ਕਰੋੜਾਂ ਦੀ ਨੌਕਰੀ ਛੱਡ ਕੇ ਕਾਰੋਬਾਰੀ-ਉੱਦਮੀ ਬਣੇ ਰਾਜੂ ਭੂਪਤੀ

ਕਰੋੜਾਂ ਦੀ ਨੌਕਰੀ ਛੱਡ ਕੇ ਕਾਰੋਬਾਰੀ-ਉੱਦਮੀ ਬਣੇ ਰਾਜੂ ਭੂਪਤੀ

Friday May 13, 2016,

21 min Read

ਕਰੋੜਾਂ ਦੀ ਨੌਕਰੀ ਛੱਡ ਕੇ ਕਾਰੋਬਾਰੀ-ਉੱਦਮੀ ਬਣੇ ਰਾਜੂ ਭੂਪਤੀ ... ਪਹਿਲੀ ਨੌਕਰੀ ਦੀ ਤਨਖ਼ਾਹ ਸੀ ਕੇਵਲ ਇੱਕ ਹਜ਼ਾਰ ਰੁਪਏ ਮਹੀਨਾ ... 15 ਸਾਲ ਆਈ.ਟੀ. ਵਿੱਚ ਵੱਖੋ-ਵੱਖਰੇ ਅਹੁਦਿਆਂ ਉਤੇ ਨੌਕਰੀ ਕੀਤੀ ... 3 ਕਰੋੜ ਰੁਪਏ ਸਾਲਾਨਾ ਦੀ ਤਨਖ਼ਾਹ ਛੱਡ ਕੇ ਸ਼ੁਰੂ ਕੀਤੀ 'ਹੈਲੋਕਰੀ' ... 'ਹੈਲੋਕਰੀ' ਹੈ ਦੁਨੀਆ ਦੀ ਪਹਿਲੀ ਇੰਡੀਅਨ ਫ਼ਾਸਟ-ਫ਼ੂਡ ਹੋਮ ਡਿਲੀਵਰੀ ਚੇਨ ਕੰਪਨੀ ... 'ਹੈਲੋਕਰੀ' ਨੂੰ ਬਣਾਉਣਾ ਚਾਹੁੰਦੇ ਹਨ 'ਮੈਕਡੋਨਾਲਡਜ਼' ਜਿਹਾ ਗਲੋਬਲ ਬ੍ਰਾਂਡ

ਉਨ੍ਹਾਂ ਦੀ ਜ਼ਿੰਦਗੀ ਵਿੱਚ ਕਿੰਨੇ ਉਤਾਰ-ਚੜ੍ਹਾਅ ਹਨ ਕਿ ਸੋਚਿਆ ਵੀ ਨਹੀਂ ਜਾ ਸਕਦਾ। ਨਾਕਾਮੀਆਂ ਵੀ ਹਨ, ਕੁੱਝ ਛੋਟੀਆਂ ਤੇ ਕੁੱਝ ਵੱਡੀਆਂ। ਵੱਡੀਆਂ ਇੰਨੀਆਂ ਕਿ ਕਈ ਸਾਰੇ ਸੁਨਹਿਰੀ ਸੁਫ਼ਨੇ ਇੱਕ ਛਿਣ ਵਿੱਚ ਹੀ ਢਹਿ-ਢੇਰੀ ਹੋ ਕੇ ਰਹਿ ਗਏ। ਪਰ ਨਾਕਾਮੀਆਂ ਤੋਂ ਸਬਕ ਵੀ ਮਿਲੇ। ਇੱਕ ਸਬਕ ਇਹ ਵੀ ਮਿਲਿਆ ਕਿ ਨਾਕਾਮੀ ਦਾ ਮਤਲਬ ਕੇਵਲ ਇਹ ਨਹੀਂ ਕਿ ਕੋਸ਼ਿਸ਼ ਨਾਕਾਮ ਹੋਈ ਹੈ, ਸਗੋਂ ਉਸ ਦਾ ਇੱਕ ਮਤਲਬ ਇਹ ਵੀ ਹੁੰਦਾ ਹੈ ਕਿ ਕੋਸ਼ਿਸ਼ ਹਾਲੇ ਕਾਮਯਾਬ ਨਹੀਂ ਹੋ ਸਕੀ ਹੈ। ਨਾਕਾਮੀਆਂ ਨੇ ਕਿੰਨੀ ਵਾਰ ਉਨ੍ਹਾਂ ਦਾ ਬੂਹਾ ਖੜਕਾਇਆ ਅਤੇ ਕਈ ਵਾਰ ਜੀਵਨ ਵਿੱਚ ਪ੍ਰਵੇਸ਼ ਕੀਤਾ ਪਰ ਸੰਘਰਸ਼ ਅਤੇ ਕਦੇ ਨਾ ਹਾਰਨ ਦੀ ਅਟੁੱਟ ਭਾਵਨਾ ਦਿਲ-ਦਿਮਾਗ਼ ਵਿੱਚ ਕੁੱਝ ਇਸ ਤਰ੍ਹਾਂ ਭਰੀ ਸੀ ਕਿ ਜਤਨ ਜਾਰੀ ਰਹੇ। ਲਗਾਤਾਰ ਜਾਰੀ ਰਹੇ ਜਤਨਾਂ ਕਾਰਣ ਨਾਕਾਮੀਆਂ ਹਾਰ ਕੇ ਪਰਤ ਗਹੀਆਂ। ਮਿਹਨਤ ਰੰਗ ਲਿਆਈ, ਸੰਘਰਸ਼ ਦਾ ਕੋਈ ਲਾਭ ਨਾ ਹੋਇਆ। ਉਤਾਰ-ਚੜ੍ਹਾਅ, ਨਾਕਾਮੀ-ਕਾਮਯਾਬੀ, ਦੁੱਖ-ਸੁੱਖ ਇਨ੍ਹਾਂ ਸਭ ਨਾਲ ਭਰੀ ਹੁਣ ਤੱਕ ਦੀ ਜ਼ਿੰਦਗੀ ਇੱਕ ਅਨੋਖੀ ਕਹਾਣੀ ਬਣ ਗਈ।

image


ਕਹਾਣੀ ਜਿਸ ਸ਼ਖ਼ਸੀਅਤ ਦੀ ਹੈ, ਉਨ੍ਹਾਂ ਦਾ ਨਾਂਅ ਰਾਜੂ ਭੂਪਤੀ ਹੈ, ਜੋ ਕਦੇ ਡਾਕਟਰ ਬਣਨਾ ਚਾਹੁੰਦੇ ਸਨ, ਬਣ ਵੀ ਜਾਂਦੇ, ਪਰ ਜੇ ਬਣਦੇ ਤਾਂ ਸ਼ਾਇਦ ਫ਼ੂਡ-ਇੰਡਸਟਰੀ ਨੂੰ ਇੱਕ ਨਵਾਂ ਅਤੇ ਹੌਸਲਿਆਂ ਨਾਲ ਭਰਪੂਰ ਉਦਮੀ ਨਾ ਮਿਲਦਾ। ਰਾਜੂ ਭੂਪਤੀ ਦੇ ਜੀਵਨ ਵਿੱਚ ਜਿੰਨੀਆਂ ਵੱਡੀਆਂ ਕਾਮਯਾਬੀਆਂ ਹਨ, ਓਨੇ ਹੀ ਹੈਰਾਨ ਕਰ ਦੇਣ ਵਾਲੇ ਛਿਣ ਵੀ ਹਨ। ਔਕੜਾਂ ਨਾਲ ਭਰੇ ਛਿਣ ਉਨ੍ਹਾਂ ਨੂੰ ਠੋਕ ਵਜਾ ਕੇ ਵੇਖਦੇ ਹਨ ਅਤੇ ਪੁੱਛਦੇ ਹਨ ਕਿ ਕੀ ਤੂੰ ਇਸ ਪ੍ਰੀਖਿਆ ਵਿੱਚ ਪਾਸ ਹੋ ਜਾਵੇਂਗਾ ਤੇ ਉਹ ਕੋਈ ਅਜਿਹਾ ਫ਼ੈਸਲਾ ਲੈਂਦੇ ਹਨ ਕਿ ਕਾਮਯਾਬੀ ਉਨ੍ਹਾਂ ਦੇ ਕਦਮ ਚੁੰਮਦੀ ਹੈ।

ਐਪਲੈਬ ਜਿਹੀ ਵੱਡੀ ਕਾਰਪੋਰੇਟ ਕੰਪਨੀ ਦੇ ਅਸਿਸਟੈਂਟ ਵਾਈਸ-ਪ੍ਰੈਜ਼ੀਡੈਂਟ ਅਤੇ ਸੀ.ਐਸ.ਸੀ. ਦੀ ਆਈ.ਟੀ.ਐਸ. ਡਿਲੀਵਰੀ ਸਰਵਿਸੇਜ਼ ਦੇ ਮੁਖੀ ਵਜੋਂ ਕੰਮ ਕਰਨ ਵਾਲੇ ਰਾਜੂ ਭੂਪਤੀ ਨੇ ਆਪਣੀ ਜ਼ਿੰਦਗੀ ਦਾ ਅਸਲ ਸਫ਼ਰ 1,000 ਰੁਪਏ ਦੀ ਨੌਕਰੀ ਨਾਲ ਸ਼ੁਰੂ ਕੀਤਾ ਸੀ। ਉਸ ਵੇਲੇ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇੱਕ ਦਿਨ ਉਨ੍ਹਾਂ ਦੀ ਸਾਲਾਨਾ ਤਨਖ਼ਾਹ 3 ਕਰੋੜ ਰੁਪਏ ਹੋ ਜਾਵੇਗੀ। ਲੈਬ ਅਸਿਸਟੈਂਟ ਤੋਂ ਸ਼ੁਰੂ ਹੋਇਆ ਸਫ਼ਰ ਕੰਪਨੀ ਵਿੱਚ ਕਰਮਚਾਰੀਆਂ ਦੇ ਸਿਖ਼ਰਲੇ ਸਥਾਨ ਦੇ ਮੁਕਾਮ ਉਤੇ ਵੀ ਪੁੱਜਾ। ਜ਼ਮੀਨ ਤੋਂ ਆਕਾਸ਼ ਉਤੇ ਪੁੱਜਣ ਦੀ ਇਸ ਕਹਾਣੀ ਵਿੱਚ ਇੱਕ ਵੱਡਾ ਦਿਲਚਸਪ ਮੋੜ ਇਹ ਹੈ ਕਿ ਰਾਜੂ ਭੂਪਤੀ ਨੇ ਇੰਨੀ ਵੱਡੀ ਨੌਕਰੀ ਨੂੰ ਵੀ ਇੱਕ ਦਿਨ ਇਸ ਲਈ ਠੁਕਰਾ ਦਿੱਤਾ ਕਿਉਂਕਿ ਉਨ੍ਹਾਂ ਨੇ ਉੱਦਮੀ ਬਣਨ ਦਾ ਆਪਣਾ ਬਹੁਤ ਪੁਰਾਣਾ ਸੁਫ਼ਨਾ ਸਾਕਾਰ ਕਰਨਾ ਸੀ। 15 ਸਾਲਾਂ ਬਾਅਦ ਨੌਕਰੀ ਤੋਂ ਉਨ੍ਹਾਂ ਦਾ ਮਨ ਅੱਕ ਗਿਆ ਅਤੇ ਉਨ੍ਹਾਂ ਨੇ ਆਪਣਾ ਉੱਦਮ ਸਥਾਪਤ ਕੀਤਾ। ਅੱਜ ਉਹ ਦੇਸ਼-ਵਿਦੇਸ਼ ਵਿੱਚ 'ਹੈਲੋ-ਕਰੀ' ਦੇ ਬਾਨੀ ਵਜੋਂ ਜਾਣੇ ਜਾਂਦੇ ਹਨ।

