ਸ਼ਹੀਦ ਭਗਤ ਸਿੰਘ ਅਚਾਨਕ ਹੀ ਵਾਜਬ ਹੋ ਗਏ ਹਨ। ਕਿਸੇ ਦੀ ਦੇਸ਼-ਭਗਤੀ ਨੂੰ ਪਰਖਣ ਲਈ ਉਹ ਇੱਕ ਅੰਤਿਮ ਮਾਪਦੰਡ ਹਨ ਤੇ ਸ਼ਸ਼ੀ ਥਰੂਰ ਜੇ ਕਨਹੱਈਆ ਕੁਮਾਰ ਦੀ ਤੁਲਨਾ ਸ਼ਹੀਦ ਭਗਤ ਨਾਲ ਕਰਨ ਦੀ ਜੁੱਰਅਤ ਕਰਦੇ ਹਨ, ਤਾਂ ਲੋਕ ਹਜ਼ਾਰਾਂ ਭਾਗਾਂ 'ਚ ਵੰਡੇ ਜਾਂਦੇ ਹਨ। ਪਿੱਛੇ ਜਿਹੇ ਮੈਂ ਇੱਕ ਟੀ.ਵੀ. ਬਹਿਸ ਵਿੱਚ ਭਾਗ ਲਿਆ ਤੇ ਇੱਕ ਮੁਟਿਆਰ ਇਸ ਤੁਲਨਾ ਤੋਂ ਇੰਨੀ ਜ਼ਿਆਦਾ ਗੁੱਸੇ ਸੀ ਤੇ ਇੰਨਾ ਤਾਅ ਖਾ ਰਹੀ ਸੀ ਕਿ ਉਸ ਦੇ ਮੂੰਹ ਵਿੱਚੋਂ ਝੱਗ ਤੱਕ ਨਿੱਕਲ਼ ਰਹੀ ਸੀ। ਮੈਂ ਉਸ ਦੀ ਬੇਚੈਨੀ ਤੇ ਦਰਦ ਨੂੰ ਮਹਿਸੂਸ ਕਰਦਾ ਸਾਂ।

ਬੇਸ਼ਕ, ਸ਼ਹੀਦ ਭਗਤ ਸਿੰਘ ਸਾਡੇ ਸਮੂਹ ਭਾਰਤੀਆਂ ਲਈ ਸਦਾ ਬਹੁਤ ਹੀ ਸਤਿਕਾਰਯੋਗ ਸ਼ਖ਼ਸੀਅਤ ਰਹੇ ਹਨ। ਉਹ ਆਜ਼ਾਦੀ ਸੰਘਰਸ਼ ਦੇ ਇੱਕ ਪ੍ਰਤੀਮੂਰਤੀ-ਚਰਿੱਤਰ ਹਨ। ਇਸ ਤੱਥ ਤੋਂ ਵੀ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਉਨ੍ਹਾਂ ਦੇ ਗਾਂਧੀ ਜੀ ਨਾਲ ਵਿਚਾਰਧਾਰਕ ਮਤਭੇਦ ਸਨ। ਗਾਂਧੀ ਜੀ ਨੇ ਆਜ਼ਾਦੀ-ਪ੍ਰਾਪਤੀ ਲਈ ਉਨ੍ਹਾਂ ਦੇ ਹਿੰਸਕ ਸਾਧਨਾਂ ਨੂੰ ਕਦੇ ਪ੍ਰਵਾਨ ਨਹੀਂ ਕੀਤਾ। ਪਰ 1931 'ਚ ਭਗਤ ਸਿੰਘ ਦੀ ਕੁਰਬਾਨੀ ਨੇ ਸਮੁੱਚੇ ਰਾਸ਼ਟਰ ਨੂੰ ਤਦ ਹਿਲਾ ਕੇ ਰੱਖ ਦਿੱਤਾ ਸੀ, ਜਦੋਂ ਉਨ੍ਹਾਂ ਨੂੰ ਸੁਖਦੇਵ ਤੇ ਰਾਜਗੁਰੂ ਨਾਲ ਫਾਂਸੀ ਦੇ ਦਿੱਤੀ ਗਈ ਸੀ। ਤਦ ਸ਼ਹੀਦ ਭਗਤ ਸਿੰਘ ਕੇਵਲ 23 ਸਾਲਾਂ ਦੇ ਸਨ। ਉਹ ਇਨਕਲਾਬੀਆਂ ਦੀਆਂ ਆਉਣ ਵਾਲੀਆਂ ਅਨੇਕਾਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣ ਗਏ ਸਨ। ਪਰ ਆਰ.ਐਸ.