ਰਾਜੂ ਭੂਪਤੀ ਦੀ ਜੀਵਨ-ਯਾਤਰਾ ਸੁਖਾਲ਼ੀ ਨਹੀਂ ਰਹੀ ਹੈ। ਉਨ੍ਹਾਂ ਨੂੰ ਸੰਘਰਸ਼ਾਂ ਅਤੇ ਨਿਰਾਸ਼ਾਵਾਂ ਦੇ ਇੱਕ ਲੰਮੇ ਦੌਰ ਵਿਚੋਂ ਲੰਘਣਾ ਪਿਆ। ਉਨ੍ਹਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ ਆਂਧਰਾ ਪ੍ਰਦੇਸ਼ ਦੇ ਅਮਲਾਪੁਰਮ ਤੋਂ। ਉਨ੍ਹਾਂ ਦੇ ਪਿਤਾ ਨਰਸਿਮਹਾ ਰਾਜੂ ਹੋਮਿਓਪੈਥੀ ਡਾਕਟਰ ਸਨ। ਉਸ ਤੋਂ ਵੱਧ ਉਹ ਸਮਾਜ ਸੇਵਕ ਸਨ ਅਤੇ ਅਧਿਆਤਮਕ ਵੀ ਸਨ। ਲੋਕਾਂ ਦਾ ਮੁਫ਼ਤ ਇਲਾਜ ਕਰਦੇ ਸਨ। ਉਸ ਮਾਹੌਲ ਵਿੱਚ ਪਲ਼ ਤੇ ਵਧ-ਫੁੱਲ ਰਹੇ ਬਾਲ ਰਾਜੂ ਭੂਪਤੀ ਦੇ ਮਨ ਵਿੱਚ ਵੀ ਪਿਤਾ ਵਾਂਗ ਹੀ ਡਾਕਟਰ ਬਣਨ ਦਾ ਖ਼ਿਆਲ ਆਇਆ।

ਰਾਜੂ ਭੂਪਤੀ ਨੇ ਉਨ੍ਹਾਂ ਦਿਨਾਂ ਨੂੰ ਚੇਤੇ ਕਰਦਿਆਂ ਕਿਹਾ,''ਪਿਤਾ ਜੀ ਹਰਮਨਪਿਆਰੇ ਡਾਕਟਰ ਸਨ। ਅਧਿਆਤਮਕ ਵਿਅਕਤੀ ਸਨ। ਲੋਕਾਂ ਤੋਂ ਪੈਸਾ ਨਹੀਂ ਲੈਂਦੇ ਸਨ। ਹਜ਼ਾਰਾਂ ਮਰੀਜ਼ਾਂ ਦਾ ਇਲਾਜ ਉਨ੍ਹਾਂ ਨੇ ਕੀਤਾ ਹੋਵੇਗਾ। ਮੇਰੇ ਘਰ ਵਿੱਚ ਸਦਾ ਮੇਲਾ ਲੱਗਾ ਰਹਿੰਦਾ ਸੀ। ਰੋਜ਼ਾਨਾ ਇੰਨੇ ਲੋਕ ਪਿਤਾ ਜੀ ਦੇ ਆਲੇ ਦੁਆਲੇ ਹੁੰਦੇ ਕਿ ਪਿਤਾ ਜੀ ਤੱਕ ਮੇਰਾ ਪੁੱਜਣਾ ਵੀ ਔਖਾ ਹੁੰਦਾ ਸੀ। ਉਹ ਲਗਾਤਾਰ ਵਿਭਿੰਨ ਗਤੀਵਿਧੀਆਂ ਵਿੱਚ ਸਰਗਰਮ ਰਹਿੰਦੇ। ਮੈਨੂੰ ਵੀ ਲੱਗਾ ਕਿ ਉਨ੍ਹਾਂ ਵਾਂਗ ਹੀ ਬਣਨਾ ਚਾਹੀਦਾ ਹੈ। ਉਨ੍ਹਾਂ ਦੀ ਵਿਰਾਸਤ ਅਪਨਾਉਣੀ ਚਾਹੀਦੀ ਹੈ। ਭਾਵੇਂ ਉਨ੍ਹਾਂ ਵਾਂਗ ਅਧਿਆਤਮਕ ਵਿਚਾਰ ਮੈਂ ਆਪਣੇ ਅੰਦਰ ਬਿਲਕੁਲ ਨਹੀਂ ਲਿਆ ਸਕਦਾ ਸਾਂ, ਪਰ ਦਿਮਾਗ਼ ਮੇਰੇ ਵਿੱਚ ਉਹ ਸਾਰੀਆਂ ਗੱਲਾਂ ਹੁੰਦੀਆਂ ਸਨ। ਮੈਂ ਵੀ ਡਾਕਟਰ ਬਣਨ ਦਾ ਇਰਾਦਾ ਕੀਤਾ ਅਤੇ ਇੰਟਰ ਵਿੱਚ ਬਾਈਪੀਸੀ (ਜੀਵ-ਵਿਗਿਆਨ, ਭੌਤਿਕ ਵਿਗਿਆਨ ਅਤੇ ਰਸਾਇਣਕ ਵਿਗਿਆਨ) ਦੀ ਸਿੱਖਿਆ ਲੈਣ ਲਈ ਕਾਲਜ ਵਿੱਚ ਦਾਖ਼ਲਾ ਲਿਆ। ਤਦ ਤੱਕ ਮੇਰੀ ਕਹਾਣੀ ਠੀਕ ਚੱਲ ਰਹੀ ਸੀ ਪਰ ਵਿਗਿਆਨ ਦੀ ਪੜ੍ਹਾਈ ਔਖੀ ਸੀ, ਮੈਂ ਨਾ ਪੜ੍ਹ ਸਕਦਾ ਸਾਂ ਨਾ ਧਿਆਨ ਦੇ ਸਕਦਾ ਸਾਂ। ਮੈਂ ਖ਼ੁਦ ਨਹੀਂ ਜਾਣਦਾ ਸਾਂ ਕਿ ਮੈਂ ਕੀ ਕਰ ਸਕਦਾ ਹਾਂ।''

ਦਰਅਸਲ, ਪਿਤਾ ਵੀ ਰਾਜੂ ਭੂਪਤੀ ਨੂੰ ਡਾਕਟਰ ਬਣਾਉਣਾ ਲੋਚਦੇ ਸਨ। ਭੂਪਤੀ ਨੇ ਮੈਡੀਕਲ ਕਾਲਜ ਵਿੱਚ ਦਾਖ਼ਲੇ ਲਈ ਜ਼ਰੂਰੀ 'ਦਾਖ਼ਲਾ ਪ੍ਰੀਖਿਆ' 'ਐਮਸੈਟ' ਵੀ ਲਿਖੀ, ਪਰ ਰੈਂਕ ਇੰਨਾ ਨਹੀਂ ਆਇਆ ਕਿ ਉਨ੍ਹਾ ਨੂੰ ਐਮ.ਬੀ.ਬੀ.ਐਸ. ਦੇ ਕੋਰਸ ਵਿੱਚ ਦਾਖ਼ਲ ਮਿਲ ਸਕਦਾ। ਇਸ ਨੂੰ ਆਪਣੀ ਪਹਿਲੀ ਵੱਡੀ ਨਾਕਾਮੀ ਦਸਦਿਆਂ ਰਾਜੂ ਭੂਪਤੀ ਨੇ ਕਿਹਾ,''ਜਦੋਂ ਮੇਰਾ ਦਾਖ਼ਲਾ ਬੀ.ਪੀ.ਸੀ. ਕੋਰਸ ਵਿੱਚ ਕੀਤਾ ਗਿਆ, ਤਾਂ ਮੈਨੂੰ ਸਮਝ ਵਿੱਚ ਆ ਗਿਆ ਕਿ ਕੋਰਸ ਬਹੁਤ ਔਖਾ ਹੈ। ਮੈਂ ਨਾ ਪੜ੍ਹ-ਲਿਖ ਸਕਦਾ ਨਾ ਹੀ ਕਿਸੇ ਉਤੇ ਆਪਣਾ ਧਿਆਨ ਕੇਂਦ੍ਰਿਤ ਕਰ ਸਕਦਾ ਸਾਂ। ਸੱਤਵੀਂ ਤੱਕ ਤਾਂ ਪੜ੍ਹਾਈ-ਲਿਖਾਈ ਵਿੱਚ ਠੀਕ ਸਾਂ। ਵਧੀਆ ਨੰਬਰ ਵੀ ਲਏ। ਪਰ ਬਾਅਦ ਵਿੱਚ ਮੈਂ ਕਿਵੇਂ ਬਦਲ ਗਿਆ, ਮੈਨੂੰ ਆਪ ਵੀ ਪਤਾ ਨਾ ਚੱਲਿਆ। ਮਨ ਬਹੁਤ ਹੀ ਅਸਥਿਰ ਹੋ ਗਿਆ ਸੀ। ਅੱਗੇ-ਪਿੱਛੇ ਕਰਦੇ-ਕਰਦੇ ਮੈਂ ਕਿਸੇ ਤਰ੍ਹਾਂ ਦਾਖ਼ਲਾ-ਪ੍ਰੀਖਿਆ ਦਿੱਤੀ। ਰੈਂਕ ਮੇਰਾ ਪੰਜ ਅੰਕਾਂ ਵਿੱਚ ਸੀ, ਜਦ ਕਿ ਮੈਡੀਕਲ ਕਾਲਜ ਵਿੱਚ ਸੀਟ ਲਈ ਦੋ ਅੰਕਾਂ ਵਾਲਾ ਰੈਂਕ ਜ਼ਰੂਰੀ ਸੀ।'' ਮੈਡੀਕਲ ਕਾਲਜ ਦੀ ਦਾਖ਼ਲਾ ਪ੍ਰੀਖਿਆ ਵਿੱਚ ਭੂਪਤੀ ਦੀ ਨਾਕਾਮੀ ਨਾਲ ਸਮੁੱਚਾ ਪਰਿਵਾਰ ਨਿਰਾਸ਼ ਹੋਇਆ। ਸਾਰੇ ਹੈਰਾਨ ਅਤੇ ਪਰੇਸ਼ਾਨ ਸਨ। ਐਮ.ਬੀ.ਬੀ.ਐਸ. ਵਿੱਚ ਦਾਖ਼ਲਾ ਮਿਲਣਾ ਅਸੰਭਵ ਸੀ, ਪਰ ਡੈਂਟਲ ਅਤੇ ਹੋਮਿਓਪੈਥੀ ਦੇ ਵਿਕਲਪ ਖੁੱਲ੍ਹੇ ਸਨ। ਕਿਉਂਕਿ ਪਿਤਾ ਵੀ ਹੋਮਿਓਪੈਥੀ ਦੇ ਹੀ ਡਾਕਟਰ ਸਨ, ਪਰਿਵਾਰਕ ਮੈਂਬਰ ਅਤੇ ਸ਼ੁਭਚਿੰਤਕਾਂ ਨੇ ਰਾਜੂ ਭੂਪਤੀ ਨੂੰ ਵੀ ਹੋਮਿਓਪੈਥੀ ਦਾ ਡਾਕਟਰ ਬਣਾਉਣ ਉਤੇ ਹੀ ਜ਼ੋਰ ਦਿੱਤਾ। ਰਾਜੂ ਭੂਪਤੀ ਲਈ ਵਧੀਆ ਕਾਲਜ ਲੱਭਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਲੰਬੀ-ਚੌੜੀ ਖੋਜ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਲੱਗਾ ਕਿ ਭੂਪਤੀ ਲਈ ਕਰਨਾਟਕ ਦਾ ਹੁਬਲੀ ਹੋਮਿਓਪੈਥਿਕ ਕਾਲਜ ਹੀ ਸਭ ਤੋਂ ਵਧੀਆ ਰਹੇਗਾ। ਹੁਬਲੀ ਕਾਲਜ ਵਿੱਚ ਰਾਜੂ ਭੂਪਤੀ ਦੀ ਸੀਟ ਵੀ ਪੱਕੀ ਹੋ ਗਈ। ਫ਼ੀਸ ਭਰ ਕੇ ਦਾਖ਼ਲਾ ਲੈਣ ਦਾ ਸਮਾਂ ਆ ਗਿਆ। ਭੂਪਤੀ ਰਾਜੂ ਕਾਲਜ ਪੁੱਜੇ ਅਤੇ ਫ਼ੀਸ ਭਰਨ ਹੀ ਵਾਲੇ ਸਨ ਕਿ ਇੱਕ ਅਨਿਸ਼ਚਤ ਅਤੇ ਹੈਰਾਨਕੁੰਨ ਘਟਨਾ ਵਾਪਰੀ। ਇਸ ਘਟਨਾ ਦਾ ਵਰਣਨ ਕਰਦਿਆਂ ਰਾਜੂ ਭੂਪਤੀ ਦਸਦੇ ਹਨ,''ਹੁਬਲੀ ਵਿੱਚ ਸਭ ਕੁੱਝ ਵਧੀਆ ਸੀ। ਕਾਲਜ ਦਾ ਮਾਹੌਲ ਵੇਖ ਕੇ ਮੈਂ ਪੁਰਾਣੇ ਦਿਨ ਭੁੱਲਣ ਲੱਗਾ ਸਾਂ। ਮੈਨੂੰ ਲੱਗਾ ਕਿ ਮੈਂ ਨਵੀਂ ਦੁਨੀਆ ਦਾ ਸਫ਼ਰ ਸ਼ੁਰੂ ਕਰਨ ਵਾਲਾ ਹਾਂ। ਮੈਂ ਸੁੰਦਰ ਸੁਫ਼ਨੇ ਵੇਖਣ ਲੱਗਾ - ਕਿਵੇਂ ਕੁੜੀਆਂ ਨਾਲ ਉਥੇ ਘੁੰਮਾਂਗਾ-ਫਿਰਾਂਗਾ, ਕਿਵੇਂ ਮੌਜ-ਮਸਤੀ ਕਰਾਂਗਾ। ਕਿਵੇਂ ਨਵੇਂ ਦੋਸਤ ਬਣਾਵਾਂਗਾ। ਮੇਰਾ ਆਪਣਾ ਵੱਖਰਾ ਕਮਰਾ ਹੋਵੇਗਾ। ਆਪਣੇ ਘਰ-ਪਰਿਵਾਰ ਤੋਂ ਦੂਰ ਪੂਰੀ ਆਜ਼ਾਦੀ ਹੋਵੇਗੀ।'' ਉਨ੍ਹਾਂ ਅੱਗੇ ਕਿਹਾ,''ਮੈਂ ਆਪਣੇ ਚਾਚੇ ਨਾਲ ਫ਼ੀਸ ਭਰਨ ਲਈ ਹੁਬਲੀ ਗਿਆ ਸਾਂ। ਫ਼ੀਸ ਭਰਕੇ ਗੋਆ ਜਾਣ ਦੀ ਯੋਜਨਾ ਸੀ, ਪਰ ਅਜਿਹਾ ਨਾ ਹੋ ਸਕਿਆ। ਮੇਰੇ ਚਾਚੇ ਦੇ ਮਨ ਵਿੱਚ ਕੀ ਚੱਲ ਰਿਹਾ ਸੀ, ਪਤਾ ਨਹੀਂ। ਕਾਲਜ ਦੇ ਗੇਟ ਸਾਹਮਣੇ ਇੱਕ ਪੀ.ਸੀ.ਓ. ਐਸ.ਟੀ.ਡੀ. ਬੂਥ ਸੀ। ਚਾਚੇ ਨੇ ਕਿਹਾ ਕਿ ਤੂੰ ਫ਼ੀਸ ਕਾਊਂਟਰ ਦੀ ਕਤਾਰ ਵਿੱਚ ਖੜ੍ਹਾ ਰਹਿ, ਮੈਂ ਫ਼ੋਨ ਕਰ ਕੇ ਆਉਂਦਾ ਹਾਂ। ਮੈਂ ਕੁੱਝ ਵੱਖਰੇ ਰੌਅ ਵਿੱਚ ਸਾਂ। ਸੁਪਨਿਆਂ ਵਿੱਚ ਗੁਆਚਿਆ ਹੋਇਆ ਸਾਂ। ਕੁੱਝ ਦੇਰ ਵਿੱਚ ਉਹ ਵਾਪਸ ਆਏ ਅਤੇ ਚਿਹਰੇ ਉਤੇ ਗੰਭੀਰ ਭਾਵ ਲਿਆ ਕੇ ਆਖਿਆ ਕਿ ਸਾਨੂੰ ਵਾਪਸ ਜਾਣਾ ਚਾਹੀਦਾ ਹੈ। ਤੇਰੇ ਪਿਤਾ ਕੁੱਝ ਹੋਰ ਵਿਕਲਪ ਬਾਰੇ ਸੋਚ ਰਹੇ ਹਨ। ਉਨ੍ਹਾਂ ਕਿਹਾ ਕਿ ਉਥੇ ਲੋਕਲ ਕਾਲਜ ਵਿੱਚ ਹੀ ਦਾਖ਼ਲਾ ਮਿਲ ਜਾਵੇਗਾ। ਮੈਂ ਆਪਣੇ ਚਾਚੇ ਨੂੰ ਆਖਿਆ ਕਿ ਮੈਂ ਇੱਥੋਂ ਨਹੀਂ ਜਾਵਾਂਗਾ। ਜਦ ਮੈਨੂੰ ਕਿਹਾ ਕਿ ਮੈਨੂੰ ਵਾਪਸ ਜਾਣਾ ਹੀ ਹੋਵੇਗਾ, ਤਾਂ ਮੇਰੇ ਸੁਫ਼ਨੇ ਚਕਨਾਚੂਰ ਹੋ ਗਏ। ਇੱਕ ਛਿਣ ਵਿੱਚ ਹੀ ਮੇਰੀ ਸੋਹਣੀ ਦੁਨੀਆ ਖ਼ਤਮ ਹੋ ਗਈ। ਮੈਂ ਛੇ ਸਾਲਾਂ ਲਈ ਜੋ ਸਕ੍ਰੀਨ-ਪਲੇਅ ਬਣਾਇਆ ਸੀ, ਉਹ ਹਵਾ ਵਿੱਚ ਕਿਤੇ ਉਡ ਗਿਆ। ਮੈਂ ਬਹੁਤ ਦੁਖੀ ਹੋਇਆ।'' ਰਾਜਪੂ ਭੂਪਤੀ ਨੂੰ ਹੁਬਲੀ ਦੀ ਇਸ ਘਟਨਾ ਨਾਲ ਬਹੁਤ ਵੱਡਾ ਝਟਕਾ ਲੱਗਾ।

image


ਉਨ੍ਹਾਂ ਦੇ ਹੀ ਸ਼ਬਦਾਂ ਵਿੱਚ,''ਕਈ ਮਿੰਟਾਂ ਤੱਕ ਕਤਾਰ ਵਿੱਚ ਖੜ੍ਹਾ ਰਹਿਣ ਤੋਂ ਬਾਅਦ ਮੈਂ ਕਾਊਂਟਰ ਦੇ ਬਿਲਕੁਲ ਨੇੜੇ ਪੁੱਜ ਗਿਆ ਸਾਂ। ਕੁੱਝ ਛਿਣਾਂ ਵਿੱਚ ਹੀ ਮੈਂ ਫ਼ੀਸ ਭਰਨ ਵਾਲਾ ਸਾਂ। ਜਦੋਂ ਮੇਰੇ ਚਾਚਾ ਨੇ ਆ ਕੇ ਮੈਨੂੰ ਫ਼ੀਸ ਨਾ ਜਮ੍ਹਾ ਕਰਨ ਅਤੇ ਵਾਪਸ ਚੱਲਣ ਦੀ ਗੱਲ ਆਖੀ ਤੇ ਮੇਰਾ ਸਿਰ ਘੁੰਮ ਗਿਆ। ਮੈਨੂੰ ਵੱਡਾ ਝਟਕਾ ਲੱਗਾ। ਇੰਝ ਜਾਪਿਆ ਕਿ ਮੈਂ ਐਵਰੈਸਟ ਦੀ ਟੀਸੀ ਉਤੇ ਪੁੱਜਣ ਹੀ ਵਾਲਾ ਸਾਂ ਕਿ ਕਿਸੇ ਨੇ ਮੈਨੂੰ ਅਜਿਹਾ ਧੱਕਾ ਦਿੱਤਾ ਕਿ ਮੈਂ ਸਿੱਧਾ ਹੇਠਾਂ ਜ਼ਮੀਨ 'ਤੇ ਆ ਡਿੱਗਾ।''

ਅਜਿਹੀਆਂ ਕਈ ਘਟਨਾਵਾਂ ਨਵੇਂ-ਨਵੇਂ ਅਜੀਬੋ ਗ਼ਰੀਬ ਮੋੜ ਲੈਣ ਲਈ ਰਾਜੂ ਭੂਪਤੀ ਦੀ ਉਡੀਕ ਕਰ ਰਹੀਆਂ ਸਨ। ਔਕੜਾਂ ਅਤੇ ਪ੍ਰਤੀਕੂਲ ਹਾਲਾਤ ਤੋਂ ਛੇਤੀ ਕਿਤੇ ਖਹਿੜਾ ਛੁੱਟਣ ਵਾਲਾ ਨਹੀਂ ਸੀ। ਹੁਬਲੀ ਤੋਂ ਨਿਰਾਸ਼ ਪਰਤਣ 'ਤੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਗੁਡੀਵਾੜਾ ਦੇ ਮੈਡੀਕਲ ਕਾਲਜ 'ਚ ਉਨ੍ਹਾਂ ਨੂੰ ਦਾਖ਼ਲਾ ਮਿਲ ਸਕਦਾ ਹੈ। ਭੂਪਤੀ ਰਾਜੂ ਐਨ.ਸੀ.ਸੀ. ਕੈਡੇਟ ਸਨ। ਉਨ੍ਹਾਂ ਨੂੰ ਦੱਸਿਆ ਗਿਆ ਕਿ ਮੈਡੀਸਨ ਵਿੱਚ ਉਨ੍ਹਾਂ ਨੂੰ ਐਨ.ਸੀ.ਸੀ. ਕੋਟੇ ਵਿੱਚ ਦਾਖ਼ਲਾ ਮਿਲਣ ਦੀ ਸੰਭਾਵਨਾ ਬਣ ਰਹੀ ਹੈ। ਉਥੇ ਉਡੀਕ-ਸੂਚੀ ਵਿੱਚ ਉਨ੍ਹਾਂ ਦਾ ਪਹਿਲਾ ਨੰਬਰ ਸੀ। ਭੂਪਤੀ ਰਾਜੂ ਦੇ ਮਨ ਵਿੱਚ ਨਵੀਆਂ ਆਸਾਂ ਜਾਗਣ ਲੱਗੀਆਂ। ਉਹ ਨਵੇਂ ਸੁਫ਼ਨੇ ਵੇਖਣ ਲੱਗੇ। ਪਰ ਇਤਫ਼ਾਕ ਵੇਖੋ ਕਿ ਜਿਸ ਦਿਨ ਉਨ੍ਹਾਂ ਦਾ ਇੰਟਰਵਿਊ ਸੀ, ਉਸੇ ਦਿਨ ਸਰਕਾਰ ਨੇ ਇੱਕ ਹੁਕਮ ਜਾਰੀ ਕਰ ਕੇ ਐਨ.ਸੀ.ਸੀ. ਕੋਟਾ ਘਟਾ ਦਿੱਤਾ। ਫਿਰ ਉਹ ਦਰ ਵੀ ਬੰਦ ਹੋ ਗਿਆ। ਇੱਕਦਮ ਫਿਰ ਸਭ ਕੁੱਝ ਉੱਜੜ ਗਿਆ - ਸੁਫ਼ਨੇ, ਆਸਾਂ, ਸੰਭਾਵਨਾਵਾਂ।

ਭੂਪਤੀ ਰਾਜੂ ਫਿਰ ਵਾਪਸ ਉਸੇ ਪੁਰਾਣੇ ਕਾਲਜ ਜਾ ਕੇ ਆਪਣੇ ਦੋਸਤਾਂ ਨੂੰ ਆਪਣਾ ਮੂੰਹ ਨਹੀਂ ਵਿਖਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਕਿਸੇ ਸਥਾਨਕ ਕਾਲਜ ਵਿੱਚ ਕੋਈ ਕੋਰਸ ਸ਼ੁਰੂ ਨਾ ਕੀਤਾ। ਉਨ੍ਹਾਂ ਮੁੜ ਐਮਸੈਟ ਲਿਖਿਆ, ਉਸ ਲਈ ਦੂਜੇ ਸ਼ਹਿਰ ਜਾ ਕੇ ਸਿਖਲਾਈ ਲਈ ਪਰ ਇਸ ਵਾਰ ਰੈਂਕ 5 ਅੰਕਾਂ ਤੋਂ ਵੀ ਵਧ ਕੇ 6 ਅੰਕਾਂ ਵਿੱਚ ਚਲਾ ਗਿਆ। ਇੱਕ ਵਾਰ ਫਿਰ ਨਿਰਾਸ਼ਾ। ਨਿਰਾਸ਼ਾ ਵੀ ਦਾਖ਼ਲਾ-ਪ੍ਰੀਖਿਆ ਵਿੱਚ ਰੈਂਕ ਵਾਂਗ ਹੀ ਵਧੀ, ਪੰਜ ਅੰਕਾਂ ਤੋਂ ਛੇ ਅੰਕ।

image


ਦਾਖ਼ਲਾ-ਪ੍ਰੀਖਿਆ ਵਿੱਚ ਦੂਜੀ ਲਗਾਤਾਰ ਨਾਕਾਮੀ ਤੋਂ ਬਾਅਦ ਉਨ੍ਹਾਂ ਸੋਚਿਆ ਕਿ ਉਹ ਆਪਣੇ ਸ਼ਹਿਰ ਪਰਤ ਕੇ ਨਹੀਂ ਜਾਣਗੇ। ਡਾਕਟਰ ਬਣਨ ਦੇ ਸਾਰੇ ਸੁਫ਼ਨੇ ਚਕਨਾਚੂਰ ਹੋ ਚੁੱਕੇ ਸਨ। ਕਿਉਂਕਿ ਰਾਜੂ ਭੂਪਤੀ ਨੇ ਇੰਟਰ ਵਿੱਚ ਬੀ.ਪੀ.ਸੀ. ਵਿਸ਼ੇ ਚੁਣੇ ਸਨ, ਡਾਕਟਰ ਬਣਨ ਦੀ ਸੰਭਾਵਨਾ ਖ਼ਤਮ ਹੁੰਦਿਆਂ ਹੀ ਉਨ੍ਹਾਂ ਕੋਲ ਵਧੇਰੇ ਵਿਕਲਪ ਨਹੀਂ ਸਨ। ਬੀ.ਐਸ-ਸੀ. ਕਰਨਾ ਹੀ ਉਨ੍ਹਾਂ ਸਾਹਮਣੇ ਮੌਜੂਦ ਸਭ ਤੋਂ ਵਧੀਆ ਵਿਕਲਪ ਸੀ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਦੇ ਇੱਕ ਡਿਗਰੀ ਕਾਲਜ ਵਿੱਚ ਦਾਖ਼ਲਾ ਲਿਆ। ਉਨ੍ਹਾਂ ਛਿਣਾਂ ਨੂੰ ਚੇਤੇ ਕਰਦਿਆਂ ਰਾਜੂ ਕਹਿੰਦੇ ਹਨ,''ਅੱਜ ਨਹੀਂ ਕਹਿ ਸਕਦਾ ਕਿ ਮੈਂ ਡਾਕਟਰ ਹੁੰਦਾ ਤਾਂ ਕਿਹੋ ਜਿਹਾ ਹੁੰਦਾ, ਪਰ ਮੈਨੂੰ ਲਗਦਾ ਹੈ ਕਿ ਦਿਮਾਗ਼ ਤੋਂ ਮੈੀਂ ਡਾਕਟਰ ਹਾਂ ਹੀ ਨਹੀਂ। ਜੇ ਮੈਂ ਡਾਕਟਰ ਬਣ ਵੀ ਜਾਂਦਾ, ਤਾਂ ਤਬਾਹਕੁੰਨ ਡਾਕਟਰ ਹੋਣਾ ਸੀ। ਮੈਨੂੰ ਸਦਾ ਲੱਗਾ ਕਿ ਮੈਂ ਕੁੱਝ ਹੋਰ ਹੀ ਚੀਜ਼ ਲਈ ਬਣਿਆ ਹਾਂ। ਬਚਪਨ ਵਿੱਚ ਹੀ ਮੇਰਾ ਰਵੱਈਆ ਕੁੱਝ ਢਿੱਲਾ-ਮੱਠਾ ਸੀ। ਮੇਰਾ ਸੁਭਾਅ ਅਤੇ ਰੁਝਾਨ ਵੱਖਰੀ ਕਿਸਮ ਦੇ ਸਨ। ਸ਼ਾਇਦ ਇੱਕ ਉਦਮੀ ਮਨ ਵਿੱਚ ਲੁਕਿਆ ਬੈਠਾ ਸੀ, ਪਰ ਮੈਨੂੰ ਖ਼ੁਦ ਨੂੰ ਪਤਾ ਨਹੀਂ ਸੀ।''

ਕਹਿੰਦੇ ਹਨ ਕਿ ਕਦੇ-ਕਦੇ ਜ਼ਿੰਦਗੀ ਨੂੰ ਉਸ ਦੇ ਆਪਣੇ ਹਾਲ ਜਾਂ ਰਸਤੇ 'ਤੇ ਛੱਡ ਦੇਣਾ ਚਾਹੀਦਾ ਹੈ। ਰਾਜੂ ਭੂਪਤੀ ਨੇ ਵੀ ਅਜਿਹਾ ਹੀ ਕੀਤਾ। ਉਨ੍ਹਾਂ ਡਿਗਰੀ ਤੋਂ ਬਾਅਦ ਆੱਰਗੈਨਿਕ ਕੈਮਿਸਟ੍ਰੀ ਵਿੱਚ ਪੋਸਟ ਗਰੈਜੂਏਸ਼ਨ ਕਰਨ ਦਾ ਫ਼ੈਸਲਾ ਲਿਆ। ਭਾਵੇਂ ਉਨ੍ਹਾਂ ਨੂੰ ਪਤਾ ਸੀ ਕਿ ਡਿਗਰੀ ਦੇ ਤਿੰਨ ਸਾਲਾਂ ਵਿੱਚ ਉਨ੍ਹਾਂ ਨੂੰ ਕੈਮਿਸਟਰੀ ਵਿੱਚ ਲਗਾਤਾਰ ਤਿੰਨ ਸਾਲ 35 ਅੰਕ ਹੀ ਮਿਲੇ ਸਨ। 35 ਅੰਕ ਪ੍ਰੀਖਿਆ ਪਾਸ ਕਰਨ ਲਈ ਜ਼ਰੂਰੀ ਸਨ। 35 ਵਿਚੋਂ ਇੱਕ ਵੀ ਅੰਕ ਘੱਟ ਹੋਣ ਦਾ ਮਤਲਬ ਫ਼ੇਲ੍ਹ ਹੋ ਜਾਣਾ ਸੀ।

ਪਾਸ ਹੋਣ ਲਈ ਜ਼ਰੂਰੀ ਘੱਟੋ-ਘੱਟ ਅੰਕ ਲਿਆ ਸਕਣ ਦੇ ਬਾਵਜੂਦ ਰਾਜੂ ਭੂਪਤੀ ਨੇ ਪੋਸਟ ਗਰੈਜੂਏਸ਼ਨ ਲਈ ਆਪਣਾ ਮੁੱਖ ਵਿਸ਼ਾ ਆੱਰਗੈਨਿਕ ਕੈਮਿਸਟਰੀ ਨੂੰ ਹੀ ਬਣਾਇਆ। ਭੋਪਾਲ ਦੇ ਇੱਕ ਕਾਲਜ ਤੋਂ ਰਾਜੂ ਭੂਪਤੀ ਨੇ ਐਮ.ਐਸ-ਸੀ. ਦੀ ਡਿਗਰੀ ਹਾਸਲ ਕਰ ਲਈ।

ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਨੇ ਨਵੀਂ ਰਾਹ ਫੜੀ। ਰਾਜੂ ਦਸਦੇ ਹਨ,'''ਕਦੇ-ਕਦੇ ਹਾਲਾਤ ਜਿੱਧਰ ਲਿਜਾਣਾ ਚਾਹੁੰਦੇ ਹਨ, ਉਧਰ ਜਾਣਾ ਚਾਹੀਦਾ ਹੈ। ਮੇਰੇ ਵੱਡੇ ਭਰਾ ਆਈ.ਟੀ. ਖੇਤਰ 'ਚ ਸਨ। ਉਨ੍ਹਾਂ ਦੀ ਸਲਾਹ 'ਤੇ ਮੈਂ ਇੱਕ ਮਹੀਨਾ ਆਈ.ਟੀ. ਦੀ ਟਰੇਨਿੰਗ ਲਈ। ਭਾਵੇਂ ਉਹ ਵਿਸ਼ਾ ਵੀ ਮੇਰੇ ਵੱਸ ਤੋਂ ਬਾਹਰ ਸੀ, ਪਰ ਮੈਂ ਪ੍ਰੋਗਰਾਮਿੰਗ ਸਿੱਖ ਲਈ। ਉਨ੍ਹੀਂ ਦਿਨੀਂ ਅਮਰੀਕਾ ਤੋਂ ਆਏ ਮੇਰੇ ਇੱਕ ਗੁਆਂਢੀ ਨੇ ਇੱਕ ਕੰਪਨੀ ਸ਼ੁਰੂ ਕੀਤੀ। ਗੁਆਂਢੀ ਨੇ ਮੈਨੂੰ ਇੱਕ ਦਿਨ ਇਹ ਪੁੱਛਿਆ ਕਿ ਕੀ ਤੂੰ ਮੇਰੀ ਕੰਪਨੀ ਵਿੱਚ ਕੰਮ ਕਰੇਂਗਾ। ਇਹ ਮੇਰੇ ਲਈ ਨੌਕਰੀ ਦਾ ਪਹਿਲਾ ਪ੍ਰਸਤਾਵ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕੋਈ ਇਸ ਤਰ੍ਹਾਂ ਨੌਕਰੀ ਦੀ ਪੇਸ਼ਕਸ਼ ਕਰੇਗਾ।'

ਰਾਜੂ ਨੇ ਦੱਸਿਆ ਕਿ ਭਰਾ ਦੀ ਸਲਾਹ ਨਾਲ ਉਨ੍ਹਾਂ ਨੌਕਰੀ ਦਾ ਪ੍ਰਸਤਾਵ ਕਬੂਲ ਕਰ ਲਿਆ। ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਨੌਕਰੀ ਦੇ ਬਹਾਨੇ ਹੀ ਸਹੀ ਖ਼ੁਸ਼ੀਆਂ ਪਰਤ ਆਉਣਗੀਆਂ। ਕਮਾਈ ਵੀ ਹੋਵੇਗੀ। ਆਮਦਨ ਹੋਣ ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਤਸੱਲੀ ਹੋਵੇਗੀ।

ਪਰ ਇੱਕ ਵਾਰ ਫਿਰ ਉਨ੍ਹਾਂ ਨੂੰ ਝਟਕਾ ਲੱਗਣ ਵਾਲਾ ਸੀ। ਇਸ ਵਾਰ ਉਹ ਇਸ ਲਈ ਤਿਆਰ ਨਹੀਂ ਸਨ। ਭੂਪਤੀ ਰਾਜੂ ਨੇ ਦੱਸਿਆ,''ਗੁਆਂਢੀ ਨੇ ਮੈਨੂੰ ਆਪਣੀ ਕੰਪਨੀ ਵਿੱਚ ਲੈਬ ਅਸਿਸਟੈਂਟ ਵਜੋਂ ਨਿਯੁਕਤ ਕੀਤਾ। ਕੰਪਨੀ ਦੇ ਮਾਲਕ ਨੇ ਦੱਸਿਆ ਕਿ ਮੇਰੀ ਤਨਖ਼ਾਹ 1,000 ਰੁਪਏ ਹੋਵੇਗੀ। ਮੈਨੂੰ ਫਿਰ ਝਟਕਾ ਲੱਗਾ। ਉਨ੍ਹੀਂ ਦਿਨੀਂ ਮੈਂ 5,000 ਰੁਪਏ ਤਾਂ ਆਪਣੀ ਬਾਈਕ ਲਈ ਪੈਟਰੋਲ ਉਤੇ ਖ਼ਰਚ ਕਰ ਰਿਹਾ ਸਾਂ। ਮੈਂ ਜਾਣਦਾ ਸਾਂ ਕਿ ਇੱਕ ਮਜ਼ਦੂਰ ਨੂੰ ਵੀ ਇਸ ਤੋਂ ਵੱਧ ਰੁਪਏ ਮਿਲਦੇ ਹਨ। ਮੈਂ ਸੋਚਿਆ ਕਿ ਕੀ ਮੈਂ ਇੰਨਾ ਅਯੋਗ ਹਾਂ? ਪਰ ਮੇਰੇ ਕੋਲ ਕੋਈ ਵਿਕਲਪ ਨਹੀਂ ਸੀ ਅਤੇ ਮੈਂ ਉਹ ਨੌਕਰੀ ਚੁੱਪ ਕਰ ਕੇ ਪ੍ਰਵਾਨ ਕਰ ਲਈ।'' ਮੈਂ ਸ਼ਰਮ ਦੇ ਮਾਰੇ ਨੇ ਆਪਣੇ ਮਾਪਿਆਂ ਨੂੰ ਵੀ ਇਸ ਦੀ ਜਾਣਕਾਰੀ ਨਾ ਦਿੱਤੀ। ਪਰ, ਪਹਿਲੇ ਮਹੀਨੇ ਦੀ ਤਨਖ਼ਾਹ ਲੈ ਕੇ ਮੈਨੂੰ ਹੈਰਾਨੀ ਹੋਈ, ਮਾਲਕ ਨੇ ਮੈਨੂੰ 1,500 ਰੁਪਏ ਦਿੰਦਿਆਂ ਕਿਹਾ ਕਿ ''ਤੂੰ ਸਾਡੀਆਂ ਆਸਾਂ ਤੋਂ ਵੱਧ ਕੰਮ ਕੀਤਾ ਹੈ, ਇਸ ਲਈ ਮੈਂ ਤੈਨੂੰ ਤੈਅ ਰਕਮ ਤੋਂ ਵੱਧ ਦੇ ਰਿਹਾ ਹਾਂ।''