ਐਸ./ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਸਹਿਯੋਗੀ ਪਾਰਟੀਆਂ ਜਦੋਂ ਇਸ ਸ਼ਹੀਦ ਨੂੰ ਇੱਕ ਵੱਖਰੀ ਵਿਆਖਿਆ ਰਾਹੀਂ ਅਪਨਾਉਣ ਦੀ ਗੱਲ ਕਰਦੀਆਂ ਹਨ, ਤਾਂ ਉਹ ਗੱਲ ਬਹੁਤੀ ਪ੍ਰੇਰਣਾਦਾਇਕ ਨਹੀਂ ਰਹਿੰਦੀ। ਇਸ ਤੋਂ ਪਹਿਲਾਂ ਇੰਝ ਹੀ ਸਰਦਾਰ ਪਟੇਲ ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਵਾਜਬ ਠਹਿਰਾਉਣ ਦੀ ਵੀ ਕੋਸ਼ਿਸ਼ ਹੋਈ ਸੀ। ਇਨ੍ਹਾਂ ਦੋਵਾਂ ਦਾ ਆਰ.ਐਸ.ਐਸ. ਨਾਲ ਕੋਈ ਸਬੰਧ ਨਹੀਂ ਸੀ ਅਤੇ ਆਰ.ਐਸ.ਐਸ. ਇੱਕ ਅਜਿਹੀ ਜੱਥੇਬੰਦੀ ਹੈ, ਜਿਸ ਨੇ ਆਜ਼ਾਦੀ ਸੰਘਰਸ਼ ਵਿੱਚ ਕਦੇ ਭਾਗ ਨਹੀਂ ਲਿਆ। ਇਹ ਦੋਵੇਂ ਆਗੂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਨ। ਮੈਂ ਸਰਦਾਰ ਪਟੇਲ ਦੀ ਆਰ.ਐਸ.ਐਸ. ਨਾਲ ਹਲਕੀ ਜਿਹੀ ਵਿਚਾਰਧਾਰਕ ਸਮਾਨਤਾ ਨੂੰ ਸਮਝ ਸਕਦਾ ਹਾਂ ਪਰ ਸੁਭਾਸ਼ ਬੋਸ ਤਾਂ ਬਿਲਕੁਲ ਵੱਖਰੀ ਕਿਸਮ ਦੇ ਇਨਸਾਨ ਸਨ। ਉਨ੍ਹਾਂ ਦਾ ਝੁਕਾਅ ਸਮਾਜਵਾਦੀ ਸੀ ਤੇ ਉਹ ਇੱਕ ਇਨਕਲਾਬੀ ਸਨ।

ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਦੀ ਆਰ.ਐਸ.ਐਸ./ਭਾਜਪਾ ਨਾਲ਼ ਕਿਸੇ ਕਿਸਮ ਦੀ ਕੋਈ ਵਿਚਾਰਧਾਰਕ ਨੇੜਤਾ ਜਾਂ ਸਮਾਨਤਾ ਦਾ ਕੋਈ ਸੁਆਲ ਹੀ ਪੈਦਾ ਨਹੀਂ ਹੁੰਦਾ। ਹਕੀਕਤ ਤਾਂ ਇਹ ਵੀ ਹੈ ਕਿ ਇਸ ਮੁੱਦੇ 'ਤੇ ਮੇਰੇ ਮਨ ਵਿੱਚ ਕਿਸੇ ਕਿਸਮ ਦਾ ਕੋਈ ਭੰਬਲ਼ਭੂਸਾ ਨਹੀਂ ਹੈ ਕਿ ਜੇ ਕਿਤੇ ਅੱਜ ਸ਼ਹੀਦ ਭਗਤ ਸਿੰਘ ਜਿਊਂਦੇ ਹੁੰਦੇ, ਤਾਂ ਉਹ ਮੋਦੀ ਸਰਕਾਰ ਤੇ ਆਰ.ਐਸ.ਐਸ. ਦੇ ਸਖ਼ਤ ਆਲੋਚਕ ਹੁੰਦੇ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਮੁੱਦੇ 'ਤੇ ਆਰ.ਐਸ./ਮੋਦੀ ਸਰਕਾਰ ਦੇ ਸਟੈਂਡ ਤੋਂ ਭਗਤ ਸਿੰਘ ਨੇ ਨਿਸ਼ਚਤ ਤੌਰ 'ਤੇ ਬਹੁਤ ਗੁੱਸੇ ਹੋਣਾ ਸੀ। ਆਰ.ਐਸ.ਐਸ./ਮੋਦੀ ਸਰਕਾਰ ਨੇ ਇਸ ਯੂਨੀਵਰਸਿਟੀ ਨੂੰ ਦਹਿਸ਼ਤਗਰਦਾਂ ਤੇ ਰਾਸ਼ਟਰ-ਵਿਰੋਧੀਆਂ ਦਾ ਗੜ੍ਹ ਕਰਾਰ ਦੇਣ ਦੀ ਇੱਕ ਮੁਹਿੰਮ ਵਿੱਢ ਦਿੱਤੀ ਹੈ। ਆਰ.ਐਸ.ਐਸ. ਸਦਾ ਸਾਮਵਾਦ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰਦੀ ਰਹੀ ਹੈ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਤਾਂ ਕਮਿਊਨਿਸਟ ਵਿਚਾਰਧਾਰਾ ਬਹੁਤ ਭਾਰੂ ਹੈ। ਭਾਰਤ ਵਿਰੋਧੀ ਨਾਅਰੇਬਾਜ਼ੀ ਕਾਰਣ ਹੀ ਲੋਕਾਂ ਨੂੰ ਇਹ ਕਹਿਣ ਦਾ ਮੌਕਾ ਮਿਲਿਆ ਕਿ 'ਇਹ ਯੂਨੀਵਰਸਿਟੀ ਤਾਂ ਬਦਮਾਸ਼ਾਂ ਦਾ ਪਹਿਲਾ ਅੱਡਾ ਬਣ ਕੇ ਰਹਿ ਗਈ ਹੈ'। ਇਹ ਗੱਲ ਮੈਨੂੰ ਪਰੇਸ਼ਾਨ ਕਰਦੀ ਹੈ ਜਦੋ ਮੈਂ ਵੇਖਦਾ ਹਾਂ ਕਿ ਆਰ.ਐਸ.ਐਸ. ਹੁਣ ਸ਼ਹੀਦ ਭਗਤ ਸਿੰਘ ਨੂੰ ਵਾਜਬ ਠਹਿਰਾਉਣ ਤੇ ਉਨ੍ਹਾਂ ਰਾਸ਼ਟਰਵਾਦ ਤੇ ਦੇਸ਼-ਭਗਤੀ ਦਾ ਇੱਕ ਮਾਪਦੰਡ ਬਣਾਉਣ ਦੇ ਜਤਨ ਕਰ ਰਹੀ ਹੈ।

ਸ਼ਹੀਦ ਭਗਤ ਸਿੰਘ ਇੱਕ ਕਮਿਊਨਿਸਟ ਸਨ। ਬਹੁਤ ਛੋਟੀ ਉਮਰੇ ਹੀ ਉਨ੍ਹਾਂ ਨੇ ਕਾਰਲ ਮਾਰਕਸ ਤੇ ਲੈਨਿਨ ਦੀ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝ ਕੇ ਅਪਣਾ ਲਿਆ ਸੀ। ਉਹ ਬਾਲਸ਼ਵਿਕ ਇਨਕਲਾਬ ਤੋਂ ਪ੍ਰੇਰਿਤ ਸਨ ਤੇ ਲੈਨਿਨ ਉਨ੍ਹਾਂ ਦੇ ਆਦਰਸ਼ ਸਨ। ਉਹ ਭਾਰਤ ਦੀ ਆਜ਼ਾਦੀ ਦੇ ਬੀਜ ਤੇ ਇਸ ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਸੋਵੀਅਤ ਯੂਨੀਅਨ ਦੇ ਕਮਿਊਨਿਸਟ ਇਨਕਲਾਬ ਵਿੱਚ ਵੇਖਦੇ ਸਨ। ਉਨ੍ਹਾਂ ਨੂੰ ਦ੍ਰਿੜ੍ਹ ਵਿਸ਼ਵਾਸ ਸੀ ਕਿ 'ਪ੍ਰੋਲੇਤਾਰੀਆਂ ਦੀ ਤਾਨਾਸ਼ਾਹੀ' ਨੇ ਹੀ ਭਾਰਤ ਦੇ ਗ਼ਰੀਬਾਂ ਨੂੰ ਸਮਾਜਕ-ਆਰਥਿਕ ਜ਼ੰਜੀਰਾਂ ਤੋਂ ਆਜ਼ਾਦ ਕਰ ਦੇਣਾ ਹੈ। ਜਿਹੜਾ ਪੈਂਫ਼ਲੈਂਟ ਉਨ੍ਹਾਂ ਨੇ ਸੁਖਦੇਵ ਤੇ ਰਾਜਗੁਰੂ ਨਾਲ ਮਿਲ ਕੇ ਅਸੈਂਬਲੀ ਵਿੱਚ ਸੁੱਟਿਆ ਸੀ; ਜਿਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਬਾਅਦ 'ਚ ਫਾਂਸੀ ਦੇ ਦਿੱਤੀ ਗਈ ਸੀ; ਉਹ ਕਾਰਲ ਮਾਰਕਸ ਦੀ ਕਿਤਾਬ 'ਡੈਸ ਕੈਪੀਟਲ' ਤੇ ਕਮਿਊਨਿਸਟ ਮੈਨੀਫ਼ੈਸਟੋ ਦੀ ਬੁਨਿਆਦੀ ਭਾਵਨਾ ਨੂੰ ਹੀ ਤਾਂ ਦਰਸਾਉਂਦਾ ਸੀ। ਉਸ ਵਿੱਚ ਲਿਖਿਆ ਸੀ,''ਮਨੁੱਖਤਾ ਦਾ ਛੁਟਕਾਰਾ ਉਦੋਂ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਮਨੁੱਖ ਹੀ ਮਨੁੱਖਾਂ ਦਾ ਤੇ ਕੁੱਝ ਦੇਸ਼ ਦੂਜੇ ਦੇਸ਼ਾਂ ਦਾ ਸ਼ੋਸ਼ਣ ਕਰਦੇ ਰਹਿਣਗੇ ਅਤੇ ਸਾਮਰਾਜਵਾਦ ਦੀ ਅਸਲ ਭਾਵਨਾ ਨੂੰ ਨੱਥ ਨਹੀਂ ਪਾਈ ਜਾਂਦੀ।'' ਉਹ ਅਕਸਰ ਆਖਿਆ ਕਰਦੇ ਸਨ ਕਿ ਹਕੂਮਤ ਨਹੀਂ, ਸਗੋਂ ਸਾਡੀ ਪ੍ਰਣਾਲੀ ਬਦਲਣੀ ਚਾਹੀਦੀ ਹੈ। ਉਸ ਪੈਂਫ਼ਲੈਟ 'ਤੇ ਅੱਗੇ ਲਿਖਿਆ ਸੀ,''ਮਨੁੱਖਤਾ ਨੂੰ ਕੇਵਲ ਤਦ ਹੀ ਆਜ਼ਾਦੀ ਮਿਲ ਸਕਦੀ ਹੈ ਜੇ ਵਿਸ਼ਵ ਨੂੰ ਪੂੰਜੀਵਾਦ ਤੇ ਸਾਮਰਾਜਵਾਦ ਦੀ ਜੰਗ ਦੀ ਤਬਾਹੀ ਦੇ ਕਹਿਰ ਤੋਂ ਆਜ਼ਾਦ ਕੀਤਾ ਜਾਵੇਗਾ।'' ਪਰ ਆਰ.ਐਸ.ਐਸ. ਤਾਂ ਕੇਵਲ ਹਿੰਦੂ ਏਕਤਾ ਦੀ ਗੱਲ ਕਰਦੀ ਹੈ, ਪ੍ਰੋਲੇਤਾਰੀਆਂ ਦੀ ਏਕਤਾ ਦੀ ਨਹੀਂ। ਪਰ ਸ਼ਹੀਦ ਭਗਤ ਦਾ ਵਿਚਾਰ ਸੀ ਕਿ ਕਾਮਿਆਂ ਨੂੰ ਲੋਕਾਂ ਦੀ ਸਰਕਾਰ ਸਥਾਪਤ ਕਰਨ ਲਈ ਇੱਕਜੁਟ ਹੋ ਜਾਣਾ ਚਾਹੀਦਾ ਹੈ।