ਭਾਵੁਕਤਾ ਭਰੇ ਲਹਿਜੇ ਵਿੱਚ ਭੂਪਤੀ ਰਾਜੂ ਨੇ ਕਿਹਾ,''ਮੇਰੇ ਲਈ ਉਹ ਪਹਿਲਾ ਵਿਅਕਤੀ ਸੀ, ਜਿਸ ਨੇ ਮੇਰੇ ਕੰਮ ਦੀ ਸ਼ਲਾਘਾ ਕੀਤੀ ਸੀ। ਮੇਰੇ ਅੰਦਰ ਵਿਸ਼ਵਾਸ ਪੈਦਾ ਹੋਇਆ ਕਿ ਮੈਂ ਵੀ ਕੁੱਝ ਕਰ ਸਕਦਾ ਹਾਂ। ਮੇਰੇ ਲਈ ਉਹ ਦਿਨ ਬਹੁਤ ਯਾਦਗਾਰ ਹੈ।'' ਪਹਿਲੇ ਹੀ ਮਹੀਨੇ ਮਿਲੀ ਤਾਰੀਫ਼ ਨਾਲ ਭੂਪਤੀ ਰਾਜੂ ਦਾ ਮਨ ਆਤਮ-ਵਿਸ਼ਵਾਸ ਨਾਲ ਭਰ ਗਿਆ। ਉਨ੍ਹਾਂ ਨੇ ਉਥੇ 6 ਮਹੀਨੇ ਖ਼ੂਬ ਮਨ ਲਾ ਕੇ ਕੰਮ ਕੀਤਾ। ਇਸੇ ਦੌਰਾਨ ਉਨ੍ਹਾਂ ਸਾਹਮਣੇ ਕਈ ਨਵੇਂ ਲੋਕ ਕੰਪਨੀ ਵਿੱਚ ਆਏ, ਇਨ੍ਹਾਂ ਨਵੇਂ ਮੁਲਾਜ਼ਮਾਂ ਨੂੰ 9 ਹਜ਼ਾਰ ਅਤੇ 10 ਹਜ਼ਾਰ ਰੁਪਏ ਤਨਖ਼ਾਹਾਂ ਉਤੇ ਰੱਖਿਆ ਗਿਆ। ਰਾਜੂ ਨੂੰ ਤਦ ਵੀ 1,500 ਰੁਪਏ ਹੀ ਮਿਲ ਰਹੇ ਸਨ। ਉਨ੍ਹਾਂ ਨੂੰ ਇਸ ਗੱਲ 'ਤੇ ਹੈਰਾਨੀ ਹੋਈ ਕਿ ਪੋਸਟ-ਗਰੈਜੂਏਟ ਹੋ ਕੇ ਵੀ ਉਨ੍ਹਾਂ ਨੂੰ 1,500 ਰੁਪਏ ਅਤੇ ਉਨ੍ਹਾਂ ਤੋਂ ਬਾਅਦ ਆਉਣ ਵਾਲੇ ਮੁਲਾਜ਼ਮਾਂ ਨੂੰ 10,000 ਰੁਪਏ ਕਿਉਂ ਦਿੱਤੇ ਜਾ ਰਹੇ ਹਨ? ਇਸ ਦੇ ਬਾਵਜੂਦ ਉਹ ਪੋਸਟ-ਗਰੈਜੂਏਟ ਸਨ, ਜਦ ਕਿ ਨਵੇਂ ਮੁਲਾਜ਼ਮ ਸਿਰਫ਼ ਗਰੈਜੂਏਟ।

ਰਾਜੂ ਸੋਚਦੇ ਕਿ ਆਖ਼ਰ ਉਨ੍ਹਾਂ ਨੌਜਵਾਨਾਂ ਕੋਲ ਕੀ ਹੈ? ਸਿਰਫ਼ ਇੰਨਾ ਕਿ ਉਨ੍ਹਾਂ ਕੋਲ ਬੀ.ਟੈਕ. ਦੀ ਡਿਗਰੀ ਹੈ, ਕੀ ਇਹ ਡਿਗਰੀ ਇੰਨੀ ਅਹਿਮ ਹੈ? ਕੀ ਭਾਰਤ ਅਜਿਹੀ ਜਗ੍ਹਾ ਹੈ, ਜਿੱਥੇ ਕੇਵਲ ਡਾਕਟਰ ਅਤੇ ਇੰਜੀਨੀਅਰਾਂ ਨੂੰ ਹੀ ਵਧੀਆ ਨੌਕਰੀਆਂ ਮਿਲਣਗੀਆਂ? ਜੋ ਵਿਚਾਲੇ ਹਨ, ਉਨ੍ਹਾਂ ਦਾ ਕੀ ਹੋਵੇਗਾ? ਉਨ੍ਹਾਂ ਲਈ ਕੀ ਬੈਂਕ ਅਤੇ ਸਰਕਾਰੀ ਦਫ਼ਤਰਾਂ ਵਿੱਚ ਕਲਰਕ ਦੀਆਂ ਹੀ ਨੌਕਰੀਆਂ ਹੋਣਗੀਆਂ?

ਭੂਪਤੀ ਰਾਜੂ ਨੂੰ ਇਹ ਪ੍ਰਵਾਨ ਨਹੀਂ ਸੀ। ਉਨ੍ਹਾਂ ਫ਼ੈਸਲਾ ਕੀਤਾ ਕਿ ਉਹ ਇੱਕ ਸਾਲ ਵਿੱਚ ਉਨ੍ਹਾਂ ਦੇ ਬਰਾਬਰ ਹੋ ਜਾਣਗੇ। ਉਨ੍ਹਾਂ ਇਸ ਨੂੰ ਚੁਣੌਤੀ ਵਾਂਗ ਲਿਆ। ਉਹ ਇੱਕ ਸਾਲ ਵਿੱਚ ਹੀ ਆਪਣੇ ਮਿਸ਼ਨ 'ਚ ਸਫ਼ਲ ਵੀ ਹੋ ਗਏ, ਭੂਪਤੀ ਰਾਜੂ ਨਵੇਂ ਕਰਮਚਾਰੀਆਂ ਤੋਂ ਅੱਗੇ ਨਿੱਕਲ ਗਏ। ਉਹ ਉੱਦਮਤਾ ਦੀ ਪਹਿਲੀ ਭਾਵਨਾ ਸੀ, ਜੋ ਉਨ੍ਹਾਂ ਦੇ ਮਨ ਵਿੱਚ ਜਾਗੀ ਸੀ। ਮਿਹਨਤ ਰੰਗ ਲਿਆਈ ਸੀ। ਹੌਸਲੇ ਮੁੜ ਬੁਲੰਦ ਹੋਏ ਸਨ।

ਭੂਪਤੀ ਰਾਜੂ ਕਹਿੰਦੇ ਹਨ ਕਿ ਨਾੱਨ ਟੈਕਨੀਕਲ ਪਿਛੋਕੜ ਦੇ ਲੋਕਾਂ ਨੂੰ ਘੱਟ ਹੀ ਸਮਝਿਆ ਜਾਂਦਾ ਹੈ। ਮੰਨ ਲਿਆ ਜਾਂਦਾ ਹੈ ਕਿ ਆਈ.ਆਈ.ਐਮ. ਅਤੇ ਆਈ.ਆਈ.ਟੀ. ਤੋਂ ਆਏ ਲੋਕ ਹੀ ਵਧੀਆ ਕੰਮ ਕਰ ਸਕਦੇ ਹਨ। ਬਿਨਾ ਸੋਚੇ ਕਿ ਉਹ ਕੀ ਕੰਮ ਕਰਨਗੇ, ਉਨ੍ਹਾਂ ਨੂੰ ਨੂੰ ਵਧੀਆ ਅਹੁਦਿਆਂ ਉਤੇ ਨਿਯੁਕਤ ਕੀਤਾ ਜਾਂਦਾ ਹੈ। ਜਦ ਕਿ ਵਧੀਆ ਯੋਗਤਾ ਵਾਲੇ ਦੂਜੇ ਪਿਛੋਕੜ ਵਾਲੇ ਲੋਕਾਂ ਨੂੰ ਉਸ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ।

image


ਭੂਪਤੀ ਰਾਜੂ 2001 ਵਿੱਚ ਐਪਲੈਬ ਜਿਹੀ ਕੰਪਨੀ ਵਿੱਚ ਨਿਯੁਕਤ ਹੋਏ ਸਨ। ਆਪਣੀ ਯੋਗਤਾ ਅਤੇ ਮਿਹਨਤ ਨਾਲ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਗਏ। ਦਸ ਵਰ੍ਹਿਆਂ ਵਿੱਚ ਉਨ੍ਹਾਂ ਨੇ ਮੈਨੇਜਰ ਤੋਂ ਪ੍ਰਿੰਸੀਪਲ ਕਨਸਲਟੈਂਟ ਅਤੇ ਅਸਿਸਟੈਂਟ ਵਾਈਸ-ਪ੍ਰੈਜ਼ੀਡੈਂਟ ਤੱਕ ਦਾ ਸਫ਼ਰ ਪੂਰਾ ਕੀਤਾ। ਫਿਰ ਇੱਕ ਦਿਨ ਐਪਲੈਬ ਦੀ ਸੀ.ਐਸ.ਸੀ. ਕੰਪਨੀ ਵਿੱਚ ਹੀ ਵਾਈਸ ਪ੍ਰੈਜ਼ੀਡੈਂਟ ਬਣਾਏ ਗਏ। ਇਸ ਸਫ਼ਰ ਵਿੱਚ ਉਨ੍ਹਾਂ ਲਈ ਹਰ ਛਿਣ ਚੁਣੌਤੀਪੂਰਨ ਰਿਹਾ। ਖ਼ਾਸ ਕਰ ਕੇ ਦੋ ਅਜਿਹੀਆਂ ਘਟਨਾਵਾਂ ਉਨ੍ਹਾਂ ਦੇ ਜੀਵਨ ਵਿੱਚ ਵਾਪਰੀਆਂ, ਜਿਨ੍ਹਾਂ ਨੂੰ ਉਹ ਕਦੇ ਨਹੀਂ ਭੁੱਲਦੇ। ਇੱਕ ਵਾਰ ਉਹ ਅਮਰੀਕਾ 'ਚ ਨਹੀਂ ਰਹਿਣਾ ਚਾਹੁੰਦੇ ਸਨ, ਇਸ ਲਈ ਵਾਪਸ ਭਾਰਤ ਆ ਗਏ ਅਤੇ ਦੂਜੇ ਜਦੋਂ ਉਹ ਉਥੇ ਵਸਣਾ ਚਾਹੁੰਦੇ ਸਨ, ਤਦ ਹਾਲਾਤ ਨੇ ਉਨ੍ਹਾਂ ਨੂੰ ਵਾਪਸ ਭਾਰਤ ਆਉਣ ਲਈ ਮਜਬੂਰ ਕਰ ਦਿੱਤਾ। ਰਾਜੂ ਦਸਦੇ ਹਨ,''ਛੇ-ਸੱਤ ਵਰ੍ਹੇ ਕੰਮ ਕਰਨ ਤੋਂ ਬਾਅਦ ਮੈਂ ਕੰਪਨੀ ਵੱਲੋਂ ਅਮਰੀਕਾ ਚਲਾ ਗਿਆ। ਉਥੇ ਪੁੱਜਣ 'ਤੇ ਮੈਨੂੰ ਲੱਗਾ ਕਿ ਇਹ ਜਗ੍ਹਾ ਮੇਰੇ ਲਈ ਨਹੀਂ ਹੈ। ਮੈਂ ਵਾਪਸ ਜਾਣ ਦਾ ਮਨ ਬਣਾ ਲਿਆ, ਪਰ ਕੰਪਨੀ ਨੂੰ ਮੈਥੋਂ ਬਹੁਤ ਆਸਾਂ ਸਨ। ਸੀ.ਈ.ਓ. ਨੇ ਕਿਹਾ ਕਿ ਤੁਸੀਂ ਜੇ ਵਾਪਸ ਜਾਣਾ ਹੈ? ਤਾਂ ਕੰਪਨੀ ਵਿੱਚ ਤੁਹਾਡੇ ਲਈ ਕੋਈ ਥਾਂ ਨਹੀਂ ਹੈ। ਮੈਂ ਅਮਰੀਕਾ 'ਚ ਸਾਂ। ਪਤਨੀ ਗਰਭਵਤੀ ਸੀ। ਮੇਰੇ ਕੋਲ ਵਧੇਰੇ ਪੈਸੇ ਵੀ ਨਹੀਂ ਸਨ। ਮੈਂ ਤੈਅ ਕਰ ਚੁੱਕਾ ਸਾਂ ਕਿ ਭਾਰਤ ਪਰਤਣਾ ਹੈ। ਮੈਂ ਕਿਸੇ ਵੀ ਹਾਲ ਵਿੱਚ ਵਾਪਸ ਹੀ ਜਾਣਾ ਹੈ। ਮੈਂ ਭਾਵਨਾਤਮਕ ਤੌਰ 'ਤੇ ਫ਼ੈਸਲਾ ਲੈ ਚੁੱਕਾ ਸਾਂ। ਦੂਜੇ ਦਿਨ ਮੈਂ ਕੰਪਨੀ ਛੱਡਣ ਲਈ ਗਿਆ, ਤਾਂ ਸੀ.ਈ.ਓ. ਨੇ ਮੈਨੂੰ ਸਮਝਾਇਆ ਕਿ ਤੇਰੀ ਪਤਨੀ ਗਰਭਵਤੀ ਹੈ, ਤੇਰੇ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਇਨ੍ਹਾਂ ਹਾਲਾਤ ਵਿੱਚ ਆਪਣੇ ਆਪ ਨੂੰ ਐਡਜਸਟ ਕਰ ਸਕੇਂ, ਦੋ ਮਹੀਨੇ ਹੋਰ ਕੰਮ ਕਰ ਲੈ ਅਤੇ ਫਿਰ ਚਲਾ ਜਾਵੀਂ। ਉਹ ਮੇਰੇ ਲਈ ਹਿੰਮਤ ਅਤੇ ਹੌਸਲੇ ਵਾਲੀ ਗੱਲ ਸੀ। ਮੇਰੇ ਲਈ ਵੱਡੀ ਮਦਦ ਸੀ। ਕੰਪਨੀ ਨੇ ਨਵੇਂ ਢੰਗ ਨਾਲ ਮੇਰੀ ਮਦਦ ਕੀਤੀ ਸੀ ਅਤੇ ਮੇਰੀ ਵੀ ਜ਼ਿੰਮੇਵਾਰੀ ਸੀ ਕਿ ਕੰਪਨੀ ਲਈ ਕੁੱਝ ਕਰਾਂ। ਕੰਪਨੀ ਮੈਂ ਨਹੀਂ ਛੱਡੀ। ਵਾਪਸ ਇੱਥੇ ਆ ਕੇ ਵੀ ਕੰਮ ਕਰਦਾ ਰਿਹਾ। ਮੈਂ ਪੰਜ-ਛੇ ਵਰ੍ਹਿਆਂ ਬਾਅਦ ਫਿਰ ਅਮਰੀਕਾ ਗਿਆ। ਇਸ ਵਾਰ ਹਾਲਾਤ ਕੁੱਝ ਅਜਿਹੇ ਬਣੇ ਕਿ ਮੈਂ ਉਥੇ ਹੀ ਰਹਿ ਜਾਵਾਂ। ਮਾਂ ਦੇ ਦੇਹਾਂਤ 'ਤੇ ਜਦੋਂ ਮੈਂ ਹੈਦਰਾਬਾਦ ਆਇਆ, ਤਾਂ ਵੇਖਿਆ ਕਿ ਸਾਰੇ ਰਿਸ਼ਤੇਦਾਰ ਅਮਰੀਕਾ 'ਚ ਸੈਟਲ ਹੋ ਚੁੱਕੇ ਹਨ। ਤਾਂ ਮੈਂ ਭਲਾ ਕਿਉਂ ਇੱਥੇ ਰਹਾਂ, ਮੈਨੂੰ ਵੀ ਅਮਰੀਕਾ 'ਚ ਹੀ ਰਹਿਣਾ ਚਾਹੀਦਾ ਹੈ। ਇੰਗਲੈਂਡ ਗਿਆ, ਕੈਨੇਡਾ ਗਿਆ, ਪਰ ਉਥੇ ਵਸਣ ਦਾ ਖ਼ਿਆਲ ਨਹੀਂ ਆਇਆ। ਅਮਰੀਕਾ 'ਚ ਮੈਂ 500 ਲੋਕਾਂ ਨੂੰ ਮੈਨੇਜ ਕਰ ਰਿਹਾ ਸਾਂ। ਮੈਂ ਅਮਰੀਕਾ ਵਿੱਚ ਇੱਕ ਝੀਲ ਸਾਹਮਣੇ ਇੱਕ ਵਧੀਆ ਬੰਗਲਾ ਵੀ ਲੈ ਲਿਆ ਸੀ। ਨਵੇਂ ਬੰਗਲੇ 'ਚ ਰਹਿਣ ਲਈ ਇੰਤਜ਼ਾਮ ਵੀ ਸਾਰੇ ਲਗਭਗ ਮੁਕੰਮਲ ਹੋ ਗਏ ਸਨ। ਸੋਫ਼ੇ ਅਤੇ ਹੋਰ ਸਾਮਾਨ ਠੀਕ ਕਰ ਕੇ ਮੈਂ ਘਰ 'ਚ ਲਾਇਆ ਟੀ.ਵੀ. ਚੈਕ ਕਰਨ ਲਈ ਰਿਮੋਟ ਦਬਾ ਹੀ ਰਿਹਾ ਸਾਂ ਕਿ ਸੀ.ਈ.ਓ. ਦਾ ਫ਼ੋਨ ਆਇਆ। ਉਹ ਮੈਨੂੰ ਫਿਰ ਭਾਰਤ ਸੱਦ ਰਹੇ ਸਨ। ਮੈਂ ਉਨ੍ਹਾਂ ਨੂੰ ਅਮਰੀਕਾ 'ਚ ਹੀ ਰਹਿਣ ਦੀ ਗੱਲ ਆਖੀ ਪਰ ਉਨ੍ਹਾਂ ਨੇ ਜੋ ਆੱਫ਼ਰ ਦਿੱਤੀ, ਉਸ ਨੂੰ ਮੈਂ ਇਨਕਾਰ ਨਾ ਕਰ ਸਕਿਆ। ਉਹ ਗਲੋਬਲ ਪੁਜ਼ੀਸ਼ਨ ਸੀ। ਜਿੱਥੇ ਮੈਂ 500 ਲੋਕਾਂ ਨੂੰ ਮੈਨੇਜ ਕਰ ਰਿਹਾ ਸਾਂ, ਹੁਣ 5,000 ਲੋਕਾਂ ਦਾ ਮੁਖੀ ਬਣਨਾ ਸੀ। 15 ਦਿਨਾਂ ਵਿੱਚ ਮੈਂ ਪੈਕਅਪ ਕਰ ਕੇ ਵਾਪਸ ਭਾਰਤ ਆਇਆ।''

ਰਾਜੂ ਭੂਪਤੀ ਨੇ ਉਨ੍ਹਾਂ 12 ਵਰ੍ਹਿਆਂ ਦੌਰਾਨ 14 ਵਾਰ ਘਰ ਬਦਲਿਆ ਸੀ, ਪਰ ਇਸ ਵਾਰ ਇੱਕ ਵੱਡੀ ਪ੍ਰਾਪਤੀ ਲਈ, ਵੱਡਾ ਕੰਮ ਸੀ। ਸੱਤ-ਤਾਰਾ ਨੌਕਰੀ ਸੀ। ਕਦੇ ਪਿਛਲੇ ਬੈਂਚ ਉਤੇ ਬੈਠਣ ਵਾਲੇ ਲੜਕੇ ਨਾਲ ਹੁਣ ਗੱਲ ਕਰਨ ਵਾਲੇ ਹੀ ਅਣਗਿਣਤ ਲੋਕ ਸਨ। ਇੱਕ ਵੱਡਾ ਅਹੁਦਾ ਸੀ, ਜਿਸ ਉਤੇ ਸਾਰੇ ਲੋਕ ਮਾਣ ਕਰਦੇ ਹੋਣ, ਪਰ ਮੰਜ਼ਿਲ ਇਹ ਵੀ ਨਹੀਂ ਸੀ। ਉਨ੍ਹਾਂ ਦੇ ਦਿਮਾਗ਼ ਵਿੱਚ ਇੱਕ ਨਵੀਂ ਹਲਚਲ ਸ਼ੁਰੂ ਹੋਈ... ਕੀ ਇਹ ਸਭ ਸਹੀ ਹੈ ਮੇਰੇ ਲਈ? ਇਸ ਤੋਂ ਬਾਅਦ ਕੀ ਹੋਵੇਗਾ? ਕੀ ਇਸ ਤੋਂ ਬਾਅਦ ਵੀ ਕੁੱਝ ਹੈ? ਆਈ.ਟੀ. ਖੇਤਰ ਵਿੱਚ ਮੈਂ ਜਿਸ ਮੁਕਾਮ ਉਤੇ ਹਾਂ, ਉਸ ਤੋਂ ਅੱਗੇ ਕੁੱਝ ਨਹੀਂ ਹੈ। ਮੈਂ ਸੋਚਿਆ ਕਿ ਮੈਂ ਜੋ ਕੁੱਝ ਕਰ ਸਕਦਾ ਸਾਂ, ਉਹ ਇਸ ਫ਼ੀਲਡ ਵਿੱਚ ਕਰ ਚੁੱਕਾ ਹਾਂ। ਬਹੁਤ ਹੋ ਚੁੱਕਾ ਹੈ। ਆਈ.ਟੀ. ਵਿੱਚ ਮੈਂ ਹੁਣ ਨਹੀਂ ਰਹਿਣਾ। ਮੈਂ ਨੌਕਰੀ ਛੱਡੀ ਅਤੇ ਫਿਰ ਸੰਗੀਤ ਦਾ ਸ਼ੌਕ ਪੂਰਾ ਕਰਨ ਵਿੱਚ ਲੱਗ ਗਿਆ। ਆਪਣੀ ਇੱਕ ਐਲਬਮ ਕੱਢੀ। ਪਰ ਜਿਵੇਂ ਫ਼ਿਲਮਾਂ ਵਿੱਚ ਹੁੰਦਾ ਹੈ, ਉਸੇ ਤਰ੍ਹਾਂ ਦੀ ਕਹਾਣੀ ਮੇਰੀ ਵੀ ਸੀ। ਕਰੋੜਾਂ ਰੁਪਏ ਦੀ ਨੌਕਰੀ ਛੱਡੀ, ਤਾਂ ਫਿਰ ਸੜਕ 'ਤੇ ਆ ਗਿਆ।