ਸਮਾਜਵਾਦ ਦਾ ਇਹ ਮੰਨਣਾ ਹੈ ਕਿ ਧਰਮ ਲੋਕਾਂ 'ਚ ਵੰਡੀਆਂ ਪਾਉਂਦਾ ਹੈ ਅਤੇ ਮਾਰਕਸ ਨੇ ਕਿਹਾ ਹੈ ਕਿ ਮਾਰਕਸ ਨੇ ਧਰਮ ਨੂੰ ਆਮ ਲੋਕਾਂ ਲਈ 'ਅਫ਼ੀਮ' ਦੱਸਿਆ ਹੈ ਅਤੇ ਧਰਮ ਤੇ ਈਸ਼ਵਰ ਦੀ ਧਾਰਨਾ ਨੂੰ ਰੱਦ ਕੀਤਾ ਹੈ। ਪਰ ਆਰ.ਐਸ.ਐਸ. ਦੀ ਵਿਚਾਰਧਾਰਾ ਦਾ ਤਾਂ ਮੁੱਖ ਕੇਂਦਰੀ-ਬਿੰਦੂ ਹੀ ਧਰਮ ਹੈ। ਭਗਤ ਸਿੰਘ ਸਾਮਵਾਦ ਤੇ ਸਮਾਜਵਾਦ ਦੀ ਸੱਚੀ ਭਾਵਨਾ ਵਿੱਚ ਇੱਕ ਨਾਸਤਿਕ ਸਨ। ਅਤੇ ਇਹ ਗੱਲ ਉਨ੍ਹਾਂ ਕਿਸੇ ਤੋਂ ਲੁਕਾਈ ਨਹੀਂ ਸੀ। ਉਨ੍ਹਾਂ ਦਾ ਪੈਂਫ਼ਲੈਟ 'ਮੈਂ ਨਾਸਤਿਕ ਕਿਉਂ ਹਾਂ'; ਹਰੇਕ ਦੇ ਪੜ੍ਹਨ ਲਈ ਇੱਕ ਇਤਿਹਾਸਕ ਦਸਤਾਵੇਜ਼ ਹੈ। ਇਸ ਰਾਹੀਂ 'ਭਗਤ ਸਿੰਘ' ਨਾਂਅ ਦੇ ਇਸ ਵਿਅਕਤੀ ਦੀ ਅੰਦਰੂਨੀ ਸੋਚ ਤੇ ਸਮਝ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਉਹ ਰੱਬ ਦੀ ਹੋਂਦ ਨੂੰ ਚੁਣੌਤੀ ਦਿੰਦੇ ਹਨ। ਉਹ ਸੁਆਲ ਪੁੱਛਦੇ ਹਨ - ਜੇ ਇੱਥੇ ਕੋਈ ਈਸ਼ਵਰ ਹੈ, ਤਾਂ ਇਸ ਸੰਸਾਰ ਵਿੱਚ ਇੰਨੇ ਜ਼ਿਆਦਾ ਦੁੱਖ ਕਿਉਂ ਹਨ? ਇੱਥੇ ਲੋਕ ਗ਼ਰੀਬ ਕਿਉਂ ਹਨ? ਉਹ ਆਪਣੇ ਪੈਂਫ਼ਲੈਟ ਵਿੱਚ ਲਿਖਦੇ ਹਨ - 'ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇੱਥੇ ਕੋਈ ਸਰਬਸ਼ਕਤੀਮਾਨ, ਸਭ ਤੋਂ ਵੱਧ ਸਿਆਣਾ ਤੇ ਸਰਬਵਿਆਪਕ ਈਸ਼ਵਰ ਹੈ, ਜਿਸ ਨੇ ਇਸ ਵਿਸ਼ਵ ਦੀ ਸਿਰਜਣਾ ਕੀਤੀ ਹੈ, ਤਦ ਕੋਈ ਮੈਨੂੰ ਇਹ ਦੱਸੇ ਕਿ ਉਸ ਨੇ ਇਸ ਸੰਸਾਰ ਨੂੰ ਕਿਉਂ ਸਿਰਜਿਆ ਹੈ, ਜੋ ਕਿ ਦੁੱਖਾਂ ਤੇ ਦਰਦਾਂ ਨਾਲ ਭਰਿਆ ਪਿਆ ਹੈ? ਇੱਕ ਵੀ ਵਿਅਕਤੀ ਖ਼ੁਸ਼ ਨਹੀਂ ਹੈ?'

ਪਰ ਆਰ.ਐਸ.ਐਸ. ਤਾਂ ਪੂਰੀ ਤਰ੍ਹਾਂ ਇਸ ਰੰਗ-ਦ੍ਰਿਸ਼ ਦੇ ਦੂਜੇ ਪਾਸੇ ਹੈ। ਕੀ ਮੈਂ ਪੁੱਛ ਸਕਦਾ ਹਾਂ ਕਿ ਕੀ ਆਰ.ਐਸ.ਐਸ. ਭਗਤ ਸਿੰਘ ਵੱਲੋਂ ਰੱਬ ਦੀ ਹੋਂਦ ਤੋਂ ਇਨਕਾਰ ਕਰਨ ਤੇ ਧਰਮ ਨੂੰ ਨਖਿੱਧਣ ਨੂੰ ਪ੍ਰਵਾਨ ਕਰਦੀ ਹੈ? ਕੀ ਉਹ ਭਗਤ ਸਿੰਘ ਦੀ ਕਮਿਊਨਿਸਟ ਸੋਚਣੀ ਨੂੰ ਪ੍ਰਵਾਨ ਕਰਦੀ ਹੈ? ਜੇ ਹਾਂ, ਤਾਂ ਉਸ ਦੇ ਦੂਜੇ ਮੁਖੀ ਗੁਰੂ ਜੀ ਗੋਲਵਾਲਕਰ ਨੇ ਆਪਣੀ ਕਿਤਾਬ 'ਦਾ ਬੰਚ ਆੱਫ਼ ਥੌਟਸ' (ਵਿਚਾਰਾਂ ਦਾ ਗੁੱਛਾ) ਵਿੱਚ ਇਹ ਕਿਉਂ ਲਿਖਿਆ ਹੈ ਕਿ ਭਾਰਤ ਦੇ ਤਿੰਨ ਦੁਸ਼ਮਣ ਕਮਿਊਨਿਸਟ, ਮੁਸਲਿਮ ਤੇ ਈਸਾਈ ਹਨ। ਇਹ ਤਾਂ ਆਪਣੇ-ਆਪ ਵਿੱਚ ਹੀ ਆਪਾ-ਵਿਰੋਧ ਹੈ। ਗੋਲਵਾਲਕਰ ਦੇ ਤਰਕ ਮੁਤਾਬਕ ਤਾਂ ਆਰ.ਐਸ.ਐਸ. ਅਤੇ ਭਗਤ ਸਿੰਘ ਕਦੇ ਇਕੱਠੇ ਚੱਲ ਹੀ ਨਹੀਂ ਸਕਦੇ। ਦੋਵਾਂ ਦੇ ਹੱਥ ਮਿਲਾ ਲੈਣ ਦੀ ਕਿਤੇ ਕੋਈ ਸੰਭਾਵਨਾ ਨਹੀਂ ਹੈ।

ਇਹ ਗੱਲ ਵੀ ਬਹੁਤ ਦਿਲਚਸਪ ਹੈ ਕਿ ਭਗਤ ਸਿੰਘ ਤਾਂ ਜਵਾਹਰਲਾਲ ਨਹਿਰੂ ਦੇ ਪ੍ਰਸ਼ੰਸਕ ਸਨ, ਜਿਸ ਨੂੰ ਆਰ.ਐਸ.ਐਸ./ਮੋਦੀ ਸਰਕਾਰ ਨਫ਼ਰਤ ਕਰਦੇ ਹਨ। ਭਗਤ ਸਿੰਘ ਨੇ ਨਹਿਰੂ ਤੇ ਸੁਭਾਸ਼ ਚੰਦਰ ਬੋਸ ਦੀ ਤੁਲਨਾ ਕਰਦਿਆਂ ਕਿਹਾ ਹੈ ਕਿ ਬੋਸ ਭਾਵਨਾਤਮਕ ਹਨ ਪਰ ਨਹਿਰੂ ਬਹੁਤ ਤਰਕਪੂਰਨ ਹਨ। ਉਹ ਪੰਜਾਬ ਦੇ ਨੌਜਵਾਨਾਂ ਨੂੰ 'ਬੋਸ ਤੇ ਨਹਿਰੂ ਦੇ ਵਿਚਕਾਰਲਾ ਰਾਹ ਅਪਨਾਉਣ ਦਾ ਸੱਦਾ ਦਿੰਦੇ ਹਨ ਤੇ ਨਹਿਰੂ ਕੋਲ ਪੰਜਾਬ ਦੀ ਜਨਤਾ ਦੀ ਮਾਨਸਿਕ ਭੁੱਖ ਨੂੰ ਤ੍ਰਿਪਤ ਕਰਨ ਦੀ ਸਮਰੱਥਾ ਹੈ।' ਕੀ ਇਹ ਗੱਲ ਆਰ.ਐਸ.ਐਸ. ਦੇ ਸੰਘ 'ਚੋਂ ਹੇਠਾਂ ਲੰਘੇਗੀ? ਨਹੀਂ! ਆਰ.ਐਸ.ਐਸ. ਨੇ ਤਾਂ ਨਹਿਰੂ ਨੂੰ ਛੁਟਿਆਉਣ ਤੇ ਭਾਰਤ ਵਿੱਚ ਉਨ੍ਹਾਂ ਦੀ ਹਰਮਨਪਿਆਰਤਾ ਨੂੰ ਖ਼ਤਮ ਕਰਨ ਲਈ ਸਰਦਾਰ ਪਟੇਲ ਤੇ ਸੁਭਾਸ਼ ਚੰਦਰ ਬੋਸ ਦਾ ਸਹਾਰਾ ਲਿਆ ਹੈ ਕਿਉਂਕਿ ਇਸ ਜੱਥੇਬੰਦੀ ਨੂੰ ਯਕੀਨ ਹੈ ਕਿ ਜਦੋਂ ਤੱਕ ਰਾਸ਼ਟਰ ਵਿੱਚ ਨਹਿਰੂਵਾਦੀ ਉਦਾਰਵਾਦ ਦੀ ਵਿਚਾਰਧਾਰਾ ਭਾਰੂ ਹੈ, ਤਦ ਤੱਕ ਇੱਥੇ ਆਰ.ਐਸ.ਐਸ. ਦੇ ਵਿਚਾਰਾਂ ਦਾ ਏਕਾਧਿਕਾਰ ਕਾਇਮ ਨਹੀਂ ਹੋ ਸਕਦਾ।

ਹੁਣ ਕਿਉਂਕਿ ਦੇਸ਼ ਵਿੱਚ ਮੋਦੀ ਸਰਕਾਰ ਦਾ ਰਾਜ ਹੈ, ਇਸ ਲਈ ਨਹਿਰੂ ਦੇ ਵਿਚਾਰਾਂ ਵਾਲੇ ਭਾਰਤ ਨੂੰ ਹੀਣ ਵਿਖਾਉਣ ਲਈ ਹਰ ਜਤਨ ਕੀਤਾ ਗਿਆ ਹੈ। ਕੀ ਮੈਂ ਇਹ ਮੰਨ ਕੇ ਕੋਈ ਗ਼ਲਤੀ ਕੀਤੀ ਹੈ ਕਿ ਭਗਤ ਸਿੰਘ ਨੂੰ ਵਾਜਬ ਠਹਿਰਾਉਣ ਲਈ ਨਹਿਰੂ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਵੀ ਕਰਨੀ ਹੋਵੇਗੀ। ਕੀ ਇਸ ਦਾ ਅਰਥ ਇਹ ਹੈ ਕਿ ਆਰ.ਐਸ.