ਉਨ੍ਹੀਂ ਦਿਨੀ ਮਨ 'ਚ ਉਠਦੀ ਉਥਲ-ਪੁਥਲ ਨੂੰ ਸਾਂਝਾ ਕਰਦਿਆਂ ਭੂਪਤੀ ਰਾਜੂ ਨੇ ਦੱਸਿਆ,''15 ਸਾਲਾਂ ਤੱਕ ਮੈਂ ਬਹੁਤ ਵਧੀਆ ਕੰਮ ਕੀਤਾ ਸੀ, ਪਰ ਮੈਂ ਕੌਣ ਹਾਂ ਮੈਨੂੰ ਪਤਾ ਨਹੀਂ ਸੀ। ਇੰਨੀ ਵੱਡੀ ਨੌਕਰੀ ਛੱਡਣੀ ਸੁਖਾਲ਼ੀ ਨਹੀਂ ਸੀ, ਪਰ ਹੁਣ ਮੈਨੂੰ ਕੋਈ ਰੋਕਣ ਵਾਲਾ ਨਹੀਂ ਸੀ। ਪਤਨੀ ਮੈਨੂੰ ਹਰ ਰੂਪ ਵਿੱਚ ਸਮਝਦੀ ਸੀ। ਨੌਕਰੀ ਛੱਡਣ ਦਾ ਮੈਨੂੰ ਇੱਕ ਵਾਰ ਵੀ ਅਫ਼ਸੋਸ ਨਹੀਂ ਸੀ। ਕੀ ਕਰਨਾ ਹੈ, ਮੈਨੂੰ ਨਹੀਂ ਪਤਾ ਸੀ। ਮੈਂ ਆਪਣੇ ਪਿਤਾ ਨਰਸਿਮਹਾ ਰਾਜੂ ਉਤੇ ਕਿਤਾਬ ਲਿਖਣੀ ਸ਼ੁਰੂ ਕੀਤੀ। ਦੋ ਮਹੀਨਿਆਂ ਵਿੱਚ ਕੰਮ ਮੁਕੰਮਲ ਹੋਇਆ। ਮੈਂ ਬਹੁਤ ਘੱਟ ਸਮਾਂ ਉਨ੍ਹਾਂ ਨਾਲ ਬਿਤਾਇਆ ਸੀ, ਪਰ ਉਨ੍ਹਾਂ ਦੇ ਜਿਊਂਦੇ ਰਹਿੰਦਿਆਂ ਓਨਾ ਨਾ ਜਾਣ ਸਕਿਆ, ਜਿੰਨਾ ਮੈਂ ਉਨ੍ਹਾਂ ਨੂੰ ਮਰਨ ਤੋਂ ਬਾਅਦ ਜਾਣਿਆ। ਉਹ ਇੱਕ ਲੱਖ ਤੋਂ ਵੱਧ ਲੋਕਾਂ ਤੱਕ ਪਹੁੰਚੇ ਸਨ। ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਮੈਂ ਪੜ੍ਹੀਆਂ, ਉਨ੍ਹਾਂ ਨੂੰ ਨਵੇਂ ਸਿਰੇ ਤੋਂ ਸਮਝਿਆ, ਸੱਚਮੁਚ ਉਨ੍ਹਾਂ ਦਾ ਵਿਅਕਤੀਤਵ ਜਾਦੂਮਈ ਸੀ। ਉਹ ਅਧਿਆਤਮਕ ਆਗੂ ਸਨ, ਇੱਕ ਮਹਾਨ ਸ਼ਖ਼ਸੀਅਤ।''

ਰਾਜੂ ਭੂਪਤੀ ਨੇ ਉਸ ਤੋਂ ਬਾਅਦ ਕਿਸੇ ਹੋਰ ਕੰਪਨੀ ਵਿੱਚ ਨੌਕਰੀ ਨਾ ਕਰਨ ਦਾ ਇਰਾਦਾ ਕੀਤਾ। ਪਰ ਇੱਕ ਸ਼ੁਭਚਿੰਤਕ ਦੀ ਬੇਨਤੀ ਉਤੇ ਕਨਸਲਟੈਂਸੀ ਪ੍ਰਵਾਨ ਕੀਤੀ। ਇਸ ਤੋਂ ਬਾਅਦ ਰਾਜੂ ਭੂਪਤੀ ਨੇ ਆਪਣੇ ਬਹੁਤ ਨੇੜਲੇ ਸਾਥੀ ਸੰਦੀਪ ਨਾਲ ਮਿਲ ਕੇ ਫ਼ੂਡ-ਬਿਜ਼ਨੇਸ ਵਿੱਚ ਪੈਰ ਧਰਿਆ। ਉਨ੍ਹਾਂ ਅਨੁਸਾਰ ਸ਼ੁਰੂ ਵਿੱਚ ਇਹ ਕਾਰੋਬਾਰ ਸੁਖਾਲ਼ਾ ਲੱਗਾ। ਇਡਲੀ 5 ਰੁਪਏ ਵਿੱਚ ਬਣਦੀ ਹੈ ਤੇ 50 ਰੁਪਏ 'ਚ ਵਿਕਦੀ ਹੈ। ਭਾਵ ਸਿੱਧਾ 45 ਰੁਪਏ ਦਾ ਮੁਨਾਫ਼ਾ। ਇਸੇ ਤਰ੍ਹਾਂ ਮੁਨਾਫ਼ਾ ਕਮਾਉਣ ਦੇ ਮੰਤਵ ਨਾਲ ਅਸੀਂ ਫ਼ੂਡ-ਬਿਜ਼ਨੇਸ ਸ਼ੁਰੂ ਕੀਤਾ। ਫ਼ੂਡ-ਬਿਜ਼ਨੇਸ ਵਿੱਚ ਵੀ ਕੁੱਝ ਬਿਲਕੁਲ ਨਵਾਂ ਕਰਨ ਦੇ ਉਦੇਸ਼ ਨਾਲ ਟੇਕਅਵੇ ਚੇਨ ਸ਼ੁਰੂ ਕੀਤੀ। ਫਿਰ ਹੋਮ ਡਿਲੀਵਰੀ ਦੇ ਖੇਤਰ ਵਿੱਚ ਵਪਾਰ ਖੜ੍ਹਾ ਕੀਤਾ। ਜਿਸ ਬਾਰੇ ਉਹ ਦਾਅਵਾ ਕਰਦੇ ਹਨ ਕਿ ਇਹ ਦੁਨੀਆ ਦੀ ਪਹਿਲੀ ਇੰਡੀਅਨ ਫ਼ਾਸਟਫ਼ੂਡ ਹੋਮ ਡਿਲੀਵਰੀ ਚੇਨ ਹੈ। ਇਸ 'ਸਟਾਰਟ-ਅੱਪ' ਦੀ ਸ਼ੁਰੂਆਤ ਦੇ ਕੁੱਝ ਹੀ ਮਹੀਨਿਆਂ ਵਿੱਚ ਫ਼ੰਡਿੰਗ ਸ਼ੁਰੂ ਹੋਈ ਅਤੇ ਕਾਰੋਬਾਰ ਅੱਗੇ ਵਧਦਾ ਗਿਆ। ਹੁਣ ਉਹ ਦੁਨੀਆ ਭਰ ਵਿੱਚ ਫੈਲ ਕੇ ਗਲੋਬਲ ਹੋਣਾ ਚਾਹੁੰਦੇ ਹਨ।

ਕੀ ਉਹ ਖ਼ੁਦ ਖਾਣਾ ਬਣਾਉਣਾ ਜਾਣਦੇ ਹਨ? ਇਸ ਸੁਆਲ ਦੇ ਜੁਆਬ ਵਿੱਚ ਰਾਜੂ ਨੇ ਕਿਹਾ,''ਮੈਂ ਆਮਲੇਟ ਬਣਾਉਣਾ ਵੀ ਨਹੀਂ ਜਾਣਦਾ ਸਾਂ। ਪਰ ਮੈਂ ਵੱਡੇ ਫ਼ੈਸਲੇ ਲਏ। ਨਾਲ ਹੀ 7 ਤਾਰਾ-ਨੌਕਰੀ ਛੱਡ ਕੇ ਆਇਆ ਸਾਂ, ਇੱਕ ਛੋਟੇ ਜਿਹੇ ਗੈਰੇਜ ਵਿੱਚ ਹੀ ਕਾਰੋਬਾਰ ਸ਼ੁਰੂ ਕੀਤਾ। ਸਿਫ਼ਰ ਤੋਂ ਹੈਦਰਾਬਾਦ 'ਚ ਸ਼ੁਰੂ ਹੋਈ ਕੰਪਨੀ ਕੁੱਝ ਹੀ ਦਿਨਾਂ ਵਿੱਚ ਪਹਿਲਾਂ ਹੈਦਰਾਬਾਦ ਅਤੇ ਬਾਅਦ ਵਿੱਚ ਦੱਖਣੀ ਭਾਰਤ 'ਚ ਨੰਬਰ 1 ਹੋ ਗਈ। ਹੁਣ ਅਸੀਂ ਗਲੋਬਲ ਕੰਪਨੀ ਬਣਨ ਦੇ ਰਾਹ 'ਤੇ ਅੱਗੇ ਵਧ ਰਹੇ ਹਾਂ। ਭਾਰਤੀ ਬ੍ਰਾਂਡ ਨੂੰ ਗਲੋਬਲ ਬਣਾਉਣ ਦਾ ਮੰਤਵ ਸ਼ੁਰੂ ਤੋਂ ਹੀ ਹੈ। ਲੰਮੀ ਯਾਤਰਾ ਹੈ। ਇਹ ਫ਼ਿਲਮ ਨਹੀਂ ਵਪਾਰ ਹੈ। ਕਾਫ਼ੀ ਸਮਾਂ ਲੱਗੇਗਾ। ਇੱਕ-ਦੋ ਦਿਨ ਵਿੱਚ ਅਰਬ ਰੁਪਏ ਨਹੀਂ ਬਣਾਉਣੇ ਹਨ। ਇਸ ਵਪਾਰ ਵਿੱਚ ਚੁਣੌਤੀਆਂ ਬਾਰੇ ਉਹ ਕਹਿੰਦੇ ਹਨ ਕਿ ਇੱਥੇ ਹਰ ਛਿਣ ਚੁਣੌਤੀ ਹੈ। 8,000 ਰੁਪਏ ਅਤੇ 9,000 ਰੁਪਏ ਲੈਣ ਵਾਲੇ ਡਿਲੀਵਰੀ ਬੁਆਏਜ਼ ਦਾ ਕੰਮ ਕਿਹੋ ਜਿਹਾ ਹੋਵੇਗਾ, ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਹ ਕਦੇ ਵੀ ਤੁਹਾਡਾ ਸਾਥ ਛੱਡ ਸਕਦੇ ਹਨ। ਜੇ ਗਾਹਕਾਂ ਦੀ ਗੱਲ ਕਰੀਏ, ਤਾਂ ਕਦੋਂ ਕੌਣ ਕਿਸ ਖਾਣੇ ਦੀ ਤਾਰੀਫ਼ ਕਰੇਗਾ ਅਤੇ ਕਿਹੜੇ ਖਾਣੇ ਨੂੰ ਗਾਲ਼ਾਂ ਕੱਢੇਗਾ, ਇਹ ਵੀ ਪਤਾ ਨਹੀਂ। ਪਹਾੜ ਵੀ ਹਨ ਤੇ ਵਾਦੀਆਂ ਵੀ। ਇਸ ਲਈ ਵਪਾਰ ਨੂੰ ਸਹੀ ਦਿਸ਼ਾ ਦੇਣ ਅਤੇ ਗਾਹਕਾਂ ਦੀ ਮਾਨਸਿਕਤਾ ਨੂੰ ਸਮਝਣ ਲਈ ਤਕਨੀਕੀ ਕੰਪਨੀਆਂ ਅਕਵਾਇਰ ਕੀਤੀਆਂ। ਕਈ ਹੋਰ ਕੰਪਨੀਆਂ ਨੂੰ ਵੀ ਅਪਣਾਇਆ।''