ਐਸ. ਨੇ ਗੋਲਵਾਲਕਰ ਦੀਆਂ ਦਲੀਲਾਂ ਦੇ ਵਿਰੁੱਧ ਜਾ ਕੇ ਕਮਿਊਨਿਸਟਾਂ ਪ੍ਰਤੀ ਆਪਣੀ ਸਥਿਤੀ ਵਿੱਚ ਕੁੱਝ ਸੋਧ ਕਰ ਲਈ ਹੈ? ਕੀ ਆਰ.ਐਸ.ਐਸ. ਦਾ ਇਹ ਵੀ ਵਿਚਾਰ ਹੈ ਕਿ ਧਰਮ ਇੱਕ ਪਿਛਾਖੜੀ ਸੋਚ ਹੈ, ਜਿਵੇਂ ਭਗਤ ਸਿੰਘ ਚਾਹੁੰਦੇ ਸਨ ਕਿ ਅਸੀਂ ਵਿਸ਼ਵਾਸ ਕਰੀਏ।

ਇਨ੍ਹਾਂ ਸੁਆਲਾਂ 'ਤੇ, ਮੈਨੂੰ ਯਕੀਨ ਹੈ, ਆਰ.ਐਸ.ਐਸ. ਨੇ ਆਪਣੀ ਕਿਸੇ ਸਥਿਤੀ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ ਹੈ ਕਿਉਂਕਿ ਉਹ ਅਸਲ ਵਿੱਚ ਜੋ ਕੁੱਝ ਕਰ ਰਹੀ ਹੈ ਤੇ ਜਿਹੋ ਜਿਹੀਆਂ ਬਿਆਨਬਾਜ਼ੀਆਂ ਦੇ ਰਹੀ ਹੈ, ਉਨ੍ਹਾਂ ਤੋਂ ਤਾਂ ਸਭ ਕੁੱਝ ਉਲਟਾ ਹੀ ਦਿਸਦਾ ਹੈ। ਇਸ ਲਈ ਉਸ ਵੱਲੋਂ ਭਗਤ ਸਿੰਘ ਨੂੰ ਵਾਜਬ ਠਹਿਰਾਉਣ ਦਾ ਇੱਕੋ ਇੱਕ ਮੰਨਣਯੋਗ ਕਾਰਣ ਇਹੋ ਹੈ ਕਿ ਉਹ ਉਨ੍ਹਾਂ ਦੀ ਸ਼ਹਾਦਤ ਨੂੰ ਹੋਰਨਾਂ ਨੂੰ ਗ਼ਲਤ ਸਿੱਧ ਕਰਨ ਅਤੇ ਆਪਣੇ ਸੌੜੇ ਸਿਆਸੀ ਹਿਤਾਂ ਲਈ ਇੱਕ ਸੰਦ ਵਜੋਂ ਵਰਤਣਾ ਚਾਹੁੰਦੀ ਹੈ। ਪਰ ਮੈਂ ਇੱਥੇ ਇਹ ਆਖਣਾ ਚਾਹਾਂਗਾ ਕਿ ਭਗਤ ਸਿੰਘ ਇੱਕ ਬਹੁਤ ਵੱਡੇ ਆਦਰਸ਼ ਹਨ ਤੇ ਉਨ੍ਹਾਂ ਦਾ ਨਾਂਅ ਇਸ ਸਸਤੀ ਸਿਆਸਤ ਵਿੱਚ ਘਸੀਟਿਆ ਨਹੀਂ ਜਾਣਾ ਚਾਹੀਦਾ। ਇਸ ਨਾਲ ਉਨ੍ਹਾਂ ਦੀ ਵਿਰਾਸਤ ਤੇ ਇਨਕਲਾਬੀ ਉਤਸ਼ਾਹ ਦਾ ਅਪਮਾਨ ਹੋਵੇਗਾ।

ਲੇਖਕ: ਆਸ਼ੁਤੋਸ਼ 

    Share on
    close