ਰਾਜੂ ਭੂਪਤੀ ਅਨੁਸਾਰ, ''ਨੌਕਰੀ ਕਰਨਾ ਸਭ ਤੋਂ ਸੁਖਾਲ਼ਾ ਕੰਮ ਹੈ। ਕੰਪਨੀ ਬਾਰੇ ਕਦੇ ਕੋਈ ਚਿੰਤਾ ਤੇ ਕਦੇ ਕੋਈ ਫ਼ਿਕਰ ਪਈ ਰਹਿੰਦੀ ਹੈ। ਕਰਮਚਾਰੀ ਲਈ ਬਹੁਤ ਕੁੱਝ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ। ਕੰਮ ਕਰਨ ਦਾ ਸਮਾਂ, ਛੁੱਟੀ ਦੇ ਦਿਨ, ਤਨਖ਼ਾਹ ਸਭ ਤੈਅ ਹੁੰਦੇ ਹਨ। ਕਰਮਚਾਰੀ ਵੀ ਇਨ੍ਹਾਂ ਤੈਅਸ਼ੁਦਾ ਚੀਜ਼ਾਂ ਅਨੁਸਾਰ ਆਪਣੀ ਜ਼ਿੰਦਗੀ ਦੀ ਯੋਜਨਾਬੰਦੀ ਕਰ ਲੈਂਦੇ ਹਨ। ਜੋ ਕੁੱਝ ਹੋਣ ਵਾਲਾ ਹੈ, ਪਹਿਲਾਂ ਤੋਂ ਪਤਾ ਹੁੰਦਾ ਹੈ। ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਵੱਖੋ-ਵੱਖਰੇ ਲੋਕਾਂ ਦਾ ਦ੍ਰਿਸ਼ਟੀਕੋਣ ਅਲੱਗ ਹੁੰਦਾ ਹੈ। ਕੁੱਝ ਨੂੰ ਨੌਕਰੀ ਵਿੱਚ ਸੁੱਖ ਹੈ, ਤਾਂ ਕੁੱਝ ਨੂੰ ਉਦਮੀ ਬਣਨ ਵਿੱਚ। ਕਿਸੇ ਨੂੰ ਕਿਸੇ ਹੋਰ ਦੀ ਕੰਪਨੀ ਲਈ ਕੰਮ ਕਰਨਾ ਪਸੰਦ ਹੈ, ਤੇ ਕੋਈ ਆਪਣੀ ਖ਼ੁਦ ਦੀ ਕੰਪਨੀ ਵਿੱਚ ਹੀ ਕੰਮ ਕਰਨਾ ਪਸੰਦ ਕਰਦਾ ਹੈ। ਕੁੱਝ ਅਜਿਹੇ ਵੀ ਲੋਕ ਹਨ, ਜੋ ਬਿਲਕੁਲ ਵੱਖ, ਦੁਨੀਆ ਵਿੱਚ ਕੁੱਝ ਅਨੋਖਾ ਕਰਨਾ ਚਾਹੁੰਦੇ ਹਨ।''

ਖ਼ੁਦ ਦੀ ਸੋਚ ਆਪਣੇ ਟੀਚੇ ਅਤੇ ਭਵਿੱਖ ਦੀ ਚੁਣੌਤੀਆਂ ਬਾਰੇ ਪੁੱਛੇ ਸੁਆਲਾਂ ਦੇ ਜੁਆਬ ਵਿੱਚ ਭੂਪਤੀ ਰਾਜੂ ਨੇ ਕਿਹਾ,''ਹੈਲੋ ਕਰੀ ਨੂੰ ਸਰਹੱਦਾਂ ਪਾਰ ਲੈ ਜਾਣਾ ਮੇਰਾ ਸੁਫ਼ਨਾ ਹੈ। ਭਾਵੇਂ ਕੁੱਝ ਹੀ ਸਾਲਾਂ 'ਚ ਕੁੱਝ ਨਾਕਾਮੀਆਂ ਦਾ ਸਾਹਮਣਾ ਵੀ ਹੋਇਆ ਹੈ। ਬੈਂਗਲੁਰੂ ਵਿੱਚ ਮੈਂ ਬਹੁਤ ਆਸ ਨਾਲ 6 ਆਊਟਲੈਟ ਸ਼ੁਰੂ ਕੀਤੇ। ਉਨ੍ਹਾਂ ਵਿਚੋਂ 4 ਨਾਕਾਮ ਰਹੇ। ਬਿਨਾ ਸ਼ਰਮ ਕੀਤਿਆਂ ਅਸੀਂ ਕੁੱਝ ਸਟੋਰ ਬੰਦ ਕਰ ਦਿੱਤੇ। ਕਿਉਂ ਨਾਕਾਮ ਹੋਏ, ਇਸ ਦਾ ਪਤਾ ਲਾਇਆ। ਮੈਨੂੰ ਲੱਗਾ ਕਿ ਆਪਣੀ ਪੂਰੀ ਯੋਗਤਾ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਯੋਗਤਾ ਦੀ ਸਹੀ ਪਛਾਣ ਵੀ ਕੀਤੀ ਜਾਣੀ ਚਾਹੀਦੀ ਹੈ॥ ਜਦੋਂ ਤੁਸੀਂ ਦੋ ਕਿਲੋਮੀਟਰ ਨਹੀਂ ਚਲਦੇ, ਤਾਂ ਮੈਰਾਥਨ ਵਿੱਚ ਨਹੀਂ ਜਾਣਾ ਚਾਹੀਦਾ। ਪਿਛਲੇ ਵਰ੍ਹੇ ਦਸੰਬਰ 'ਚ ਅਸੀਂ ਮੁੜ ਸਿਫ਼ਰ 'ਤੇ ਆ ਗਏ ਸਾਂ। ਕਈ ਕੰਪਨੀਆਂ ਹੇਠਾਂ ਜਾ ਰਹੀਆਂ ਸਨ। ਆੱਰਡਰ ਤਾਂ ਮਿਲ ਰਹੇ ਸਨ ਪਰ ਅਸਲ ਕਾਰੋਬਾਰ ਕੁੱਝ ਵੀ ਨਹੀਂ ਹੋ ਰਿਹਾ ਸੀ। ਹਾਲਾਤ ਅਸੂਸਾਰ ਸੁਧਾਰ ਸ਼ੁਰੂ ਹੋਇਆ ਅਤੇ ਅਸੀਂ ਮੁੜ ਵਧੀਆ ਸਥਿਤੀ ਵਿੱਚ ਆ ਗਏ।''

ਭੂਪਤੀ ਰਾਜੂ ਆਪਭੀ ਸਫ਼ਲਤਾ ਦੇ ਭੇਤ ਨੂੰ ਇੱਕ ਖ਼ਾਸ ਸ਼ਬਦ ਦਿੰਦੇ ਹਨ ... ਫ਼ੋਕਸ ... ਉਹ ਕਹਿੰਦੇ ਹਨ, ਟੀਚਾ ਹਾਸਲ ਕਰਨਾ ਹੈ? ਤਾਂ ਸਾਰਾ ਕੰਮ ਪੂਰੀ ਤਰ੍ਹਾਂ ਧਿਆਨ ਲਾ ਕੇ ਕਰਨ ਦੀ ਲੋੜ ਹੁੰਦੀ ਹੈ। ਇੱਕ-ਦੋ ਮਹੀਨੇ ਕੰਮ ਕਰ ਕੇ ਨਾਕਾਮੀ ਨੂੰ ਪ੍ਰਵਾਨ ਨਹੀਂ ਕਰਨਾ ਚਾਹੀਦਾ। ਪੂਰੇ ਯਕੀਨ ਨਾਲ ਅੱਗੇ ਵਧਣਾ ਜ਼ਰੂਰੀ ਹੈ। ਰਾਜੂ ਇੱਕ ਘਟਨਾ ਦਾ ਵਰਣਨ ਕਰਦਿਆਂ ਦਸਦੇ ਹਨ,''ਮੈਂ ਤੇਲਗੂ ਮੀਡੀਆ ਦਾ ਸਾਂ। ਨੌਕਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਲੋਕਾਂ ਨਾਲ ਅੰਗਰੇਜ਼ੀ ਵਿੱਚ ਬੋਲ ਨਹੀਂ ਸਕਦਾ ਸਾਂ। ਇਸੇ ਦੌਰਾਨ ਦੋ ਅਮਰੀਕਨ ਆਏ ਸਨ। ਮੈਂ ਉਨ੍ਹਾਂ ਨੂੰ ਕੰਪਨੀ ਬਾਰੇ ਦੱਸਣਾ ਸੀ। ਪਰ ਬਹੁਤ ਕੋਸ਼ਿਸ਼ ਦੇ ਬਾਵਜੂਦ ਮੈਂ ਉਨ੍ਹਾਂ ਨੂੰ ਆਪਣੀ ਗੱਲ ਨਾ ਸਮਝਾ ਸਕਿਆ। ਮੈਂ ਬਹੁਤ ਸ਼ਰਮਿੰਦਾ ਹੋਇਆ। ਉਹ ਲੋਕ ਮੇਰੀਆਂ ਨਾ ਸਮਝ ਸਕੇ। ਮੈਂ ਆਪਣੀ ਕਮਜ਼ੋਰੀ ਨੂੰ ਮਹਿਸੂਸ ਕੀਤਾ, ਉਸ ਸਮੇਂ ਮੈਂ ਅੰਗਰੇਜ਼ੀ ਵਿੱਚ ਗੱਲਬਾਤ ਕਰਨ ਦੀ ਕੋਈ ਤਿਆਰੀ ਨਹੀਂ ਕੀਤੀ ਸੀ। ਫਿਰ ਛੇ ਮਹੀਨਿਆਂ ਵਿੱਚ ਮੈਂ ਆਪਣੇ-ਆਪ ਨੂੰ ਤਿਆਰ ਕੀਤਾ ਅਤੇ ਕੰਪਨੀ ਵਿੱਚ ਆਪਣੀ ਅਹਿਮੀਅਤ ਵਿਖਾਈ। ਅੱਗੇ ਚੱਲ ਕੇ ਮੈਂ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਸਾਹਮਣੇ ਅੰਗਰੇਜ਼ੀ ਵਿੱਚ ਭਾਸ਼ਣ ਦਿੱਤਾ ਅਤੇ ਸਭ ਨੇ ਮੇਰੀ ਤਾਰੀਫ਼ ਕੀਤੀ।''

ਰਾਜੂ ਭੂਪਤੀ ਆਪਣੀ ਜ਼ਿੰਦਗੀ 'ਚ ਮਿਲੇ ਸਬਕ ਦੂਜੇ ਨਾਲ ਸਾਂਝਾ ਕਰਨ ਤੋਂ ਬਿਲਕੁਲ ਵੀ ਨਹੀਂ ਝਿਜਕਦੇ। ਉਹ ਬੇਬਾਕ ਹੋ ਕੇ ਆਖਦੇ ਹਨ ਕਿ ਜ਼ਿੰਦਗੀ ਦੇ ਸਫ਼ਰ ਵਿੱਚ ਫ਼ੈਸਲਾ ਲੈਣਾ ਹੀ ਸਹੀ ਹੈ। ਭਾਵੇਂ ਉਹ ਸਹੀ ਹੋਵੇ ਜਾਂ ਗ਼ਲਤ ਹੋਵੇ। ਫ਼ੈਸਲਾਲੈਣ ਅਤੇ ਉਸ ਮੁਤਾਬਕ ਕੰਮ ਕਰਨ ਤੋਂ ਬਾਅਦ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਰਾਜੂ ਭੂਪਤੀ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਬੱਸ 'ਡਰ' ਸ਼ਬਦ ਤੋਂ ਡਰ ਲਗਦਾ ਹੈ। ਉਹ ਕਹਿੰਦੇ ਹਨ ਕਿ'' ਜੋ ਕੁੱਝ ਕਰਨਾ ਹੈ, ਬੇਖ਼ੌਫ਼ ਹੋ ਕੇ ਕਰਨਾ ਚਾਹੀਦਾ ਹੈ। ਹਾਰ ਵੀ ਹੋਵੇ, ਤਾਂ ਜ਼ਿੰਦਗੀ ਮੁੜ ਸ਼ੁਰੂ ਕੀਤੀ ਜਾ ਸਕਦੀ ਹੈ। ਨੌਜਵਾਨਾਂ ਨੂੰ ਉਨ੍ਹਾਂ ਦਾ ਸੁਝਾਅ ਹੈ- ਸਮਾਂ ਫ਼ਿਜ਼ੂਲ ਬਰਬਾਦ ਨਾ ਕਰੋ। 35 ਸਾਲ ਤੋਂ ਪਹਿਲਾਂ-ਪਹਿਲਾਂ ਜੋਖਮ ਉਠਾਓ, ਜੋ ਵੀ ਕਰਨਾ ਹੈ ਕਰੋ। ਉਸ ਤੋਂ ਬਾਅਦ ਅਨੁਭਵ ਕੰਮ ਆਉਂਦਾ ਹੈ। ਕੇਵਲ ਰੁਪਏ ਬਣਾਉਣ ਦੀ ਹੀ ਯੋਜਨਾ ਨਹੀਂ ਹੋਣੀ ਚਾਹੀਦੀ, ਸਗੋਂ ਕੁੱਝ ਕਰ ਕੇ ਵਿਖਾਉਣ ਦੀ ਭਾਵਨਾ ਹੋਣੀ ਚਾਹੀਦੀ ਹੈ।

ਅਨੁਵਾਦ: ਮਹਿਤਾਬ-ਉਦ-ਦੀਨ